ਲਾਗ–ਇਨ/ਨਵਾਂ ਖਾਤਾ |
+
-
 
ਅਮੀਰ ਖ਼ੁਸਰੋ

ਅਮੀਰ ਖ਼ੁਸਰੋ (1254–1325) : ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੇ ਪਟਿਆਲੀ ਨਾਂ ਦੇ ਕਸਬੇ ਵਿਖੇ 1254 ਵਿੱਚ ਅਮੀਰ ਖ਼ੁਸਰੋ ਦਾ ਜਨਮ ਹੋਇਆ। ਉਸ ਦੇ ਪਿਤਾ ਦਾ ਨਾਂ ਸੈਫ਼ੂਦੀਨ ਸੀ। ਸੈਫ਼ੂਦੀਨ ਮੱਧ ਏਸ਼ੀਆ ਦੀ ਲਾਚਨ ਜਾਤੀ ਦਾ ਤੁਰਕ ਸੀ। ਲਾਚਨ ਜਾਤੀ ਦੇ ਤੁਰਕ ਚੰਗੇਜ਼ ਖ਼ਾਨ ਦੇ ਹਮਲਿਆਂ ਤੋਂ ਤੰਗ ਆ ਕੇ ਬਲਬਨ ਦੇ ਰਾਜਕਾਲ (1266–1286) ਵਿੱਚ ਸ਼ਰਨਾਰਥੀ ਦੇ ਰੂਪ ਵਿੱਚ ਭਾਰਤ ਆ ਕੇ ਵੱਸ ਗਏ ਸਨ। ਬਲਬਨ ਦੇ ਯੁੱਧ ਮੰਤਰੀ ਇਮਾਦੁਤੁਲ ਮੁਲਕ ਦੀ ਲੜਕੀ ਖ਼ੁਸਰੋ ਦੀ ਮਾਂ ਸੀ। ਇਹ ਇੱਕ ਭਾਰਤੀ ਮੁਸਲਮਾਨ ਇਸਤਰੀ ਸੀ। ਖ਼ੁਸਰੋ ਜਦੋਂ ਸਤ ਵਰ੍ਹਿਆਂ ਦਾ ਹੀ ਸੀ ਤਾਂ ਇਸ ਦਾ ਪਿਤਾ ਸਵਰਗਵਾਸ ਹੋ ਗਿਆ। ਪਰ ਇਸ ਦੀ ਮਾਤਾ ਦੇ ਯਤਨਾਂ ਸਦਕਾ ਖ਼ੁਸਰੋ ਦੀ ਪੜ੍ਹਾਈ-ਲਿਖਾਈ ਵਿੱਚ ਕੋਈ ਕਮੀ ਨਹੀਂ ਆਈ। ਆਪਣੇ ਸਮੇਂ ਦੇ ਦਰਸ਼ਨ ਅਤੇ ਵਿਗਿਆਨ ਦੀ ਸਿੱਖਿਆ ਪ੍ਰਾਪਤ ਕਰ ਕੇ ਵੀ ਖ਼ੁਸਰੋ ਦਾ ਧਿਆਨ ਕਾਵਿ- ਰਚਨਾ ਵਿੱਚ ਲੱਗਾ ਰਿਹਾ। ਵੀਹਾਂ ਵਰ੍ਹਿਆਂ ਦੀ ਉਮਰ ਵਿੱਚ ਹੀ ਇਹ ਕਵੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਿਆ।

     ਖ਼ੁਸਰੋ ਨੇ ਆਪਣਾ ਪੂਰਾ ਜੀਵਨ ਰਾਜ ਆਸਰੇ ਬਤੀਤ ਕੀਤਾ। ਇਸ ਨੇ ਗ਼ੁਲਾਮ, ਖ਼ਿਲਜੀ ਅਤੇ ਤੁਗ਼ਲਕ ਤਿੰਨ ਅਫ਼ਗਾਨ ਰਾਜਵੰਸ਼ਾਂ ਅਤੇ ਗਿਆਰਾਂ ਸੁਲਤਾਨਾਂ ਦਾ ਸ਼ਾਸਨ ਕਾਲ ਵੇਖਿਆ। ਸਭ ਤੋਂ ਪਹਿਲਾਂ 1270 ਵਿੱਚ ਖ਼ੁਸਰੋ ਨੇ ਸਮਰਾਟ ਗਿਆਸੁਦੀਨ ਬਲਬਨ ਦੇ ਭਤੀਜੇ, ਅਲਾਉਦੀਨ ਕੁਲਿਸ਼ ਖ਼ਾਨ (ਮਲਿਕ ਛੱਜੂ) ਦਾ ਰਾਜ ਆਸਰਾ ਲਿਆ। ਅਲਾਉਦੀਨ ਮੁਹੰਮਦ ਕੁਲਿਸ਼ ਖ਼ਾਨ ਇਲਾਹਾਬਾਦ ਦੇ ਕੜਾ ਜ਼ਿਲ੍ਹੇ ਦਾ ਹਾਕਮ ਸੀ। ਇੱਕ ਵਾਰੀ ਬਲਬਨ ਦੇ ਦੂਜੇ ਪੁੱਤਰ ਨਸੀਰੂਦੀਨ ਬੁਗਰਾ ਖ਼ਾਨ ਦੀ ਪ੍ਰਸੰਸਾ ਵਿੱਚ ਕਸੀਦਾ ਲਿਖਣ ਦੇ ਕਾਰਨ ਮਲਿਕ ਛੱਜੂ ਨਰਾਜ਼ ਹੋ ਗਿਆ ਅਤੇ ਖ਼ੁਸਰੋ ਨੂੰ ਬੁਗਰਾ ਖ਼ਾਨ ਦਾ ਆਸਰਾ ਲੈਣਾ ਪਿਆ। ਜਦੋਂ ਬੁਗਰਾ ਖ਼ਾਨ ਲਖਨੌਤੀ ਦਾ ਹਾਕਮ ਬਣਿਆ ਤਾਂ ਖ਼ੁਸਰੋ ਵੀ ਉਸ ਦੇ ਨਾਲ ਚਲਾ ਗਿਆ ਪਰ ਪੂਰਬੀ ਪ੍ਰਦੇਸ਼ ਦਾ ਵਾਤਾਵਰਨ ਸੂਤ ਨਾ ਆਉਣ ਦੀ ਹਾਲਤ ਵਿੱਚ ਖ਼ੁਸਰੋ ਬਲਬਨ ਦੇ ਵੱਡੇ ਪੁੱਤਰ ਸੁਲਤਾਨ ਮੁਹੰਮਦ ਦੀ ਤਜਵੀਜ਼ ਤੇ ਦਿੱਲੀ ਵਾਪਸ ਆ ਗਿਆ। ਸੁਲਤਾਨ ਮੁਹੰਮਦ ਸੰਸਕਾਰੀ ਅਤੇ ਕਲਾ-ਪ੍ਰੇਮੀ ਵਿਅਕਤੀ ਸੀ। ਸੁਲਤਾਨ ਮੁਹੰਮਦ ਨਾਲ ਖ਼ੁਸਰੋ ਮੁਲਤਾਨ ਵੀ ਗਿਆ ਅਤੇ ਮੁਗ਼ਲਾਂ ਨਾਲ ਹੋਏ ਯੁੱਧ ਵਿੱਚ ਵੀ ਸ਼ਾਮਲ ਹੋਇਆ। ਇਸ ਯੁੱਧ ਵਿੱਚ ਸੁਲਤਾਨ ਮੁਹੰਮਦ ਦੀ ਮੌਤ ਹੋ ਗਈ ਅਤੇ ਖ਼ੁਸਰੋ ਬੰਦੀ ਬਣਾ ਲਿਆ ਗਿਆ। ਬਹੁਤ ਹਿੰਮਤ ਅਤੇ ਕੁਸ਼ਲਤਾ ਨਾਲ ਖ਼ੁਸਰੋ ਨੇ ਬੰਦੀ ਜੀਵਨ ਤੋਂ ਮੁਕਤੀ ਪ੍ਰਾਪਤ ਕੀਤੀ। ਇਸ ਦੌਰਾਨ ਉਸ ਨੇ ਇੱਕ ਮਰਸੀਆ ਲਿਖਿਆ ਜੋ ਬਹੁਤ ਹੀ ਦਿਲ-ਟੁੰਬਵਾਂ ਅਤੇ ਪ੍ਰਭਾਵਸ਼ਾਲੀ ਸੀ। ਇਸ ਤੋਂ ਕੁਝ ਸਮਾਂ ਬਾਅਦ ਖ਼ੁਸਰੋ ਆਪਣੀ ਮਾਤਾ ਕੋਲ ਪਟਿਆਲੀ ਰਿਹਾ ਅਤੇ ਕੁਝ ਸਮਾਂ ਅਵਧ ਦੇ ਇੱਕ ਹਾਕਮ ਅਮੀਰ ਅਲੀ ਦੇ ਕੋਲ ਰਿਹਾ। ਥੋੜ੍ਹਾ ਸਮਾਂ ਬਾਅਦ ਹੀ ਖ਼ੁਸਰੋ ਦਿੱਲੀ ਵਾਪਸ ਆ ਗਿਆ। ਦਿੱਲੀ ਵਿੱਚ ਮੁਈਜ਼ੁਦੀਨ ਕੈਕਬਾਦ ਦੇ ਦਰਬਾਰ ਵਿੱਚ ਖ਼ੁਸਰੋ ਨੂੰ ਰਾਜ-ਸਨਮਾਨ ਪ੍ਰਾਪਤ ਹੋਇਆ। ਇੱਥੇ ਉਸ ਨੇ 1289 ਵਿੱਚ ਮਸਨਵੀ ਕਿਰਾਨੁਸਸਾਦੈਨ ਦੀ ਰਚਨਾ ਕੀਤੀ।

     ਗ਼ੁਲਾਮ ਵੰਸ਼ ਦੇ ਪਤਨ ਤੋਂ ਬਾਅਦ ਅਲਾਉਦੀਨ ਖ਼ਿਲਜੀ ਦਿੱਲੀ ਦਾ ਸੁਲਤਾਨ ਬਣਿਆ। ਉਸ ਨੇ ਖ਼ੁਸਰੋ ਨੂੰ ‘ਅਮੀਰ` ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਖ਼ੁਸਰੋ ਨੇ ਅਲਾਉਦੀਨ ਦੀ ਪ੍ਰਸੰਸਾ ਵਿੱਚ ਬਹੁਤ ਸਾਰੇ ਸਾਹਿਤ ਦੀ ਰਚਨਾ ਕੀਤੀ। ਖ਼ੁਸਰੋ ਦੀਆਂ ਪ੍ਰਮੁੱਖ ਰਚਨਾਵਾਂ ਅਲਾਉਦੀਨ ਦੇ ਰਾਜਕਾਲ ਵਿੱਚ ਹੀ ਰਚੀਆਂ ਗਈਆਂ। 1298 ਤੋਂ 1301 ਤੱਕ ਉਸ ਨੇ ਪੰਜ ਰੂਮਾਨੀ ਮਸਨਵੀਆਂ ਦੀ ਰਚਨਾ ਕੀਤੀ ਜਿਨ੍ਹਾਂ ਨੂੰ ‘ਪੰਚ-ਗਜ` ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਮਸਨਵੀਆਂ ਸਨ- ਮਤਲਊਲੈਨਵਰ, ਸ਼ਿਰੀਨ ਖ਼ੁਸਰੋ, ਮਜਨੂ-ਲੈਲਾ, ਆਈਨ --ਸਿਕੰਦਰੀ, ਅਤੇ ਹਸ਼ਤ ਬਿਹਿਸ਼ਤ ਖ਼ੁਸਰੋ ਨੇ ਇਹ ‘ਪੰਚ-ਗਜ` ਆਪਣੇ ਧਰਮ ਗੁਰੂ ਸ਼ੇਖ ਨਿਜ਼ਾਮੁਦੀਨ ਔਲੀਆ ਨੂੰ ਸਮਰਪਿਤ ਕਰ ਕੇ ਸੁਲਤਾਨ ਅਲਾਉਦੀਨ ਨੂੰ ਭੇਟ ਕੀਤੀ।

     ਖ਼ੁਸਰੋ ਦਾ ਧਰਮ ਗੁਰੂ ਸ਼ੇਖ਼ ਨਿਜ਼ਾਮੁਦੀਨ ਔਲੀਆ ਅਫ਼ਗਾਨ-ਯੁੱਗ ਦਾ ਮਹਾਨ ਸੂਫ਼ੀ ਸੰਤ ਸੀ। ਗੁਰੂ ਦੇ ਪ੍ਰਤਿ ਖ਼ੁਸਰੋ ਦੇ ਮਨ ਵਿੱਚ ਬਹੁਤ ਸ਼ਰਧਾ ਭਾਵਨਾ ਸੀ। ਅੱਠ ਵਰ੍ਹਿਆਂ ਦੀ ਉਮਰ ਤੋਂ ਹੀ ਖ਼ੁਸਰੋ ਸ਼ੇਖ ਨਿਜ਼ਾਮੁਦੀਨ ਦਾ ਸ਼ਾਗਿਰਦ ਬਣ ਗਿਆ ਸੀ। ਉਸ ਨੇ ਕਾਵਿ-ਸਿਰਜਣਾ ਵੀ ਗੁਰੂ ਦੀ ਪ੍ਰੇਰਨਾ ਨਾਲ ਹੀ ਅਰੰਭ ਕੀਤੀ ਸੀ। ਗੁਰੂ ਮਹਿਮਾ ਦਾ ਗਾਨ ਖ਼ੁਸਰੋ ਦੀ ਹਰ ਮਸਨਵੀ ਦੇ ਅਰੰਭ ਵਿੱਚ ਪ੍ਰਾਪਤ ਹੁੰਦਾ ਹੈ।

     ਖ਼ੁਸਰੋ ਨੇ ਦੋ ਗੱਦ-ਰਚਨਾਵਾਂ ਵੀ ਰਚੀਆਂ। ਪਹਿਲੀ \ਜ਼ਾਇਨੁਲ ਫ਼ਤਿਹ ਜਿਸ ਵਿੱਚ ਅਲਾਉਦੀਨ ਦੀਆਂ ਜਿੱਤਾਂ ਦਾ ਵਰਣਨ ਹੈ ਅਤੇ ਦੂਜੀ ਏਜਾਜ਼--ਖੁਸਰ ਬੀ ਜੋ ਕਿ ਇੱਕ ਅਲੰਕਾਰ ਗ੍ਰੰਥ ਹੈ। ਅਲਾਉਦੀਨ ਦੇ ਸ਼ਾਸਨ ਦੇ ਅੰਤਿਮ ਦਿਨਾਂ ਵਿੱਚ ਖ਼ੁਸਰੋ ਨੇ ਦੇਵਲਰਾਨੀ ਖਿਜ਼ਰ ਖਾਂ ਨਾਂ ਦੀ ਪ੍ਰਸਿੱਧ ਇਤਿਹਾਸਿਕ ਮਸਨਵੀ ਦੀ ਰਚਨਾ ਕੀਤੀ। ਅਲਾਉਦੀਨ ਦੇ ਵਾਰਿਸ ਉਸ ਦੇ ਛੋਟੇ ਪੁੱਤਰ ਕੁਤੁਬਦੀਨ ਮੁਬਾਰਕ ਸ਼ਾਹ ਦੇ ਦਰਬਾਰ ਵਿੱਚ ਵੀ ਖ਼ੁਸਰੋ ਨੂੰ ਰਾਜ ਕਵੀ ਦੀ ਪਦਵੀ ਮਿਲੀ ਹਾਲਾਂਕਿ ਕੁਤੁਬਦੀਨ, ਖ਼ੁਸਰੋ ਦੇ ਗੁਰੂ ਨਿਜ਼ਾਮੁਦੀਨ ਔਲੀਆ ਨਾਲ ਵੈਰ ਰੱਖਦਾ ਸੀ। ਇਸ ਸਮੇਂ ਖ਼ੁਸਰੋ ਨੇ ਨੂਹਸਿਪਹਰ ਨਾਂ ਦੇ ਗ੍ਰੰਥ ਦੀ ਰਚਨਾ ਕੀਤੀ ਜਿਸ ਵਿੱਚ ਮੁਬਾਰਕਸ਼ਾਹ ਦੇ ਰਾਜ ਕਾਲ ਦੀਆਂ ਪ੍ਰਮੁਖ ਘਟਨਾਵਾਂ ਦਰਜ ਹਨ। ਖ਼ੁਸਰੋ ਦੀ ਅੰਤਿਮ ਇਤਿਹਾਸਿਕ ਮਸਨਵੀ ਤੁਗ਼ਲਕ ਹੈ ਜੋ ਕਿ ਉਸ ਨੇ ਗਿਆਸੁਦੀਨ ਤੁਗ਼ਲਕ ਦੇ ਰਾਜਕਾਲ ਵਿੱਚ ਲਿਖੀ ਤੇ ਇਸ ਬਾਦਸ਼ਾਹ ਨੂੰ ਹੀ ਸਮਰਪਿਤ ਕੀਤੀ। ਇਸ ਸੁਲਤਾਨ ਨਾਲ ਹੀ ਖ਼ੁਸਰੋ ਬੰਗਾਲ ਦੇ ਹਮਲਿਆਂ ਵਿੱਚ ਸ਼ਾਮਲ ਸੀ। ਉਸ ਦੀ ਗ਼ੈਰ ਹਾਜ਼ਰੀ ਵਿੱਚ ਦਿੱਲੀ ਵਿਖੇ ਖ਼ੁਸਰੋ ਦੇ ਗੁਰੂ ਸ਼ੇਖ਼ ਨਿਜ਼ਾਮੁਦੀਨ ਔਲੀਆ ਦਾ ਸਵਰਗਵਾਸ ਹੋ ਗਿਆ। ਇਸ ਸ਼ੋਕ ਨੂੰ ਖ਼ੁਸਰੋ ਸਹਿ ਨਹੀਂ ਸਕਿਆ ਅਤੇ ਛੇ ਮਹੀਨਿਆਂ ਬਾਅਦ 1325 ਵਿੱਚ ਖ਼ੁਸਰੋ ਦੀ ਜੀਵਨ ਲੀਲ੍ਹਾ ਵੀ ਖ਼ਤਮ ਹੋ ਗਈ। ਖ਼ੁਸਰੋ ਦੀ ਸਮਾਧੀ ਵੀ ਸ਼ੇਖ਼ ਦੀ ਸਮਾਧੀ ਦੇ ਨੇੜੇ ਹੀ ਬਣਾਈ ਗਈ।

     ਅਮੀਰ ਖ਼ੁਸਰੋ ਪ੍ਰਮੁੱਖ ਰੂਪ ਵਿੱਚ ਫ਼ਾਰਸੀ ਦਾ ਕਵੀ ਹੈ। ਫ਼ਾਰਸੀ ਭਾਸ਼ਾ ਤੇ ਉਸ ਦਾ ਜ਼ਬਰਦਸਤ ਅਧਿਕਾਰ ਸੀ। ਉਸ ਦੀ ਗਿਣਤੀ ਮਹਾਂਕਵੀ ਫ਼ਿਰਦੋਸੀ, ਸ਼ੇਖ਼ ਸਾਦਿਕ ਅਤੇ ਨਿਜ਼ਾਮੀ ਫਾਰਸ ਆਦਿ ਮਹਾਂਕਵੀਆਂ ਦੇ ਬਰਾਬਰ ਕੀਤੀ ਜਾਂਦੀ ਹੈ। ਖ਼ੁਸਰੋ ਦੁਆਰਾ ਰਚਿਤ ਫ਼ਾਰਸੀ ਕਾਵਿ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਹ ਚਾਰ ਭਾਗ ਹਨ-ਮਸਨਵੀ, ਦੀਵਾਨ, ਗੱਦ ਰਚਨਾਵਾਂ ਅਤੇ ਮਿਸ਼ਰਿਤ ਸਾਹਿਤ। ਮਸਨਵੀਆਂ ਨੂੰ ਵੀ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-ਇਤਿਹਾਸਿਕ ਮਸਨਵੀਆਂ ਜਿਸ ਵਿੱਚ ਕਿਰਾਨੁਸਸਾਦੈਨ, ਮਿਫ਼ਤੋਲਫਤਹਿ, ਦੇਵ ਲਰਾਨੀ ਖਿਜ਼ਰਖਾਂ, ਨੂਹਸਿਪਹਰ ਅਤੇ ਤੁਗਲਕਨਾਮਾ ਰੂਮਾਨੀ ਮਸਨਵੀਆਂ ਵਿੱਚ ਮਤਲਊ ਲੈਨਵਾਰ, ਸ਼ਿਰੀਨ ਖ਼ੁਸਰੋ, ਆਈਨ--ਸਿਕੰਦਰੀ, ਮਜਨੂ-ਲੈਲਾ, ਹਸ਼ਤ- ਬਿਹਿਸ਼ਤ ਗਿਣੀਆਂ ਜਾਂਦੀਆਂ ਹਨ। ਦੀਵਾਨ ਦੇ ਅੰਤਰਗਤ-ਤੁਹਫ ਤੁਸ ਸਿਗਹਰ, ਵਾਸਤੁਲਹਯਾਤ ਆਦਿ ਗ੍ਰੰਥ ਆਉਂਦੇ ਹਨ। ਗੱਦ ਰਚਨਾਵਾਂ ਵਿੱਚ ਏਜਾਜ਼- -ਖੁਸਰਬੀ ਅਤੇ ਖਜ਼ਇਨੁਲਫਤਿਹ ਆਉਂਦੀਆਂ ਹਨ। ਮਿਸ਼ਰਿਤ ਸਾਹਿਤ ਵਿੱਚ ਬੇਦੁੱਲਅਜਾਇਬ, ਮਸਨਵੀ ਸ਼ਹਿਰਅਸੁਬ, ਚਿਸ਼ਤਾਨ ਅਤੇ ਖਾਲਿਕਬਾਰੀ ਨਾਂ ਦੀਆਂ ਰਚਨਾਵਾਂ ਆਉਂਦੀਆਂ ਹਨ।

     ਬੇਸ਼ੱਕ ਫ਼ਾਰਸੀ ਸਾਹਿਤ ਰਚਨਾਵਾਂ ਖ਼ੁਸਰੋ ਨੂੰ ਮਹੱਤਵਪੂਰਨ ਕਵੀ ਬਣਾਉਂਦੀਆਂ ਹਨ ਪਰ ਖ਼ੁਸਰੋ ਦੀ ਪ੍ਰਸਿੱਧੀ ਹਿੰਦਵੀ ਦੀਆਂ ਰਚਨਾਵਾਂ ਕਾਰਨ ਹੋਈ। ਲੋਕ ਪ੍ਰਚਲਿਤ ਹਿੰਦੀ ਜਾਂ ਹਿੰਦਵੀ ਵਿੱਚ ਸਾਹਿਤ ਰਚਨਾ ਕਰਨ ਵਾਲੇ ਕਵੀਆਂ ਵਿੱਚ ਖ਼ੁਸਰੋ ਸ਼ਿਰੋਮਣੀ ਮੰਨਿਆ ਜਾਂਦਾ ਹੈ। ਉਸ ਨੂੰ ਹਿੰਦੁਸਤਾਨੀ ਹੋਣ `ਤੇ ਮਾਣ ਸੀ। ਉਸ ਦੇ ਸ਼ਬਦਾਂ ਵਿੱਚ :

     ਚੁ ਮਨ ਤੂਤੀਏ-ਹਿੰਦਮ, ਅਰ ਹਾਸਤ ਪੁਰਸੀ

      ਜ਼ੇ ਮਨ ਹਿੰਦੁਈ ਪੁਰਸ, ਤਾ ਨਾਜ਼ ਗੋਇਮ`

     ਭਾਵ ਕਿ ਮੈਂ ਹਿੰਦੁਸਤਾਨ ਦੀ ਤੂਤੀ ਹਾਂ, ਜੇਕਰ ਤੁਸੀਂ ਅਸਲ ਵਿੱਚ ਮੈਥੋਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਹਿੰਦਵੀ ਵਿੱਚ ਪੁੱਛੋ ਜਿਸ ਵਿੱਚ ਮੈਂ ਕੁਝ ਅਨੋਖੀਆਂ ਗੱਲਾਂ ਦੱਸ ਸਕਾਂ।

     ਅਮੀਰ ਖ਼ੁਸਰੋ ਦੇ ਹਿੰਦਵੀ ਰਚਨਾਵਾਂ ਲਿਖਣ ਦਾ ਪ੍ਰਮਾਣ ਉਸ ਦੇ ਆਪਣੇ ਕਥਨ ਵਿੱਚ ਵੀ ਮਿਲਦਾ ਹੈ। ਉਹ ਲਿਖਦਾ ਹੈ-‘ਜੁਜ਼ਵੇ ਚੰਦ ਨਜ਼ਮੇਂ`, ‘ਹਿੰਦੀ ਨਜ਼ਰੇ ਦੋਸਤਾਂ ਕਰਦਾਂ ਅਸਤ` ਭਾਵ ਕਿ ਜੋ ਕੁਝ ਥੋੜ੍ਹੀਆਂ ਨਜ਼ਮਾਂ ਹਿੰਦੀ (ਖੜੀ ਬੋਲੀ) ਵਿੱਚ ਲਿਖੀਆਂ, ਉਸ ਨੂੰ ਮਿੱਤਰਾਂ ਵਿੱਚ ਵੰਡ ਦਿੱਤਾ।

     ਖ਼ੁਸਰੋ ਦੁਆਰਾ ਲਿਖਿਆ ਹਿੰਦੀ ਸਾਹਿਤ ਲਿਖਤ ਰੂਪ ਵਿੱਚ ਪ੍ਰਾਪਤ ਨਹੀਂ ਹੁੰਦਾ। ਲੋਕ ਮੁਖ ਤੋਂ ਚੱਲੀਆਂ ਆ ਰਹੀਆਂ ਉਸ ਦੀਆਂ ਰਚਨਾਵਾਂ ਦੀ ਭਾਸ਼ਾ ਵਿੱਚ ਲਗਾਤਾਰ ਫ਼ਰਕ ਹੁੰਦਾ ਰਿਹਾ ਹੋਵੇਗਾ ਅਜਿਹੀ ਸੰਭਾਵਨਾ ਕੀਤੀ ਜਾਂਦੀ ਹੈ। ਹਿੰਦੀ ਦੀਆਂ ਰਚਨਾਵਾਂ ਵਿੱਚ ਉਸ ਦੁਆਰਾ ਰਚਿਤ ਪਹੇਲੀਆਂ, ਮੁਕਰੀਆਂ, ਦੋ ਸੁਖਨੇ ਅਤੇ ਕੁਝ ਗ਼ਜ਼ਲਾਂ ਪ੍ਰਸਿੱਧ ਹਨ। ਇਸ ਤੋਂ ਇਲਾਵਾ ਉਸ ਦਾ ਫ਼ਾਰਸੀ-ਹਿੰਦੀ ਕੋਸ਼ ਖਾਲਿਕਬਾਰੀ ਵੀ ਵਿਸ਼ੇਸ਼ ਸ਼ਲਾਘਾਯੋਗ ਹੈ। ਹਿੰਦਵੀ ਜਾਂ ਖੜੀ ਬੋਲੀ ਹਿੰਦੀ ਵਿੱਚ ਖ਼ੁਸਰੋ ਦੁਆਰਾ ਰਚੇ ਸਾਹਿਤ ਦੀਆਂ ਕੁਝ ਉਦਾਹਰਨਾਂ ਵੇਖੋ :

     ਏਕ ਥਾਲ ਮੋਤੀਉਂ ਸੇ ਭਰਾ

     ਸਭ ਕੇ ਸਿਰ ਪਰ ਔਂਧਾ ਧਰਾ

     ਅਮੀਰ ਖ਼ੁਸਰੋ ਦੇ ਕਾਵਿ ਦਾ ਮੁੱਖ ਹਿੱਸਾ ਭਾਵੇਂ ਮਨੋਰੰਜਨ-ਪ੍ਰਧਾਨ ਸੀ ਪਰੰਤੂ ਮੰਤਵਹੀਨ ਨਹੀਂ ਸੀ। ਹਿੰਦੂ ਮੁਸਲਿਮ ਏਕਤਾ ਦੀ ਪ੍ਰੇਰਨਾ ਸਭ ਤੋਂ ਪਹਿਲਾਂ ਉਸ ਦੇ ਕਾਵਿ ਵਿੱਚ ਹੀ ਪ੍ਰਾਪਤ ਹੁੰਦੀ ਹੈ। ਅਸੰਪਰਦਾਇਕਤਾ ਉਸ ਦੀ ਕਵਿਤਾ ਦੀ ਉਪਲਬਧੀ ਮੰਨੀ ਜਾ ਸਕਦੀ ਹੈ। ਖ਼ੁਸਰੋ ਸੱਚੇ ਮਨ ਨਾਲ ਆਪਣੇ-ਆਪ ਨੂੰ ਭਾਰਤੀ ਮੰਨਦਾ ਸੀ। ਕਾਵਿ-ਭਾਸ਼ਾ ਦੇ ਰੂਪ ਵਿੱਚ ਖੜੀ ਬੋਲੀ ਦੀ ਚੋਣ ਵੀ ਇਸ ਗੱਲ ਦਾ ਪ੍ਰਮਾਣ ਹੈ।

ਚਾਰੋ ਅੋਰ ਵਹ ਥਾਲ ਫਿਰੇ

ਮੋਤੀ ਉਸ ਸੇ ਏਕ ਨਾ ਗਿਰੇ

                           (ਉੱਤਰ-ਅਕਾਸ਼)

ਬ੍ਰਾਹਮਣ ਪਿਆਸਾ ਕਿਉਂ?

ਗਦਹਾ ਉਦਾਸਾ ਕਿਉਂ?

(ਉੱਤਰ-ਲੋਟਾ ਨਾ ਥਾ)

ਯਹ ਆਵੇ ਤਬ ਸ਼ਾਦੀ ਹੋਵੇ

ਮੀਠੇ ਲਾਗੇ ਵਾ ਕੇ ਬੋਲ

ਕਿਉਂ ਸਖੀ ਸਾਜਨ?

ਨਹੀ ਸਖੀ ਢੋਲ।

    ਸੂਫ਼ੀ ਫਕੀਰਾਂ ਦੀ ‘ਪ੍ਰੇਮ ਦੀ ਪੀਰ` ਨੂੰ ਵੀ ਖ਼ੁਸਰੋ ਨੇ ਹਿੰਦੀ (ਖੜੀ ਬੋਲੀ) ਵਿੱਚ ਬਿਆਨ ਕੀਤਾ ਹੈ :

       -           ਖ਼ੁਸਰੋ ਰੈਨ ਸੁਹਾਗ ਕੀ, ਜਾਗੀ ਪੀ ਕੇ ਸੰਗ।

                   ਤਨ ਮੇਰੋ ਮਨ ਪੀਯ ਕੋ, ਦੋਊ ਭਏ ਏਕ ਰੰਗ॥

       -           ਗੋਰੀ ਸੋਵੇ ਸੇਜ ਪਰ, ਮੁਖ ਪਰ ਡਾਲੇ ਕੇਸ।

                  ਚਲ ਖ਼ੁਸਰੋ ਘਰ ਆਪਨੇ, ਰੈਨ ਭਈ ਸਭ ਦੇਸ॥

      -           ਸਜਨ ਸਕਾਰੇ ਜਾਏਂਗੇ, ਨੈਨ ਮਰੇਂਗੇ ਰੋਏ।

                        ਵਿਧਨਾ ਐਸੀ ਰੈਨ ਕਰ, ਭੋਰ ਕਭੀ ਨਾ ਹੋਏ॥

     ਖ਼ੁਸਰੋ ਪ੍ਰਸਿੱਧ ਗਵੱਈਆ ਵੀ ਸੀ। ਧਰੁਪਦ ਦੀ ਥਾਂ ਤੇ ਕੌਲ ਜਾਂ ਕੱਵਾਲੀ ਬਣਾ ਕੇ ਉਸ ਨੇ ਬਹੁਤ ਸਾਰੇ ਰਾਗਾਂ ਦੀ ਰਚਨਾ ਵੀ ਕੀਤੀ ਜੋ ਹੁਣ ਤੱਕ ਪ੍ਰਚਲਿਤ ਹਨ। ਖ਼ੁਸਰੋ ਦਾ ਸਾਹਿਤ ਸੁਤੰਤਰ ਮਨੋਰੰਜਨ, ਸਰਸਤਾ, ਸਹਿਜਤਾ, ਸੰਗੀਤਾਤਮਿਕਤਾ ਨਾਲ ਸੰਜੋਇਆ ਗਿਆ ਹੈ। ਰਾਮਧਾਰੀ ਸਿੰਹ ਦਿਨਕਰ ਲਿਖਦਾ ਹੈ ਕਿ :

      ਦਿੱਲੀ ਦੇ ਆਸ ਪਾਸ ਪ੍ਰਚਲਿਤ ਖੜੀ ਬੋਲੀ ਵਿੱਚ ਸਾਹਿਤ ਸਿਰਜਣ ਦਾ ਕੰਮ ਸਭ ਤੋਂ ਪਹਿਲਾਂ ਖ਼ੁਸਰੋ ਨੇ ਹੀ ਸ਼ੁਰੂ ਕੀਤਾ ਸੀ ਉਸ ਸਮੇਂ ਮੁਸਲਮਾਨ ਆਪਣੀਆਂ ਕਵਿਤਾਵਾਂ ਫ਼ਾਰਸੀ ਵਿੱਚ ਲਿਖਦੇ ਸਨ ਅਤੇ ਹਿੰਦੂ ਆਪਣਾ ਸਾਹਿਤ ਡਿੰਗਲ ਜਾਂ ਅਪਭ੍ਰੰਸ਼ ਭਾਸ਼ਾਵਾਂ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਇਹ ਜਾਣਦੇ ਸਨ ਕਿ ਜਨਤਾ ਦੀ ਭਾਸ਼ਾ ਨਾ ਤਾਂ ਅਪਭ੍ਰੰਸ਼ ਸੀ ਨਾ ਫ਼ਾਰਸੀ ਪਰੰਤੂ ਦੋਵੇਂ ਹੀ ਜਾਤਾਂ ਦੇ ਕਵੀ ਭਾਸ਼ਾਵਾਂ ਉੱਤੇ ਹੀ ਮੋਹਿਤ ਸਨ ਜਿਸ ਨੂੰ ਜਨਤਾ ਨਹੀਂ ਸਮਝਦੀ ਸੀ ਅਮੀਰ ਖ਼ੁਸਰੋ ਨੇ ਪ੍ਰਚਲਿਤ ਜਨਭਾਸ਼ਾ ਵਿੱਚ ਰਚਨਾ ਕਰ ਕੇ ਹਿੰਦੀ ਅਤੇ ਉਰਦੂ ਦੇ ਭਵਿੱਖ ਦੀ ਰਾਹ ਖੋਲ੍ਹ ਦਿੱਤੀ ਇਸ ਲਈ, ਇਹ ਖੜੀ ਬੋਲੀ ਹਿੰਦੀ ਅਤੇ ਉਰਦੂ ਦੋਵੇਂ ਹੀ ਭਾਸ਼ਾਵਾਂ ਦਾ ਪਿਤਾ ਹੋਏ ਹਨ

     ਇੱਕ ਪਾਸੇ ਖ਼ੁਸਰੋ ਵਿੱਚ ਇੱਕ ਕਲਾਕਾਰ ਦੀ ਕੁਸ਼ਲਤਾ ਸੀ ਅਤੇ ਦੂਜੇ ਪਾਸੇ ਸਮਾਜਿਕ ਜੀਵਨ ਦੇ ਪ੍ਰਤਿ ਚੇਤਨਤਾ ਵੀ। ਅਮੀਰ ਖ਼ੁਸਰੋ ਆਪਣੀ ਅਨੋਖੀ ਮੌਲਿਕਤਾ ਕਾਰਨ ਸਦਾ ਅਮਰ ਰਹੇਗਾ।

ਲੇਖਕ : ਨੈਨਾ ਸ਼ਰਮਾ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 1874,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/17/2014 12:00:00 AM
ਹਵਾਲੇ/ਟਿੱਪਣੀਆਂ: null

ਵਿਚਾਰ / ਸੁਝਾਅ