ਅਰਦਾਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਦਾਸ ( ਨਾਂ , ਇ ) ਰੱਬ ਨਿਮਿੱਤ ਕੀਤੀ ਅਰਜੋਈ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਰਦਾਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਦਾਸ [ ਨਾਂਇ ] ਸਿੱਖ ਮੱਤ ਅਨੁਸਾਰ ਗੁਰੂ ਅਕਾਲ ਪੁਰਖ ਅੱਗੇ ਬੇਨਤੀ , ਬਿਨੈ , ਅਰਜ਼ , ਅਰਜ਼ੋਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਰਦਾਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਦਾਸ ਸੰ. ਅਦ੗ੑ ( ਮੰਗਣਾ ) ਆਸ ( ਆਸ਼ਾ ) . ਮੁਰਾਦ ਮੰਗਣ ਦੀ ਕ੍ਰਿਯਾ. ਫ਼ਾ ਸੰਗ੍ਯਾ— ਪ੍ਰਾਰਥਨਾ. ਬੇਨਤੀ. ਵਿਨਯ. Prayer. “ ਅਰਦਾਸ ਬਿਨਾ ਜੋ ਕਾਜ ਸਿਧਾਵੈ.” ( ਤਨਾਮਾ ) “ ਅਰਦਾਸਿ ਸੁਨੀ ਭਗਤ ਅਪੁਨੇ ਕੀ.” ( ਸੋਰ ਮ : ੫ )

 

          ਸਿੱਖ ਧਰਮ ਵਿੱਚ ਕੇਵਲ ਕਰਤਾਰ ਅੱਗੇ ਅਰਦਾਸ ਕਰਨੀ ਵਿਧਾਨ ਹੈ , ਅਤੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜਕੇ ਖੜੇ ਹੋਣ ਦੀ ਆਗ੍ਯਾ ਹੈ , ਯਥਾ : — “ ਸੁਖਦਾਤਾ ਭੈਭੰਜਨੋ ਤਿਸੁ ਆਗੈ ਕਰਿ ਅਰਦਾਸਿ.” ( ਸਿਰੀ ਮ : ੫ )

“ ਆਪੇ ਜਾਣੈ ਕਰੈ ਆਪਿ , ਆਪੇ ਆਣੈ ਰਾਸਿ ,

ਤਿਸੈ ਅਗੈ ਨਾਨਕਾ , ਖਲਿਇ ਕੀਚੈ ਅਰਦਾਸਿ.”

( ਮ : ੨ ਵਾਰ ਮਾਰੂ ੧ )

“ ਦੁਇ ਕਰ ਜੋਰਿ ਕਰਉ ਅਰਦਾਸਿ.” ( ਭੈਰ ਮ : ੫ ) ਕਈ ਸੱਜਨ ਇਨ੍ਹਾ ਤੁਕਾਂ ਦਾ ਪਾਠ ਅਰਦਾਸ ਸਮੇ ਕਰਦੇ ਹਨ , ਪਰ ਇਹ ਅਰਦਾਸ ਰੂਪ ਨਹੀਂ , ਕਿੰਤੁ ਅਰਦਾਸ ਦੀ ਵਿਧੀ ਦੱਸਣ ਵਾਲੇ ਵਾਕ ਹਨ. ਅਰਦਾਸ ਦੇ ਮੰਤ੍ਰ ਗੁਰੁਬਾਣੀ ਵਿੱਚ ਇਹ ਹਨ : —

“ ਤੂੰ ਠਾਕੁਰ ਤੁਮ ਪਹਿ ਅਰਦਾਸਿ ।

ਜੀਉ ਪਿੰਡੁ ਸਭ ਤੇਰੀ ਰਾਸਿ ।

ਤੁਮ ਮਾਤਾ ਪਿਤਾ ਹਮ ਬਾਰਿਕ ਤੇਰੇ ।

ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ।

ਕੋਇ ਨ ਜਾਨੈ ਤੁਮਰਾ ਅੰਤੁ ।

ਊਚੇ ਤੇ ਊਚਾ ਭਗਵੰਤੁ ।

ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ।

ਤੁਮ ਤੇ ਹੋਇ ਸੁ ਆਗਿਆਕਾਰੀ ।

ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ।

ਨਾਨਕ ਦਾਸ ਸਦਾ ਕੁਰਬਾਨੀ.”

( ਸੁਖਮਨੀ )

          ਰਤਨ ਮਾਲ ( ਸੌ ਸਾਖੀ ) ਅਨੁਸਾਰ ਭਾਈ ਸੰਤੋਖ ਸਿੰਘ ਜੀ ਨੇ ਗੁਰੁਪ੍ਰਤਾਪ ਸੂਰਯ ਦੀ ਪੰਜਵੀਂ ਰੁੱਤ ਦੇ ਅਧ੍ਯਾਯ ੧੫ ਅਤੇ ੧੬ ਵਿੱਚ ੧੦੧ ਅਰਦਾਸਾਂ ਲਿਖੀਆਂ ਹਨ ਜਿਨ੍ਹਾਂ ਦਾ ਕਰਨਾ ਅਨੇਕ ਕਾਰਜਾਂ ਲਈ ਵਿਧਾਨ ਕੀਤਾ ਹੈ. ਪਰ ਇਹ ਤਾਂਤ੍ਰਿਕਾਂ ਦੀ ਰੀਤਿ ਅਨੁਸਾਰ ਮੰਤ੍ਰ ਜਪ ਵਿਧਿ ਹੈ. “ ਇਕ ਸੌ ਇਕ ਅਰਦਾਸ ਕਰਿ ਸੌ ਬਰਸਾਂ ਦੇ ਦੋਖ । ਗੁਰੂ ਗਵਾਵੈ ਸਿੱਖ ਕੇ ਪਾਵੈ ਗੁਰੁ ਪਦ ਮੋਖ.” ੨ ਚਿੱਠੀ. ਪਤ੍ਰਿਕਾ. “ ਹਮਰੀ ਲੇ ਅਰਦਾਸ ਤੁਮ ਗਮਨਹੁ ਤੂਰਨ ਆਜ.” ( ਨਾਪ੍ਰ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਰਦਾਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਦਾਸ : ਸਿੱਖ-ਧਰਮ ਦੀ ਪ੍ਰਾਰਥਨਾ ਦਾ ਨਾਂ ‘ ਅਰਦਾਸ’ ਹੈ । ਇਸ ਸ਼ਬਦ ਦੀ ਵਿਉਤਪੱਤੀ ਬਾਰੇ ਦੋ ਧਾਰਣਾਵਾਂ ਪ੍ਰਚਲਿਤ ਹਨ । ਇਕ ਅਨੁਸਾਰ ਇਹ ਫ਼ਾਰਸੀ ਦੇ ‘ ਅਰਜ਼ਦਾਸ਼ਤ’ ਸ਼ਬਦ ਦਾ ਤਦਭਵ ਰੂਪ ਹੈ । ਦੂਜੀ ਅਨੁਸਾਰ ਇਹ ਸੰਸਕ੍ਰਿਤ ਦੇ ‘ ਅਰੑਦੑ’ ਧਾਤੂ ਨਾਲ ‘ ਆਸ਼ਾ’ ( ਆਸ ) ਸ਼ਬਦ ਦੇ ਸੰਯੋਗ ਨਾਲ ਲੋਕ-ਉੱਚਾਰਣ ਅਨੁਰੂਪ ਬਣਿਆ ਸ਼ਬਦ ਹੈ । ਇਨ੍ਹਾਂ ਵਿਚੋਂ ਦੂਜੀ ਵਿਉਤਪੱਤੀ ਜ਼ਿਆਦਾ ਠੀਕ ਪ੍ਰਤੀਤ ਹੁੰਦੀ ਹੈ ਕਿਉਂਕਿ ਰਹਿਰਾਸ , ਸੁਹੇਲਾ ਆਦਿ ਵਾਂਗ ‘ ਅਰਦਾਸ’ ਸ਼ਬਦ ਵੀ ਸਿੱਧਾਂ/ਯੋਗੀਆਂ ਦੀ ਟਕਸਾਲ ਦਾ ਢਲਿਆ ਸਿੱਕਾ ਹੈ । ਇਸ ਸਥਾਪਨਾ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੋ ਜਾਂਦੀ ਹੈ ਕਿ ‘ ਸਿਧ-ਗੋਸਟਿ’ ਵਿਚ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਸੰਵਾਦ ਕਰਦਿਆਂ ਇਸ ਸ਼ਬਦ ਦੀ ਵਰਤੋਂ ਯੌਗਿਕ ਪਰਿਪੇਖ ਵਿਚ ਕੀਤੀ ਹੈ — ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ਰੋਸੁ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰਦੁਆਰੋ ( ਗੁ.ਗ੍ਰੰ.938 ) । ਉਂਜ ਵੀ ਅਰਦਾਸ ਕਰਨ ਪਿਛੇ ਕਿਸੇ ਨ ਕਿਸੇ ਇੱਛਾ ਅਥਵਾ ਆਸ਼ਾ ਦੀ ਭਾਵਨਾ ਅਵੱਸ਼ ਰਹਿੰਦੀ ਹੈ ।

                      ਇਸ ਸ਼ਬਦ ਦੀ ਵਰਤੋਂ ਅਤੇ ਅਰਦਾਸ ਕਰਨ ਦੀ ਪਰੰਪਰਾ ਦਾ ਉੱਲੇਖ ਗੁਰੂ ਗ੍ਰੰਥ ਸਾਹਿਬ ਵਿਚ ਹੋਇਆ ਹੈ । ਗੁਰੂ ਨਾਨਕ ਦੇਵ ਜੀ ਨੇ ਅਰਦਾਸ ਵੇਲੇ ਪਰਮਾਤਮਾ ਅਗੇ ਆਤਮ-ਸਮਰਪਣ ਦੀ ਗੱਲ ਕਹੀ ਹੈ — ਨਾਨਕੁ ਏਕ ਕਹੈ ਅਰਦਾਸਿ ਜੀਉ ਪਿੰਡੁ ਸਭੁ ਤੇਰੈ ਪਾਸਿ ( ਗੁ.ਗ੍ਰੰ.25 ) । ਗੁਰੂ ਅੰਗਦ ਦੇਵ ਜੀ ਨੇ ਖੜ੍ਹੇ ਹੋ ਕੇ ਅਰਦਾਸ ਕਰਨ ਦੀ ਤਾਕੀਦ ਕੀਤੀ ਹੈ — ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ( ਗੁ.ਗ੍ਰੰ. 1093 ) । ਗੁਰੂ ਅਰਜਨ ਦੇਵ ਜੀ ਨੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜਨ ਲਈ ਕਿਹਾ ਹੈ — ਦੁਇ ਕਰ ਜੋੜਿ ਕਰਉ ਅਰਦਾਸਿ ਤੁਧੁ ਭਾਵੈ ਤਾ ਆਣਹਿ ਰਾਸਿ ( ਗੁ.ਗ੍ਰੰ.736- 37 ) । ਸਪੱਸ਼ਟ ਹੈ ਕਿ ਅਰਦਾਸ ਖੜ੍ਹੇ ਹੋ ਕੇ ਅਤੇ ਹੱਥ ਜੋੜ ਕੇ ਸੱਚੇ ਦਿਲੋਂ ਪ੍ਰਭੂ ਅਗੇ ਆਤਮ-ਸਮਰਪਣ ਕਰਦੇ ਹੋਇਆਂ ਕਰਨੀ ਚਾਹੀਦੀ ਹੈ । ਮੁਹਸਨ ਫ਼ਾਨੀ ਨੇ ‘ ਦਬਿਸਤਾਨੇ ਮਜ਼ਾਹਿਬ’ ਵਿਚ ਲਿਖਿਆ ਹੈ ਕਿ ਲੋੜ ਸਮੇਂ ਸਿੱਖ ਗੁਰੂ ਦਰਬਾਰ ਵਿਚ ਹਾਜ਼ਰ ਹੋ ਕੇ ਸੰਗਤ ਪਾਸੋਂ ਅਰਦਾਸ ਕਰਾਉਂਦੇ ਸਨ ।

                      ਗੁਰਮਤਿ ਅਨੁਯਾਈ ਆਮ ਤੌਰ ’ ਤੇ ਹਰ ਇਕ ਕਾਰਜ ਦੇ ਸ਼ੁਰੂ ਕਰਨ ਵੇਲੇ ਉਸ ਦੀ ਪੂਰਤੀ ਦੀ ਅਭਿਲਾਸ਼ਾ ਵਜੋਂ ਜਾਂ ਕਿਸੇ ਹੋਰ ਧਾਰਮਿਕ ਜਾਂ ਸਮਾਜਿਕ ਕਾਰਜ ਵੇਲੇ ਅਰਦਾਸ ਜ਼ਰੂਰ ਕਰਦੇ/ਕਰਾਉਂਦੇ ਹਨ— ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ( ਗੁ.ਗ੍ਰੰ.91 ) ।

                      ਅਰਦਾਸ ਕਰਨ ਨਾਲ ਜਿਗਿਆਸੂ ਦੇ ਮਨ ਵਿਚ ਦ੍ਰਿੜ੍ਹਤਾ-ਪੂਰਵਕ ਆਤਮ-ਬਲ ਦਾ ਸੰਚਾਰ ਹੁੰਦਾ ਹੈ । ਉਹ ਆਤਮ-ਨਿਰਭਰ ਹੁੰਦਾ ਹੈ । ਪਰਮ-ਸੱਤਾ ਦੀ ਸਰਵੁਚਤਾ ਦੀ ਧਾਰਣਾ ਉਸ ਦੇ ਮਨ ਵਿਚ ਬਣੀ ਰਹਿੰਦੀ ਹੈ । ਹਉਮੈ , ਦੁਬਿਧਾ ਅਤੇ ਸੁਆਰਥ ਜਿਹੇ ਅਨੇਕ ਵਿਕਾਰ ਖ਼ਤਮ ਹੁੰਦੇ ਹਨ । ਆਤਮ-ਵਿਸ਼ਵਾਸ ਦੇ ਵਿਕਸਿਤ ਹੋਣ ਨਾਲ ਅਸੰਭਵ ਸਥਿਤੀ ਸੰਭਵ ਵਿਚ ਬਦਲ ਜਾਂਦੀ ਹੈ । ਸਿੱਖ-ਇਤਿਹਾਸ ਦੀਆਂ ਅਨੇਕ ਘਟਨਾਵਾਂ ਇਸ ਕਥਨ ਦੀ ਸਾਖ ਭਰਦੀਆਂ ਹਨ ਕਿ ਬਿਰਥੀ ਕਦੇ ਹੋਵਈ ਜਨ ਕੀ ਅਰਦਾਸਿ ( ਗੁ.ਗ੍ਰੰ.819 ) । ਸਚ ਤਾਂ ਇਹ ਹੈ ਕਿ ਤਾ ਕਉ ਬਿਘਨੁ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ( ਗੁ.ਗ੍ਰੰ.714 )

                      ਅਰਦਾਸ ਦਾ ਗੁਰੂ-ਕਾਲ ਵੇਲੇ ਕੀ ਸਰੂਪ ਸੀ , ਇਸ ਬਾਰੇ ਹੁਣ ਕੁਝ ਕਹਿ ਸਕਣਾ ਸਰਲ ਨਹੀਂ , ਪਰ ਅਰਦਾਸ ਕਰਨ/ਕਰਾਉਣ ਦੀ ਪਰੰਪਰਾ ਮੌਜੂਦ ਸੀ । ਇਸ ਦੀ ਪੁਸ਼ਟੀ ਜਨਮਸਾਖੀ-ਸਾਹਿਤ , ਦਬਿਸਤਾਨੇ-ਮਜ਼ਾਹਿਬ ਅਤੇ ਗੁਰੂ- ਇਤਿਹਾਸ ਤੋਂ ਹੋ ਜਾਂਦੀ ਹੈ । ਇਸ ਦੇ ਮਹੱਤਵ , ਸਰੂਪ ਅਤੇ ਫਲ-ਪ੍ਰਾਪਤੀ ਸੰਬੰਧੀ ਅਨੇਕ ਆਖਿਆਨ ਪ੍ਰਚਲਿਤ ਹਨ । ਅਰਦਾਸ ਦਾ ਵਰਤਮਾਨ ਰੂਪ ਸਿੱਖ ਮਿਸਲਾਂ ਵੇਲੇ ਪ੍ਰਚਲਿਤ ਹੋਇਆ ਪ੍ਰਤੀਤ ਹੁੰਦਾ ਹੈ । ਇਸ ਵਿਚ ਸਭ ਤੋਂ ਪਹਿਲਾਂਸੁਖਮਨੀ ’ ਸਾਹਿਬ ਦੀ ਚੌਥੀ ਅਸ਼ਟਪਦੀ ਦੀ ਆਖੀਰਲੀ ਪਦੀ ਉਚਾਰੀ ਜਾਂਦੀ ਹੈ — ਤੂ ਠਾਕੁਰੁ ਤੁਮ ਪਹਿ ਅਰਦਾਸਿ

ੀਉ ਪਿੰਡੁ ਸਭੁ ਤੇਰੀ ਰਾਸਿ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ਕੋਇ ਜਾਨੈ ਤੁਮਰਾ ਅੰਤੁ ਊਚੇ ਤੇ ਊਚਾ ਭਗਵੰਤ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ਤੁਮ ਤੇ ਹੋਇ ਸੁ ਆਗਿਆਕਾਰੀ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ( ਗੁ.ਗ੍ਰੰ.268 ) ।

                      ਫਿਰ ‘ ਚੰਡੀ ਦੀ ਵਾਰ ’ ਦੀ ਪਹਿਲੀ ਪਉੜੀ ਪੜ੍ਹ ਕੇ ਅਤੇ ਦਸਮ ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਦੀ ਆਰਾਧਨਾ ਕਰਕੇ , ਪੰਜ ਪਿਆਰਿਆਂ , ਚਾਰ ਸਾਹਿਬਜ਼ਾਦਿਆਂ ਅਤੇ ਪੰਥ ਲਈ ਸਭ ਕੁਝ ਨਿਛਾਵਰ ਕਰਨ ਵਾਲੇ ਸ਼ਹੀਦਾਂ ਦੇ ਸਾਕਿਆਂ ਨੂੰ ਯਾਦ ਕਰਕੇ ਪਰਮ-ਸੱਤਾ ਅਗੇ ਮਨੋਰਥ ਨੂੰ ਸਪੱਸ਼ਟ ਕੀਤਾ ਜਾਂਦਾ ਹੈ ਅਤੇ ਅੰਤ ਵਿਚ ਚੜ੍ਹਦੀ-ਕਲਾ ਦੇ ਸੰਕਲਪ ਨੂੰ ਦ੍ਰਿੜ੍ਹ ਕਰਦੇ ਹੋਇਆਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਜਾਂਦੀ ਹੈ । ਕਈ ਗ੍ਰੰਥੀ ਸਿੰਘ ਅਥਵਾ ਸ਼ਰਧਾਲੂ ਪ੍ਰੇਮ ਵਸ ਕਈ ਨਿਮਰਤਾ ਅਥਵਾ ਬਿਨੈ ਸੂਚਕ ਹੋਰ ਸ਼ਬਦ ਜੋੜ ਕੇ ਅਰਦਾਸ ਨੂੰ ਲੰਮਾ ਕਰ ਦਿੰਦੇ ਹਨ । ਉਚਿਤ ਤਾਂ ਇਹ ਹੈ ਕਿ ਧਾਰਮਿਕ ਮਰਯਾਦਾ ਅਨੁਸਾਰ ਅਰਦਾਸ ਕੀਤੀ ਜਾਏ , ਪਰ ਚੂੰਕਿ ਇਹ ਭਾਵਨਾ ਨਾਲ ਸੰਬੰਧਿਤ ਅਭਿਵਿਅਕਤੀ ਹੈ , ਇਸ ਲਈ ਜਿਗਿਆਸੂ ਦੀ ਭਾਵਨਾ ਨੂੰ ਕਿਸੇ ਪ੍ਰਕਾਰ ਦੇ ਕਠਘਰੇ ਵਿਚ ਬੰਨ੍ਹਿਆ ਵੀ ਨਹੀਂ ਜਾ ਸਕਦਾ ।

                      ਅਰਦਾਸ ਕਰਨ ਨਾਲ ਜਿਥੇ ਜਿਗਿਆਸੂ ਦੇ ਮਨ ਵਿਚ ਦ੍ਰਿੜ੍ਹਤਾ ਦਾ ਸੰਚਾਰ ਹੁੰਦਾ ਹੈ , ਉਥੇ ਨਾਲ ਹੀ ਸਿੱਖ- ਧਰਮ ਦੇ ਵਿਕਾਸ ਵਿਚ ਸ਼ਹੀਦਾਂ ਵਲੋਂ ਪਾਏ ਯੋਗਦਾਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਅਤੇ ਸਿੱਖ ਦਾ ਸੰਕਲਪ ਅਤੇ ਕਰਮਾਚਾਰ ਸਪੱਸ਼ਟ ਹੁੰਦਾ ਹੈ । ਅਰਦਾਸ ਦੀ ਵਿਧੀ ਤੋਂ ਹਿੰਦੂ ਧਰਮ ਵਾਲੇ ਵੀ ਪ੍ਰਭਾਵਿਤ ਹੋਣੋ ਨਹੀਂ ਰਹੇ ਅਤੇ ਉਨ੍ਹਾਂ ਨੇ ਸਗੁਣਾਤਮਕ ਭਾਵਨਾ ਵਾਲੀ ਅਰਦਾਸ ਬਣਾ ਲਈ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( ‘ ਸਿੱਖ ਰਹਿਤ- ਮਰਯਾਦਾ’ ) ਵਲੋਂ ਪ੍ਰਵਾਨਿਤ ਅਰਦਾਸ ਦਾ ‘ ਪਾਠ ’ ਇਸ ਪ੍ਰਕਾਰ ਹੈ :

ਵਾਹਿਗੁਰੂ ਜੀ ਕੀ ਫ਼ਤਹ

੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦ ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖਿ ਜਾਇ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ ਸਭ ਥਾਈਂ ਹੋਇ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ! ਸਭ ਥਾਈਂ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ !

                      ਪੰਜਾਂ ਪਿਆਰਿਆਂ , ਚੌਹਾਂ ਸਾਹਿਬਜ਼ਾਦਿਆਂ , ਚਾਲ੍ਹੀਆਂ ਮੁਕਤਿਆਂ , ਹਠੀਆਂ ਜਪੀਆਂ ਤਪੀਆਂ , ਜਿਨ੍ਹਾਂ ਨਾਮ ਜਪਿਆ , ਵੰਡ ਛਕਿਆ , ਦੇਗ ਚਲਾਈ , ਤੇਗ ਵਾਹੀ , ਦੇਖ ਕੇ ਅਣਡਿੱਠ ਕੀਤਾ , ਤਿਨ੍ਹਾਂ ਪਿਆਰਿਆਂ , ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ , ਖ਼ਾਲਸਾ ਜੀ ! ਬੋਲੋ ਜੀ ਵਾਹਿਗੁਰੂ !

                      ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ , ਬੰਦ ਬੰਦ ਕਟਾਏ , ਖੋਪਰੀਆਂ ਲੁਹਾਈਆਂ , ਚਰਖੀਆਂ ਤੇ ਚੜ੍ਹੇ , ਆਰਿਆਂ ਨਾਲ ਚਿਰਾਏ ਗਏ , ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ , ਧਰਮ ਨਹੀਂ ਹਾਰਿਆ , ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ , ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ , ਖ਼ਾਲਸਾ ਜੀ ! ਬੋਲੋ ਜੀ ਵਾਹਿਗੁਰੂ !

                      ਪੰਜਾਂ ਤਖ਼ਤਾਂ , ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ !

                      ਪ੍ਰਿਥਮੇ ਸਰਬੱਤ ਖ਼ਾਲਸਾ ਜੀ ਕੀ ਅਰਦਾਸ ਹੈ ਜੀ , ਸਰਬੱਤ ਖ਼ਾਲਸਾ ਜੀ ਕੋ ਵਾਹਿਗੁਰੂ , ਵਾਹਿਗੁਰੂ , ਵਾਹਿਗੁਰੂ ਚਿਤ ਆਵੇ , ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖ਼ਾਲਸਾ ਜੀ ਸਾਹਿਬ , ਤਹਾਂ ਤਹਾਂ ਰਛਿਆ ਰਿਆਇਤ , ਦੇਗ ਤੇਗ ਫ਼ਤਹ , ਬਿਰਦ ਕੀ ਪੈਜ , ਪੰਥ ਕੀ ਜੀਤ , ਸ੍ਰੀ ਸਾਹਿਬ ਜੀ ਸਹਾਇ , ਖ਼ਾਲਸੇ ਜੀ ਕੇ ਬੋਲ ਬਾਲੇ , ਬੋਲੋ ਜੀ ਵਾਹਿਗੁਰੂ !

                      ਸਿੱਖਾਂ ਨੂੰ ਸਿੱਖੀ ਦਾਨ , ਕੇਸ ਦਾਨ , ਰਹਿਤ ਦਾਨ , ਬਿਬੇਕ ਦਾਨ , ਵਿਸਾਹ ਦਾਨ , ਭਰੋਸਾ ਦਾਨ , ਦਾਨਾਂ ਸਿਰ ਦਾਨ , ਨਾਮ ਦਾਨ , ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ , ਚੌਂਕੀਆਂ , ਝੰਡੇ , ਬੁੰਗੇ ਜੁਗੋ ਜੁਗ ਅਟੱਲ , ਧਰਮ ਕਾ ਜੈਕਾਰ , ਬੋਲੋ ਜੀ ਵਾਹਿਗੁਰੂ !!!

                      ਸਿੱਖਾਂ ਦਾ ਮਨ ਨੀਵਾਂ , ਮਤ ਉੱਚੀ , ਮਤ ਦਾ ਰਾਖਾ ਆਪਿ ਵਾਹਿਗੁਰੂ

                      ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ , ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ , ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ !

                      ਹੇ ਨਿਮਾਣਿਆਂ ਦੇ ਮਾਣ , ਨਿਤਾਣਿਆਂ ਦੇ ਤਾਣ , ਨਿਓਟਿਆਂ ਦੀ ਓਟ , ਸੱਚੇ ਪਿਤਾ , ਵਾਹਿਗੁਰੂ ! ਆਪ ਦੇ ਹਜ਼ੂਰ ... ਦੀ ਅਰਦਾਸ ਹੈ ਜੀ

                      ਅੱਖਰ ਵਾਧਾ ਘਾਟਾ ਭੁਲ - ਚੁਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ

                      ਸੇਈ ਪਿਆਰੇ ਮੇਲ , ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ

                      ਇਸ ਤੋਂ ਉਪਰੰਤ ਅਰਦਾਸ ਵਿਚ ਸ਼ਾਮਲ ਹੋਣ ਵਾਲੀ ਸਾਰੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਅਦਬ ਨਾਲ ਮੱਥਾ ਟੇਕੇ ਅਤੇ ਫਿਰ ਖੜ੍ਹੇ ਹੋ ਕੇ —

                      ਵਾਹਿਗੁਰੂ ਜੀ ਕਾ ਖ਼ਾਲਸਾ

                      ਵਾਹਿਗੁਰੂ ਜੀ ਕੀ ਫ਼ਤਹ

ਬੁਲਾਵੇ । ਉਪਰੰਤ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਇਆ ਜਾਵੇ ।

( ਅ )     ਅਰਦਾਸ ਹੋਣ ਸਮੇਂ ਸੰਗਤ’ ਚ ਹਾਜ਼ਰ ਸਾਰੇ ਇਸਤਰੀ ਪੁਰਸ਼ਾਂ ਨੂੰ ਹੱਥ ਜੋੜ ਕੇ ਖਲੋਣਾ ਚਾਹੀਦਾ ਹੈ । ਜੋ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਹੋਵੇ , ਉਹ ਭੀ ਉਠ ਕੇ ਚੌਰ ਕਰੇ ।

( ੲ )     ਅਰਦਾਸ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜੋ ਕੇ , ਹੱਥ ਜੋੜ ਕੇ ਅਰਦਾਸ ਕਰੇ । ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰਕੇ ਅਰਦਾਸ ਕਰੋ , ਪ੍ਰਵਾਨ ਹੈ ।

( ਸ )             ਜਦੋਂ ਕੋਈ ਖ਼ਾਸ ਅਰਦਾਸ ਕਿਸੇ ਇਕ ਜਾਂ ਵਧੀਕ ਆਦਮੀਆਂ ਵਲੋਂ ਹੋਵੇ , ਉਹਨਾਂ ਤੋਂ ਬਿਨਾ ਸੰਗਤ ਵਿਚ ਬੈਠੇ ਹੋਰਨਾਂ ਦਾ ਉਠਣਾ ਜ਼ਰੂਰੀ ਨਹੀਂ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਰਦਾਸ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਦਾਸ : ਬੇਨਤੀ ਅਤੇ ਬਾਰ ਬਾਰ ਯਾਦ ਕਰਨ ਲਈ ਵਿਧੀ ਪੂਰਬਕ ਕੀਤੀ ਗਈ ਪ੍ਰਾਰਥਨਾ ਹੈ ਜੋ ਸਿੱਖ ਵਿਅਕਤੀਗਤ ਰੂਪ ਵਿਚ ਜਾਂ ਸੰਗਤ ਰੂਪ ਵਿਚ ਸਵੇਰੇ ਅਤੇ ਸ਼ਾਮ ਨੂੰ ਕਰਦੇ ਹਨ । ਦਰਅਸਲ ਸਿੱਖ ਜਦੋਂ ਵੀ ਕੋਈ ਵੀ ਧਾਰਮਿਕ ਕੰਮ ਕਾਜ , ਪਰਵਾਰਿਕ , ਜਨਤਿਕ , ਜਾਂ ਸੰਗਤੀ ਧਾਰਮਿਕ ਕੰਮ ਕਰਦੇ ਹਨ ਤਾਂ ਉਸ ਦੇ ਸ਼ੁਰੂ ਕਰਨ ਅਤੇ ਸਮਾਪਤ ਕਰਨ ਵੇਲੇ ਅਰਦਾਸ ਕਰਦੇ ਹਨ । ਇਹ ਸ਼ਬਦ ਅਰਦਾਸ ਫ਼ਾਰਸੀ ਦੇ ਸ਼ਬਦ ਅਰਜ਼ਦਾਸ਼ਤ ਤੋਂ ਲਿਆ ਗਿਆ ਜਾਪਦਾ ਹੈ ਜਿਸਦਾ ਅਰਥ ਹੈ ਬੇਨਤੀ ਕਰਨਾ , ਯਾਦ ਦੁਆਉਣਾ ਜਾਂ ਆਪ ਤੋਂ ਵੱਡਿਆਂ ਨੂੰ ਸੰਬੋਧਨ ਕਰਨਾ । ਸਿੱਖ ਅਰਦਾਸ , ਗੁਰੂ ਗ੍ਰੰਥ ਸਾਹਿਬ ਅੱਗੇ ਖੜੋ ਕੇ , ਪਰਮਾਤਮਾ ਨੂੰ ਬੇਨਤੀ ਰੂਪ ਵਿਚ ਕੀਤੀ ਜਾਂਦੀ ਹੈ ਜਾਂ ਫਿਰ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਉਥੇ ਵੀ ਉਸੇ ਤਰ੍ਹਾਂ ਸ਼ਰਧਾਭਾਵ ਨਾਲ ਖਲੋ ਕੇ ਕੀਤੀ ਜਾਂਦੀ ਹੈ । ਗੁਰੂ ਗ੍ਰੰਥ ਸਾਹਿਬ ਵਿਚ ਅਰਦਾਸ ਲਿਖੀ ਹੋਈ ਨਹੀਂ ਹੈ । ਇਹ ਕਈ ਸਦੀਆਂ ਦਾ ਕੌਮ ਦੇ ਬੇਨਤੀ ਭਰਪੂਰ ਹਿਰਦੇ ਦੀਆਂ ਭਾਵਨਾਵਾਂ ਦਾ ਵਿਕਾਸ ਹੈ । ਜਦੋਂ ਵੀ ਇਤਿਹਾਸ ਵਿਚ ਕੌਮ ਨੂੰ ਕਦੇ ਕੋਈ ਸੰਕਟ ਆਇਆ ਹੈ ਜਾਂ ਉਸਨੇ ਧੰਨਵਾਦ ਕਰਨਾ ਚਾਹਿਆ ਹੈ ਤਾਂ ਸ਼ਬਦਾਂ ਦੁਆਰਾ ਪਰਮਾਤਮਾ ਦਾ ਧੰਨਵਾਦ ਕੀਤਾ ਹੈ ਅਤੇ ਜਦੋਂ ਵੀ ਜਿਥੇ ਵੀ ਸੰਗਤ ਸਾਰੀ ਕੌਮ ( ਸਾਰੀ ਕਾਇਨਾਤ ਵੀ ਹੋ ਸਕਦੀ ਹੈ ) ਦੀ ਇਕਸੁਰਤਾ ਦੀ ਭਾਵਨਾ ਨਾਲ ਅਰਦਾਸ ਵਿਚ ਜੁੜੀ ਹੈ ਤਾਂ ਇਸਦਾ ਅਧਿਆਤਮਿਕ ਰਉਂ ਜਾਂ ਪ੍ਰਗਟਾਵਾ ਅਰਦਾਸ ਦਾ ਹਿੱਸਾ ਬਣ ਗਿਆ ਹੈ ।

      ਮੁਖ ਤੌਰ ਤੇ ਅਰਦਾਸ ਦੇ ਤਿੰਨ ਭਾਗ ਹਨ :

      ਜਦੋਂ ਸੰਗਤ ਅਰਦਾਸ ਲਈ ਖੜੀ ਹੁੰਦੀ ਹੈ ਤਾਂ ਅਰਦਾਸੀਆ ਇਕ ਖਾਸ ਪਉੜੀ , ਸੁਖਮਨੀ ਵਿਚੋਂ ਪੜ੍ਹਦਾ ਹੈ , ਜੋ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ-ਤੂ ਠਾਕੁਰ ਤੁਮ ਪਹਿ ਅਰਦਾਸ । ਫਿਰ ਅਰਦਾਸੀਆ ੴ ਵਾਹਿਗੁਰੂ ਜੀ ਕੀ ਫ਼ਤਿਹ ਨਾਲ ਸ਼ੁਰੂ ਕਰਨ ਤੋਂ ਬਾਅਦ ਪਹਿਲੀ ਪਉੜੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵਾਰ ਸ੍ਰੀ ਭਗੌਤੀ ਜੀ ਕੀ ਦਾ ਹੂਬਹੂ ਉਚਾਰਨ ਕਰਦਾ ਹੈ । ਇਸ ਪਉੜੀ ਵਿਚ ਇਕ ਅਕਾਲ ਪੁਰਖ ਨੂੰ ਅਤੇ ਪਹਿਲੇ ਨੌਂ ਗੁਰੂਆਂ ਨੂੰ ਧਿਆਇਆ ਗਿਆ ਹੈ । ਸਾਰੀ ਕੌਮ ਨੇ ਪਹਿਲਾ ਵਾਧਾ ਜੋ ਇਸ ਵਿਚ ਕੀਤਾ ਹੈ ਉਹ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ ਜੋ ਗੁਰੂ ਤੋਂ ਪਿਛੋਂ ਪ੍ਰਤੱਖ ਤੌਰ ਤੇ ਗੁਰੂ-ਰੂਪ ਹੈ ਦਾ ਨਾਂ ਇਸ ਵਿਚ ਸ਼ਾਮਲ ਕੀਤਾ ਹੈ । ਦੂਸਰੇ ਹਿੱਸੇ ਵਿਚ ਸਿੱਖਾਂ ਦੇ ਸਿਦਕ ਅਤੇ ਕੁਰਬਾਨੀ ਦੇ ਕਾਰਨਾਮਿਆਂ ਨੂੰ ਯਾਦ ਕੀਤਾ ਹੈ । ਇਸੇ ਲਈ ਅਰਦਾਸ ਵਿਚ ਸਮੇਂ ਅਤੇ ਸਥਾਨ ਦੀ ਹੱਦਬੰਦੀ ਤੋਂ ਲੰਘ ਕੇ ਸਾਰਾ ਸਿੱਖ ਇਤਿਹਾਸ ਆ ਜਾਂਦਾ ਹੈ । ਤੀਜੇ ਭਾਗ ਵਿਚ ਉਹ ਵਾਕ ਹਨ ਜੋ ਕਿਸੇ ਵੀ ਮਿਥੇ ਸਮੇਂ ਲਈ ਢੁਕਵੇਂ ਬਣ ਜਾਂਦੇ ਹਨ । ਪ੍ਰਾਰੰਭ ਵਿਚ ਪਰਮਾਤਮਾ ਨੂੰ ਯਾਦ ਕਰਨ ਉਪਰੰਤ ਅਰਦਾਸ ਵਿਚ ਕੌਮ ਦੇ ਉਹਨਾਂ ਸ਼ਹੀਦਾਂ ਅਤੇ ਆਦਰਸ਼ ਵਿਅਕਤੀਆਂ ਦੇ ਕਾਰਨਾਮਿਆਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਅਟੁਟ ਸ਼ਰਧਾ ਅਤੇ ਬੁਲੰਦ ਹੌਸਲੇ ਨਾਲ ਆਖ਼ਰੀ ਸਮੇਂ ਤਕ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ । ਇਸ ਪੱਖੋਂ ਇਤਿਹਾਸ ਹਮੇਸ਼ਾਂ ਅਰਦਾਸ ਵਿਚ ਆਪਣਾ ਹਿੱਸਾ ਪਾਉਂਦਾ ਰਿਹਾ ਹੈ ਜਿਸਦਾ ਨਤੀਜਾ ਇਹ ਹੋਇਆ ਹੈ ਕਿ ਗੁਰੂ ਕਾਲ ਅਤੇ ਇਸ ਪਿਛੋਂ ਹੋਏ ਅਤਿਆਚਾਰਾਂ ਸਮੇਂ ਦੇ ਸ਼ਹੀਦਾਂ ਦੇ ਨਾਲ ਨਾਲ 1920 ਦੀ ਗੁਰਦੁਆਰਾ ਸੁਧਾਰ ਲਹਿਰ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਉਹਨਾਂ ਦਾ ਵੀ ਇਸ ਵਿਚ ਜ਼ਿਕਰ ਹੈ ਜਿਨ੍ਹਾਂ ਨੇ 1947 ਵਿਚ ਦੇਸ਼ ਦੀ ਵੰਡ ਸਮੇਂ ਆਪਣੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦਾ ਬਲੀਦਾਨ ਦੇ ਦਿੱਤਾ ਸੀ

      ਜਦੋਂ ਅਠਾਰ੍ਹਵੀਂ ਸਦੀ ਦੇ ਅਰੰਭ ਵਿਚ ਸਿੱਖਾਂ ਨੂੰ ਸ਼ਾਹੀ ਫ਼ੁਰਮਾਨ ਨਾਲ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਗਿਆ ਅਤੇ ਜਦੋਂ ਉਹਨਾਂ ਨੂੰ ਵੇਖਦਿਆਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਤਾਂ ਉਹ ਜੰਗਲਾਂ ਦੀਆਂ ਆਪਣੀਆਂ ਛੁਪਣਗਾਹਾਂ ਅਤੇ ਮਾਰੂਥਲਾਂ ਵਿਚ ਸਮੁਚੇ ਖ਼ਾਲਸਾ ਦੀ ਰੱਖਿਆ ਲਈ ਸੰਗਤ ਰੂਪ ਵਿਚ ਇਕੱਠੇ ਹੋ ਕੇ ਪਰਮਾਤਮਾ ਅੱਗੇ ਅਰਦਾਸ ਕਰਦੇ ਸਨ । ਉਹਨਾਂ ਦੇ ਸ਼ਬਦ ਅਰਦਾਸ ਦਾ ਪੱਕਾ ਹਿੱਸਾ ਬਣ ਗਏ ਹਨ । ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਲਈ ਅਰਦਾਸ ਅਤੇ ਪੰਥ ਦੀਆਂ ਚੌਂਕੀਆਂ ਝੰਡਿਆਂ ਅਤੇ ਬੁੰਗਿਆਂ ਦੀ ਅਰਦਾਸ ਵਿਚ ਧੁਨੀ ਇਤਿਹਾਸਿਕ ਗੂੰਜ ਹੈ । ਮੱਧ ਅਠਾਰ੍ਹਵੀਂ ਸਦੀ ਵਿਚ ਸ਼ਾਸਨ ਵੱਲੋਂ ਪਵਿੱਤਰ ਹਰਿਮੰਦਰ ਦੇ ਅਹਾਤੇ ਵਿਚ ਸਿੱਖਾਂ ਦੇ ਦਾਖਲੇ ਅਤੇ ਸਰੋਵਰ ਦੇ ਇਸ਼ਨਾਨ ਉੱਤੇ ਪਾਬੰਦੀ ਲਗਾਈ ਗਈ ਸੀ । ਦਰਬਾਰ ਸਾਹਿਬ ਦੇ ਆਲੇ ਦੁਆਲੇ ਭਾਰੀ ਗਿਣਤੀ ਵਿਚ ਫ਼ੌਜ ਲਗਾ ਦਿੱਤੀ ਗਈ ਸੀ ਅਤੇ ਕੋਈ ਵੀ ਸਿੱਖ ਜੋ ਮੱਥਾ ਟੇਕਣ ਜਾਂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਲਈ ਆਉਂਦਾ , ਮਾਰ ਦਿੱਤਾ ਜਾਂਦਾ ਸੀ । ਅਰਦਾਸ ਵਿਚਲੀ ਇਕ ਤੁੱਕ ਇਸੇ ਤਰ੍ਹਾਂ ਦੀ ਇਤਿਹਾਸਿਕ ਸਥਿਤੀ ਵਲ ਸੰਕੇਤ ਕਰਦੀ ਹੈ ਅਤੇ ਸਿੱਖਾਂ ਦੀ ਆਪਣੇ ਧਾਰਮਿਕ ਅਸਥਾਨਾਂ ਨਾਲ ਜੁੜੀ ਗਹਿਰੀ ਭਾਵਨਾ ਦੀ ਗਵਾਹੀ ਭਰਦੀ ਹੈ ।

      ਅਰਦਾਸ ਇਸ ਤਰ੍ਹਾਂ ਸਿੱਖ ਇਤਿਹਾਸ ਦਾ ਤੱਤ ਸਾਰ ਹੈ ਅਤੇ ਇਸਦੇ ਮੂਲ ਰੂਪ ਵਿਚ ਇਹ ਇਤਿਹਾਸ ਦੇ ਵੱਖ ਵੱਖ ਸਮਿਆਂ ਵਿਚਲੀਆਂ ਕੌਮ ਦੀਆਂ ਭਾਵਨਾਵਾਂ ਨੂੰ ਸਮੋਈ ਬੈਠੀ ਹੈ ਅਤੇ ਸ਼ਰਧਾਲੂਆਂ ਨੂੰ ਸਮੇਂ ਦੀ ਸੀਮਾਂ ਤੋਂ ਪਾਰ ਲੰਘ ਕੇ ਸਦੀਆਂ ਤੋਂ ਇਕ ਭਾਈਚਾਰੇ ਵਿਚ ਪਰੋਣ ਦੇ ਯੋਗ ਬਣਾਉਂਦੀ ਰਹੀ ਹੈ । ਇਹ ਭਾਵਨਾਵਾਂ ਸ਼ਰਧਾ ਭਿੱਜੇ ਮਨਾਂ ਦੁਆਰਾ ਪ੍ਰਗਟਾਏ ਗਏ ਵਿਚਾਰਾਂ ਵਿਚ ਲੁਕੀਆਂ ਹੋਈਆਂ ਹਨ । ਸਾਰੇ ਸਮੇਂ ਵਿਚ ਹੋਏ ਕੁਰਬਾਨੀ ਅਤੇ ਵਿਸ਼ਵਾਸ ਦੇ ਕਾਰਨਾਮਿਆਂ ਦਾ ਵਰਨਨ ਕਰਨ ਉਪਰੰਤ ਸੰਗਤ ਸਿੱਖ ਗੁਰਦੁਆਰਿਆਂ ਦਾ ਵਰਨਨ ਕਰਦੀ ਹੈ । ਇਸ ਪਿੱਛੋਂ ਅਰਦਾਸ ਸਾਰੀ ਕੌਮ ਵੱਲੋਂ ਅਤੇ ਸਾਰੀ ਕੌਮ ਵਾਸਤੇ ਪਰਮਾਤਮਾ ਤੋਂ ਰੱਖਿਆ ਤੇ ਰਿਆਇਤ ਪ੍ਰਾਪਤ ਕਰਨ ਅਤੇ ਸਾਰੇ ਖ਼ਾਲਸੇ ਲਈ ਬਖਸ਼ਿਸ਼ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਅਤੇ ਅੰਤ ਵਿਚ ਇਹ ਸਰਬੱਤ ਦੇ ਭਲੇ ਲਈ ਬੇਨਤੀ ਨਾਲ ਸਮਾਪਤ ਹੁੰਦੀ ਹੈ । ਅਰਦਾਸ ਰਾਹੀਂ ਵਿਸ਼ੇਸ਼ ਬਖਸ਼ਿਸਾਂ ਜਿਵੇਂ ਪਵਿੱਤਰ ਸਿੱਖੀ , ਸੰਜਮ ਵਾਲਾ ਜੀਵਨ , ਬਿਬੇਕ , ਵਿਸ਼ਵਾਸ ਅਤੇ ਪਵਿੱਤਰ ਨਾਮ ਦੁਆਰਾ ਉਤਸਾਹਿਤ ਦ੍ਰਿੜਤਾ ਵਾਲੀ ਮਾਨਸਿਕਤਾ ਲਈ ਪਰਮਾਤਮਾ ਤੋਂ ਮੰਗ ਕੀਤੀ ਜਾਂਦੀ ਹੈ ।

      ਉਪਰੰਤ ਧਿਆਨ ਕੌਮੀ ਜੀਵਨ ਤੋਂ ਬਦਲ ਕੇ , ਵਿਅਕਤੀ ਵਿਸ਼ੇਸ਼ ਅਤੇ ਉਸ ਦੇ ਜੀਵਨ ਦੀ ਗੁਣਵੱਤਾ ਵੱਲ ਹੋ ਜਾਂਦਾ ਹੈ । ਨਿਮਰਤਾ ਅਤੇ ਗਿਆਨ ਵਰਗੇ ਚੰਗੇ ਗੁਣਾਂ ਦੀ ਪ੍ਰਾਪਤੀ ਲਈ ਬੇਨਤੀ ਕੀਤੀ ਜਾਂਦੀ ਹੈ ਅਤੇ ਨਾਲ ਹੀ ਹੁਕਮ ਦੀ ਪਵਿੱਤਰਤਾ ਨੂੰ ਸਮਝਣ ਦੀ ਮੰਗ ਕੀਤੀ ਜਾਂਦੀ ਹੈ । ਕਾਮ , ਕ੍ਰੋਧ , ਲੋਭ , ਮੋਹ ਅਤੇ ਹੰਕਾਰ ਵਰਗੇ ਵਿਕਾਰਾਂ ਤੋਂ ਬਚੇ ਰਹਿਣ ਲਈ ਬੇਨਤੀ ਕੀਤੀ ਜਾਂਦੀ ਹੈ । ਸ਼ਰਧਾ ਅਤੇ ਸ਼ੁਧ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਲਈ ਪ੍ਰਬਲ ਇੱਛਾ ਪ੍ਰਗਟ ਕੀਤੀ ਜਾਂਦੀ ਹੈ । ਧੰਨਵਾਦ ਦੇ ਸ਼ਬਦ ਜਾਂ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਸ਼ਬਦ ਅਰਦਾਸ ਵਿਚ ਜੋੜੇ ਜਾਂਦੇ ਹਨ ਜੋ ਕਿ ਮੌਕੇ ਤੇ ਨਿਰਭਰ ਹੁੰਦੇ ਹਨ ਕਿ ਅਵਸਰ ਕਿਹੋ ਜਿਹਾ ਹੈ । ਅਰਦਾਸ ਹਮੇਸ਼ਾਂ ਸਾਰੀ ਮਨੁੱਖਤਾ ਦੀ ਭਲਾਈ ਅਤੇ ਖ਼ੁਸ਼ਹਾਲੀ ਲਈ ਬੇਨਤੀ ਨਾਲ ਹੀ ਸਮਾਪਤ ਹੁੰਦੀ ਹੈ ।

      ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੱਥ ਜੋੜ ਕੇ ਖਲੋਂਦੀ ਹੈ । ਗੁਰੂ ਗ੍ਰੰਥ ਸਾਹਿਬ ਦੀ ਗੈਰਹਾਜ਼ਰੀ ਵਿਚ ਅਰਦਾਸ ਕਿਸੇ ਵੀ ਦਿਸ਼ਾ ਵਿਚ ਕੀਤੀ ਜਾ ਸਕਦੀ ਹੈ । ਆਮ ਤੌਰ ਤੇ ਅਰਦਾਸ ਲਈ ਖੜੇ ਹੋਣ ਤੇ ਬੇਨਤੀ ਰੂਪ ਵਿਚ ਇਕ ਸ਼ਬਦ ਪੜ੍ਹਿਂਆ ਜਾਂਦਾ ਹੈ । ਸੰਗਤ ਵਿਚੋਂ ਕੋਈ ਵੀ ਅਰਦਾਸ ਕਰ ਸਕਦਾ ਹੈ । ਅਰਦਾਸ ਸਮੇਂ ਨਿਰਧਾਰਿਤ ਵਕਫਿਆਂ ਤੇ ਸਾਰੀ ਸੰਗਤ ਅਰਦਾਸੀਏ ਦੇ ਕਹਿਣ ਪਿੱਛੋਂ ਵਾਹਿਗੁਰੂ ਬੋਲਦੀ ਹੈ । ਜਦੋਂ ਵੀ ਅਰਦਾਸ ਸਮਾਪਤ ਹੁੰਦੀ ਹੈ ਤਾਂ ਸਾਰੀ ਸੰਗਤ ਮੱਥਾ ਟੇਕਦੀ ਹੈ , ਫਿਰ ਦੁਬਾਰਾ ਉਠਦੀ ਹੈ ਅਤੇ ਇਕ ਅਵਾਜ਼ ਨਾਲ ‘ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ` ਬੋਲਦੀ ਹੈ । ਇਸ ਪਿੱਛੋਂ ਬੋਲੇ ਸੋ ਨਿਹਾਲ ਦਾ ਜੈਕਾਰਾ ਬੋਲਿਆ ਜਾਂਦਾ ਹੈ ਜਿਸਦਾ ਉੱਤਰ ਸਾਰੀ ਸੰਗਤ ‘ ਸਤਿ ਸ੍ਰੀ ਅਕਾਲ` ਬੋਲ ਕੇ ਦਿੰਦੀ ਹੈ ।

      ਭਾਵੇਂ ਕਿ ਇਸ ਦੀ ਰਚਨਾ ਦੇ ਪੱਖ ਤੋਂ ਅਰਦਾਸ ਮੁਖ ਰੂਪ ਵਿਚ ਸੰਗਤ ਵਲੋਂ ਬੇਨਤੀ ਹੈ ਪਰ ਇਹ ਵਿਅਕਤੀਗਤ ਵੀ ਹੈ । ਇਹ ਅਲਗਾਵਵਾਦੀ ਸੁਭਾਅ ਦੀ ਨਹੀਂ ਹੈ; ਇਹ ਵਿਅਕਤੀ ਲਈ ਹੀ ਨਹੀਂ ਹੈ ਅਤੇ ਨਾ ਹੀ ਕੇਵਲ ਸੰਗਤ ਲਈ ਹੈ । ਇਹ ਸਮੁੱਚੀ ਕੌਮ ਲਈ ਹੈ । ਇਹ ਵਿਅਕਤੀ ਅੰਦਰ , ਕੌਮ ਅਤੇ ਸਮੁੱਚੇ ਰੂਪ ਵਿਚ ਸਾਰੀ ਮਨੁੱਖਤਾ ਨਾਲ ਏਕਤਾ ਦੀ ਭਾਵਨਾ ਭਰਦੀ ਹੈ । ਕਾਫ਼ੀ ਲੰਮੇ ਸਮੇਂ ਤੋਂ ਅਰਦਾਸ ਹੋਂਦ ਵਿਚ ਆਈ ਹੈ ਅਤੇ ਇਸ ਪਰਕ੍ਰਿਆ ਵਿਚ ਇਸ ਨੇ ਕੌਮ ਦੇ ਕਈ ਪੜਾਅ ਹੀ ਆਪਣੇ ਵਿਚ ਨਹੀਂ ਸਮੋਏ ਸਗੋਂ ਇਕ ਸਾਹਿਤਿਕ ਉੱਚਤਾ ਵੀ ਪ੍ਰਾਪਤ ਕੀਤੀ ਹੈ । ਇਹ ਗੱਦ ਦਾ ਇਕ ਬਹੁਤ ਵਧੀਆ ਨਮੂਨਾ ਹੈ ਜਿਸ ਵਿਚ ਧਿਆਨ ਨਾਲ ਚੁਣੇ ਸ਼ਬਦਾਂ ਅਤੇ ਵਿਚਾਰਾਂ ਦਾ ਨਿਰੰਤਰ ਵਹਾਉ ਹੈ । ਇਸ ਤਰ੍ਹਾਂ ਜੋ ਅਧਿਆਤਮਿਕ ਵਾਤਾਵਰਨ ਅਰਦਾਸ ਪੈਦਾ ਕਰਦੀ ਹੈ ਉਹ ਇਸ ਵਿਚ ਜੁੜੇ ਹੋਇਆਂ ਨੂੰ ਇਸ ਨਾਲ ਇਕ ਹੋਣ ਵਿਚ ਸਹਾਈ ਸਿੱਧ ਹੁੰਦਾ ਹੈ ।

      ਹੇਠ ਅਰਦਾਸ ਦਾ ਉਹ ਮੂਲ ਰੂਪ ਦਿੱਤਾ ਜਾਂਦਾ ਹੈ ਜੋ ਜਪਾਨ ਵਿਚ ਕਯੋਟੋ ਵਿਚ ਹੋਈ ਧਰਮ ਅਤੇ ਸ਼ਾਂਤੀ ਲਈ ਕਾਨਫਰੰਸ ਵਿਚ ਅਕਤੂਬਰ 1970 ਵਿਚ ਕੀਤੀ ਗਈ ਸੀ । ਅੰਤਮ ਪੈਰਾ ਜੋ ਖਾਸ ਮੌਕੇ ਅਨੁਸਾਰ ਹੁੰਦਾ ਹੈ , ਨੂੰ ਛੱਡ ਕੇ ਸਾਰਿਆਂ ਮੌਕਿਆਂ ਤੇ ਬਾਕੀ ਅਰਦਾਸ ਉਹੋ ਹੀ ਰਹਿੰਦੀ ਹੈ ।

      ਅਰਦਾਸ ( ਮੂਲ ਰੂਪ ਵਿਚ )

ਵਾਹਿਗੁਰੂ ਜੀ ਕੀ ਫਤਹਿ

ਸ੍ਰੀ ਭਗੌਤੀ ਜੀ ਸਹਾਇ । ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧0 ।

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ ।

          ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈ ਸਹਾਇ ।

      ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਇ । ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ । ਤੇਗ਼ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ । ਸਭ ਥਾਂਈ ਹੋਇ ਸਹਾਇ । ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ! ਸਭ ਥਾਈਂ ਹੋਇ ਸਹਾਇ । ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!

      ਪੰਜਾਂ ਪਿਆਰਿਆਂ , ਚੌਹਾਂ ਸਾਹਿਬਜ਼ਾਦਿਆਂ , ਚਾਲ੍ਹੀ ਮੁਕਤਿਆਂ , ਹਠੀਆਂ , ਜਪੀਆਂ , ਤਪੀਆਂ , ਜਿਨ੍ਹਾਂ ਨਾਮ ਜਪਿਆ , ਵੰਡ ਛਕਿਆ , ਦੇਗ ਚਲਾਈ , ਤੇਗ ਵਾਹੀ , ਦੇਖ ਕੇ ਅਣਡਿੱਠ ਕੀਤਾ , ਤਿਨ੍ਹਾਂ ਪਿਆਰਿਆਂ , ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ , ਬੋਲੋ ਜੀ ਵਾਹਿਗੁਰੂ!

      ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ , ਬੰਦ ਬੰਦ ਕਟਾਏ , ਖੋਪਰੀਆਂ ਲੁਹਾਈਆਂ , ਚਰਖੀਆਂ ਤੇ ਚੜ੍ਹੇ , ਆਰਿਆਂ ਨਾਲ ਚਿਰਾਏ ਗਏ , ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ , ਧਰਮ ਨਹੀਂ ਹਾਰਿਆ , ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ , ਤਿੰਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ , ਖਾਲਸਾ ਜੀ! ਬੋਲੋ ਜੀ ਵਾਹਿਗੁਰੂ!

      ਪੰਜਾਂ ਤਖਤਾਂ , ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ!

      ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ । ਸਰਬੱਤ ਖਾਲਸਾ ਜੀ ਕੋ ਵਾਹਿਗੁਰੂ , ਵਾਹਿਗੁਰੂ , ਵਾਹਿਗੁਰੂ ਚਿੱਤ ਆਵੇ , ਚਿੱਤ ਆਵਨ ਦਾ ਸਦਕਾ ਸਰਬ ਸੁਖ ਹੋਵੇ । ਜਹਾਂ ਜਹਾਂ ਖਾਲਸਾ ਜੀ ਸਾਹਿਬ , ਤਹਾਂ ਤਹਾਂ ਰੱਛਿਆ ਰਿਆਇਤ , ਦੇਗ ਤੇਗ ਫ਼ਤਿਹ , ਬਿਰਦ ਕੀ ਪੈਜ , ਪੰਥ ਕੀ ਜੀਤ , ਸ੍ਰੀ ਸਾਹਿਬ ਜੀ ਸਹਾਇ , ਖ਼ਾਲਸੇ ਜੀ ਕੇ ਬੋਲ ਬਾਲੇ , ਬੋਲੋ ਜੀ ਵਾਹਿਗੁਰੂ!

      ਸਿੱਖਾਂ ਨੂੰ ਸਿੱਖੀ ਦਾਨ , ਕੇਸ ਦਾਨ , ਰਹਿਤ ਦਾਨ , ਬਿਬੇਕ ਦਾਨ , ਵਿਸਾਹ ਦਾਨ , ਭਰੋਸਾ ਦਾਨ , ਦਾਨਾਂ ਸਿਰ ਦਾਨ , ਨਾਮ ਦਾਨ , ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ , ਚੌਂਕੀਆਂ , ਝੰਡੇ , ਬੁੰਗੇ , ਜੁਗੋ ਜੁਗ ਅਟੱਲ , ਧਰਮ ਕਾ ਜੈਕਾਰ , ਬੋਲੋ ਜੀ ਵਾਹਿਗੁ੍ਰੂ ।

      ਸਿੱਖਾਂ ਦਾ ਮਨ ਨੀਵਾਂ , ਮਤ ਉੱਚੀ , ਮਤ ਦਾ ਰਾਖਾ ਆਪ ਵਾਹਿਗੁਰੂ! ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਉ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ , ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ , ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ । ਹੇ ਨਿਮਾਣਿਆਂ ਦੇ ਮਾਣ , ਨਿਤਾਣਿਆਂ ਦੇ ਤਾਣ , ਨਿਉਟਿਆਂ ਦੀ ਓਟ , ਸੱਚੇ ਪਿਤਾ , ਵਾਹਿਗੁਰੂ! ਆਪ ਦੇ ਹਜ਼ੂਰ ਅਰਦਾਸ ਬੇਨਤੀ ਹੈ ਕਿ ਹੇ ਪਰਮ ਪਿਤਾ , ਜਪਾਨ ਦੇ ਇਸ ਕਯੋਟੋ ਸ਼ਹਿਰ ਵਿਚ ਸੰਸਾਰ ਧਰਮਾਂ ਦੇ ਮੰਨਣ ਵਾਲੇ ਜਿਨ੍ਹਾਂ ਦਾ ਆਪ ਜੀ ਵਿਚ ਵਿਸ਼ਵਾਸ ਹੈ ਨੁਮਾਇੰਦੇ ਇਕੱਠੇ ਹੋਏ ਹਨ । ਵਿਸ਼ਵ ਸ਼ਾਂਤੀ ਲਈ ਹੋਇਆ ਇਹ ਸੰਮੇਲਨ ਹਫ਼ਤੇ ਪਿੱਛੋਂ ਸਮਾਪਤ ਹੋਣ ਲੱਗਾ ਹੈ । ਹੇ ਪਰਮਾਤਮਾ , ਇਸ ਕਾਨਫ਼ਰੰਸ ਦੇ ਮੈਂਬਰਾਂ ਨੂੰ ਆਪਣੀ ਅਸ਼ੀਰਵਾਦ ਅਤੇ ਅਗਵਾਈ ਦੀ ਬਖਸ਼ਸ਼ ਕਰੋ । ਹੇ ਪਰਮਾਤਮਾ , ਇਨ੍ਹਾਂ ਨੂੰ ਲਗਾਤਾਰ ਸ਼ਕਤੀ ਅਤੇ ਸਮਰੱਥਾ ਦੀ ਬਖਸ਼ਸ਼ ਕਰੋ ਤਾਂ ਜੋ ਉਹ ਨਿਸ਼ਾਨਾ ਜਿਹੜਾ ਉਹਨਾਂ ਨੇ ਨਿਰਧਾਰਿਤ ਕੀਤਾ ਹੈ ਉਸ ਲਈ ਯਤਨ ਕਰ ਸਕਣ ਅਤੇ ਉਸਦੀ ਪੈਰਵੀ ਕਰ ਸਕਣ । ਹੇ ਪਰਮਾਤਮਾ , ਆਪਣੇ ਸੇਵਕਾਂ ਨੂੰ ਆਪਣੀ ਅਸ਼ੀਰਵਾਦ ਦਿਓ ਅਤੇ ਬਖਸ਼ਸ਼ ਕਰੋ ਅਤੇ ਉਹਨਾਂ ਦੇ ਨਿਮਾਣੇ ਯਤਨ ਉਤੇ ਮਿਹਰ ਕਰੋ । ਇਹ ਕਾਨਫਰੰਸ ਬਿਨਾਂ ਵਿਘਨ ਦੇ ਸਮਾਪਤ ਹੋਈ ਹੈ । ਇਹ ਆਪ ਜੀ ਦੀ ਬਖਸ਼ਸ਼ ਹੈ ।

ਹੇ ਪਰਮਾਤਮਾ ਸਾਡੀ ਇਹ ਅਰਦਾਸ ਪਰਵਾਨ ਕਰ ਲਵੋ ।

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ।


ਲੇਖਕ : ਜ.ਸ.ਨ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਰਦਾਸ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਰਦਾਸ : ਇਹ ਸ਼ਬਦ ਫ਼ਾਰਸੀ ਸ਼ਬਦ ‘ ਅਰਜ਼ਦਾਸ਼ਤ’ ਤੋਂ ਵਿਗੜ ਕੇ ਬਣਿਆ ਹੈ ਜਿਸ ਦਾ ਅਰਥ ਅਰਜ਼ੀ ਜਾਂ ਬੇਨਤੀ ਕਰਨਾ ਹੈ । ਅਰਦਾਸ ਕਿਸੇ ਪਰਾਸਰੀਰਕ ਸ਼ਕਤੀ ਨੂੰ ਇੱਛਾ-ਪੂਰਤੀ ਲਈ ਕੀਤੀ ਗਈ ਬੇਨਤੀ ਹੈ । ਜਦੋਂ ਸਾਨੂੰ ਕੋਈ ਥੁੜ੍ਹ ਪ੍ਰਤੀਤੀ ਹੁੰਦੀ ਹੈ ਅਤੇ ਉਹ ਕਿਸੇ ਦੀ ਬਖ਼ਸ਼ਿਸ਼ ਨਾਲ ਪੂਰੀ ਹੋ ਸਕਣ ਦੀ ਆਸ ਹੁੰਦੀ ਹੈ ਤਾਂ ਉਸ ਦੀ ਬਖ਼ਸ਼ਿਸ਼ ਦਾ ਪਾਤਰ ਬਣਨ ਲਈ ਅਸੀਂ ਉਸ ਅੱਗੇ ਅਰਦਾਸ ਕਰਦੇ ਹਾਂ । ਨੇਕ ਅਤੇ ਦਿਆਲੂ ਸ਼ਕਤੀਆਂ ਦੇ ਨਾਲ ਨਾਲ ਬਦੀ ਦੀ ਤਾਕਤ ਦੀ ਵੀ ਹੋਂਦ ਮੰਨੀ ਗਈ ਹੈ । ‘ ਸ਼ੈਤਾਨੀ ਤਾਕਤ’ ਸਾਡਾ ਨੁਕਸਾਨ ਕਰ ਕੇ ਖੁਸ਼ ਹੁੰਦੀ ਹੈ , ਇਸ ਲਈ ਦਿਆਲੂ ਸ਼ਕਤੀ ਨੂੰ , ਜੋ ‘ ਸ਼ੈਤਾਨੀ ਸ਼ਕਤੀ’ ਨਾਲੋਂ ਵਧੇਰੇ ਤਾਕਤਵਰ ਮੰਨੀ ਗਈ ਹੈ , ਧਿਆਨ ਵਿਚ ਰੱਖ ਕੇ ਉਸ ਅੱਗੇ ਅਸੀਂ ਬੇਨਤੀ ਕਰਦੇ ਹਾਂ । ਇਹੋ ਬੇਨਤੀ ਹੀ ਅਰਦਾਸ ਹੈ । ਦੁੱਖਾਂ ਦੀ ਨਵਿਰਤੀ ਲਈ ਮੰਤਰਾਂ ਦੀ ਵਰਤੋਂ ਵੀ ਹੁੰਦੀ ਰਹੀ ਹੈ । ਇਨ੍ਹਾਂ ਦਾ ਅਰਦਾਸ ਦੇ ਵਿਕਾਸ ਵਿਚ ਵਿਸ਼ੇਸ਼ ਸਥਾਨ ਹੈ ।

                  ਆਮ ਅਰਦਾਸ ਵਿਚ ਵਿਅਕਤੀ ਦਾ ਸਵਾਰਥ ਹੁੰਦਾ ਹੈ । ਕਈ ਵਾਰੀ ਆਪਣੇ ਭਲੇ ਦੇ ਨਾਲ ਨਾਲ ਦੂਜੇ ਲਈ ਮੰਦੀ ਭਾਵਨਾ ਵੀ ਹੁੰਦੀ ਹੈ । ਆਪਣੇ ਹਿਤਾਂ ਦੀ ਰੱਖਿਆ ਚਾਹੁੰਦੇ ਹੋਏ , ਦੂਜੇ ਦੇ ਵਿਨਾਸ਼ ਦੀ ਇੱਛਾ ਸਦਾਚਾਰਕ ਗਿਰਾਵਟ ਦੀ ਨਿਸ਼ਾਨੀ ਹੈ । ਇਸ ਲਈ ਸਵਾਰਥ ਵਾਲੀ ਅਰਦਾਸ ਨੀਵੀਂ ਕਿਸਮ ਦੀ ਅਰਦਾਸ ਹੁੰਦੀ ਹੈ । ਉਚੇਰੀ ਕਿਸਮ ਦੀ ਅਰਦਾਸ ਵਿਚ ਸਦਾਚਰਕ ਗੁਣਾਂ ਅਤੇ ਆਤਮਕ ਉੱਚਤਾ ਦੀ ਬਖ਼ਸ਼ਿਸ਼ ਦੀ ਮੰਗ ਕੀਤੀ ਜਾਂਦੀ ਹੈ , ‘ ਸਰਬਤ ਦੇ ਭਲੇ’ ਲਈ ਬੇਨਤੀ ਕੀਤੀ ਹੁੰਦੀ ਹੈ ।

                  ਅਰਦਾਸ ਸਿਦਕ ਅਤੇ ਸ਼ਰਧਾ ਵਿਚੋਂ ਉਪਜਦੀ ਹੈ । ਨਿਸ਼ਚੇ ਤੋਂ ਬਿਨਾਂ ਅਰਦਾਸ ਨਹੀਂ ਹੋ ਸਕਦੀ । ਅਰਦਾਸ ਦੇ ਸਮੇਂ ਅਸੀਂ ਦੋਵੇਂ ਹੱਥ ਜੋੜ ਕੇ ਝੁਕ ਜਾਂਦੇ ਹਾਂ , ਸਾਡੀਆਂ ਅੱਖਾਂ ਮੁੰਦ ਜਾਂਦੀਆਂ ਹਨ ਅਤੇ ਅਸੀਂ ਮਨ ਨੂੰ ਇਕਾਗਰ ਕਰਕੇ ਕਿਸੇ ਅਗੰਮੀ ਸ਼ਕਤੀ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ । ਇਉਂ ਅਰਦਾਸ ਸਾਡੇ ਅਤੇ ਸਾਡੇ ਇਸ਼ਟ ਦੇਵ ਦੇ ਵਿਚਾਲੇ ਇਕ ਪੁਲ ਦਾ ਕੰਮ ਦਿੰਦੀ ਹੈ ।

                  ਅਰਦਾਸ ਹਰ ਵਿਅਕਤੀ ਅਤੇ ਧਰਮ ਨਾਲ ਆਪੋ ਆਪਣੀਆਂ ਲੋੜਾਂ ਅਤੇ ਨਿਸ਼ਾਨੇ ਅਨੁਸਾਰ ਬਦਲਦੀ ਹੈ । ਅਰਦਾਸ ਦੇ ਲੰਮੀ ਜਾਂ ਛੋਟੀ ਹੋਣ ਦਾ ਸਬੰਧ ‘ ਮਨ ਅੰਤਰ ਕੀ ਪੀੜ’ ਨਾਲ ਹੈ । ਇਹ ਹਰ ਸਮੇਂ ਹਰ ਥਾਂ ਕੀਤੀ ਜਾ ਸਕਦੀ ਹੈ । ਧਾਰਮਿਕ ਅਤੇ ਪਵਿੱਤਰ ਸਥਾਨਾਂ ਵਿਚ ਨਿਯਤ ਸਮਿਆਂ ਤੇ ਜਾਪ , ਕਥਾ ਜਾਂ ਕੀਰਤਨ ਪਿਛੋਂ ਅਰਦਾਸਾ ਸੋਧਿਆ ਜਾਂਦਾ ਹੈ । ਇਹ ਅਰਦਾਸ ਨਿਸ਼ਚਿਤ ਹੁੰਦੀ ਹੈ ਅਤੇ ਧਰਮ-ਅਸਥਾਨ ਦਾ ਪੁਜਾਰੀ ਹੀ ਇਸ ਦਾ ਸੋਧਦਾ ਹੈ । ਇਸ ਪਿਛੋਂ ਇਕੱਤਰ ਹੋਈ ਸੰਗਤ ਵਿਚ ‘ ਪ੍ਰਸ਼ਾਦਿ’ ਵੰਡਿਆ ਜਾਂਦਾ ਹੈ । ਸਿੱਖ ਧਰਮ ਦੀ ਅਰਦਾਸ ਵਿਚ ਇਹ ਮਹਾਨ ਵਿਚਾਰ ਮਿਲਦੇ ਹਨ–

                  1. ਮਨ ਨੀਵਾਂ ਮੱਤ ਉੱਚੀ

                  2. ਤੇਰੇ ਭਾਣੇ ਸਰਬਤ ਕਾ ਭਲਾ ।                                                                                                                  


ਲੇਖਕ : ਸੁਰਿੰਦਰ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3335, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਅਰਦਾਸ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

  ਅਰਦਾਸ’ : ਦਾ ਸਿੱਖ ਧਰਮ ਵਿਚ ਮਹੱਤਵਪੂਰਣ ਸਥਾਨ ਹੈ । ਗੁਰਸਿੱਖ ਕੋਈ ਵੀ ਵਿਸ਼ੇਸ਼ ਕਾਰਜ ਅਰੰਭ ਕਰਨ ਸਮੇਂ ਪਹਿਲਾਂ ਅਰਦਾਸ ਕਰਦਾ ਹੈ । ‘ ਅਰਦਾਸ’ ਸ਼ਬਦ ਫ਼ਾਰਸੀ ਸ਼ਬਦ ‘ ਅਰਜਦਾਸ਼ਤ’ ਦਾ ਤਦਭਵ ਰੂਪ ਹੈ । ਬੇਅਰਦਾਸਨਤੀ , ਬੰਦਨਾ , ਜੇਦ਻ੜੀ ਆਦਿ ਇਸ ਦੇ ਸਮਾਨਾਰਥਕ ਸ਼ਬਦ ਹਨ । ਸਿੱਖ ਧਰਮ ਵਿਚ ਬੇਸ਼ਕ ਅਰਦਾਸ ਦਾ ਆਧੁਨਿਕ ਰੂਪ ਮਹਾਰਾਜਾ ਰਣਜੀਤ ਸਿੰਘ ਤੋਂ ਪਿੱਛੋਂ ਨਿਸ਼ਚਿਤ ਹੋਇਆ ਪਰ ਅਰਦਾਸ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਹੁੰਦਾ ਹੈ । ਪ੍ਰਚੱਲਿਤ ਰਵਾਇਤ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਤਲਵੰਡੀ ( ਨਾਨਕਾਣਾ ਸਾਹਿਬ ) ਤੋਂ ਸੁਲਤਾਨਪੁਰ ਨੂੰ ਚਲਣ ਸਮੇਂ ਰਾਇਬੁਲਾਰ ਨੂੰ ਉਪਦੇਸ਼ ਕੀਤਾ ਕਿ ਜਦ ਤੁਹਾਡਾ ਬਲ ਕੰਮ ਨਾ ਕਰੇ ਤਾਂ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਦੇ ਚਰਨਾਂ ਵਿਚ ਖੜੋ ਕੇ ਅਰਦਾਸ ਕਰਨਾ । ਮੁਹਸਨ ਫ਼ਾਨੀ ਨੇ ਲਿਖਿਆ ਹੈ ਕਿ “ ਸਿੱਖ ਲੋੜ ਸਮੇਂ ਗੁਰੂ ਦਰਬਾਰ ਵਿਚ ਹਾਜ਼ਰ ਹੋ ਕੇ ਸੰਗਤ ਪਾਸੋਂ ਅਰਦਾਸ ਕਰਵਾਉਂਦਾ ਸੀ” । ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਤਾਂ ਸਿੱਖ ਵਿਚ ਇਹ ਰਵਾਇਤ ਬਣੀ ਰਹੀ ਤੇ ਇਸ ਪਿੱਛੋਂ ਇਹ ਖਾਲਸਾ ਜੀ ਦੀ ਮਰਿਯਾਦਾ ਬਣ ਗਈ । ਅਰਦਾਸ ਦੀ ਮਹਾਨਤਾ ਨੂੰ ਪ੍ਰਗਟਾਉਣ ਵਾਲੀਆਂ ਕਈ ਇਤਿਹਾਸਕ ਘਟਨਾਵਾਂ ਮਿਲਦੀਆਂ ਹਨ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਸਮੇਂ ਹੁਕਮ ਕੀਤਾ ਕਿ ਭੀੜ ਸਮੇਂ ਪੰਜ ਸਿੰਘ ਲੈ ਕੇ ਅਰਦਾਸ ਕਰਨਾ । ਜੱਸਾ ਸਿੰਘ ਰਾਮਗੜੀਏ ਵਲੋਂ ਤੰਗੀ ਸਮੇਂ ਕੀਤੀ ਅਰਦਾਸ ਸਦਕਾ ਖੂਹ ਵਿਚੋਂ ਪਾਣੀ ਦੀ ਥਾਂ ਮੋਹਰਾਂ ਮਿਲੀਆਂ ਮੰਨੀਆ ਜਾਂਦੀਆਂ ਹਨ । ਮਹਾਰਾਜਾ ਰਣਜੀਤ ਸਿੰਘ ਵਲੋਂ ਅਟਕ ਪਾਰ ਕਰਨ ਸਮੇਂ ਕੀਤੀ ਅਰਦਾਸ ਤੋਂ ਸਾਰਾ ਸਿੱਖ ਜਗਤ ਜਾਣੂ ਹੈ ।            

                  ਅਰਦਾਸ ਦਾ ਸਰੂਪ ਜਾਂ ਆਕਾਰ ਪਹਿਲਾਂ ਪਹਿਲ ਕੋਈ ਨਿਸ਼ਚਿਤ ਨਹੀਂ ਸੀ । ਇਹ ਸਮੇਂ ਦੀ ਲੋੜ ਅਨੁਸਾਰ ਤੇ ਕਾਰਜ ਦੀ ਮਹੱਤਤਾ ਅਨੁਸਾਰ ਅਰਦਾਸ ਕਰਨ ਵਾਲੇ ਵਿਅਕਤੀ ਤੇ ਨਿਰਭਰ ਕਰਦਾ ਸੀ ਪਰ ਅਰਦਾਸ ਪੂਰੀ ਉਹ ਹੀ ਹੁੰਦੀ ਸੀ ਅਤੇ ਅੱਜ ਵੀ ਇਹੀ ਸਮਝੀ ਜਾਂਦੀ ਹੈ ਜੋ ਸੱਚੇ ਮਨੋ ਕੀਤੀ ਜਾਵੇ । ਅਰਦਾਸ ਕੋਈ ਵੀ ਬੱਚਾ , ਬੁੱਢਾ , ਇਸਤਰੀ , ਪੁਰਸ਼ , ਅਮੀਰ , ਗ਼ਰੀਬ ਕਰ ਸਕਦਾ ਹੈ । ਪਰ ਅੱਜ ਕਲ੍ਹ ਇਕ ਗੱਲ ਇਹ ਵੀ ਪ੍ਰਚੱਲਿਤ ਹੋ ਗਈ ਹੈ ਕਿ ਅਰਦਾਸ ਗ੍ਰੰਥੀ ਸਿੰਘ ਪਾਸੋਂ ਹੀ ਕਰਵਾਈ ਜਾਵੇ । ਰਹਿਤਨਾਮਿਆਂ ਅਨੁਸਾਰ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਹਰ ਇਕ ਸਿੱਖ ਪਾਠ ਵੀ ਆਪ ਕਰੇ ਤੇ ਅਰਦਾਸ ਵੀ । ਸਿੱਖ ਧਰਮ ਦੀ ਵਿਸ਼ੇਸ਼ਤਾ ਹੀ ਇਹ ਹੈ ਕਿ ਗੁਰੂ ਜੀ ਨੇ ਸਿੱਖ ਨੂੰ ਸਵੈ– ਨਿਰਭਰ ਕੀਤਾ ਹੈ । ਅਰਦਾਸ ਇਸ ਵਿਸ਼ੇਸ਼ਤਾ ਨੂੰ ਦੁਹਰਾਉਂਦੀ ਹੈ ਤੇ ਇਸ ਵਿਸ਼ੇਸ਼ਤਾ ਵਿਚ ਵਿਸ਼ਵਾਸ ਪ੍ਰਗਟ ਕਰਦੀ ਹੈ ।

                  ਗੁਰਬਾਣੀ ਵਿਚ ਅਰਦਾਸ ਦੀ ਮਰਿਯਾਦਾ ਸਪਸ਼ਟ ਤੌਰ ਤੇ ਦੱਸੀ ਗਈ ਕਿ ਅਰਦਾਸ ਕੇਵਲ ਉਸ ਪ੍ਰਭੂ ਅੱਗੇ ਖੜੇ ਹੋ ਕੇ ਤੇ ਦੋਨੋਂ ਹੱਥ ਜੋੜ ਕੇ ਕਰਨੀ ਚਾਹੀਦੀ ਹੈ :

                                                        ਆਪ ਜਾਣੈ ਕਰੇ ਆਪਿ , ਆਪੇ ਆਣੈ ਰਾਸਿ ।

                                                        ਤਿਸੈ ਅਗੈ ਨਾਨਕ ਖਲੈ ਕੀਚੈ ਅਰਦਾਸਿ ।     – – ( ਵਾਰ ਮਾਰੂ ੧ , ਮਹਲਾ ੨ )

                                                        ਦੁਇ ਕਰ ਜੋੜ ਕਰਉ ਅਰਦਾਸਿ ।                                           – – ( ਸੂਹੀ ਮਹਲਾ ੫ )

                  ਪਰ ਇਹ ਤੁਕਾਂ ਅਰਦਾਸ ਨਹੀਂ , ਅਰਦਾਸ ਦੇ ਮਹੱਤਵ ਦੀਆਂ ਸੂਚਕ ਹਨ । ਕਈ ਸੱਜਣ ‘ ਸੁਖਮਨੀ’ ਦੀ ਇਸ ਪਉੜੀ ‘ ਤੂੰ ਠਾਕੁਰ ਤੁਮ ਪਹਿ ਅਰਦਾਸ’ ਨੂੰ ਹੀ ਪਹਿਲੀ ਅਰਦਾਸ ਮਿਥਦੇ ਹਨ ਪਰ ਇਸ ਸ਼ਬਦ ਵਿਚ ਵੀ ਉਸ ਪ੍ਰਭੂ ਦੀ ਉਸ਼ਤਤ ਕੀਤੀ ਗਈ ਹੈ ਅਤੇ ਉਸ ਅੱਗੇ ਅਰਦਾਸ ਕਰਨ ਦਾ ਉਪਦੇਸ਼ ਹੈ ।

                  ਹੁਣ ਪੰਥ ਵਲੋਂ ਅਰਦਾਸ ਦਾ ਸਰੂਪ ਤੇ ਆਕਾਰ ਨਿਸ਼ਚਿਤ ਕਰ ਦਿੱਤਾ ਗਿਆ ਹੈ ਤੇ ਉਸ ਪ੍ਰਤਿ ਕੁਝ ਨਿਯਮ ਵੀ ਸਥਾਪਿਤ ਕਰ ਦਿੱਤੇ ਗਏ ਹਨ । ਪਰ ਕੁਝ ਲੋਕ ਆਪਣੀ ਵਿਦਵਤਾ ਦਰਸਾਉਣ ਲਈ ਗੁਰਬਾਣੀ ਦੇ ਅਨੇਕਾਂ ਸ਼ਬਦ ਜਾਂ ਕਈ ਪ੍ਰਕਾਰ ਦੇ ਹੋਰ ਵਾਧੇ ਘਾਟੇ ਆਪਣੇ ਕੋਲੋਂ ਹੀ ਕਰ ਲੈਂਦੇ ਹਨ । ਅਜਿਹਾ ਕਰਨਾ ਮਰਿਯਾਦਾ ਦੇ ਉਲਟ ਹੈ । ਅਰਦਾਸ ਸਿਰ ਢੱਕ ਕੇ , ਜੁੱਤੀ ਉਤਾਰ ਕੇ ਕਰਨੀ ਚਾਹੀਦੀ ਹੈ । ਸਫਰ ਵਿਚ ਜਾਂ ਸਵਾਰੀ ਆਦਿ ਉੱਤੇ ਹੋਣ ਦੀ ਸੂਰਤ ਵਿਚ ਸਮੇਤ ਜੁੱਤੀ ਵੀ ਅਰਦਾਸ ਕੀਤੀ ਜਾ ਸਕਦੀ ਹੈ । ਕਿਰਪਾਨ ਮਿਆਨ ਵਿਚੋਂ ਕਢ ਕੇ ਅਰਦਾਸ ਕਰਨੀ ਕੇਵਲ ਜੰਗ ਵਿਚ ਕੂਚ ਕਰਨ ਸਮੇਂ ਹੀ ਵਿਧਾਨ ਹੈ ਪਰ ਦੀਵਾਨ ਵਿਚ ਗੱਲ ਪੱਲੂ ਪਾ ਕੇ ਅਰਦਾਸ ਕਰਨੀ ਹੀ ਯੋਗ ਹੈ ।

                  ਡਾ. ਨੇਕੀ ਅਨੁਸਾਰ ਅਰਦਾਸ ਨੂੰ ਮੋਟੋ ਤੋਰ ਤੇ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ । ਪਹਿਲਾ ਭਾਗ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਭ ਤੋਂ ਪਹਿਲਾਂ ਅਕਾਲ ਪੁਰਖ ਦੀ ਅਰਾਧਨਾ ਉਪਰੰਤ ਨੌਂ ਗੁਰੂ ਸਾਹਿਬਾਨ ਦੀ ਅਰਾਧਨਾ ਦਾ ਵਰਣਨ ਹੈ । ਦੂਜੇ ਭਾਗ ਵਿਚ ਸਿੱਖ ਧਰਮ ਦੇ ਪੰਜ ਪਿਆਰਿਆਂ , ਚਾਰ ਸਾਹਿਬਜ਼ਾਦਿਆਂ , ਸ਼ਹੀਦਾਂ , ਮੁਰੀਦਾਂ , ਹਠੀਆਂ , ਜਪੀਆਂ , ਤਪੀਆਂ ਦਾ ਵਰਣਨ ਹੈ । ਤੀਜੇ ਭਾਗ ਵਿਚ ਸੰਗਤ ਵਲੋਂ ਵਾਹਿਗੁਰੂ ਅੱਗੇ ਸਫਲ– ਮਨੋਰਥ ਹੋਣ ਦੀ ਅਰਦਾਸ ਹੈ । ਚੌਥੇ ਭਾਗ ਵਿਚ ਚੜ੍ਹਦੀ ਕਲਾ ਅਤੇ ਪ੍ਰਭੂ ਦੇ ਭਾਣੇ ਵਿਚ ਰਹਿੰਦਿਆਂ ਸਰਬਤ ਦੇ ਭਲੇ ਦੀ ਮੰਗ ਹੈ ।

                  ਅਰਦਾਸ ਦਾ ਸਭ ਤੋਂ ਵੱਡਾ ਮਹੱਤਵ ਹੀ ਇਹ ਹੈ ਕਿ ਜਿੱਥੇ ਮਨੁੱਖ ਨੂੰ ਕਾਰਜ ਵਿਚ ਸਫਲਤਾ ਬਖ਼ਸ਼ਦੀ ਹੈ , ਉੱਥੇ ਮਨੁੱਖ ਨੂੰ ਦ੍ਰਿੜ੍ਹਤਾ , ਆਤਮਿਕ ਤੇ ਸਵੈ– ਭਰੋਸਾ ਬਖ਼ਸ਼ਦੀ ਹੈ । ਅਸਲੋਂ ਸਿੱਦਕ ਨਾਲ ਕੀਤੀ ਅਰਦਾਸ ਸਰੀਰਿਕ ਤੇ ਮਾਨਸਿਕ ਰੋਗਾਂ ਤੋਂ ਛੁਟਕਾਰਾ ਦਿਵਾਉਂਦੀ ਹੈ । ਅਰਦਾਸ ਉਹ ਸਾਧਨ ਹੈ ਜਿਸ ਨਾਲ ਆਤਮਾ ਤੇ ਪਰਮਾਤਮਾ ਦਾ ਰਿਸ਼ਤਾ ਜੁੜਦਾ ਹੀ ਨਹੀਂ ਸਗੋਂ ਪੱਕਾ ਹੁੰਦਾ ਹੈ । ਆਧੁਨਿਕ ਅਰਦਾਸ ਦੇ ਸਰੂਪ ਤੋਂ ਜਿੱਥੇ ਉਸ ਸਰਬਸ਼ਕਤੀਮਾਨ ਅਕਾਲ ਦੀ ਸੋਝੀ ਹੁੰਦੀ ਹੈ ਉੱਥੇ ਸਾਨੂੰ ਆਪਣੇ ਵਡੇਰਿਆਂ ਵਲੋਂ ਸਿੱਖੀ ਤੇ ਦੇਸ਼ ਲਈ ਘਾਲੀਆਂ ਘਾਲਾਂ ਅਥਵਾ ਸਿੱਖ ਲਹਿਰ ਦੇ ਇਤਿਹਾਸ ਦਾ ਗਿਆਨ ਹੁੰਦਾ ਹੈ ਤੇ ਉਹੋ ਜਿਹਾ ਜੀਵਨ ਬਣਾਉਣ ਲਈ ਪ੍ਰੇਰਣਾ ਮਿਲਦੀ ਹੈ । ਅਰਦਾਸ ਰਾਹੀਂ ਚਉਕੀਆਂ , ਝੰਡਿਆਂ , ਬੁੰਗਿਆਂ ਦੀ ਸਥਾਪਤੀ ਤੇ ਸਿੱਖੀ ਦੇ ਜੀਵਨ ਕੇਂਦਰ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੀ ਭਾਵਨਾ ਜਾਗਦੀ ਹੈ । ਬਿਰਦ ਦੀ ਪੈਜ , ਪੰਥ ਕੀ ਜੀਤ ਤੇ ਸਰਬਤ ਦੇ ਭਲੇ ਦੀ ਭਾਵਨਾ ਪ੍ਰਬਲ ਹੁੰਦੀ ਹੈ ।

[ ਸਹਾ. ਗ੍ਰੰਥ– ਰਤਨ ਸਿੰਘ ਭੰਗੂ : ‘ ਪ੍ਰਾਚੀਨ ਪੰਥ ਪ੍ਰਕਾਸ਼’ ; ਮ. ਕੋ. ; ਗੁ. ਮਾ; ਗਿਆਨੀ ਪ੍ਰਤਾਪ ਸਿੰਘ : ‘ ਗੁਰਮੀਤ ਫ਼ਿਲਾਸਫ਼ੀ’ , ਪੰ. ਨਰੈਣ ਸਿੰਘ ( ਅਨੁ. ) : ‘ ਚੰਡੀ ਦੀ ਵਾਰ ਸਟੀਕ’ ; ਜਸਵੰਤ ਸਿੰਘ ਨੇਕੀ : ‘ ਮਹਾ ਚਾਨਣ’ , ‘ ਪ੍ਰਿੰ. ਗੰਗਾ ਸਿੰਘ’ ( ਲੈਕਚਰ ) ]


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਅਰਦਾਸ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਰਦਾਸ : ਸਿੱਖ-ਧਰਮ ਵਿਚ ਪ੍ਰਚਲਿਤ ਪ੍ਰਾਰਥਨਾ ਜੋ ਆਮ ਤੌਰ ਤੇ ਹਰ ਇਕ ਕਾਰਜ ਦੇ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਪੂਰਤੀ ਦੀ ਅਭਿਲਾਸ਼ਾ ਵਜੋਂ ਜਾਂ ਕਿਸੇ ਹੋਰ ਸਮਾਜਿਕ ਕਾਰਜ ਵੇਲੇ ਕੀਤੀ ਜਾਂਦੀ ਹੈ । ਇਸ ਸ਼ਬਦ ਦੀ ਵਿਉਤਪੱਤੀ ਬਾਰੇ ਦੋ ਧਾਰਣਾਵਾਂ ਪ੍ਰਚਲਿਤ ਹਨ । ਇਕ ਅਨੁਸਾਰ ਇਹ ਫ਼ਾਰਸੀ ਦੇ ‘ ਅਰਜ਼ਦਾਸ਼੍ਰਤ’ ਸ਼ਬਦ ਦਾ ਤਦਭਵ ਰੂਪ ਹੈ । ਦੂਜੀ ਅਨੁਸਾਰ ਇਹ ਸੰਸਕ੍ਰਿਤ ਦੇ ‘ ਅਰ੍ਰਦ੍ਰ’ ਧਾਤੂ ਨਾਲ ‘ ਆਸ਼ਾ’ ( ਆਸ ) ਸ਼ਬਦ ਦੇ ਸੰਯੋਗ ਨਾਲ ਲੋਕ-ਉੱਚਾਰਣ ਅਨੁਰੂਪ ਬਣਿਆ ਸ਼ਬਦ ਹੈ । ਇਨ੍ਹਾਂ ਵਿਚੋਂ ਦੂਜੀ ਵਿਉਤਪੱਤੀ ਜ਼ਿਆਦਾ ਠੀਕ ਪ੍ਰਤੀਤ ਹੁੰਦੀ ਹੈ ਕਿਉਂਕਿ ਰਹਿਰਾਸ , ਸੁਹੇਲਾ ਆਦਿ ਵਾਂਗ ਇਹ ਸ਼ਬਦ ਵੀ ਸਿੱਧਾਂ/ਯੋਗੀਆਂ ਦੀ ਟਕਸਾਲ ਦਾ ਢਲਿਆ ਸਿੱਕਾ ਹੈ । ਇਸ ਸਥਾਪਨਾ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੋ ਜਾਂਦੀ ਹੈ ਕਿ ‘ ਸਿਧ-ਗੋਸਟਿ’ ਵਿਚ ਗੁਰੂ ਨਾਨਕ ਦੇਵ ਨੇ ਸਿੱਧਾਂ ਨਾਲ ਸੰਵਾਦ ਕਰਦਿਆਂ ਇਸ ਸ਼ਬਦ ਦੀ ਵਰਤੋਂ ਯੌਗਿਕ ਪਰਿਪੇਖ ਵਿਚ ਕੀਤੀ ਹੈ— ‘ ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ । /ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰਦੁਆਰੋ’ ( ਅ.ਗ੍ਰੰ. 938 ) । ਉਂਜ ਵੀ ਅਰਦਾਸ ਕਰਨ ਪਿਛੇ ਕਿਸੇ ਨਾ ਕਿਸੇ ਇੱਛਾ ਅਥਵਾ ਆਸ਼ਾ ਦੀ ਭਾਵਨਾ ਅਵੱਸ਼ ਰਹਿੰਦੀ ਹੈ ।

              ਇਸ ਸ਼ਬਦ ਦੀ ਵਰਤੋਂ ਅਤੇ ਅਰਦਾਸ ਕਰਨ ਦੀ ਪਰੰਪਰਾ ਦਾ ਉੱਲੇਖ ਗੁਰੂ ਗ੍ਰੰਥ ਵਿਚ ਹੋਇਆ ਹੈ । ਗੁਰੂ ਨਾਨਕ ਦੇਵ ਨੇ ਅਰਦਾਸ ਵੇਲੇ ਪਰਮਾਤਮਾ ਅਗੇ ਆਤਮ-ਸਮਰਪਣ ਦੀ ਗੱਲ ਕਹੀ ਹੈ— ‘ ਨਾਨਕ ਏਕ ਕਹੈ ਅਰਦਾਸਿ । /ਜੀਉ ਪਿੰਡ ਸਭੁ ਤੇਰੈ ਪਾਸਿ’ । ( ਅ.ਗ੍ਰੰ. 25 ) । ਗੁਰੂ ਅੰਗਦ ਦੇਵ ਨੇ ਖੜੇ ਹੋ ਕੇ ਅਰਦਾਸ ਕਰਨ ਦੀ ਤਾਕੀਦ ਕੀਤੀ ਹੈ— ‘ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ । /ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ’ ( ਅ. ਗ੍ਰੰ. 1093 ) । ਗੁਰੂ ਅਰਜਨ ਦੇਵ ਨੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜਨ ਲਈ ਕਿਹਾ ਹੈ— ‘ ਦੁਇ ਕਰ ਜੋੜਿ ਕਰਉ ਅਰਦਾਸਿ । /ਤੁਧੁ ਭਾਵੈ ਤਾ ਆਣਹਿ ਰਾਸਿ । ’ ( ਅ.ਗ੍ਰੰ. 736-37 ) । ਸਪਸ਼ਟ ਹੈ ਕਿ ਅਰਦਾਸ ਖੜੇ ਹੋ ਕੇ ਅਤੇ ਹੱਥ ਜੋੜ ਕੇ ਸੱਚੇ ਦਿਲੋਂ ਪ੍ਰਭੂ ਅਗੇ ਆਤਮ-ਸਮਰਪਣ ਕਰਦੇ ਹੋਇਆਂ ਕਰਨੀ ਚਾਹੀਦੀ ਹੈ । ਅਰਦਾਸ ਕਰਨ ਨਾਲ ਜਿਗਿਆਸੂ ਦੇ ਮਨ ਵਿਚ ਦ੍ਰਿੜ੍ਹਤਾ-ਪੂਰਵਕ ਆਤਮ-ਬਲ ਦਾ ਸੰਚਾਰ ਹੁੰਦਾ ਹੈ । ਉਹ ਆਤਮ-ਨਿਰਭਰ ਹੁੰਦਾ ਹੈ । ਪਰਮ-ਸੱਤਾ ਦੀ ਸਰਵੋਚਤਾ ਦੀ ਧਾਰਣਾ ਉੁਸ ਦੇ ਮਨ ਵਿਚ ਬਣੀ ਰਹਿੰਦੀ ਹੈ । ਹਉਮੈ , ਦੁਬਿਧਾ ਅਤੇ ਸੁਆਰਥ ਜਿਹੇ ਅਨੇਕ ਵਿਕਾਰ ਖ਼ਤਮ ਹੁੰਦੇ ਹਨ । ਆਤਮ-ਵਿਸ਼ਵਾਸ ਦੇ ਵਿਕਸਿਤ ਹੋਣ ਨਾਲ ਅਸੰਭਵ ਸਥਿਤੀ ਸੰਭਵ ਵਿਚ ਬਦਲ ਜਾਂਦੀ ਹੈ । ਸਿੱਖ ਇਤਿਹਾਸ ਦੀਆਂ ਅਨੇਕ ਘਟਨਾਵਾਂ ਇਸ ਕਥਨ ਦੀ ਸਾਖ ਭਰਦੀਆਂ ਹਨ ।

                  ਅਰਦਾਸ ਦਾ ਗੁਰੂ-ਕਾਲ ਵੇਲੇ ਕੀ ਸਰੂਪ ਸੀ , ਇਸ ਬਾਰੇ ਹੁਣ ਕਹਿ ਸਕਣਾ ਸਰਲ ਨਹੀਂ , ਪਰ ਅਰਦਾਸ ਕਰਨ/ਕਰਾਉਣ ਦੀ ਪਰੰਪਰਾ ਮੌਜੂਦ ਸੀ । ਇਸ ਦੀ ਪੁਸ਼ਟੀ ਜਨਮਸਾਖੀ-ਸਾਹਿੱਤ , ਦਬਿਸਤਾਨੇ-ਮਜ਼ਹਬ ਅਤੇ ਗੁਰੂ- ਇਤਿਹਾਸ ਤੋਂ ਹੋ ਜਾਂਦੀ ਹੈ । ਅਰਦਾਸ ਦਾ ਵਰਤਮਾਨ ਰੂਪ ਮਿਸਲਾਂ ਵੇਲੇ ਪ੍ਰਚਲਿਤ ਹੋਇਆ ਪ੍ਰਤੀਤ ਹੁੰਦਾ ਹੈ । ਇਸ ਪਹਿਲਾਂ ‘ ਚੰਡੀ ਦੀ ਵਾਰ’ ਦੀ ਪਹਿਲੀ ਪਉੜੀ ਪੜ੍ਹ ਕੇ ਅਤੇ ਦਸਮ ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਦੀ ਆਰਧਨਾ ਕਰ ਕੇ , ਪਿਰ ਪੰਜ ਪਿਆਰਿਆਂ , ਚਾਰ ਸਾਹਿਬਜ਼ਦਿਆਂ ਅਤੇ ਪ੍ਰੰਥ ਲਈ ਸਭ ਕੁਝ ਨਿੱਛਾਵਰ ਕਰਨ ਵਾਲੇ ਸ਼ਹੀਦਾਂ ਦੇ ਸਾਕਿਆਂ ਨੂੰ ਯਾਦ ਕਰਕੇ ਪਰਮ-ਸੱਤਾ ਅਗੇ ਮਨੋਰਥ ਨੂੰ ਸਪਸ਼ਟ ਕੀਤਾ ਜਾਂਦਾ ਹੈ ਅਤੇ ਅੰਤ ਵਿਚ ਚੜ੍ਹਦੀ-ਕਲਾ ਦੇ ਸੰਕਲਪ ਨੂੰ ਦ੍ਰਿੜ੍ਹ ਕਰਦੇ ਹੋਇਆਂ ਸਰਬਤ੍ਰ ਦੇ ਭਲੇ ਦੀ ਕਾਮਨਾ ਕੀਤੀ ਜਾਂਦੀ ਹੈ । ਕਈ ਗ੍ਰੰਥੀ ਸਿੰਘ ਅਥਵਾ ਸ਼ਰਧਾਲੂ ਪ੍ਰੇਮ ਵਸ ਕਈ ਨਿਮਰਤਾ ਅਥਵਾ ਬਿਨੈ ਸੂਚਕ ਸ਼ਬਦ ਹੋਰ ਜੋੜ ਕੇ ਅਰਦਾਸ ਕੀਤੀ ਜਾਏ , ਪਰ ਚੂੰਕਿ ਇਹ ਭਾਵਨਾ ਨਾਲ ਸੰਬੰਧਿਤ  ਅਭਿਵਿਆਕਤੀ ਹੈ , ਇਸ ਲਈ ਜਿਗਿਆਸੂ ਦੀ ਭਾਵਨਾ ਨੂੰ ਕਿਸੇ ਪ੍ਰਕਾਰ ਦੇ ਕਠਘਰੇ ਵਿਚ ਬੰਨ੍ਹਿਆ ਵੀ ਨਹੀਂ ਜਾ ਸਕਦਾ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.