ਅਹੰਕਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਹੰਕਾਰ [ ਨਾਂਪੁ ] ਹੰਕਾਰ , ਘਮੰਡ , ਹਉਂਮੈਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਹੰਕਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਹੰਕਾਰ. ਸੰਗ੍ਯਾ— ਅਭਿਮਾਨ. ਹੌਮੈ. ਘਮੰਡ. “ ਅਹੰਕਾਰ ਤਿਸਨਾ ਰੋਗੁ ਲਗਾ.” ( ਆਸਾ ਛੰਤ ਮ : ੩ ) ੨ ਵੇਦਾਂਤਮਤ ਅਨੁਸਾਰ ਅੰਤਹਕਰਣ ਦਾ ਇੱਕ ਭੇਦ , ਜਿਸ ਦਾ ਵਿ੄੶ ਹੌਮੈ ਹੈ. ਅਹੰਕਾਰ ਰੂਪ ਵ੍ਰਿੱਤਿ । ੩ ਸਾਂਖ੍ਯ ਸ਼ਾਸਤ੍ਰ ਅਨੁਸਾਰ ਮਹਤਤ੍ਵ ( ਬੁੱਧਿ ) ਤੋਂ ਉਪਜਿਆ ਇੱਕ ਦ੍ਰਵ੍ਯ , ਜੋ ਮਹਤਤ੍ਵ ਦਾ ਵਿਕਾਰ ਹੈ , ਅਤੇ ਜਿਸ ਦੀ ਸਾਤ੍ਵਿਕ ਅਵਸਥਾ ਤੋਂ ਗ੍ਯਾਨਇੰਦ੍ਰੀਆਂ ਦੇ ਅਭਿਮਾਨੀ ਦੇਵਤੇ ਅਤੇ ਮਨ ਉਪਜਦੇ ਹਨ. ਰਾਜਸ ਤੋਂ ਪੰਜ ਗ੍ਯਾਨਇੰਦ੍ਰੀਆਂ ਅਤੇ ਪੰਜ ਕਰਮਇੰਦ੍ਰੀਆਂ ਉਪਜਦੀਆਂ ਹਨ , ਅਤੇ ਤਾਮਸ ਤੋਂ ਪੰਜ ਤੱਤਾਂ ਦੀ ਰਚਨਾ ਹੁੰਦੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3210, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਹੰਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹੰਕਾਰ : ਵੇਖੋ ‘ ਹੰਕਾਰ ’ , ‘ ਹਉਮੈ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3059, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਹੰਕਾਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਹੰਕਾਰ : ਪੰਜਾਬੀ ਵਿਚ ‘ ਹੰਕਾਰ` ਸੰਸਕ੍ਰਿਤ ਦੇ ਅਹੰ ( ਮੈਂ ) ਅਤੇ ਕਾਰ ( ਅਕਾਰ ਦੇਣ ਵਾਲਾ ) ਦਾ ਸਮਾਸ ਹੈ ਜਿਸ ਦਾ ਅਰਥ ਹੈ ‘ ਮੈਂ` ਨੂੰ ਰੂਪਾਕਾਰ ਕਰਨ ਵਾਲਾ ਅਰਥਾਤ ਵਿਅਕਤੀ ਨੂੰ ਨਿੱਜਵਾਦੀ ਬਣਾਉਣ ਵਾਲਾ । ਇਹ ਹਉਮੈ , ਘਮੰਡ , ਸਵੈਕੇਂਦਰਿਤਾ , ਦਿਖਾਵਾ , ਜਾਂ ਅਭਿਮਾਨ ਦਾ ਅਰਥ ਦਿੰਦਾ ਹੈ ।

      ਸਿੱਖ ਧਰਮ ਗ੍ਰੰਥਾਂ ਵਿਚ ਵਰਤੇ ਗਏ ਮਾਨ , ਅਭਿਮਾਨ , ਗਰਬ , ਗੁਮਾਨ , ਅਹੰ , ਅਹੰਮੇਉ , ਅਹੰਬੁਧ , ਹਉਮੈ ਅਤੇ ਖ਼ੁਦੀ ਅਹੰਕਾਰ ਦੇ ਸਮਾਨਾਰਥਕ ਹਨ । ਘਮੰਡ ਸੰਸਾਰ ਦੀਆਂ ਸਾਰੀਆਂ ਨੈਤਿਕ ਪ੍ਰਣਾਲੀਆਂ ਅਨੁਸਾਰ ਇਕ ਅਉਗਣ ਹੈ; ਪੱਛਮੀ ਧਾਰਮਿਕ ਸਾਹਿਤ ਵਿਚ ਇਹ ਸੱਤ ਘਾਤਕ ਪਾਪਾਂ ਵਿਚੋਂ ਇਕ ਗਿਣਿਆ ਜਾਂਦਾ ਹੈ । ਸਿੱਖ ਧਰਮ ਇਸ ਨੂੰ ਸਾਂਖ ਅਤੇ ਬੁੱਧ ਮਤ ਦੀ ਤਰ੍ਹਾਂ ਪਰਾਭੌਤਿਕ ਕਲਪਨਾ ਨਹੀਂ ਮੰਨਦਾ ਸਗੋਂ ਇਹਨਾਂ ਨੂੰ ਪੰਜ ਆਮ ਮਨੁੱਖੀ ਕਮਜ਼ੋਰੀਆਂ ਜਾਂ ਬੁਰਾਈਆਂ ਵਿਚੋਂ ਇਕ ਮੰਨਦਾ ਹੈ । ਅਹੰਕਾਰ ਫੋਕਾ ਅਭਿਮਾਨ ਅਤੇ ਫੁਕਰਾਪਨ ਹੈ ਜਿਹੜਾ ਆਪਣੀਆਂ ਚੰਗਿਆਈਆਂ ਨੂੰ ਬਹੁਤ ਵਧਾ ਚੜ੍ਹਾ ਕੇ ਵੇਖਣ ਦੀ ਭਾਵਨਾ ਵਿਚੋਂ ਪੈਦਾ ਹੁੰਦਾ ਹੈ । ਇਹ ਚੰਗਿਆਈ ਵਾਸਤਵਿਕ ਅਥਵਾ ਕਾਲਪਨਿਕ ਬੁੱਧੀਮੱਤਾ , ਵਿਦਵਤਾ , ਸਰੀਰਕ ਬਲ ਜਾਂ ਸੁੰਦਰਤਾ , ਸੰਸਾਰੀ ਰੁਤਬਾ ਅਤੇ ਜਾਇਦਾਦ ਜਾਂ ਆਤਮ ਪ੍ਰਾਪਤੀ ਵੀ ਹੋ ਸਕਦੀ ਹੈ । ਸੋਮਾ ਇਸ ਦਾ ਕੋਈ ਵੀ ਹੋਵੇ , ਅਹੰਕਾਰ ਨੂੰ ਇਕ ਕਮਜ਼ੋਰੀ ਮੰਨਿਆ ਗਿਆ ਹੈ । ਗੁਰੂ ਅਮਰ ਦਾਸ ਜੀ ਦਾ ਕਥਨ ਹੈ; ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ । ( ਗੁ.ਗ੍ਰੰ : 592 ) । ਗੁਰੂ ਸਾਹਿਬ ਅੱਗੇ ਫਿਰ ਕਹਿੰਦੇ ਹਨ : ‘ ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ` ॥ ( ਗੁ. ਗ੍ਰੰ. 560 ) । ਗੁਰੂ ਅਰਜਨ ਦੇਵ ਜੀ ਅਹੰਕਾਰ ਦਾ ਮਾਨਵੀਕਰਣ ਕਰਕੇ ਸੰਬੋਧਨ ਕਰਦੇ ਹੋਏ ਕਹਿੰਦੇ ਹਨ : ‘ ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ ॥ ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸਤੀਰਨਹ ॥ ` ( ਗੁ.ਗ੍ਰੰ. 1358 ) । ਹੰਕਾਰ ਕਰਕੇ ਗੁਣ ਅਤੇ ਪਵਿੱਤਰਤਾਵਾਂ ਵੀ ਵਿਅਰਥ ਜਾਂਦੇ ਹਨ ਜਿਵੇਂ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਹੈ , “ ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥ " ( ਗੁ. ਗ੍ਰੰ. 1428 )

      ਸਿੱਖ ਧਰਮ ਵਿਚ ਇਸ ਦਾ ਇਲਾਜ ਨਿਮਰਤਾ ਅਤੇ ਸੇਵਾ ਦੱਸਿਆ ਗਿਆ ਹੈ । ਦੋਵੇਂ ਇਕ ਦੂਜੇ ਦੇ ਪੂਰਕ ਗੁਣ ਹਨ । ਗੁਰੂ ਅਰਜਨ ਦੇਵ ਜੀ ਅਨੁਸਾਰ ਨਿਮਰਤਾ ਅਹੰਕਾਰ ਦੇ ਖਿਲਾਫ਼ ਹੀ ਨਹੀਂ ਸਗੋਂ ਸਾਰੇ ਵਿਕਾਰਾਂ ਜਾਂ ਬੁਰੇ ਰੁਝਾਨਾਂ ਤੋਂ ਛੁਟਕਾਰਾ ਪਾਉਣ ਦਾ ਸਾਧਨ ਵੀ ਹੈ । ਉਹ ਫੁਰਮਾਉਂਦੇ ਹਨ : “ ਗਰੀਬੀ ਗਦਾ ਹਮਾਰੀ ॥ ਖੰਨਾ ਸਗਲ ਰੇਨੁ ਛਾਰੀ ॥ ਇਸੁ ਆਗੈ ਕੋ ਨ ਟਿਕੈ ਵੇਕਾਰੀ ॥ " ( ਗੁ.ਗ੍ਰੰ. 628 ) । ਸਿੱਖ ਮਤ ਵਿਚ ਸੇਵਾ ਸਭ ਤੋਂ ਉੱਤਮ ਗੁਣ ਹੈ । ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ : “ ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥ ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥ " ( ਗੁ. ਗ੍ਰੰ.811 ) । ਬ੍ਰਹਿਮੰਡੀ ਵਿਸ਼ਾਲਤਾ ਦੇ ਸੰਦਰਭ ਵਿਚ ਮਨੁੱਖ ਨੂੰ ਆਪਣੀ ਨਿਗੂਣਤਾ ਅਤੇ ਅਸਥਿਰਤਾ ਬਾਰੇ ਚੇਤਨ ਹੋਣਾ ਹਉਮੈ ਨਵਿਰਤੀ ਦਾ ਇਕ ਹੋਰ ਵਸੀਲਾ ਹੈ । ਕਬੀਰ ਜੀ ਉਹਨਾਂ ਘਮੰਡੀ ਮਨੁੱਖਾਂ ‘ ਤੇ ਹੈਰਾਨ ਹੁੰਦੇ ਹਨ ਜੋ ਬਹੁਤ ਛੋਟੀਆਂ ਗੱਲਾਂ ‘ ਤੇ ਅਭਿਮਾਨ ਕਰਦੇ ਹਨ । ਕਬੀਰ ਜੀ ਕਹਿੰਦੇ ਹਨ “ ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥ ( ਗੁ.ਗ੍ਰੰ.1251 ) । ਉਚਿਤ ਸਵਾਭਿਮਾਨ ਅਤੇ ਸਵੈਸਨਮਾਨ ਦੇ ਖਿਆਲ ਨੂੰ ਗਲਤੀ ਨਾਲ ਹੰਕਾਰ ਨਹੀਂ ਸਮਝ ਲੈਣਾ ਚਾਹੀਦਾ । ਨਿਮਰਤਾ ਇਹਨਾਂ ਵਿਚੋਂ ਪਹਿਲੇ ਨੂੰ ਰੱਦ ਨਹੀਂ ਕਰਦੀ । ਗੁਰੂ ਨਾਨਕ ਦੇਵ ਜੀ ਕਹਿੰਦੇ ਹਨ : “ ਜੇ ਜੀਵੈ ਪਤਿ ਲਥੀ ਜਾਇ । ਸਭੁ ਹਰਾਮੁ ਜੇਤਾ ਕਿਛੁ ਖਾਇ । " ( ਗੁ.ਗ੍ਰੰ. 142 ) ।


ਲੇਖਕ : ਲ.ਮ.ਜ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3059, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਹੰਕਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਹੰਕਾਰ ( ਸੰਸਕ੍ਰਿਤ ਅਹਙੑਕਾਰ ) ਹਉਮੈ , ਹੰਕਾਰ , ਅਭਿਮਾਨ , ਗੁਮਾਨ । ਯਥਾ-‘ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ । ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3059, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਹੰਕਾਰ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਹੰਕਾਰ : ਵੇਖੋ ‘ ਅਹੰਵਾਦ’

ਅਹੰਵਾਦ :   ‘ ਅਹੰ’ ਦੇ ਕੋਸ਼ਗਤ ਅਰਥ ਹਨ ਅਹੰਕਾਰ ਜਾਂ ਅਭਿਮਾਨ । ਪੰਜ ਮਹਾਂ ਦੋਖਾਂ ਵਿਚੋਂ ਇਹ ਇਕ ਹੈ ਤੇ ਬਾਕੀ ਚਾਰ ਹਨ– ਕਾਮ , ਕ੍ਰੋਧ , ਲੋਭ ਤੇ ਮੋਹ । ਗੁਰਮਤਿ ਵਿਚ ‘ ਅਹੰ’ ਦੀ ਨਿਕ੍ਰਿਸ਼ਟਤਾ ਦਾ ਚਿਤ੍ਰਣ ਕਰਦੇ ਹੋਇਆਂ ਇਸ ਨੂੰ ਤਿਆਗਣ ਤੇ ਬਲ ਦਿੱਤਾ ਗਿਆ ਹੈ । ਇਸ ਲਈ ਗੁਰਬਾਣੀ ਵਿਚ  ‘ ਹਉਮੈ’ ਪਰਿਭਾਸ਼ਿਕ ਸ਼ਬਦ ਦੀ ਵਰਤੋਂ ਵੀ ਕੀਤੀ ਗਈ ਹੈ ।

                  ਅਹੰ ਦੇ ਤਿਆਗਣ ਨਾਲ ਮਨੁੱਖੀ ਮਨ ‘ ਜੋਤਿ ਸਰੂਪ’ ਬਣ ਜਾਂਦਾ ਹੈ ਤੇ ਇਸੇ ‘ ਅਹੰ’ ਦਾ ਵਿਕ੍ਰਿਤ ਰੂਪ ਸੁਕ੍ਰਿਤ ਤੇ ਸੁਕੁਮਾਰ ਹੋ ਕੇ ‘ ਸੋਹੰ’ ਹੋ ਜਾਂਦਾ ਹੈ , ਜਿਸ ਨੂੰ ਪੁਰਾਤਨ ਭਾਰਤੀ ਦਰਸ਼ਨ ‘ ਅਹੰ ਬ੍ਰਹਮ ਅਸਮਿ’ ਆਖਦਾ ਹੈ । ਗੁਰਬਾਣੀ ਵਿਚ ਇਹ ਤੁਕਾਂ ਅਹੰ ਦੇ ਵਿਕ੍ਰਿਤ ਰੂਪ ਨੂੰ ਦਰਸਾਉਂਦੀਆਂ ਹਨ ਤੇ ਇਸ ਦੇ ਮਿਟਾਉਣ ਨੂੰ ਹੀ ਇਸ ਦਾ ਇਲਾਜ ਦਸਦੀਆਂ ਹਨ :

ਹਉਮੈ ਦੀਰਘ ਰੋਗ ਹੈ , ਦਾਰੂ ਭਿ ਇਸ ਮਾਹਿ ।                                                         – – ( ਆਸਾ. ਮ. ੧ )

                  ਅਹੰ ਦੇ ਪਰਿਆਇਵਾਚੀ ਹੋਰ ਸ਼ਬਦ ਜੋ ਆਮ ਤੌਰ ਤੇ ਵਰਤੇ ਜਾਂਦੇ ਹਨ ਉਹ ਹਨ ‘ ਅਹੰਕਾਰ’ , ‘ ਅਹੰਤਾ’ , ‘ ਅਹਮੑ’ । ‘ ਅਹੰਕਾਰ’ ਸ਼ਬਦ ਬਹੁਤ ਪ੍ਰਾਚੀਨ ਹੈ । ਯੋਗੀਆਂ ਦੇ ਵਜ੍ਰਯਾਨੀ  ਫਿਰਕੇ ਵਿਚ ‘ ਅਹੰਕਾਰ’ ਸ਼ਬਦ ਦਾ ਪ੍ਰਯੋਗ ਹੁੰਦਾ ਰਿਹਾ ਹੈ । ਆਪਣੇ ਆਪ ਨੂੰ ਦੇਵਤਾ ਸਮਝਣਾ ਵਜ੍ਰਯਾਨੀ ਸਾਧਨਾ ਵਿਚ ‘ ਅਹੰਕਾਰ’ ਅਖਵਾਉਂਦਾ ਹੈ । ਵਜ੍ਰਯਾਨੀ ਮੰਨਦੇ ਹਨ ਕਿ ਸਾਧਨਾ ਸੰਪੂਰਣ ਹੋਣ ਉਤੇ ਸਾਧਕ ਵਿਚ ਇਕ ਆਵੇਸ਼ ਜਾਗਦਾ ਹੈ । ਉਸ ਆਵੇਸ਼ ਦੇ ਕਾਰਣ ਉਹ ਦੇਵਤਾ ਜਿਸ ਦੀ ਸਾਧਕ ਨੇ ਸਾਧਨਾ ਕੀਤੀ ਹੁੰਦੀ ਹੈ , ਸਾਧਕ ਨੂੰ ਆਪਣਾ ਮਾਧਿਅਮ ਬਣਾ ਲੈਂਦਾ ਹੈ ਤੇ ਆਪਣੇ ਆਪ ਨੂੰ ਉਸ ਵਿਚ ਪ੍ਰਗਟ ਕਰਦਾ ਹੈ । ‘ ਅਹੰ’ ਦੀ ਅਨੁਭੂਤੀ ਅਹੰਤਾ ਹੈ , ਜਾਂ  ‘ ਅਹੰ’ ਦੀ ਮਨੋਵਿਗਿਆਨਕ ਮਹੱਤਾ ਨੂੰ ‘ ਅਹੰਤਾ’ ਆਖਦੇ ਹਨ । ਸੰਸਕ੍ਰਿਤ ਵਿਚ ਅਹੰਤਾ ਦਾ ਅਰਥ ਹੈ ‘ ਮੈਪੁਣਾ’ । ਸ਼ਬਦ ‘ ਅਹਮੑ’ ਵੇਦਾਂਤ ਵਿਚੋਂ ਆਇਆ ਹੈ । ਉੱਥੇ ਇਸ ਦੇ ਅਰਥ ਅਹੰਕਾਰ ਜਾਂ ਮਮਤਾ ਹਨ ਪਰ ਆਧੁਨਿਕ ਮਨੋਵਿਗਿਆਨ ਨੇ ਇਸ ਨੂੰ ਵਿਸ਼ੇਸ਼ ਅਰਥਾਂ ਲਈ ਵਰਤਿਆ ਹੈ । ਫਰਾਇਡ ਨੇ ਮਨੁੱਖੀ ਅਹੰ ਦੀਆਂ ਤਿੰਨ ਤਹਿਆਂ ਮਿਥੀਆਂ ਹਨ– ਇਡ , ਈਗੋ ਤੇ ਸੁਪਰ ਈਗੋ ( ਵੇਖੋ ‘ ਉੱਚ ਅਹੰ’ ) । ਅਹੰਵਾਦ ਉਹ ਮਨੋਵਿਗਿਆਨ ਸਿਧਾਂਤ ਹੈ ਜਿਸ ਵਿਚ ਅਹੰ , ਖੁਦੀ , ਹਉਮੈ ਜਾਂ ‘ ਮੈ’ ਨੂੰ ਹੀ ਪ੍ਰਮੁੱਖ ਤੇ ਸਭ ਕੁਝ ਮੰਨਿਆ ਜਾਂਦਾ ਹੈ ।

                  ਪੰਜਾਬੀ ਸਾਹਿੱਤ ਵਿਚ ‘ ਅਹੰ’ ਦੀ ਵਧੇਰੇ ਵਰਤੋਂ ਪ੍ਰਯੋਗਸ਼ੀਲ ਕਵੀਆਂ ਵਲੋਂ ਹੋਈ ਹੈ , ਪਰ ਅਹੰ ਇੱਥੇ ਜਾਂ ਪੰਜਾਬੀ ਸਾਹਿੱਤ ਵਿਚ ਕਿਧਰੇ ਵੀ ‘ ਵਾਦ’ ਨਹੀਂ ਬਣ ਸਕਿਆ ਤੇ ਨਾ ਹੀ ਸਿਧਾਂਤ ਰੂਪ ਵਿਚ ਇਸ ਨੂੰ ਅਪਣਾਇਆ ਗਿਆ ਹੈ । ਡਾ. ਹਰਿਭਜਨ ਸਿੰਘ , ਬਾਵਾ ਬਲਵੰਤ , ਸੁਖਪਾਲਵੀਰ ਸਿੰਘ ਹਸਰਤ , ਦੇਵਿੰਦਰ ਸਤਿਆਰਥੀ , ਜਸਵੰਤ ਸਿੰਘ ਨੇਕੀ , ਜਸਬੀਰ ਸਿੰਘ ਆਹਲੂਵਾਲੀਆ ਆਦਿ ਕਵੀਆਂ ਨੇ ‘ ਅਹੰ’ ਨੂੰ ਵਿਸ਼ੇ ਦੇ ਤੌਰ ਤੇ ਤਾਂ ਲਿਆ ਹੈ ਪਰ ਸਿਧਾਂਤ ਰੂਪ ਵਿਚ ਇਸ ਦਾ ਚਿਤ੍ਰਣ ਨਹੀਂ ਕੀਤਾ ।       [ ਸਹਾ. ਗ੍ਰੰਥ– ਮ. ਕੋ. ]      


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.