ਅਵਿਦਿਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਵਿਦਿਆ . ਦੇਖੋ , ਅਵਿਦ੍ਯਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 762, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਵਿਦਿਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਅਵਿਦਿਆ : ਭਾਰਤੀ ਦਰਸ਼ਨ ਅਨੁਸਾਰ ‘ ਅਵਿਦਿਆ’ ( ਅਵਿਦੑਯਾ ) ਤੋਂ ਭਾਵ ਹੈ ‘ ਮਾਇਆ ’ । ਇਹ ਮਾਇਆ ਦੀ ਉਹ ਦਸ਼ਾ ਹੈ ਜਿਸ ਵਿਚ ਮਨੁੱਖ ਅਗਿਆਨ ਵਿਚ ਪੂਰੀ ਤਰ੍ਹਾਂ ਫਸ ਕੇ ਬ੍ਰਹਮ ਤੋਂ ਵਖ ਹੋ ਜਾਂਦਾ ਹੈ । ‘ ਭ੍ਰਮ ’ ਜਾਂ ‘ ਅਗਿਆਨ’ ਇਸ ਦੇ ਸਮਾਨਾਰਥਕ ਸ਼ਬਦ ਹਨ । ਇਸ ਨੂੰ ਅਚੇਤਨਤਾ ਦੀ ਅਵਸਥਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਹੈ ਚੇਤਨਤਾ ਦੀ ਹੀ ਅਵਸਥਾ , ਪਰ ਇਸ ਅਵਸਥਾ ਵਿਚ ਜਿਸ ਵਸਤੂ ਦਾ ਗਿਆਨ ਹੁੰਦਾ ਹੈ ਉਹ ਵਾਸਤਵਿਕ ਨਹੀਂ , ਮਿਥਿਆ ਹੁੰਦੀ ਹੈ । ਇਸ ਅਵਸਥਾ ਵਿਚ ਮਨੁੱਖ ਸੰਸਾਰ ਨੂੰ ਸਤਿ ਮੰਨ ਲੈਂਦਾ ਹੈ ਅਤੇ ਵਾਸਤਵਿਕ ਸਤਿ ‘ ਬ੍ਰਹਮ’ ਨੂੰ ਭੁਲ ਜਾਂਦਾ ਹੈ । ਇਹ ਸਥਿਤੀ ਅਹੰਕਾਰ ਜਾਂ ਹਉਮੈ ਦੀ ਹੈ । ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਪਰਮਾਨੰਦ ਦੀ ਬਾਣੀ ਵਿਚ ਅਪਯਸ਼ ਦੇ ਕਾਰਣ-ਸਰੂਪ ਅਵਿਦਿਆ ਨੂੰ ਸਾਧਣ ਦੀ ਗੱਲ ਕਹੀ ਗਈ ਹੈ— ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ( ਗੁ.ਗ੍ਰੰ.1253 ) । ਭਗਤ ਰਵਿਦਾਸ ਨੇ ਸੰਸਾਰ ਨੂੰ ਅਵਿਦਿਆ ਵਿਚ ਹਿਤ ਪਾਲਣ ਵਾਲਾ ਕਿਹਾ ਹੈ — ਮਾਧੋ ਅਬਿਦਿਆ ਹਿਤ ਕੀਨ ( ਗੁ.ਗ੍ਰੰ.486 ) ।

                      ‘ ਭ੍ਰਮ’ ਦੀ ਪਰਿਭਾਸ਼ਾ ਕਰਦਿਆਂ ਆਚਾਰਯ ਸ਼ੰਕਰ ਨੇ ਕਿਹਾ ਹੈ ਕਿ ਪਹਿਲਾਂ ਵੇਖੀ ਹੋਈ ਵਸਤੂ ਦੇ ਮਨ ਉਤੇ ਪਏ ਬਿੰਬ ਜਾਂ ਸਮ੍ਰਿਤੀ-ਛਾਇਆ ਨੂੰ ਕਿਸੇ ਦੂਜੀ ਵਸਤੂ ਉਤੇ ਆਰੋਪਿਤ ਕਰਨਾ ‘ ਭ੍ਰਮ’ ਹੈ । ਦਾਰਸ਼ਨਿਕ ਸ਼ਬਦਾਵਲੀ ਵਿਚ ਇਸ ਨੂੰ ਅਧਿਆਸ ( ਅਧੑਯਾਸ ) ਕਿਹਾ ਜਾਂਦਾ ਹੈ । ਉਦਾਹਰਣ ਵਜੋਂ ਰੱਸੀ ਵਿਚ ਸੱਪ ਦਾ ਭ੍ਰਮ ਅਵਿਦਿਆ ਕਾਰਣ ਹੁੰਦਾ ਹੈ । ਇਸੇ ਤਰ੍ਹਾਂ ਅਵਿਦਿਆ ( ਮਾਇਆ ) ਆਤਮਾ ਵਿਚ ਅਨਾਤਮ ਵਸਤੂ ਦਾ ਆਰੋਪ ਕਰਦੀ ਹੈ । ਸੰਸਾਰ ਵਿਵਹਾਰ ਰੂਪ ਵਿਚ ਹੀ ਸਤਿ ਹੈ , ਪਰਮਾਰਥ ਰੂਪ ਵਿਚ ਮਿਥਿਆ ਹੈ , ਭ੍ਰਮ ਹੈ , ਮਾਇਆ ਹੈ ।

                      ਮਾਇਆ ਜੇ ਸਭ ਲਈ ( ਸਮਸ਼ਟੀਗਤ ) ਭ੍ਰਮ ਦਾ ਕਾਰਣ ਹੈ ਤਾਂ ਅਵਿਦਿਆ ਵਿਅਕਤੀਗਤ ਭ੍ਰਮ ਦਾ ਕਾਰਣ ਹੈ । ਦੂਜੇ ਸ਼ਬਦਾਂ ਵਿਚ ਅਵਿਦਿਆ ਸਮਸ਼ਟੀ ਰੂਪ ਵਿਚ ਮਾਇਆ ਹੈ ਅਤੇ ਮਾਇਆ ਵਿਅਸ਼ਟੀ ਰੂਪ ਵਿਚ ਅਵਿਦਿਆ ਹੈ ।

                      ਅਵਿਦਿਆ ਦੋ ਤਰ੍ਹਾਂ ਦੀ ਹੁੰਦੀ ਹੈ । ਇਕ , ਉਹ ਜੋ ਮੂਲ ਆਧਾਰ ਵਸਤੂ ( ਅਧਿਸ਼ਠਾਨ ) ਨੂੰ ਢਕ ਲੈਂਦੀ ਹੈ ਜਾਂ ਵੇਖਣ ਵਿਚ ਰੁਕਾਵਟ ਪੈਦਾ ਕਰਦੀ ਹੈ , ਜਿਵੇਂ ਬ੍ਰਹਮ ਨੂੰ ਨ ਸਮਝ ਸਕਣਾ । ਦੂਜੀ , ਉਹ ਜੋ ਮੂਲ ਆਧਾਰ ਵਸਤੂ ਉਤੇ ਕਿਸੇ ਦੂਜੀ ਵਸਤੂ ਦਾ ਆਰੋਪ ਕਰ ਦਿੰਦੀ ਹੈ , ਜਿਵੇਂ ਰੱਸੀ ਉਤੇ ਸਤਿ ਦਾ ਆਰੋਪ । ਅਵਿਦਿਆ ਸਦ ਅਸਦ ਵਿਲੱਖਣ ( ਸਦਸਦੑਵਿਲਕੑਸ਼ਣ ) ਹੈ । ਅਵਿਦਿਆ ਅਨਾਦਿ ਤੱਤ੍ਵ ਹੈ । ਅਵਿਦਿਆ ਹੀ ਬੰਧਨ ਦਾ ਕਾਰਣ ਹੈ । ਇਸੇ ਦੇ ਪ੍ਰਭਾਵ ਕਾਰਣ ਅਹੰਕਾਰ ਜਾਂ ਹਉਮੈ ਦੀ ਉਤਪੱਤੀ ਹੁੰਦੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.