ਅਨੁਸੂਚਿਤ ਜਾਤੀਆਂ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Scheduled Casts ਅਨੁਸੂਚਿਤ ਜਾਤੀਆਂ : ਰਾਸ਼ਟਰਪਤੀ ਕਿਸੇ ਰਾਜ ਜਾਂ ਸੰਘੀ ਖੇਤਰ ਸਬੰਧੀ ਅਤੇ ਰਾਜ ਦੀ ਸੂਰਤ ਵਿਚ ਰਾਜਪਾਲ ਦੀ ਸਲਾਹ ਨਾਲ ਅਧਿਸੂਚਨਾ ਜਾਰੀ ਕਰਕੇ ਜਾਤੀਆਂ , ਨਸਲਾਂ ਜਾਂ ਕਬੀਲਿਆਂ ਵਿਚੋਂ ਜਾਤਾਂ , ਨਸਲਾਂ ਜਾਂ ਕਬੀਲਿਆਂ ਜਾਂ ਉਨ੍ਹਾਂ ਦੇ ਭਾਗਾਂ ਜਾਂ ਗਰੁੱਪਾਂ ਨੂੰ ਦਰਸਾ ਸਕਦਾ ਹੈ ਜੋ ਉਸ ਰਾਜ ਜਾਂ ਸੰਘੀ ਖੇਤਰ ਦੀਆਂ ਅਨੁਸੂਚਿਤ ਜਾਤੀਆਂ ਸਮਝੀਆਂ ਜਾਣਗੀਆਂ । ਸੰਸਦ ਕਾਨੂੰਨ ਦੁਆਰਾ ਅਧਿਸੂਚਨਾ ਵਿਚ ਦਰਜ ਕਿਸੇ ਜਾਤੀ , ਨਸਲ ਜਾਂ ਕਬੀਲੇ ਨੂੰ ਅਨੁਸੂਚਿਤ ਜਾਤੀਆਂ ਦੀ ਸੂਚੀ ਵਿਚੋਂ ਕੱਢ ਸਕਦੀ ਹੈ ।

          ਭਾਰਤੀ ਸੰਵਿਧਾਨ ਦੁਆਰਾ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਵਿਸ਼ੇਸ਼ ਸੁਰੱਖਿਆ ਲਈ ਕਈ ਉਪਰਾਲੇ ਕੀਤੇ ਗਏ ਹਨ । ਭਾਰਤੀ ਸਮਾਜ ਅਤੇ ਰਾਜਨੀਤੀ ਵਿਚ ਅਨੁਸੂਚਿਤ ਜਾਤੀਆਂ ਦੀ ਸਮਾਨ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਇਹ ਜ਼ਰੂਰੀ ਸੀ ਕਿ ਇਨ੍ਹਾਂ ਜਾਤੀਆਂ ਲਈ ਵਿਧਾਨ-ਪਾਲਿਕਾਵਾਂ ਅਤੇ ਸਰਕਾਰੀ ਸੇਵਾਵਾਂ ਵਿਚ ਸੀਟਾਂ ਦਾ ਰਾਖਵਾਂਕਰਨ ਕੀਤਾ ਜਾਵੇ । ਇਸ ਕਰਕੇ ਅਨੁਸੂਚਿਤ ਜਾਤੀਆਂ ਲਈ ਵਿਸ਼ੇਸ ਸਹੂਲਤਾਂ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ । ਅਨੁਸੂਚਿਤ ਜਾਤੀਆਂ ਲਈ ਨਾਗਰਿਕ ਸੇਵਾਵਾਂ , ਸਿਖਿਆ ਸੰਸਥਾਵਾਂ ਅਤੇ ਵਿਧਾਨ ਮੰਡਲਾਂ ਵਿਚ ਸੀਟਾਂ ਰਾਖਵੇਂਕਰਣ ਦੀ ਵਿਵਸਥਾ ਕੀਤੀ ਗਈ ਹੈ ।

          ਭਾਰਤੀ ਸੰਵਿਧਾਨ ਵਿਚ ਅਨੁਸੂਚਿਤ ਜਾਤੀਆਂ ਲਈ ਸਰਕਾਰੀ ਸੇਵਾਵਾਂ ਵਿਚ ਸਥਾਨ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਹੈ । ਛੂਤ-ਛਾਤ ਨੂੰ ਕਾਨੂੰਨੀ ਅਪਰਾਧ ਮੰਨਿਆ ਗਿਆ ਹੈ । ਸਰਕਾਰੀ ਵਿਦਿਅਕ ਅਦਾਰਿਆਂ ਵਿਚ ਜਾਤੀ ਦੇ ਆਧਾਰ ਤੇ ਕਿਸੇ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਹਨਾਂ ਦੇ ਵਿਦਿਅਕ ਅਤੇ ਆਰਥਿਕ ਹਿੱਤਾਂ ਨੂੰ ਵਿਕਸਿਤ ਕਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਅਤੇ ਸਮਾਜਿਕ ਅਨਿਆਂ ਅਤੇ ਸ਼ੋਸਣ ਤੋਂ ਇਨ੍ਹਾਂ ਦੀ ਸੁਰੱਖਿਆ ਕੀਤੀ ਜਾਂਦੀ ਹੈ । ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿਚ ਇਨ੍ਹਾਂ ਲਈ ਸੀਟਾਂ ਰਾਖਵੇਂਕਰਣ ਦੀ ਵਿਵਸਥਾ ਹੈ । ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਉਨ੍ਹਾਂ ਲਈ ਸੀਟਾਂ ਰਿਜ਼ਰਵ ਹਨ । ਅਨੁਸੂਚਿਤ ਜਾਤੀਆਂ ਦੇ ਹਿੱਤਾਂ ਲਈ ਸਰਕਾਰੀ ਕਮਿਸ਼ਨ ਦੀ ਸਥਾਪਤੀ ਦਾ ਵੀ ਉਪਬੰਧ ਹੈ ।

          ਸੰਵਿਧਾਨ ਵਿਚ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ । ਅਤੇ ਸੰਵਿਧਾਨਕ ਵਿਵਸਥਾਵਾਂ ਨੂੰ ਲਾਗੂ ਕਰਨ ਦੇ ਭਰਪੂਰ ਯਤਨ ਕੀਤੇ ਜਾਂਦੇ ਹਨ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.