ਅਜੀਤ ਕੌਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਜੀਤ ਕੌਰ : ਪੰਜਾਬੀ ਕਹਾਣੀ ਜਗਤ ਵਿੱਚ ਅਜੀਤ ਕੌਰ ਬਹੁ-ਚਰਚਿਤ ਕਹਾਣੀਕਾਰ ਕਰ ਕੇ ਜਾਣੀ ਜਾਂਦੀ ਹੈ । ਉਸ ਦਾ ਜਨਮ 16 ਨਵੰਬਰ 1934 ਨੂੰ ਲਾਹੌਰ ਵਿੱਚ ਸ. ਮੱਖਣ ਸਿੰਘ ਬਜਾਜ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਹੋਇਆ । ਉਸ ਨੇ ਮੁਢਲੀ ਸਿੱਖਿਆ ਸੇਕਰੇਡ ਹਾਰਟ ਸਕੂਲ , ਲਾਹੌਰ ਵਿੱਚ ਪ੍ਰਾਪਤ ਕੀਤੀ । ਇਸ ਤੋਂ ਬਾਅਦ ਖਾਲਸਾ ਹਾਈ ਸਕੂਲ ਵਿੱਚ ਦਾਖ਼ਲਾ ਲੈ ਲਿਆ । ਅਜੇ ਉਹ ਦਸਵੀਂ ਵਿੱਚ ਹੀ ਸੀ ਜਦੋਂ ਦੇਸ਼ ਵੰਡ ਕਾਰਨ ਉਸ ਨੂੰ ਆਪਣੇ ਪਰਿਵਾਰ ਨਾਲ ਸ਼ਿਮਲੇ ਆ ਕੇ ਰਹਿਣਾ ਪਿਆ । 1948 ਵਿੱਚ ਦਿੱਲੀ ਰਹਿ ਕੇ ਅਜੀਤ ਕੌਰ ਨੇ ਐਮ.ਏ. ਅਰਥ ਸ਼ਾਸਤਰ ਅਤੇ ਬੀ.ਐੱਡ. ਪਾਸ ਕੀਤੀ । ਸਾਹਿਤ ਵੱਲ ਝੁਕਾਅ ਹੋਣ ਕਰ ਕੇ ਉਸ ਨੇ ਉਰਦੂ , ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦਾ ਅਧਿਐਨ ਕੀਤਾ । 1952 ਵਿੱਚ ਅਜੀਤ ਕੌਰ ਦਾ ਵਿਆਹ ਡਾ. ਰਜਿੰਦਰ ਸਿੰਘ ਨਾਲ ਹੋਇਆ ਅਤੇ ਦੋ ਬੇਟੀਆਂ ਅਰਪਨਾ ਤੇ ਕੈਂਡੀ ਦਾ ਜਨਮ ਹੋਇਆ । ਅਜੀਤ ਕੌਰ ਦਾ ਵਿਆਹੁਤਾ ਜੀਵਨ ਬਹੁਤ ਚਿਰ ਕਾਇਮ ਨਾ ਰਿਹਾ । ਉਸ ਦੀ ਆਪਣੇ ਪਤੀ ਨਾਲ ਅਣਬਣ ਹੋ ਗਈ ਅਤੇ ਉਹ ਆਪਣੀਆਂ ਦੋਹਾਂ ਬੇਟੀਆਂ ਨੂੰ ਲੈ ਕੇ ਅਲੱਗ ਰਹਿਣ ਲੱਗ ਪਈ । ਘਰ ਦਾ ਗੁਜ਼ਾਰਾ ਚਲਾਉਣ ਲਈ ਅਖ਼ਬਾਰਾਂ ਲਈ ਲਿਖਦੀ । ਉਸ ਨੇ ਸਰਕਾਰੀ ਅਧਿਆਪਕਾ ਦੇ ਤੌਰ ਤੇ ਸਕੂਲ ਵਿੱਚ ਨੌਕਰੀ ਵੀ ਕੀਤੀ ।

 

        ਅਜੀਤ ਕੌਰ ਨੇ ਪਹਿਲੀ ਕਹਾਣੀ ‘ ਇੱਕ ਮੁਲਾਕਾਤ` 1948 ਦੇ ਅੰਤ ਵਿੱਚ ਲਿਖੀ ਸੀ ਜਦੋਂ ਅਜੇ ਉਹ ਬੀ.ਏ. ਕਰ ਰਹੀ ਸੀ । ਗੁਲਬਾਨੋ ਉਸ ਦਾ ਪਹਿਲਾ ਕਹਾਣੀ- ਸੰਗ੍ਰਹਿ ਹੈ ਜੋ ਕਿ 1963 ਵਿੱਚ ਛਪਿਆ ਅਤੇ ਇਸ ਨੂੰ ਪੰਜਾਬ ਸਰਕਾਰ ਨੇ ਸਨਮਾਨਿਤ ਕੀਤਾ । ਉਸ ਤੋਂ ਬਾਅਦ ਉਸ ਦੇ ਕਈ ਹੋਰ ਕਹਾਣੀ-ਸੰਗ੍ਰਹਿ ਬੁੱਤ ਸ਼ਿਕਨ , ਮਹਿਕ ਦੀ ਮੌਤ , ਫਾਲਤੂ ਔਰਤ , ਮੌਤ ਅਲੀ ਬਾਬੇ ਦੀ , ਸਾਂਵੀਆਂ ਚਿੜੀਆਂ , ਨਾ ਮਾਰੋ , ਆਪਣੇ - ਆਪਣੇ ਜੰਗਲ ਆਦਿ ਛਪੇ । ਅਜੀਤ ਕੌਰ ਨੇ ਨਾਵਲ ਵੀ ਲਿਖੇ ਜਿਨ੍ਹਾਂ ਵਿੱਚ ਧੁੱਪ ਵਾਲਾ ਸ਼ਹਿਰ , ਪੋਸਟ ਮਾਰਟਮ , ਮੋਰੀ ਆਦਿ ਬਹੁ ਚਰਚਿਤ ਹੋਏ । ਇਸ ਤੋਂ ਇਲਾਵਾ ਸਵੈ-ਜੀਵਨੀ ਕੂੜਾ - ਕਬਾੜਾ ਅਤੇ ਖਾਨਾਬਦੋਸ਼ ਦੀ ਰਚਨਾ ਕੀਤੀ ।

        ਅਜੀਤ ਕੌਰ ਨੇ ਇਸਤਰੀ ਦੀ ਸਮਾਜਿਕ ਸਥਿਤੀ ਤੇ ਦੱਬੇ-ਕੁੱਚਲੇ ਅਰਮਾਨਾਂ ਨੂੰ ਆਪਣੀ ਕਹਾਣੀ ਦਾ ਆਧਾਰ ਬਣਾਇਆ ਹੈ । ਉਸ ਦੀਆਂ ਵਧੇਰੇ ਕਹਾਣੀਆਂ ਇਸਤਰੀ- ਮਰਦ ਦੇ ਰਿਸ਼ਤੇ ਨਾਲ ਸੰਬੰਧਿਤ ਹਨ । ਉਹ ਸੈਕਸ ਨੂੰ ਜ਼ਿੰਦਗੀ ਦਾ ਧੁਰਾ ਮੰਨਦੀ ਹੋਈ ਸਾਹਿਤ ਵਿੱਚ ਇਸਦੇ ਪ੍ਰਗਟਾਅ ਤੋਂ ਗੁਰੇਜ਼ ਨਹੀਂ ਕਰਦੀ । ਉਸ ਦੀਆਂ ਕਹਾਣੀਆਂ ਵਿੱਚ ਔਰਤ ਮਰਦ ਦੇ ਰਿਸ਼ਤੇ , ਵਰਜਿਤ ਰਿਸ਼ਤਿਆਂ ਅਧੀਨ ਪੇਸ਼ ਹੋਏ ਹਨ । ਉਸ ਦੀ ਪਛਾਣ ਪੰਜਾਬੀ ਕਹਾਣੀ ਜਗਤ ਵਿੱਚ ਯਥਾਰਥਵਾਦੀ ਕਹਾਣੀਕਾਰ ਦੇ ਤੌਰ ਤੇ ਬਣੀ ਹੋਈ ਹੈ । ਉਹ ਆਪਣੀਆਂ ਕਹਾਣੀਆਂ ਵਿੱਚ ਔਰਤ ਦੀ ਹੋਂਦ ਤੇ ਫੋਕਸ ਕਰਦੀ ਹੈ ਅਤੇ ਔਰਤ ਦੇ ਪਰੰਪਰਾਗਤ ਰੂਪਾਂ ਦੀ ਥਾਂ ਨਵੇਂ ਰੂਪਾਂ ਨੂੰ ਚਿੱਤਰਦੀ ਹੈ । ਉਹ ਔਰਤ ਦੀ ਹੋਂਦ , ਵਿਆਹ , ਪਿਆਰ , ਸਰੀਰਕ- ਰਿਸ਼ਤਿਆਂ ਦੇ ਨਵੇਂ ਪ੍ਰਤਿਮਾਨ ਸਿਰਜਦੀ ਹੈ । ਫਾਲਤੂ ਔਰਤ ਦੇ ਗਾਲਪਨਿਕ ਬਿੰਬ ਰਾਹੀਂ ਮਰਦ-ਪ੍ਰਧਾਨ ਸਮਾਜ ਵਿੱਚ ਔਰਤ ਮਨ ਵਿੱਚ ਉਪਜੀ ਉਦਾਸੀ , ਉਪਰਾਮਤਾ , ਇਕੱਲੇਪਣ ਅਤੇ ਬੇਗਾਨਗੀ ਨੂੰ ਬਖ਼ੂਬੀ ਚਿਤਰਿਆ ਹੈ । ਉਸ ਦਾ ਕਹਾਣੀ ਬਿਆਨ ਕਰਨ ਦਾ ਢੰਗ ਬੇਬਾਕ ਅਤੇ ਨਿਝੱਕ ਹੈ ਅਤੇ ਕਹਾਣੀਆਂ ਵਿੱਚ ਉਹ ਔਰਤ ਵੀ ਪੇਸ਼ ਹੋਈ ਹੈ ਜਿਹੜੀ ਸਮਾਜਿਕ ਕਦਰਾਂ-ਕੀਮਤਾਂ ਤੋਂ ਟੁੱਟ ਕੇ ਜੀਣ ਦੀ ਲੋਚਾ ਕਰਦੀ ਹੈ ਪਰ ਫਿਰ ਪਰੰਪਰਾ ਵੱਸ ਪਹਿਲੀ ਸਥਿਤੀ ਵਿੱਚ ਪਰਤ ਜਾਂਦੀ ਹੈ । ਇਸ ਤਰ੍ਹਾਂ ਉਸ ਦੀਆਂ ਕਹਾਣੀਆਂ ਵਿਚਲੀ ਔਰਤ ਟੁੱਟਣ ਅਤੇ ਜੁੜਨ ਦੇ ਵਿਚਕਾਰ ਲਟਕੀ ਹੋਈ ਹੈ । ਇਸ ਤੋਂ ਇਲਾਵਾ ਉਸ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜਿਕ , ਰਾਜਨੀਤਿਕ , ਆਰਥਿਕ ਢਾਂਚੇ ਦਾ ਵੀ ਵਰਣਨ ਕੀਤਾ ਹੈ ਕਿ ਇਹਨਾਂ ਵਿੱਚ ਫਸਿਆ ਮਨੁੱਖ ਕਿਵੇਂ ਬਾਰ-ਬਾਰ ਟੁੱਟਦਾ ਹੈ ।

        ਅਜੀਤ ਕੌਰ ਦੀਆਂ ਕਹਾਣੀਆਂ ਪਾਤਰ ਪ੍ਰਧਾਨ ਕਹਾਣੀਆਂ ਹਨ । ਉਹ ਕਹਾਣੀ ਦੀ ਉਸਾਰੀ ਲਈ ਕੇਂਦਰੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੀ ਹੈ ਅਤੇ ਕਿਤੇ-ਕਿਤੇ ਅੰਗਰੇਜ਼ੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਮਿਲਦੀ ਹੈ ।

        ਉਹ ਆਪਣੇ ਪਾਤਰਾਂ ਦੇ ਜਜ਼ਬਾਤਾਂ ਅਤੇ ਅਰਮਾਨਾਂ ਨੂੰ ਯਥਾਰਥ ਰੰਗਣ ਵਿੱਚ ਪੇਸ਼ ਕਰਨ ਦਾ ਯਤਨ ਕਰਦੀ ਹੈ । ਉਸ ਦੀਆਂ ਕਈ ਕਹਾਣੀਆਂ ਹਿੰਦੁਸਤਾਨ ਦੀਆਂ ਸਾਰੀਆਂ ਜ਼ਬਾਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਉਸ ਦਾ ਜੀਵਨ ਪ੍ਰਤਿ ਇੱਕ ਵਿਸ਼ਾਲ ਤੇ ਖੁੱਲ੍ਹਾ ਨਜ਼ਰੀਆ ਹੈ । ਯੂਰਪ ਤੇ ਏਸ਼ੀਆ ਦੇ ਕਈ ਮੁਲਕਾਂ ਵਿੱਚ ਘੁੰਮੀ ਹੋਣ ਕਰ ਕੇ ਉਸ ਨੇ ਪੂਰਬੀ ਤੇ ਪੱਛਮੀ ਸਾਹਿਤ ਦਾ ਅਧਿਐਨ ਕੀਤਾ ਜਿਸ ਕਰ ਕੇ ਉਹ ਪੰਜਾਬੀ ਕਹਾਣੀ ਜਗਤ ਵਿੱਚ ਇੱਕ ਅਗਾਂਹ-ਵਧੂ ਕਹਾਣੀਕਾਰਾਂ ਦੇ ਤੌਰ ਤੇ ਸਥਾਪਿਤ ਹੋ ਚੁੱਕੀ ਹੈ ਅਤੇ ਉਸਨੂੰ ਕਈ ਅਵਾਰਡ ਵੀ ਮਿਲ ਚੁੱਕੇ ਹਨ । 1979 ਵਿੱਚ ਉਸਨੂੰ ਪੰਜਾਬੀ ਸਾਹਿਤ ਸਮੀਖਿਆ ਦੁਆਰਾ ਸ਼ਿਰੋਮਣੀ ਸਾਹਿਤਕਾਰ ਐਲਾਨ ਕੀਤਾ ਗਿਆ । ਇਸ ਤੋਂ ਇਲਾਵਾ ਨਵੰਬਰ 1989 ਵਿੱਚ ਪੰਜਾਬ ਕਲਾ ਕੌਂਸਲ ਦੁਆਰਾ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਅਪ੍ਰੈਲ 1983 ਵਿੱਚ ਪੰਜਾਬੀ ਅਕਾਦਮੀ ਦਿੱਲੀ ਐਡਮਨਿਸਟ੍ਰੇਸ਼ਨ ਦੁਆਰਾ ਦਿੱਲੀ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਵਿੱਚ ਸਭ ਤੋਂ ਵਿਲੱਖਣ ਪੰਜਾਬੀ ਲੇਖਕ ਦੇ ਤੌਰ ਤੇ ਸਨਮਾਨ ਹਾਸਲ ਕੀਤਾ । 1984 ਵਿੱਚ ‘ ਬਾਵਾ ਬਲਵੰਤ ਅਵਾਰਡ` , 1985 ਵਿੱਚ \ ਖਾਨਾਬਦੋਸ਼ ਲਈ ਭਾਰਤੀ ਸਾਹਿਤ ਅਕਾਦਮੀ ਦਿੱਲੀ ਦਾ ਪੁਰਸਕਾਰ ਮਿਲਿਆ । ਇਸ ਤੋਂ ਇਲਾਵਾ ਭਾਰਤੀਯ ਭਾਸ਼ਾ ਪਰਿਸ਼ਦ ਕਲਕੱਤਾ ਦੁਆਰਾ 1989 ਵਿੱਚ ਅਵਾਰਡ ਅਤੇ 1990 ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਕਰਤਾਰ ਸਿੰਘ ਧਾਲੀਵਾਰ ਪੁਰਸਕਾਰ ਮਿਲਿਆ । ਅਜੀਤ ਕੌਰ ਸਪਤਾਹਿਕ ਨਵਾਂ ਪਿੰਡ ਦੀ ਸੰਪਾਦਕ ਵੀ ਰਹੀ ਹੈ ਅਤੇ ਰੂਪੀ ਟਰੇਡ ਤੇ ਇੰਡੀਆ ਇੰਟਰਨੈਸ਼ਨਲ ਮੈਗਜ਼ੀਨ ਦੀ ਸੰਪਾਦਨਾ ਵੀ ਕਰਦੀ ਰਹੀ । ਉਸ ਨੇ ਹੈਨਰੀ ਜੇਮਜ਼ ਦੀ ਪੋਰਟਰੇਟ ਆਫ਼ ਏ ਲੇਡੀ , ਹੌਥੋਰਨ ਦੀ ਸਕਾਰਲੈਟ ਲੈਟਰ ਅਤੇ ਐਮਰਸਨ ਦੇ ਨਿਬੰਧ ਵੀ ਪੰਜਾਬੀ ਵਿੱਚ ਅਨੁਵਾਦ ਕੀਤੇ ਹਨ । ਸੂਲੀ ਤੇ ਲਟਕਦੇ ਪਲ ਕਹਾਣੀ-ਸੰਗ੍ਰਹਿ ਭਾਰਤ ਦੀਆਂ 14 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੋਣ ਤੋਂ ਇਲਾਵਾ ਪਾਕਿਸਤਾਨ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ ਅਤੇ ਪੋਸਟ ਮਾਰਟਮ ਨਾਵਲਿਟ ਹਿੰਦੀ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ । ਅਜੀਤ ਕੌਰ ਨੇ ਦਿੱਲੀ ਵਿੱਚ ‘ ਅਕੈਡਮੀ ਆਫ਼ ਫ਼ਾਈਨ ਆਰਟਸ ਐਂਡ ਲਿਟਰੇਚਰ` ਸਥਾਪਿਤ ਕੀਤੀ ਹੈ ਜੋ ਕਿ ਕਲਾਕਾਰਾਂ ਤੇ ਸਾਹਿਤਕਾਰਾਂ ਲਈ ਪ੍ਰੇਰਨਾ ਤੇ ਚਾਨਣ ਮੁਨਾਰਾ ਸਿੱਧ ਹੋਈ ਹੈ । ਉਹ ਸੱਤਾਂ ਸਾਰਕ ਮੁਲਕਾਂ ਦੇ ਲੇਖਕਾਂ , ਬੁੱਧੀਜੀਵੀਆਂ ਨੂੰ ਇਕੱਠਾ ਕਰ ਕੇ ਅਮਨ ਤੇ ਭਾਈਚਾਰੇ ਦੀ ਅਵਾਜ਼ ਬੁਲੰਦ ਕਰਨ ਲਈ 1987 ਤੋਂ ਲਗਾਤਾਰ ਯਤਨਸ਼ੀਲ ਹੈ ।


ਲੇਖਕ : ਪਰਮੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.