ਅਮਰ ਸਿੰਘ, ਰਾਜਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਰ ਸਿੰਘ, ਰਾਜਾ: ਬਾਬਾ ਆਲਾ ਦਾ ਇਕ ਸ਼ੂਰਵੀਰ ਪੋਤਾ ਜੋ ਕਾਲਾਂਤਰ ਵਿਚ ਪਟਿਆਲਾ ਰਿਆਸਤ ਦਾ ਸ਼ਾਸਕ ਬਣਿਆ। ਵੇਖੋ ‘ਪਟਿਆਲਾ ਰਿਆਸਤ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਮਰ ਸਿੰਘ, ਰਾਜਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਮਰ ਸਿੰਘ, ਰਾਜਾ (1748-1782) : ਪਟਿਆਲਾ ਦਾ ਰਾਜਾ, ਸਰਦੂਲ ਸਿੰਘ ਅਤੇ ਰਾਣੀ ਹੁਕਮਾਂ ਦਾ ਪੁੱਤਰ 6 ਜੂਨ 1748 ਨੂੰ ਪੈਦਾ ਹੋਇਆ। 1765 ਵਿਚ,ਇਹ ਆਪਣੇ ਦਾਦਾ ਆਲਾ ਸਿੰਘ ਤੋਂ ਪਿੱਛੋਂ ਗੱਦੀ ਤੇ ਬੈਠਾ ਕਿਉਂਕਿ ਅਕਾਲ ਚਲਾਣੇ ਸਮੇਂ ਉਸਦਾ ਕੋਈ ਵੀ ਪੁੱਤਰ ਜੀਵਿਤ ਨਹੀਂ ਸੀ। ਗੱਦੀ ਨਸ਼ੀਨੀ ਤੋਂ ਪਿੱਛੋਂ ਅਮਰ ਸਿੰਘ ਦੇ ਮਤਰੇਏ ਭਰਾ ਹਿੰਮਤ ਸਿੰਘ ਨੇ ਪਟਿਆਲੇ ਦੀ ਗੱਦੀ ਤੇ ਆਪਣਾ ਹੱਕ ਜਤਲਾਇਆ ਅਤੇ ਪਟਿਆਲਾ ਦੇ ਨਾਲ ਲਗਦੇ ਕਾਫ਼ੀ ਇਲਾਕੇ ਉੱਪਰ ਕਬਜ਼ਾ ਵੀ ਕਰ ਲਿਆ। ਪਰ ਅਮਰ ਸਿੰਘ ਨੇ ਜੀਂਦ , ਨਾਭਾ ਅਤੇ ਕੈਥਲ ਦੇ ਰਾਜਿਆਂ ਦੀ ਸਹਾਇਤਾ ਨਾਲ ਹਿੰਮਤ ਸਿੰਘ ਨੂੰ ਆਪਣੇ ਇਲਾਕੇ ਵਿਚੋਂ ਕੱਢ ਦਿੱਤਾ। 1766 ਵਿਚ ਇਸਨੇ ਸਤਲੁਜ ਪਾਰ ਦੇ ਸਿੱਖਾਂ ਅਤੇ ਜੱਸਾ ਸਿੰਘ ਆਹਲੂਵਾਲੀਆ , (ਜਿਸਤੋਂ ਉਸਨੇ ਅੰਮ੍ਰਿਤ ਛਕਿਆ ਸੀ) ਦੀ ਸਹਾਇਤਾ ਨਾਲ ਕੋਟਲੇ ਦੇ ਅਫ਼ਗਾਨਾਂ ਕੋਲੋਂ ਪਾਯਲ ਅਤੇ ਈਸੜੂ ਖੋਹ ਲਏ। ਪਾਯਲ ਨੂੰ ਪਟਿਆਲਾ ਰਾਜ ਵਿਚ ਸੰਮਿਲਿਤ ਕਰ ਲਿਆ ਗਿਆ ਅਤੇ ਈਸੜੂ ਜੱਸਾ ਸਿੰਘ ਆਹਲੂਵਾਲੀਆ ਨੂੰ ਦੇ ਦਿੱਤਾ ਗਿਆ।

    ਅਹਮਦ ਸ਼ਾਹ ਦੁੱਰਾਨੀ ਦਾ 1767 ਈਸਵੀ ਦਾ ਹਮਲਾ , ਅਮਰ ਸਿੰਘ ਦੀ ਵਧ ਰਹੀ ਸ਼ਕਤੀ ਲਈ ਬਹੁਤ ਲਾਹੇਵੰਦ ਸਾਬਤ ਹੋਇਆ। ਇਸ ਸਮੇਂ ਅਮਰ ਸਿੰਘ ਨੇ ਆਪਣੇ ਵਕੀਲ ਨੂੰ ਤੋਹਫੇ ਦੇ ਕੇ ਅਹਮਦ ਸ਼ਾਹ ਕੋਲ ਭੇਜਿਆ। ਇਸ ਤੇ ਅਹਮਦ ਸ਼ਾਹ ਨੇ ਅਮਰ ਸਿੰਘ ਨੂੰ ਮੁਲਾਕਾਤ ਲਈ ਸੱਦਾ ਦਿੱਤਾ ਅਤੇ ਉਪਰੰਤ ਇਸਨੂੰ ਰਾਜਾ-ਇ-ਰਾਜਗਾਨ ਦਾ ਖ਼ਿਤਾਬ ਦੇ ਕੇ ਸਰਹਿੰਦ ਦਾ ਸੂਬੇਦਾਰ/ਗਵਰਨਰ ਨਿਯੁਕਤ ਕਰ ਦਿੱਤਾ। ਰਾਜ ਅਧਿਕਾਰ ਦੇ ਨਿਸ਼ਾਨ ਵਜੋਂ ਇਸਨੂੰ ਝੰਡਾ ਅਤੇ ਨਗਾਰਾ ਵੀ ਦਿੱਤਾ ਗਿਆ। ਮਥੁਰਾ ਅਤੇ ਸਹਾਰਨਪੁਰ ਦੇ ਖੇਤਰਾਂ ਵਿਚੋਂ ਬਣਾਏ ਗਏ ਕਈ ਹਜ਼ਾਰ ਹਿੰਦੂ ਬੰਦੀਆਂ ਦੀ ਰਿਹਾਈ ਲਈ ਅਮਰ ਸਿੰਘ ਨੇ ਅਹਮਦ ਸ਼ਾਹ ਨੂੰ ਇਕ ਲੱਖ ਰੁਪਿਆ ਦਿੱਤਾ। ਅਮਰ ਸਿੰਘ ਨੇ ਅਹਮਦ ਸ਼ਾਹ ਦੇ ਨਾਂ ਦੇ ਸਿੱਕੇ ਵੀ ਚਲਾਏ।

        1768 ਵਿਚ ਅਮਰ ਸਿੰਘ ਨੇ ਮਨੀ ਮਾਜਰਾ (ਨੇੜੇ ਵਰਤਮਾਨ ਚੰਡੀਗੜ੍ਹ) ਦੇ ਗਰੀਬਦਾਸ ਵਿਰੁੱਧ ਧਾਵਾ ਕੀਤਾ। ਗਰੀਬ ਦਾਸ ਨੇ ਆਲਾ ਸਿੰਘ ਦੀ ਮੌਤ ਉਪਰੰਤ ਮਨੀ ਮਾਜਰੇ ਦੇ ਕਿਲੇ ਅਤੇ ਪਿੰਜੌਰ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ ਸੀ। ਅਮਰ ਸਿੰਘ ਨੇ ਹਿੰਡੂਰ, ਕਹਿਲੂਰ ਅਤੇ ਨਾਹਨ ਦੇ ਪਹਾੜੀ ਰਾਜਿਆਂ ਦੀ ਮਦਦ ਨਾਲ ਗਰੀਬ ਦਾਸ ਨੂੰ ਹਰਾਇਆ ਅਤੇ ਪਿੰਜੋਰ ਦੇ ਕਿਲੇ ਉਪਰ ਕਬਜ਼ਾ ਕਰ ਲਿਆ। ਫੇਰ ਵੀ ਗਰੀਬ ਦਾਸ ਨੇ ਅਮਰ ਸਿੰਘ ਦੀ ਪੂਰੀ ਤਰ੍ਹਾਂ ਅਧੀਨਗੀ ਸਵੀਕਾਰ ਨਹੀਂ ਕੀਤੀ ਸੀ। 1778 ਵਿਚ ਰਾਜਾ ਅਮਰ ਸਿੰਘ ਨੇ ਫਿਰ ਉਸ ਉੱਤੇ ਹਮਲਾ ਕੀਤਾ। ਗਰੀਬ ਦਾਸ ਨੇ ਪਟਿਆਲਾ ਨਰੇਸ਼ ਨੂੰ ਚੋਖਾ ਧਨ ਦੇ ਕੇ ਆਪਣੇ ਇਲਾਕੇ ਦਾ ਕਬਜ਼ਾ ਬਹਾਲ ਕਰਾ ਲਿਆ।

    ਇਸ ਪਿੱਛੋਂ ਅਮਰ ਸਿੰਘ ਨੇ ਕੋਟ ਕਪੂਰੇ ਦੇ ਕਿਲੇ ਉੱਤੇ ਹਮਲਾ ਕੀਤਾ ਅਤੇ ਲੜਾਈ ਵਿਚ ਸਥਾਨਿਕ ਮੁਖੀ , ਜੋਧ ਸਿੰਘ ਨੂੰ ਮਾਰ ਦਿੱਤਾ। 1771 ਵਿਚ ਇਸਨੇ ਸੁਖਚੈਨ ਸਿੰਘ (ਜਿਸ ਦੇ ਕਬਜ਼ੇ ਵਿਚ ਸ਼ਹਿਰ ਦਾ ਮੁਖ ਕਿਲਾ , ਗੋਬਿੰਦਗੜ੍ਹ ਸੀ) ਨੂੰ ਹਰਾ ਕੇ ਪਰਗਣਾ ਬਠਿੰਡਾ ਉੱਤੇ ਕਬਜ਼ਾ ਕਰ ਲਿਆ। ਤਿੰਨ ਸਾਲ ਪਿੱਛੋਂ ਇਸਨੇ ਪਟਿਆਲੇ ਦੇ ਉੱਤਰ ਪੂਰਬ ਵੱਲ 7 ਕਿਲੋਮੀਟਰ ਦੂਰੀ ਤੇ ਸਥਿਤ ਇਕ ਮਜ਼ਬੂਤ ਕਿਲੇ, ਸੈਫ਼ਾਬਾਦ, ਨੂੰ ਵੀ ਕਾਬੂ ਕਰ ਲਿਆ। ਫੇਰ 1774 ਵਿਚ ਪਟਿਆਲਾ ਦੇ ਦੱਖਣ ਵਿਚ ਭੱਟੀ ਇਲਾਕੇ ਉੱਤੇ ਕਬਜ਼ਾ ਕੀਤਾ। ਇਸ ਪਿੱਛੋਂ ਫ਼ਤਿਹਾਬਾਦ, ਸਿਰਸਾ ਅਤੇ ਰਾਣੀਆਂ ਦੇ ਕਿਲੇ ਉਸਦੇ ਕਬਜ਼ੇ ਵਿਚ ਆ ਗਏ। 1777 ਵਿਚ ਇਸਨੇ ਫ਼ਰੀਦਕੋਟ ਅਤੇ ਕੋਟ ਕਪੂਰੇ ਉੱਤੇ ਹਮਲਾ ਕੀਤਾ ਪਰ ਇਹਨਾਂ ਇਲਾਕਿਆਂ ਨੂੰ ਆਪਣੇ ਰਾਜ ਵਿਚ ਸ਼ਾਮਲ ਕਰਨ ਦਾ ਯਤਨ ਨਹੀਂ ਕੀਤਾ। 1779 ਵਿਚ ਇਸਨੇ ਮਲਵਈ ਸਿੱਖ ਇਲਾਕਿਆਂ ਵਿਚ ਅਬਦੁਲ ਅਹਿਦ ਖਾਨ ਦੇ ਮਨਸੂਬੇ ਅਸਫ਼ਲ ਕਰ ਦਿੱਤੇ। ਇਸਨੇ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ , ਤਾਰਾ ਸਿੰਘ ਗੈਬਾ ਅਤੇ ਜੋਧ ਸਿੰਘ ਵਜ਼ੀਰਾਬਾਦ ਤੋਂ ਸਹਾਇਤਾ ਪ੍ਰਾਪਤ ਕਰ ਲਈ ਅਤੇ ਘੜਾਮ ਵਿਖੇ ਮੁਗ਼ਲ ਮੁਹਿੰਮ ਨੂੰ ਪਛਾੜ ਦਿੱਤਾ। ਬਹੁਤ ਸਾਰੀਆਂ ਜਿੱਤਾਂ ਅਤੇ ਨਾਹਨ, ਬੀਕਾਨੇਰ ਅਤੇ ਮਿਸਲਦਾਰ ਸਰਦਾਰਾਂ ਨਾਲ ਚਤੁਰਾਈ ਭਰੇ ਰਾਜਨੀਤਿਕ ਗੱਠਜੋੜਾਂ ਸਦਕਾ ਅਮਰ ਸਿੰਘ ਨੇ ਜਮੁਨਾ ਅਤੇ ਸਤਲੁਜ ਦੇ ਵਿਚਕਾਰ ਪਟਿਆਲੇ ਨੂੰ ਸਭ ਤੋਂ ਵੱਧ ਸ਼ਕਤੀਸ਼ਾਲੀ ਰਾਜ ਬਣਾ ਦਿੱਤਾ।

    ਰਾਜਾ ਅਮਰ ਸਿੰਘ ਭਰੀ ਜਵਾਨੀ ਵਿਚ 5 ਫਰਵਰੀ 1782 ਨੂੰ ਪਟਿਆਲਾ ਵਿਖੇ ਅਕਾਲ ਚਲਾਣਾ ਕਰ ਗਿਆ।


ਲੇਖਕ : ਕ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.