ਅੰਮ੍ਰਿਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਮ੍ਰਿਤ [ ਨਾਂਪੁ ] ਉਹ ਪੇਅ ਪਦਾਰਥ ਜਿਸ ਦੇ ਪੀਣ ਨਾਲ਼ ਜੀਵ ਅਮਰ ਹੋ ਜਾਂਦਾ ਹੈ; ਪੁਰਾਣ ਅਨੁਸਾਰ ਸਮੁੰਦਰ ਰਿੜਕ ਕੇ ਨਿਕਲੇ 14 ਰਤਨਾਂ ਵਿਚੋਂ ਇਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਮ੍ਰਿਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਮ੍ਰਿਤ . ਦੇਖੋ , ਅਮ੍ਰਿਤ । ੨ ਸੰਗ੍ਯਾ— ਮੱਖਨ. ਨਵਨੀਤ. “ ਤਬ ਮਥੀਐ , ਇਨ ਬਿਧਿ ਅੰਮ੍ਰਿਤ ਪਾਵਹੁ.” ( ਸੂਹੀ ਮ : ੧ ) ੩ ਦੁੱਧ. “ ਸੋਇਨ ਕਟੋਰੀ ਅੰਮ੍ਰਿਤ ਭਰੀ.” ( ਭੈਰ ਨਾਮਦੇਵ ) ੪ ਵਿ— ਅਮ੍ਰਿਤ੍ਯੁ. ਮੌਤ ਬਿਨਾ. ਅਮਰ. “ ਹਰਿ ਅੰਮ੍ਰਿਤ ਸਜਣ ਮੇਰਾ.” ( ਸੂਹੀ ਛੰਤ ਮ : ੫ ) ੫ ਮਧੁਰ. ਮਿਠਾਸ ਸਹਿਤ. “ ਗੁਰੁਮੁਖ ਅੰਮ੍ਰਿਤ ਬਾਣੀ ਬੋਲਹਿ.” ( ਸ੍ਰੀ ਅ : ਮ : ੩ ) ੬ ਸੰਗ੍ਯਾ-ਵਾਹਗੁਰੂ ਨਾਮ. “ ਨਿਰਮਲ ਜੋਤਿ ਅੰਮ੍ਰਿਤੁ ਹਰਿਨਾਮ । ਪੀਵਤ ਅਮਰ ਭਏ ਨਿਹਕਾਮ.” ( ਰਾਮ ਮ : ੫ ) “ ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ.” ( ਅਨੰਦੁ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਮ੍ਰਿਤ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਮ੍ਰਿਤ : ਸ਼ਬਦ ਸੰਸਕ੍ਰਿਤ ਮੂਲ ਦਾ ਹੈ ਜਿਸ ਦੇ ਵਿਭਿੰਨ ਅਰਥ ਹਨ-ਨਾ ਮਰਨ ਵਾਲਾ , ਅਮਰ , ਨਾ ਨਾਸ਼ ਹੋਣ ਵਾਲਾ , ਸੁੰਦਰ ਪਿਆਰਾ , ਅਮਰਤਾ ਦਾ ਸੰਸਾਰ , ਸਵਰਗ , ਅਮਰਤਾ , ਅਨੰਤਤਾ , ਪਰਮ ਮੁਕਤੀ , ਜ਼ਹਿਰ ਦਾ ਵਿਪਰੀਤ , ਸ਼ੁਧ ਕੀਤਾ ਮੱਖਣ ਜਾਂ ਕੋਈ ਵੀ ਮਿੱਠੀ ਵਸਤੂਆਮ ਤੌਰ ਤੇ ਕਿਸੇ ਵੀ ਤਰਲ ਜਾਂ ਪੀਣ ਵਾਲੀ ਚੀਜ਼ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ ਜਿਸ ਨੂੰ ਪੀਣ ਨਾਲ ਵਿਅਕਤੀ ਸਦੀਵੀ ਜੀਵਨ ਪ੍ਰਾਪਤ ਕਰ ਲੈਂਦਾ ਹੈ । ਵੈਦਿਕ ਮੰਤਰਾਂ ਵਿਚ ਪਹਿਲੀ ਵਾਰ ਇਸ ਸ਼ਬਦ ਨੂੰ ਇਹਨਾਂ ਹੀ ਅਰਥਾਂ ਵਿਚ ਵਰਤਿਆ ਗਿਆ ਸੀਹਿੰਦੂ ਮਿਥਿਹਾਸ ਅਨੁਸਾਰ ਦੇਵਤਿਆਂ ਨੇ ਦੈਤਾਂ ਦੀ ਸਹਾਇਤਾ ਨਾਲ ਸਮੁੰਦਰ ਮੰਥਨ ਕਰਕੇ ਅੰਮ੍ਰਿਤ ਕੱਢਿਆ ਸੀ । ਇਸ ਨੂੰ ਪੀਣ ਨਾਲ ਹੀ ਦੇਵਤੇ ਅਮਰ ਹੋ ਗਏ । ਯੂਨਾਨੀ ਅਤੇ ਪੱਛਮੀ ਮਿਥਿਹਾਸ ਵਿਚ ਵੀ ਇਸ ਤਰ੍ਹਾਂ ਦੇ ਅੰਮ੍ਰਿਤ ਦਾ ਜ਼ਿਕਰ ਮਿਲਦਾ ਹੈ । ਉਥੇ ਇਸ ਨੂੰ ਆਬ-ਇ-ਹਯਾਤ ਕਿਹਾ ਗਿਆ ਹੈ । ਸਿੱਖ ਪਰੰਪਰਾ ਵਿਚ ਅੰਮ੍ਰਿਤ ਕੋਈ ਜਾਦੂਮਈ ਪੀਣ ਵਾਲੀ ਵਸਤੂ ਨਹੀਂ ਜਿਸ ਦੇ ਪੀਣ ਨਾਲ ਕਿਸੇ ਵਿਅਕਤੀ ਦੀ ਉਮਰ ਅਮੁੱਕ ਹੋ ਜਾਂਦੀ ਹੋਵੇ ਜਾਂ ਜਿਸ ਨਾਲ ਆਪਣੇ ਆਪ ਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਹੋ ਜਾਂਦੀ ਹੋਵੇ ਪਰੰਤੂ ਇਸ ਪਦ ਨੂੰ ਚਿੰਨ੍ਹਾਂਤਮਿਕ ਤੌਰ ਤੇ ਵਰਤਿਆ ਗਿਆ ਹੈ ਕਿਉਂਕਿ ਇਹ ਅੰਤ ਨੂੰ ਮੁਕਤੀ ਪ੍ਰਾਪਤੀ ਹਿਤ ਸਹਾਇਕ ਹੁੰਦਾ ਹੈ । ਇਹਨਾਂ ਅਰਥਾਂ ਵਿਚ ਅੰਮ੍ਰਿਤ ਕੋਈ ਮਨੁੱਖ ਤੋਂ ਬਾਹਰੀ ਵਸਤੂ ਨਹੀਂ , ਸਗੋਂ ਇਹ ਜੀਵ ਦੇ ਅੰਦਰ ਹੀ ਹੈ ਅਤੇ ਇਸ ਦੀ ਪ੍ਰਾਪਤੀ ਪ੍ਰਭੂ ਦੀ ਕਿਰਪਾ ਸਦਕਾ ਹੁੰਦੀ ਹੈ : ਸਭਿ ਰਸ ਦੇਹੀ ਅੰਦਰਿ ਪਾਏ ॥ ਵਿਰਲੇ ਕਉ ਗੁਰ ਸਬਦੁ ਬੁਝਾਏ ॥ ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ ॥ ( ਗੁ.ਗ੍ਰੰ. 1056 ) ਹੋਰ ਥਾਂ ਕਿਹਾ ਹੈ : ਨਾਨਕ ਅੰਮ੍ਰਿਤ ਮਨੈ ਮਾਹਿ ਪਾਇਐ ਗੁਰ ਪਰਸਾਦਿ ॥ ( ਗੁ.ਗ੍ਰੰ.1238 ) ਗੁਰਬਾਣੀ ਵਿਚ ਅੰਮ੍ਰਿਤ ਨੂੰ ਅਨੇਕਾਂ ਵਾਰ ਨਾਮ ਦੇ ਸਮਾਨਾਰਥਕ ਰੱਖਿਆ ਗਿਆ ਹੈ : ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ ॥ ( ਗੁ.ਗ੍ਰੰ.729 , 644 , 538 , 394 ) ਇਹ ਨਾਮ ਦਾ ਅੰਮ੍ਰਿਤ ਹੀ ਹੈ ਜਿਸ ਨੂੰ ਪੀਣ ਨਾਲ ਜੀਵ ਦੀ ਸਾਰੀ ਭੁਖ ਅਤੇ ਤ੍ਰੇਹ ਤ੍ਰਿਪਤ ਹੋ ਜਾਂਦੀ ਹੈ ( ਗੁ.ਗ੍ਰੰ. 594 ) ।

      ਗੁਰਬਾਣੀ ਵਿਚ ਅੰਮ੍ਰਿਤ ਨੂੰ ਮਿੱਠਾ , ਸਵਾਦੀ , ਚੰਗਾ , ਕੰਨਾਂ ਨੂੰ ਚੰਗਾ ਲੱਗਣ ਵਾਲਾ , ਆਦਿ ਵਿਸ਼ੇਸ਼ਣਾਂ ਨਾਲ ਦਰਸਾਇਆ ਗਿਆ ਹੈ ਜਿਵੇਂ ਕਿ ‘ ਅੰਮ੍ਰਿਤ ਭੋਜਨ ਨਾਮ ਹਰਿ` ( ਗੁ.ਗ੍ਰੰ.556 ) , ‘ ਅੰਮ੍ਰਿਤ ਕਥਾ` ( 255 ) , ‘ ਅੰਮ੍ਰਿਤ ਦ੍ਰਿਸਟਿ` ( 196 ) , ‘ ਅੰਮ੍ਰਿਤ ਪ੍ਰਿਅ ਬਚਨ ਤੁਹਾਰੇ` ( 534 ) । ਮਾਝ ਰਾਗ ਦੀ ਇਕ ਅਸਟਪਦੀ ਵਿਚ ਗੁਰੂ ਅਮਰਦਾਸ ਅੰਮ੍ਰਿਤ ਦੇ ਵਿਭਿੰਨ ਗੁਣਾਂ ਦਾ ਜ਼ਿਕਰ ਕਰਦੇ ਹਨ ਜਿਵੇਂ ਕਿ ਅਹੰਕਾਰ ਦਾ ਘਾਤਕ , ਲਿਵ ਦਾ ਸਾਧਨ , ਸੁਖਾਂ ਦਾ ਦਾਤਾ ( 118-19 ) , ਆਦਿ ।

      ਦੈਵੀ ਨਾਮ ਦਾ ਇਹ ਅੰਮ੍ਰਿਤ ਮਨੁਖ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਸਕਦਾ ਹੈ । ਇਹ ਕਿਸੇ ਵੀ ਸਮੇਂ ਦਿਨ ਜਾਂ ਰਾਤ ਨੂੰ ਹਾਸਲ ਕੀਤਾ ਜਾ ਸਕਦਾ ਹੈ , ਪਰੰਤੂ ਇਸ ਦੀ ਪ੍ਰਾਪਤੀ ਦਾ ਸਰਵੋਤਮ ਸਮਾਂ ਰਾਤ ਦਾ ਅਖ਼ੀਰਲਾ ਪਹਿਰ ਜਾਂ ਪ੍ਰਭਾਤ ਵੇਲਾ ਹੈ । ਇਸ ਸਮੇਂ ਨੂੰ ਗੁਰੂ ਸਾਹਿਬਾਨ ਨੇ ਕਈ ਥਾਂ , ਅੰਮ੍ਰਿਤ ਵੇਲਾ ਵੀ ਕਿਹਾ ਹੈ । ਇਹ ਉਹ ਸਮਾਂ ਹੈ ਜਦੋਂ ਸਾਧਕ ਪਰਮਾਤਮਾ ਦੀ ਮਹਾਨਤਾ ਵੱਲ ਧਿਆਨ ਲਗਾਉਂਦੇ ਹਨ ( ਗੁ.ਗ੍ਰੰ. 2 ) । ਗੁਰੂ ਅੰਗਦ ਦੇਵ ਦਾ ਕਥਨ ਹੈ ਕਿ ਅੰਮ੍ਰਿਤ ਵੇਲੇ ਗੁਰਮੁਖ ਵਿਅਕਤੀ ਸੱਚੇ ਨਾਮ ਨਾਲ ਲਿਵ ਲਾਉਣ ਦੇ ਪਿਆਰ ਨੂੰ ਵਿਕਸਿਤ ਕਰਦੇ ਹਨ ( ਗੁ.ਗ੍ਰੰ. 146 ) ।

      ਇਤਿਹਾਸਿਕ ਪੱਖ ਤੋਂ , ਸਿੱਖ ਪਰੰਪਰਾ ਵਿਚ ਅੰਮ੍ਰਿਤ ਉਸ ਪਵਿੱਤਰ ਜਲ ਨੂੰ ਕਿਹਾ ਜਾਂਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਸਮੇਂ ਸਿੱਖਾਂ ਲਈ ਚਰਨਾਮ੍ਰਿਤ ਦੀ ਥਾਂ ਦੀਖਿਆ ਸੰਸਕਾਰ ਦਾ ਜ਼ਰੂਰੀ ਭਾਗ ਬਣਾ ਦਿੱਤਾ ਸੀ । ਇਸ ਨੂੰ ਖੰਡੇ ਦਾ ਅੰਮ੍ਰਿਤ ਵੀ ਕਿਹਾ ਜਾਂਦਾ ਹੈ ।


ਲੇਖਕ : ਮ.ਗ.ਸ. ਅਤੇ ਅਨੁ. ਧ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅੰਮ੍ਰਿਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅੰਮ੍ਰਿਤ ( ਸੰ. । ਸੰਸਕ੍ਰਿਤ ) ਅੰਮ੍ਰਿਤ , ਉਹ ਜਲ ਜਿਸ ਦੇ ਪੀਤੇ ਅਮਰ ਹੋ ਜਾਏ , ਸੁਧਾ । ਯਥਾ-‘ ਅੰਮ੍ਰਿਤੁ ਪੀਵੈ ਅਮਰੁ ਸੋ ਹੋਇ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅੰਮ੍ਰਿਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅੰਮ੍ਰਿਤ ਬਯਣ ( ਸੰ. । ਸੰਸਕ੍ਰਿਤ ) ੧. ਕੁਰੂਪ । ਭਾਸ਼ਾ * , ਅੰਬ੍ਰਿਤ ) ਅੰਮ੍ਰਿਤ ਰੂਪ ਮਿੱਠੇ । ਯਥਾ-‘ ਕਹਿ ਮਥੁਰਾ ਅੰਮ੍ਰਿਤ ਬਯਣ’ ।

----------

* ਡੋਮ ਭਾ. ਵਿਚ ‘ ਮ’ ਬਦਲਕੇ ‘ ਬ’ ਵਰਤੀਦਾ ਹੈ ਜਿਹਾ ਕੁ- ਅੰਮ੍ਰੀਕ = ਅੰਬ੍ਰੀਕ , ਅੰਮ੍ਰਿਤ = ਅੰਬ੍ਰਿਤ , ਅਮੜਾਵੇ = ਅੰਬੜਾਵੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅੰਮ੍ਰਿਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਮ੍ਰਿਤ : ਇਹ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਭਾਵ ਹੈ– – ਮੌਤ ਤੋਂ ਬਿਨਾਂ ( ਅ + ਮ੍ਰਿਤ ) । ਉਹ ਪਦਾਰਥ ਜਿਸ ਦੇ ਪ੍ਰਯੋਗ ਨਾਲ ਅਮਰਤਾ ਪ੍ਰਾਪਤ ਹੋਵੇ , ਉਸਨੂੰ ‘ ਅੰਮ੍ਰਿਤ’ ਕਿਹਾ ਜਾਂਦਾ ਹੈ । ‘ ਅੰਮ੍ਰਿਤ’ ਸ਼ਬਦ ਦੀ ਵਰਤੋਂ ਰਿਗਵੇਦ ਵਿਚ ਮਿਲਦੀ ਹੈ । ਧਰਤੀ ਨੂੰ ਮ੍ਰਿਤ-ਲੋਕ ਜਾਣ ਦੇ ਸ਼ੁਰੂ ਤੋਂ ਹੀ ਮਨੁੱਖ ਮੌਤ ਉੱਤੇ ਜਿੱਤ ਪ੍ਰਾਪਤ ਕਰਨ ਦਾ ਜਤਨ ਕਰਦਾ ਰਿਹਾ ਹੈ । ਉਹ ਅਜਿਹੇ ਮੰਡਲ ਜਾਂ ਅਜਿਹੀ ਅਵਸਥਾ ਦੀ ਭਾਲ ਵਿਚ ਰਿਹਾ ਹੈ ਜਿੱਥੇ ਉਸ ਦਾ ਜਨਮ-ਮਰਨ ਮਿਟ ਜਾਵੇ ਅਤੇ ਉਹ ਸਦੀਵੀ ਜੀਵਨ ਭੋਗ ਸਕੇ । ਮੁਸਲਮਾਨੀ ਦੇਸ਼ਾਂ ਵਿਚ ਸਿਕੰਦਰ ਅਤੇ ‘ ਆਬਿ ਹਯਾਤ’ ਦੀ ਕਹਾਣੀ ਮਸ਼ਹੂਰ ਹੈ । ਭਾਰਤ ਵਿਚ ਵੀ ਅੰਮ੍ਰਿਤ-ਜਲ ਬਾਰੇ ਕਈ ਕਥਾਵਾਂ ਪ੍ਰਸਿੱਧ ਹਨ । ਦੇਵਤਿਆਂ ਅਤੇ ਰਾਖਸ਼ਾਂ ਦੇ ਸਮੁੰਦਰ-ਮੰਥਨ ਸਮੇਂ ਉਸ ਵਿਚੋਂ ਨਿਕਲੇ ਚੌਦਾ ਰਤਨਾਂ ਵਿਚੋਂ ‘ ਅੰਮ੍ਰਿਤ’ ਵੀ ਇਕ ਰਤਨ ਸੀ , ਜਿਸ ਨੂੰ ਪੀਣ ਲਈ ਦੇਵਤੇ ਅਤੇ ਰਾਖ਼ਸ਼ ਇੱਕੋ ਸਮੇਂ ਦੌੜੇ ਸਨ । ਇਸਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਵਿਚ ਲੜਾਈ ਹੋਣ ਲੱਗ ਪਈ । ਭਗਵਾਨ ਵਿਸ਼ਨੂੰ ਚਾਹੁੰਦੇ ਸਨ ਕਿ ਕੇਵਲ ਦੇਵਤੇ ਹੀ ਇਸ ਅੰਮ੍ਰਿਤ-ਜਲ ਨੂੰ ਪੀਣ । ਇਸ ਲਈ ਉਨ੍ਹਾਂ ਨੂੰ ‘ ਮੋਹਨੀ’ ਦਾ ਅਵਤਾਰ ਧਾਰਨ ਕਰਨਾ ਪਿਆ । ‘ ਮੋਹਨੀ’ ਦੀ ਸੁੰਦਰਤਾ ਨੇ ਰਾਖਸ਼ਾਂ ਨੂੰ ਕੀਲ ਲਿਆ ਅਤੇ ਉਹ ਇਸ ਮਹਾਨ ਦਾਤ ਤੋਂ ਵਾਂਝੇ ਰਹਿ ਗਏ । ਫਿਰ ਵੀ ਰਾਹੂ ਵਰਗਾ ਰਾਖਸ਼ ਦੇਵਤੇ ਦੇ ਰੂਪ ਵਿਚ ਇਸ ਨੂੰ ਪੀ ਕੇ ਦੇਵਤਿਆਂ ਵਾਂਗ ਹੀ ਅਮਰ ਹੋ ਗਿਆ ।

                  ‘ ਅੰਮ੍ਰਿਤ’ ਨੂੰ ਇਕ ਤਰਲ ਪਦਾਰਥ ਮੰਨਿਆ ਗਿਆ ਹੈ ਜਿਸ ਦੀ ਪ੍ਰਾਪਤੀ ਨਾਲ ਜੀਵ ਮੌਤ ਤੋਂ ਛੁਟਕਾਰਾ ਪਾ ਲੈਂਦਾ ਹੈ । ਮੁਰਦਾ ਸਰੀਰਾਂ ਵਿਚ ਅੰਮ੍ਰਿਤ ਦੇ ਛਿੜਕਾਉ ਨਾਲ ਨਵੀਂ ਜ਼ਿੰਦਗੀ ਆ ਜਾਂਦੀ ਹੈ । ਅੰਮ੍ਰਿਤ ਦੇ ਦੋ ਗੁਣ ਮਿਠਾਸ ਅਤੇ ਨਿਰਮਲਤਾ ਹਨ । ਇਹੋ ਕਾਰਨ ਹੈ ਕਿ ਕਈ ਵਾਰੀ ਨਿਰਮਲ ਵਸਤਾਂ ( ਜਿਵੇਂ ਕਿ ਦੁੱਧ , ਜਲ , ਘਿਉ , ਸ਼ਹਿਦ ਆਦਿ ) ਨੂੰ ਵੀ ਅੰਮ੍ਰਿਤ ਹੀ ਕਹਿ ਦਿੱਤਾ ਜਾਂਦਾ ਹੈ । ਸ਼ੁੱਧ ਅਤੇ ਰਸੀਲੇ ਭੋਜਨ ਨੂੰ ਭੋਗ ਲਾਉਣ ਸਮੇਂ ਵੀ ‘ ਅੰਮ੍ਰਿਤ ਕਰੋ’ ਦੀ ਸੂਚਨਾ ਦਿੱਤੀ ਜਾਂਦੀ ਹੈ । ਪਪੀਹੇ ਲਈ ਸਵਾਂਦੀ ਬੂੰਦ ਵੀ ‘ ਅੰਮ੍ਰਿਤ’ ਹੀ ਮੰਨੀ ਗਈ ਹੈ । ਪੰਜ ਸ਼ੁੱਧ ਚੀਜ਼ਾਂ ਦੇ ਮਿਲਾਉਣ ਨਾਲ ਪੰਚਾਮ੍ਰਿਤ ਜਾਂ ਕੜਾਹ ਪ੍ਰਸ਼ਾਦ ਤਿਆਰ ਹੋ ਜਾਂਦਾ ਹੈ ।

                  ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ

                  ਪੰਜਵਾ ਪਾਇਆ ਘਿਰਤੁ ॥

                  ਤਾ ਹੋਆ ਪਾਕੁ ਪਵਿਤੁ ॥       ( ਆਸਾ ਦੀ ਵਾਰ )

                  ਚੰਦ੍ਰਮਾ ਅਥਵਾ ਰੋਹਿਨੀ ਤੋਂ ਵੀ ਅੰਮ੍ਰਿਤ ਝਰਦਾ ਦੱਸਿਆ ਜਾਂਦਾ ਹੈ ।

                  ਅੰਮ੍ਰਿਤ ਨੂੰ ‘ ਸੁਧਾ’ ਵੀ ਕਿਹਾ ਜਾਂਦਾ ਹੈ । ਇਹ ਦੇਵਤਿਆਂ ਦੇ ਪੀਣ ਦੀ ਵਸਤੂ ਹੈ । ਇਹੋ ਹੀ ਸੋਮ-ਰਸ ਹੈ । ਇਸੇ ਨੂੰ ਹੀ ‘ ਨਿਰ-ਜਰ’ ਅਤੇ ਪੀਯੂਖ ਵੀ ਕਿਹਾ ਜਾਂਦਾ ਹੈ । ਇਕ ਵਾਰ ਗਰੁੜ ਨੇ ਦੇਵਤਿਆਂ ਕੋਲੋਂ ਅੰਮ੍ਰਿਤ ਨੂੰ ਚੁਰਾ ਲਿਆ , ਤਾਂ ਜੋ ਉਹ ਇਸ ਨਾਂਲ ਆਪਣੀ ਮਾਂ ਕਦਰੂ ਨੂੰ ਬੰਧਨ-ਮੁਕਤ ਕਰਾ ਸਕੇ । ਇੰਦਰ ਦੇਵਤੇ ਨੂੰ ਇਸ ਚੋਰੀ ਦਾ ਪਤਾ ਲੱਗ ਗਿਆ । ਉਸ ਨੂੰ ਗਰੁੜ ਨਾਲ ਬੜੀ ਸਖ਼ਤ ਲੜਾਈ ਲੜਨੀ ਪਈ ਜਿਸ ਤੋਂ ਭਾਵੇਂ ਉਸ ਨੂੰ ਅੰਮ੍ਰਿਤ ਤਾਂ ਮਿਲ ਗਿਆ ਪਰ ਉਸ ਦਾ ਬਜਰ ਟੋਟੋ ਟੋਟੋ ਹੋ ਗਿਆ ।

                  ਕਿਹਾ ਜਾਂਦਾ ਹੈ ਕਿ ਇਸ ਅੰਮ੍ਰਿਤ ਦਾ ਕੁਝ ਭਾਗ ਪੁਰਾਣੇ ਸਮਿਆਂ ਤੋਂ ਰਾਮਦਾਸਪੁਰ ਦੀ ਇਕ ਛਪੜੀ ਵਿਚ ਪਿਆ ਰਿਹਾ ਅਤੇ ਇਸ ਵਿਚ ਹੀ ਗੁਰੂ ਅਮਰਦਾਸ ਜੀ ਦੇ ਸਮੇਂ ਰਜਨੀ ਦੇ ਪਿੰਗਲੇ ਪਤੀ ਦੇ ਕਾਵਾਂ ਨੂੰ ਹੰਸ ਬਣਦੇ ਵੇਖਿਆ ਅਤੇ ਇਸ ਵਿਚ ਛਾਲ ਮਾਰ ਕੇ ਆਪਣਾ ਕੋਹੜ ਦੂਰ ਕੀਤਾ । ਇਥੇ ਹੀ ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤ ਸਰੋਵਰ ਬਣਾਉਣਾ ਆਰੰਭ ਕੀਤਾ । ਇਹ ਕਾਰਜ ਗੁਰੂ ਅਰਜਨ ਦੇਵ ਜੀ ਦੇ ਸਮੇਂ ਸੰਪੂਰਨ ਹੋਇਆ । ਇਸ ਅੰਮ੍ਰਿਤ-ਸਰੋਵਰ ਦੇ ਦੁਆਲੇ ਜਿਹੜਾ ਸ਼ਹਿਰ ਵਸਿਆ ਉਹ ਹੀ ਅੰਮ੍ਰਿਤਸਰ ਹੈ ।

                  ਭਾਰਤੀ ਰਹੱਸਵਾਦੀਆਂ ਅਤੇ ਅਧਿਆਤਮਵਾਦੀਆਂ ਨੇ ਬਾਹਰਲੀ ਦੁਨੀਆਂ ਦੀ ਥਾਂ ‘ ਅੰਮ੍ਰਿਤ’ ਨੂੰ ਸਰੀਰ ਦੇ ਅੰਦਰ ਦੀ ਵਸਤੂ ਮੰਨਿਆ ਹੈ । ਉਨ੍ਹਾਂ ਨੇ ਹਰੀ ਨੂੰ ਹੀ ‘ ਅੰਮ੍ਰਿਤ’ ਕਹਿ ਦਿੱਤਾ ਹੈ ।

                  ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥

                                    ( ਆਸਾ ਮ. ੪ ਛੰਤ ਘਰੁ ੪ )

                  ਕੰਚਨ-ਵਤ ਕਾਇਆ-ਰੂਪੀ ਕਿਲ੍ਹੇ ਵਿਚ ਅੰਮ੍ਰਿਤ ਪਿਆ ਹੈ ਜਿਸ ਨੂੰ ਜਗਿਆਸੂ ਨੇ ਲੱਭ ਕੇ ਅਮਰ ਪਦਵੀ ਪ੍ਰਾਪਤ ਕਰਨੀ ਹੈ । ਨਾਥ ਸਿੱਧਾਂ ਦੀ ਕਾਇਆ-ਸਾਧਨਾ ਅਨੁਸਾਰ ਸਰਸ੍ਰਾਰ ਚੱਕਰ ਦੇ ਹੇਠਾਂ ਕਰਕੇ ਚੰਦਰਮਾ ਹੈ ਜਿਹੜਾ ਕਿ ਸੋਮ ਅਥਵਾ ਅੰਮ੍ਰਿਤ ਦਾ ਪੁੰਜ ਹੈ । ਪੰਜ-ਭੂਤਕ ਸਰੀਰ ਦਾ ਤੱਤ ( ਰਸ ) ਚੰਦਰਮਾ ਵਿਚ ਸੋਮ ( ਅੰਮ੍ਰਿਤ ) ਦੇ ਰੂਪ ਵਿਚ ਇਕੱਠਾ ਹੁੰਦਾ ਹੈ । ਇਹ ਚੰਦਰਮਾ ਤੋਂ ਹੇਠਾਂ ਝਰਦਾ  ਹੈ ਜਿਸ ਨੂੰ ਨਾਭਿ-ਕਮਲ ਵਿਚੋਂ ਉਠਦੀ ਸੂਰਜ ਦੀ ਖੈ ਕਰਨ ਵਾਲੀ ਤਪਸ਼ ਸੁਕਾ ਦੇਂਦੀ ਹੈ । ਇਸ ਸੋਕੇ ਦੇ ਕਾਰਨ ਹੀ ਜੀਵਾਂ ਨੂੰ ਮੌਤ ਆਉਂਦੀ ਹੈ । ਇਸ ਲਈ ਸੋਮ ( ਅੰਮ੍ਰਿਤ ) ਨੂੰ ਸੂਰਜ ਦੀ ਤਪਸ਼ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ । ਚੰਦਰਮਾ ਤੋਂ ਹੇਠਾਂ ਇਕ ਵਲਦਾਰ ਨਾੜੀ ਤਾਲੂ ਦੀ ਖੋਖ ਤਕ ਆਉਂਦੀ ਹੈ , ਜਿਸ ਨੂੰ ਬੰਕ ਨਾਲ ( ਨਾੜ ) ਜਾਂ ਸੰਖਨੀ ਕਿਹਾ ਜਾਂਦਾ ਹੈ । ਇਸ ਨਾੜੀ ਦੇ ਮੂੰਹ ਵਿਚੋਂ ਚੰਦਰਮਾ ਵਿਚੋਂ ਆਉਂਦਾ ਸੋਮ-ਰਸ ਝਰਦਾ ਹੈ , ਇਸ ਮੂੰਹ ਨੂੰ ਹੀ ਦਸਮ ਦੁਆਰ ਕਹਿੰਦੇ ਹਨ । ਇਸ ਮੂੰਹ ਨੂੰ ਬੰਦ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਸੂਰਜ ਅਥਵਾ ਕਾਲ ਇਸ ਖ਼ਜ਼ਾਨੇ ਨੂੰ ਲੁੱਟ ਲਵੇਗਾ । ਸੂਰਜ ਤੋਂ ਇਸ ਸੋਮ ਅੰਮ੍ਰਿਤ ਨੂੰ ਕਿਵੇਂ ਬਚਾਇਆ ਜਾਏ ? ਜੀਭ ਨੂੰ ਪਿੱਛੇ ਵੱਲ ਮੋੜ ਕੇ ਤਾਲੂ ਦੇ ਖੋਖ ਵਿਚਲੇ ਦਸਮ-ਦੁਆਰ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਨਜ਼ਰ ਭਰਵੱਟਿਆਂ ਵਿਚ ਜਮਾਉਣੀ ਚਾਹੀਦੀ ਹੈ । ਕੇਵਲ ਇਸ ਤਰ੍ਹਾਂ ਹੀ ਅੰਮ੍ਰਿਤ ਨੂੰ ਬਚਾਇਆ ਜਾ ਸਕਦਾ ਹੈ ਅਤੇ ਇਹ ਜਗਿਆਸੂ ਦਾ ਆਧਾਰ ਬਣਦਾ ਹੈ । ਸਾਡੇ ਭਗਤੀ-ਕਾਵਿ ਵਿਚ ਇਸ ਅੰਮ੍ਰਿਤ-ਪ੍ਰਵਾਹ ਦਾ ਜ਼ਿਕਰ ਇਉਂ ਆਉਂਦਾ ਹੈ : – –

                  1.            ਨਿਝਰ ਧਾਰ ਚੁਐ ਅਤਿ ਨਿਰਮਲ

                                    ਇਹ ਰਸ ਮਨੂਆ ਰਾਤੋ ਰੇ ।

( ਰਾਮਕਲੀ ਕਬੀਰ )

                  2.            ਅੰਮ੍ਰਿਤ ਰਸੁ ਸਤਿਗੁਰੂ ਚੁਆਇਆ ॥

                                    ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥

                                    ਤਹ ਅਨਹਦ ਸਬਦ ਵਜਹਿ

                                    ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥

                  ( ਮਾਰੂ ਸੋਲਹੇ ਮ. ੪ )

                  ਭਾਵੇਂ ਭਗਤ-ਕਵੀਆਂ ਨੇ ਉਪਰੋਕਤ ਕਾਇਆ-ਸਾਧਨਾ ਦਾ ਜ਼ਿਕਰ ਕੀਤਾ ਹੈ , ਪਰ ਉਨ੍ਹਾਂ ਦਾ ਮਾਰਗ ਹੱਠ-ਮਾਰਗ ਨਹੀਂ , ਨਾਮ-ਮਾਰਗ ਹੈ । ਇਸ ਲਈ ਉਨ੍ਹਾਂ ਨੇ ਨਾਮ ਨੂੰ ਹੀ ‘ ਅੰਮ੍ਰਿਤ’ ਕਿਹਾ ਹੈ । ਇਸ ਅੰਮ੍ਰਿਤ ਦਾ ਆਨੰਦ ਮਾਣਦਿਆਂ ਹੀ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ । ਇਸ ਸਾਧਨ ਨੂੰ ਹੱਠ-ਯੋਗ ਦੇ ਉਲਟ , ਸੁਰਤ-ਸ਼ਬਦ-ਯੋਗ ਕਿਹਾ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਇਸ ਅੰਮ੍ਰਿਤ ਸਬੰਧੀ ਲਿਖਦੇ ਹਨ : – –

                  1.            ਬਾਬਾ ਜੁਗਤਾ ਜੀਉ ਜੁਗਹ ਜੁਗ

                                    ਜੋਗੀ ਪਰਮਤੰਤ ਮਹਿ ਜੋਗੰ ।

                                    ਅੰਮ੍ਰਿਤ ਨਾਮੁ ਨਿਰੰਜਨ ਪਾਇਆ

                                    ਗਿਆਨ ਕਾਇਆ ਰਸ ਭੋਗੰ ।

( ਆਸਾ ਮਹਲਾ ੧ )

                  2.            ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ

                                    ਸੋ ਅੰਮ੍ਰਿਤੁ ਗੁਰ ਪਾਹੀ ਜੀਉ ।

                                    ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ।

                                    ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ।

                                    ਬਾਹਰਿ ਢੂਢਤੁ ਬਹੁਤ ਦੁਖੁ ਪਾਵਹਿ

                                    ਘਰਿ ਅੰਮ੍ਰਿਤੁ ਘਟ ਮਾਹੀ ਜੀਉ ।        

                  ( ਸੋਰਠਿ ਮਹਲਾ ੧ )

                  ਅੰਮ੍ਰਿਤ ਨੂੰ ਪਾਹਲੁ ਵੀ ਕਿਹਾ ਜਾਂਦਾ ਹੈ । ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਗੁਰੂ-ਘਰ ਵਿਚ ਚਰਨ-ਪਾਹੁਲ ( ਚਰਨਾਮ੍ਰਿਤ ) ਦੀ ਰੀਤ ਪ੍ਰਚਲਤ ਸੀ ; ਉਨ੍ਹਾਂ ਨੇ ‘ ਖੰਡੇ ਦੀ ਪਾਹੁਲ’ ਦੀ ਰੀਤ ਚਲਾਈ । ਇਕ ਬਾਟੇ ਵਿਚ ਜਲ ਅਤੇ ਪਤਾਸੇ ਮਿਲਾਏ ਗਏ ਅਤੇ ਉਨ੍ਹਾਂ ਨੂੰ ਖੰਡੇ ਨਾਲ ਹਿਲਾਇਆ ਗਿਆ , ਨਾਲ ਨਾਲ ਗੁਰੂ ਬਾਣੀ ਦਾ ਪਾਠ ਕੀਤਾ ਗਿਆ । ਇੰਜ ਤਿਆਰ ਹੋਏ ਅੰਮ੍ਰਿਤ ਦੇ ਬਾਟੇ ਵਿਚੋਂ ਪਹਿਲਾਂ ਅੰਮ੍ਰਿਤ ‘ ਪੰਜਾਂ ਪਿਆਰਿਆਂ’ ਨੂੰ ਛਕਾਇਆ ਗਿਆ ਅਤੇ ਮਗਰੋਂ ਗੁਰੂ ਜੀ ਨੇ ਆਪ ਛਕਿਆ । ਇਸ ਅੰਮ੍ਰਿਤ ਨੇ ਸਿੱਖਾਂ ਨੂੰ ‘ ਸਿੰਘ’ ਬਣਾ ਦਿੱਤਾ , ਚਿੜੀਆਂ ਨੂੰ ਬਾਜਾਂ ਨਾਲ ਲੜਨ ਦੀ ਸਮਰੱਥਾ ਦਿੱਤੀ । ਇਹ ਅੰਮ੍ਰਿਤ ਗੁਰਮਤਿ ਅਨੁਸਾਰ ਦੱਸੇ ਨਾਮ ਰੂਪੀ ਅੰਮ੍ਰਿਤ ਦਾ ਹੀ ਆਵੇਸ਼ ਹੈ । ਇਸ ਅੰਮ੍ਰਿਤ ਨੇ ਸਿੱਖਾਂ ਨੂੰ ਇਕ ਤਕੜੀ ਜਥੇਬੰਦੀ ਵਿਚ ਬੰਨ੍ਹ ਦਿੱਤਾ , ਜਿਸ ਨੂੰ ਖ਼ਾਲਸਾ ਕਿਹਾ ਜਾਂਦਾ ਹੈ । ਖ਼ਾਲਸਾ ਬਣਨ ਲਈ ਅੰਮ੍ਰਿਤ-ਧਾਰੀ ਹੋਣਾ ਜ਼ਰੂਰੀ ਹੈ । ਅੰਮ੍ਰਿਤ ਛਕਾਣ ਦੀ ਰੀਤਿ ‘ ਪੰਜ ਪਿਆਰੇ’ ਨਿਭਾਉਂਦੇ ਹਨ , ਜਿਨ੍ਹਾਂ ਨੂੰ ਸਾਧ ਸੰਗਤ ਵਿਚੋਂ ਚੁਣਿਆ ਜਾਂਦਾ ਹੈ । ਉਹ ਅੰਮ੍ਰਿਤ-ਧਾਰੀ ਅਤੇ ਅਮਲੀ ਜੀਵਨ ਵਾਲੇ ਗੁਰਸਿੱਖ ਹੁੰਦੇ ਹਨ । ਇਨ੍ਹਾਂ ਪੰਜਾਂ ਵਿਚ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਿਆ ਜਾਂਦਾ ਹੈ ।

       


ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅੰਮ੍ਰਿਤ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅੰਮ੍ਰਿਤ : ਅੰਮ੍ਰਿਤ ਇਕ ਪੀਣ ਯੋਗ ਪਦਾਰਥ ਹੈ , ਜਿਸ ਨੂੰ ਪੀਣ ਵਾਲਾ ਅਮਰ ਹੋ ਜਾਂਦਾ ਹੈ , ਅਰਥਾਤ ਮੌਤ ਉਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ । ਵੇਦਾਂ ਵਿਚ ਇਸ ਸ਼ਬਦ ਦਾ ਪ੍ਰਯੋਗ ਹੋਮ ਵਿਚ ਸਮਰਪਣ ਕੀਤੀਆਂ ਜਾਣ ਵਾਲੀਆਂ ਵੱਖ ਵੱਖ ਵਸਤੂਆਂ ਲਈ ਵਿਸ਼ੇਸ਼ਕਰ ਸੋਮ ਰਸ ਦੇ ਸੰਬੰਧ ਵਿਚ , ਕੀਤਾ ਹੋਇਆ ਮਿਲਦਾ ਹੈ । ਇਸ ਨੂੰ ਨਿਰਜਰ ਅਤੇ ਪਿਯੂਸ਼ ਵੀ ਆਖਿਆ ਗਿਆ ਹੈ । ਰਾਮਾਇਣ , ਮਹਾਭਾਰਤ ਅਤੇ ਪੁਰਾਣਾਂ ਦੀਆਂ ਕਥਾਵਾਂ ਵਿਚ ਖ਼ਾਸ ਤੌਰ ਤੇ ਵਿਸ਼ਨੂੰ ਪੁਰਾਣ ਵਿਚ ਅੰਮ੍ਰਿਤ ਦਾ ਉਸ ਕਥਾ ਵਿਚ ਜ਼ਿਕਰ ਆਉਂਦਾ ਹੈ ਜਦ ਦੇਵਤਿਆਂ ਅਤੇ ਦੈਂਤਾਂ ਨੇ ਰਲ ਕੇ ਸੁਮੇਰ ਪਰਬਤ ਨੂੰ ਮਧਾਣੀ ਅਤੇ ਸ਼ੇਸ਼ ਨਾਗ ਨੂੰ ਨੇਤਰਾ ਬਣਾ ਕੇ ਸਮੁੰਦਰ– ਮੰਥਨ ਕੀਤਾ । ਹੋਰ ਤੇਰ੍ਹਾਂ ਰਤਨਾਂ ਤੋਂ ਛੁੱਟ ਅੰਮ੍ਰਿਤ ਵੀ ਇਸ ਮੰਥਨ– ਕਾਰਜ ਦੀ ਉਪਜ ਸੀ ਜਿਸ ਨੂੰ ਪੀ ਕੇ ਦੇਵਤੇ ਅਮਰ ਹੋ ਗਏ । ਮੱਧਕਾਲ ਦੀ ਤਾਂਤ੍ਰਿਕ ਪਰੰਪਰਾ ਵਿਚ ਨਿਰੰਤਰ ਅਜਿਹੀ ਵਸਤੂ ਦੀ ਖੋਜ ਹੁੰਦੀ ਰਹੀ ਹੈ ਜਿਹੜੀ ਮਨੁੱਖ ਨੂੰ ਅਮਰ ਬਣਾ ਦੇਵੇ । ਤਾਂਤ੍ਰਿਕ ਅਤੇ ਹਠਯੋਗੀਆਂ ਦੀ ਵਾਰੁਣੀ ਸਾਧਨਾ ਤੇ ਪ੍ਰਾਪਤੀ ਇਸੇ ਅੰਮ੍ਰਿਤ ਦਾ ਪ੍ਰਤੀਕ ਹੈ ਜਿਸ ਨੂੰ ਉਨ੍ਹਾਂ ਨੇ ਮਹਾ ਸੁਖ ਜਾਂ ਸਹਿਜਰੂਪੀ ਅੰਮ੍ਰਿਤ ਮੰਨਿਆ । ਇਸ ਸਾਧਨ ਵਿਚ ਚੰਦ ਤੋਂ ਜਿਹੜਾ ਅੰਮ੍ਰਿਤ ਝਰਦਾ ਹੈ ਉਹ ਵਾਸਤਵਿਕ ਅੰਮ੍ਰਿਤ ਹੈ । ਸੰਤਾਂ ਨੇ ਤਾਂਤ੍ਰਿਕਾਂ ਦੇ ਵਾਰੁਣੀ ਅੰਮ੍ਰਿਤ ਦੀ ਨਿਖੇਧੀ ਕੀਤੀ ਹੈ ਅਤੇ ਰਾਮ ਭਗਤੀ ਨੂੰ ਹੀ ਅੰਮ੍ਰਿਤ ਮੰਨਿਆ ਹੈ ਜਿਸ ਨੂੰ ਉਹ ਰਾਮ– ਰਸਾਇਣ ਕਹਿੰਦੇ ਸਨ । ਸ਼ਾਕਤ ਇਸ ਵਾਸਤਵਿਕ ਅੰਮ੍ਰਿਤ ਤੋਂ ਅਪਰਿਚਿਤ ਹਨ ਅਤੇ ਮਿਰਤੂ ਤੇ ਭਾਗੀ ਹਨ , ਪਰੰਤੂ ਸੰਤ ਅਮਰ ਹਨ :

                                    ਸਾਕਤ ਮਰੈ ਸੰਤ ਸਭੁ ਜੀਵਹਿੰ , ਰਾਮ ਰਸਾਇਣ ਰਸਨਾ ਪੀਵਹਿੰ ।                                 – – ( ਕਬੀਰ )

                  ਗੁਰਮਤਿ ਵਿਚ ਕਰਤਾਰ ਤੇ ਨਾਮ ਦਾ ਰਹੱਸ ਅਤੇ ਆਤਮ ਗਿਆਨ ਹੀ ਅੰਮ੍ਰਿਤ ਮੰਨਿਆ ਗਿਆ ਹੈ ਜਿਸ ਤੋਂ ਸਦ ਜੀਵਨ ਪ੍ਰਾਪਤ ਹੁੰਦਾ ਹੈ ।

                  ਅਪਨੇ ਗੁਰੁ ਮਿਲਿ ਰਹੀਐ ਅੰਮ੍ਰਿਤ ਗਹੀਐ , ਦੁਬਿਧਾ ਮਾਰਿ ਨਿਵਾਰੇ । – ( ਗਉੜੀ ਪੂਰਬੀ ਛੰਡ ਮ. ੩ )

ਅੰਮ੍ਰਿਤ ਹਰ ਹਰ ਨਾਮੁ ਹੈ , ਮੇਰੀ ਜਿੰਦੜੀਏ!

                                    ਅੰਮ੍ਰਿਤ ਗੁਰ ਮਤਿ ਪਾਏ ਰਾਮ ।

                                    ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੜੀਏ!

                                    ਹਰਿ ਅੰਮ੍ਰਿਤ ਬਿਖ ਲਹਿ ਜਾਏ ਰਾਮ ।                                                                         – ( ਬਿਹਾਗੜਾ ਮ. ਪ. )

                                    ਬਿਨੁ ਸਬਦੇ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ।

                                    ਅੰਮ੍ਰਿਤ ਏਕੋ ਸਬਦੁ ਹੈ , ਨਾਨਕ ਗੁਰਮੁਖਿ ਪਾਇਆ ।                                             – ( ਵਾਰ ਸੋਰਠਿ ਮ.੩ )

                                    ਜਿਨ  ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ

                                    ਨਾਨਕ ਅੰਮ੍ਰਿਤ ਏਕੁ ਹੈ ਦੂਜਾ ਅੰਮ੍ਰਿਤ ਨਾਹਿ ।                                                     – ( ਰਾਗ ਸਾਰੰਗ ਮ. ੨ )

                  ਗੁਰੂ ਦਸਮੇਸ਼ ਨੇ ਆਪਣੇ ਵੀਰਾਂ ਨੂੰ ਪਵਿੱਤਰ ਜਲ ਛਕਾ ਕੇ ਸਿੰਘ ਬਣਾਇਆ ਅਤੇ ਉਸ ਪਵਿੱਤਰ ਜਲ ਨੂੰ ਅੰਮ੍ਰਿਤ ਆਖਿਆ । ਦਸਮੇਸ਼ ਦਾ ਬਖਸ਼ਿਆ ਇਹ ਅੰਮ੍ਰਿਤ ਸਿੰਘ ਸਜਣ ਵੇਲੇ ਛਕਾਇਆ ਜਾਂਦਾ ਹੈ । ( ਵੇਖੋ ‘ ਅੰਮ੍ਰਿਤ ਸੰਸਕਾਰ’ ) ।        

                  ਘਿਉ , ਦੁੱਧ , ਧਨ , ਮੁਕਤੀ , ਸੁਆਦਦਾਇਕ ਰਸ , ਦੇਵਤਾ , ਆਤਮਾ , ਪਾਰਾ , ਅਨਾਜ , ਰਸਦਾਇਕ ਭੋਜਨ , ਰੋਗ ਨਾਸ਼ਕ ਦਵਾ , ਸੁੰਦਰ , ਪਿਆਰਾ ਆਦਿ ਲਈ ਵੀ ਅੰਮ੍ਰਿਤ ਸ਼ਬਦ ਵਰਤਿਆ ਜਾਂਦਾ ਹੈ ।                      

( ਵੇਖੋ ‘ ਛੱਤੀ ਅੰਮ੍ਰਿਤ’ )        


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.