ਲਾਗ–ਇਨ/ਨਵਾਂ ਖਾਤਾ |
+
-
 
ਅੰਮ੍ਰਿਤ

ਅੰਮ੍ਰਿਤ : ਸ਼ਬਦ ਸੰਸਕ੍ਰਿਤ ਮੂਲ ਦਾ ਹੈ ਜਿਸ ਦੇ ਵਿਭਿੰਨ ਅਰਥ ਹਨ-ਨਾ ਮਰਨ ਵਾਲਾ, ਅਮਰ, ਨਾ ਨਾਸ਼ ਹੋਣ ਵਾਲਾ, ਸੁੰਦਰ ਪਿਆਰਾ , ਅਮਰਤਾ ਦਾ ਸੰਸਾਰ , ਸਵਰਗ , ਅਮਰਤਾ, ਅਨੰਤਤਾ, ਪਰਮ ਮੁਕਤੀ , ਜ਼ਹਿਰ ਦਾ ਵਿਪਰੀਤ, ਸ਼ੁਧ ਕੀਤਾ ਮੱਖਣ ਜਾਂ ਕੋਈ ਵੀ ਮਿੱਠੀ ਵਸਤੂ। ਆਮ ਤੌਰ ਤੇ ਕਿਸੇ ਵੀ ਤਰਲ ਜਾਂ ਪੀਣ ਵਾਲੀ ਚੀਜ਼ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ ਜਿਸ ਨੂੰ ਪੀਣ ਨਾਲ ਵਿਅਕਤੀ ਸਦੀਵੀ ਜੀਵਨ ਪ੍ਰਾਪਤ ਕਰ ਲੈਂਦਾ ਹੈ। ਵੈਦਿਕ ਮੰਤਰਾਂ ਵਿਚ ਪਹਿਲੀ ਵਾਰ ਇਸ ਸ਼ਬਦ ਨੂੰ ਇਹਨਾਂ ਹੀ ਅਰਥਾਂ ਵਿਚ ਵਰਤਿਆ ਗਿਆ ਸੀ। ਹਿੰਦੂ ਮਿਥਿਹਾਸ ਅਨੁਸਾਰ ਦੇਵਤਿਆਂ ਨੇ ਦੈਤਾਂ ਦੀ ਸਹਾਇਤਾ ਨਾਲ ਸਮੁੰਦਰ ਮੰਥਨ ਕਰਕੇ ਅੰਮ੍ਰਿਤ ਕੱਢਿਆ ਸੀ। ਇਸ ਨੂੰ ਪੀਣ ਨਾਲ ਹੀ ਦੇਵਤੇ ਅਮਰ ਹੋ ਗਏ। ਯੂਨਾਨੀ ਅਤੇ ਪੱਛਮੀ ਮਿਥਿਹਾਸ ਵਿਚ ਵੀ ਇਸ ਤਰ੍ਹਾਂ ਦੇ ਅੰਮ੍ਰਿਤ ਦਾ ਜ਼ਿਕਰ ਮਿਲਦਾ ਹੈ। ਉਥੇ ਇਸ ਨੂੰ ਆਬ-ਇ-ਹਯਾਤ ਕਿਹਾ ਗਿਆ ਹੈ। ਸਿੱਖ ਪਰੰਪਰਾ ਵਿਚ ਅੰਮ੍ਰਿਤ ਕੋਈ ਜਾਦੂਮਈ ਪੀਣ ਵਾਲੀ ਵਸਤੂ ਨਹੀਂ ਜਿਸ ਦੇ ਪੀਣ ਨਾਲ ਕਿਸੇ ਵਿਅਕਤੀ ਦੀ ਉਮਰ ਅਮੁੱਕ ਹੋ ਜਾਂਦੀ ਹੋਵੇ ਜਾਂ ਜਿਸ ਨਾਲ ਆਪਣੇ ਆਪ ਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਹੋ ਜਾਂਦੀ ਹੋਵੇ ਪਰੰਤੂ ਇਸ ਪਦ ਨੂੰ ਚਿੰਨ੍ਹਾਂਤਮਿਕ ਤੌਰ ਤੇ ਵਰਤਿਆ ਗਿਆ ਹੈ ਕਿਉਂਕਿ ਇਹ ਅੰਤ ਨੂੰ ਮੁਕਤੀ ਪ੍ਰਾਪਤੀ ਹਿਤ ਸਹਾਇਕ ਹੁੰਦਾ ਹੈ। ਇਹਨਾਂ ਅਰਥਾਂ ਵਿਚ ਅੰਮ੍ਰਿਤ ਕੋਈ ਮਨੁੱਖ ਤੋਂ ਬਾਹਰੀ ਵਸਤੂ ਨਹੀਂ, ਸਗੋਂ ਇਹ ਜੀਵ ਦੇ ਅੰਦਰ ਹੀ ਹੈ ਅਤੇ ਇਸ ਦੀ ਪ੍ਰਾਪਤੀ ਪ੍ਰਭੂ ਦੀ ਕਿਰਪਾ ਸਦਕਾ ਹੁੰਦੀ ਹੈ:ਸਭਿ ਰਸ ਦੇਹੀ ਅੰਦਰਿ ਪਾਏ॥ ਵਿਰਲੇ ਕਉ ਗੁਰ ਸਬਦੁ ਬੁਝਾਏ॥ ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ॥(ਗੁ.ਗ੍ਰੰ. 1056) ਹੋਰ ਥਾਂ ਕਿਹਾ ਹੈ: ਨਾਨਕ ਅੰਮ੍ਰਿਤ ਮਨੈ ਮਾਹਿ ਪਾਇਐ ਗੁਰ ਪਰਸਾਦਿ॥(ਗੁ.ਗ੍ਰੰ.1238) ਗੁਰਬਾਣੀ ਵਿਚ ਅੰਮ੍ਰਿਤ ਨੂੰ ਅਨੇਕਾਂ ਵਾਰ ਨਾਮ ਦੇ ਸਮਾਨਾਰਥਕ ਰੱਖਿਆ ਗਿਆ ਹੈ: ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ॥(ਗੁ.ਗ੍ਰੰ.729,644,538,394) ਇਹ ਨਾਮ ਦਾ ਅੰਮ੍ਰਿਤ ਹੀ ਹੈ ਜਿਸ ਨੂੰ ਪੀਣ ਨਾਲ ਜੀਵ ਦੀ ਸਾਰੀ ਭੁਖ ਅਤੇ ਤ੍ਰੇਹ ਤ੍ਰਿਪਤ ਹੋ ਜਾਂਦੀ ਹੈ (ਗੁ.ਗ੍ਰੰ. 594)।

    ਗੁਰਬਾਣੀ ਵਿਚ ਅੰਮ੍ਰਿਤ ਨੂੰ ਮਿੱਠਾ , ਸਵਾਦੀ, ਚੰਗਾ , ਕੰਨਾਂ ਨੂੰ ਚੰਗਾ ਲੱਗਣ ਵਾਲਾ, ਆਦਿ ਵਿਸ਼ੇਸ਼ਣਾਂ ਨਾਲ ਦਰਸਾਇਆ ਗਿਆ ਹੈ ਜਿਵੇਂ ਕਿ ‘ਅੰਮ੍ਰਿਤ ਭੋਜਨ ਨਾਮ ਹਰਿ`(ਗੁ.ਗ੍ਰੰ.556), ‘ਅੰਮ੍ਰਿਤ ਕਥਾ`(255), ‘ਅੰਮ੍ਰਿਤ ਦ੍ਰਿਸਟਿ`(196), ‘ਅੰਮ੍ਰਿਤ ਪ੍ਰਿਅ ਬਚਨ ਤੁਹਾਰੇ`(534)। ਮਾਝ ਰਾਗ ਦੀ ਇਕ ਅਸਟਪਦੀ ਵਿਚ ਗੁਰੂ ਅਮਰਦਾਸ ਅੰਮ੍ਰਿਤ ਦੇ ਵਿਭਿੰਨ ਗੁਣਾਂ ਦਾ ਜ਼ਿਕਰ ਕਰਦੇ ਹਨ ਜਿਵੇਂ ਕਿ ਅਹੰਕਾਰ ਦਾ ਘਾਤਕ, ਲਿਵ ਦਾ ਸਾਧਨ, ਸੁਖਾਂ ਦਾ ਦਾਤਾ(118-19), ਆਦਿ।

    ਦੈਵੀ ਨਾਮ ਦਾ ਇਹ ਅੰਮ੍ਰਿਤ ਮਨੁਖ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਸਕਦਾ ਹੈ। ਇਹ ਕਿਸੇ ਵੀ ਸਮੇਂ ਦਿਨ ਜਾਂ ਰਾਤ ਨੂੰ ਹਾਸਲ ਕੀਤਾ ਜਾ ਸਕਦਾ ਹੈ, ਪਰੰਤੂ ਇਸ ਦੀ ਪ੍ਰਾਪਤੀ ਦਾ ਸਰਵੋਤਮ ਸਮਾਂ ਰਾਤ ਦਾ ਅਖ਼ੀਰਲਾ ਪਹਿਰ ਜਾਂ ਪ੍ਰਭਾਤ ਵੇਲਾ ਹੈ। ਇਸ ਸਮੇਂ ਨੂੰ ਗੁਰੂ ਸਾਹਿਬਾਨ ਨੇ ਕਈ ਥਾਂ, ਅੰਮ੍ਰਿਤ ਵੇਲਾ ਵੀ ਕਿਹਾ ਹੈ। ਇਹ ਉਹ ਸਮਾਂ ਹੈ ਜਦੋਂ ਸਾਧਕ ਪਰਮਾਤਮਾ ਦੀ ਮਹਾਨਤਾ ਵੱਲ ਧਿਆਨ ਲਗਾਉਂਦੇ ਹਨ (ਗੁ.ਗ੍ਰੰ. 2)। ਗੁਰੂ ਅੰਗਦ ਦੇਵ ਦਾ ਕਥਨ ਹੈ ਕਿ ਅੰਮ੍ਰਿਤ ਵੇਲੇ ਗੁਰਮੁਖ ਵਿਅਕਤੀ ਸੱਚੇ ਨਾਮ ਨਾਲ ਲਿਵ ਲਾਉਣ ਦੇ ਪਿਆਰ ਨੂੰ ਵਿਕਸਿਤ ਕਰਦੇ ਹਨ (ਗੁ.ਗ੍ਰੰ. 146)।

    ਇਤਿਹਾਸਿਕ ਪੱਖ ਤੋਂ, ਸਿੱਖ ਪਰੰਪਰਾ ਵਿਚ ਅੰਮ੍ਰਿਤ ਉਸ ਪਵਿੱਤਰ ਜਲ ਨੂੰ ਕਿਹਾ ਜਾਂਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਸਮੇਂ ਸਿੱਖਾਂ ਲਈ ਚਰਨਾਮ੍ਰਿਤ ਦੀ ਥਾਂ ਦੀਖਿਆ ਸੰਸਕਾਰ ਦਾ ਜ਼ਰੂਰੀ ਭਾਗ ਬਣਾ ਦਿੱਤਾ ਸੀ। ਇਸ ਨੂੰ ਖੰਡੇ ਦਾ ਅੰਮ੍ਰਿਤ ਵੀ ਕਿਹਾ ਜਾਂਦਾ ਹੈ।

ਲੇਖਕ : ਮ.ਗ.ਸ. ਅਤੇ ਅਨੁ. ਧ.ਸ.,     ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2985,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ:

1.     ਸਿੱਖ ਰਹਿਤ ਮਰਯਾਦਾ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਅੰਮ੍ਰਿਤਸਰ, 1975

2.     ਕਪੂਰ ਸਿੰਘ, ਪਰਾਸ਼ਰ ਪ੍ਰਸ਼ਨ, ਅੰਮ੍ਰਿਤਸਰ, 1989

3.     ਕੋਲ, ਡਬਲਯੂ. ਓਵਨ ਐਂਡ ਪਿਆਰਾ ਸਿੰਘ ਸਾਂਭੀ, ਦ ਸਿਖਸ:ਦੇਅਰ ਰਿਲਿਜਿਅਸ ਬਿਲੀਫਸ ਐਂਡ ਪ੍ਰੈਕਟਿਸਸ, ਦਿੱਲੀ, 1978

4.     ਸ਼ੇਰ ਸਿੰਘ,ਸੰਪਾ., ਥਾਟਸ ਆਨ ਸਿੰਬਲਸ ਇਨ ਸਿਖਿਜ਼ਮ, ਲਾਹੌਰ, 1927

5.     ਹਰਬੰਸ ਸਿੰਘ, ਦ ਹੈਰੀਟੇਜ ਆਫ਼ ਦ ਸਿਖਸ, ਦਿੱਲੀ, 1983


ਅੰਮ੍ਰਿਤ

ਅੰਮ੍ਰਿਤ (ਸੰ.। ਸੰਸਕ੍ਰਿਤ) ਅੰਮ੍ਰਿਤ, ਉਹ ਜਲ ਜਿਸ ਦੇ ਪੀਤੇ ਅਮਰ ਹੋ ਜਾਏ, ਸੁਧਾ। ਯਥਾ-‘ਅੰਮ੍ਰਿਤੁ ਪੀਵੈ ਅਮਰੁ ਸੋ ਹੋਇ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2985,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਅੰਮ੍ਰਿਤ

ਅੰਮ੍ਰਿਤ ਬਯਣ (ਸੰ.। ਸੰਸਕ੍ਰਿਤ) ੧. ਕੁਰੂਪ। ਭਾਸ਼ਾ*, ਅੰਬ੍ਰਿਤ) ਅੰਮ੍ਰਿਤ ਰੂਪ ਮਿੱਠੇ। ਯਥਾ-‘ਕਹਿ ਮਥੁਰਾ ਅੰਮ੍ਰਿਤ ਬਯਣ’।

----------

* ਡੋਮ ਭਾ. ਵਿਚ ‘ਮ’ ਬਦਲਕੇ ‘ਬ’ ਵਰਤੀਦਾ ਹੈ ਜਿਹਾ ਕੁ- ਅੰਮ੍ਰੀਕ=ਅੰਬ੍ਰੀਕ, ਅੰਮ੍ਰਿਤ=ਅੰਬ੍ਰਿਤ, ਅਮੜਾਵੇ=ਅੰਬੜਾਵੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2985,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਅਮ੍ਰਿਤ

ਅਮ੍ਰਿਤ. ਸੰ. अमृत. ਸੰਗ੍ਯਾ—ਪੀਣ ਯੋਗ੍ਯ ਇੱਕ ਪਦਾਰਥ, ਜਿਸ ਦੇ ਅਸਰ ਨਾਲ ਮੌਤ ਨਹੀਂ ਹੁੰਦੀ. ਸੁਧਾ. ਪੀਯੂ੄। ੨ ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਜਲ, ਜੋ ਸਿੰਘ ਸਜਣ ਵੇਲੇ ਛਕਾਇਆ ਜਾਂਦਾ ਹੈ. ਦੇਖੋ, ਅਮ੍ਰਿਤ ਸੰਸਕਾਰ । ੩ ਜਲ। ੪ ਘੀ। ੫ ਦੁੱਧ । ੬ ਸੋਨਾ ਆਦਿ. ਧਨ । ੭ ਮੁਕਤਿ. ਮੋ੖। ੮ ਸੁਆਦਦਾਇਕ ਰਸ. “ਜਿਹ ਪ੍ਰਸਾਦਿ ਛਤੀਹ ਅਮ੍ਰਿਤ ਖਾਹਿ.” (ਸੁਖਮਨੀ) ਦੇਖੋ, ਛਤੀਹ ਅਮ੍ਰਿਤ। ੯ ਦੇਵਤਾ । ੧੦ ਆਤਮਾ । ੧੧ ਪਾਰਾ । ੧੨ ਅਨਾਜ । ੧੩ ਰਸਦਾਇਕ ਭੋਜਨ। ੧੪ ਰੋਗਨਾਸ਼ਕ ਦਵਾ। ੧੫ ਵਿ—ਜ਼ਿੰਦਾ. ਜੋ ਮਰਿਆ ਨਹੀਂ। ੧੬ ਸੁੰਦਰ. ਪਿਆਰਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3002,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/5/2014 12:00:00 AM
ਹਵਾਲੇ/ਟਿੱਪਣੀਆਂ: noreference

ਅੰਮ੍ਰਿਤ

ਅੰਮ੍ਰਿਤ. ਦੇਖੋ, ਅਮ੍ਰਿਤ। ੨ ਸੰਗ੍ਯਾ—ਮੱਖਨ. ਨਵਨੀਤ. “ਤਬ ਮਥੀਐ, ਇਨ ਬਿਧਿ ਅੰਮ੍ਰਿਤ ਪਾਵਹੁ.” (ਸੂਹੀ ਮ: ੧) ੩ ਦੁੱਧ. “ਸੋਇਨ ਕਟੋਰੀ ਅੰਮ੍ਰਿਤ ਭਰੀ.” (ਭੈਰ ਨਾਮਦੇਵ) ੪ ਵਿ—ਅਮ੍ਰਿਤ੍ਯੁ. ਮੌਤ ਬਿਨਾ. ਅਮਰ. “ਹਰਿ ਅੰਮ੍ਰਿਤ ਸਜਣ ਮੇਰਾ.” (ਸੂਹੀ ਛੰਤ ਮ: ੫) ੫ ਮਧੁਰ. ਮਿਠਾਸ ਸਹਿਤ. “ਗੁਰੁਮੁਖ ਅੰਮ੍ਰਿਤ ਬਾਣੀ ਬੋਲਹਿ.” (ਸ੍ਰੀ ਅ: ਮ: ੩) ੬ ਸੰਗ੍ਯਾ-ਵਾਹਗੁਰੂ ਨਾਮ. “ਨਿਰਮਲ ਜੋਤਿ ਅੰਮ੍ਰਿਤੁ ਹਰਿਨਾਮ। ਪੀਵਤ ਅਮਰ ਭਏ ਨਿਹਕਾਮ.” (ਰਾਮ ਮ: ੫) “ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ.” (ਅਨੰਦੁ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3067,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/12/2014 12:00:00 AM
ਹਵਾਲੇ/ਟਿੱਪਣੀਆਂ: noreference

ਅੰਮ੍ਰਿਤ

ਅੰਮ੍ਰਿਤ [ਨਾਂਪੁ] ਉਹ ਪੇਅ ਪਦਾਰਥ ਜਿਸ ਦੇ ਪੀਣ ਨਾਲ਼ ਜੀਵ ਅਮਰ ਹੋ ਜਾਂਦਾ ਹੈ; ਪੁਰਾਣ ਅਨੁਸਾਰ ਸਮੁੰਦਰ ਰਿੜਕ ਕੇ ਨਿਕਲੇ 14 ਰਤਨਾਂ ਵਿਚੋਂ ਇਕ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3132,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ