ਅੱਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਕ ( ਨਾਂ , ਪੁ ) ਮਾਰੂ ਭੋਂਏਂ ਵਿੱਚ ਉੱਗਣ ਵਾਲਾ ਵਿਹੁਲੇ ਦੁੱਧ ਦੇ ਰਸ ਵਾਲਾ ਜੰਗਲੀ ਬੂਟਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੱਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਕ . ਦੇਖੋ , ਅਕ ੫.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅੱਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੱਕ : ਇਹ ਐਸਕਲੀਪੀਆਡੇਸੀ ( Asclepiadaceae ) ਕੁਲ ਦਾ ਬੂਟਾ ਹੈ , ਜਿਸ ਦੀ ਪ੍ਰਜਾਤੀ ਕੈਲੋਟ੍ਰਾੱਪਿਸ ( Calotropis ) ਅਤੇ ਜਾਤੀਆਂ ਪ੍ਰੋਸੈਰਾ ( procera ) ਅਤੇ ਜਾਈਗੈਂਟੀਆ ( gigantea ) ਹਨ । ਇਹ ਏਸ਼ੀਆ ਤੇ ਅਫ਼ਰੀਕਾ ਦੇ ਤਪਤ ਖੰਡ ਵਿਚ ਉਗਦਾ ਹੈ । ਇਸ ਦਾ ਪੌਦਾ ਛੋਟਾ ਹੁੰਦਾ ਹੈ ਅਤੇ ਇਸ ਦੇ ਛੋਟੇ ਪੌਦੇ , ਕੋਮਲ ਹਿੱਸਿਆਂ ਤੇ ਖ਼ਾਸ ਕਰਕੇ ਪੱਤਿਆਂ ਦੇ ਹੇਠਲੇ ਪਾਸੇ ਸੰਘਣੀ ਤੇ ਸ਼ਰੀਕ ਨਰਮ ਲੂਈਂ ਹੁੰਦੀ ਹੈ । ਇਸ ਦੇ ਫਲ ਵਿਚ ਬਹੁਤ ਸਾਰੇ ਬੀਜ ਚਪਟੇ ਤੇ ਨੁਕੀਲੇ ਅਤੇ ਕਈ ਰੇਸ਼ਮ ਵਰਗੇ ਬਰੀਕ ਲੰਮੇ ਵਾਲ ਹੁੰਦੇ ਹਨ , ਜਿਨ੍ਹਾਂ ਰਾਹੀਂ ਇਹ ਬੀਜ ਹਵਾ ਵਿਚ ਉੱਡਦੇ ਹਨ ਤੇ ਆਮ ਕਰਕੇ ‘ ਬੁੱਖੀ-ਮਾਈ’ ਆਖੇ ਜਾਂਦੇ ਹਨ । ਇਹ ਰੇਸ਼ਮੀ ਵਾਲ ਕਈ ਵਾਰ ਸਰ੍ਹਾਣੇ ਭਰਨ ਲਈ ਵਰਤੇ ਜਾਂਦੇ ਹਨ । ਜੜ੍ਹ ਡੂੰਘੀ ਤੇ ਕਈ ਥਾਈਂ ਉਸ ਉੱਤੇ ਇਕ ਪਰਜੀਵੀ ਬੂਟਾ ਸਿਸਟਾਂਕੀ ਟਿਊਬੁਲੋਸਾ ( Cistanche tubulosa ) ਉਗ ਪੈਂਦਾ ਹੈ । ਬੂਟੇ ਦਾ ਦੁੱਧ , ਛਿਲਕਾ , ਪੱਤੇ , ਜੜ੍ਹਾਂ ਤੇ ਕਲੀਆਂ ਕਈ ਪਰਕਾਰ ਦੀਆਂ ਦਵਾਈਆਂ ਵਿਚ ਕੰਮ ਆਉਂਦੇ ਹਨ । ਤਣੇ ਤੋਂ ਰੇਸ਼ੇ ਕੱਢੇ ਜਾਂਦੇ ਹਨ । ਅੱਕ ਦੇ ਦੁੱਧ ਦੀ ਤਾਸੀਰ ਚੌਥੇ ਦਰਜੇ ਵਿਚ ਗਰਮ ਖ਼ੁਸ਼ਕ ਤੇ ਜ਼ਹਿਰੀਲੀ ਹੁੰਦੀ ਹੈ ।

                  ਅੱਕ ਦਾ ਦੁੱਧ ਚਮੜੀ ਤੇ ਜ਼ਖ਼ਮ ਕਰ ਦੇਂਦਾ ਹੈ ਅਤੇ ਇਸ ਨੂੰ ਖਾ ਜਾਂਦਾ ਹੈ । ਬਲਗ਼ਮ ਨੂੰ ਕੱਟਣ ਵਾਸਤੇ ਇਹ ਬੜੀ ਲਾਭਦਾਇਕ ਚੀਜ਼ ਹੈ । ਇਸ ਨਾਲ ਵਾਲ ਵੀ ਸਾਫ਼ ਕੀਤੇ ਜਾਂਦੇ ਹਨ । ਖਟੀਕ ਅੱਕ ਦੇ ਦੁੱਧ ਨਾਲ ਕੱਚੇ ਚਮੜੇ ਉਪਰੋਂ ਵਾਲ ਲਾਹੁੰਦੇ ਹਨ । ਅੱਕ ਦੇ ਦੁੱਧ ਦਾ ਲੇਪ ਕਰਨ ਨਾਲ ਦੱਦਰ ਹਟ ਜਾਂਦੀ ਹੈ ਅਤੇ ਬਵਾਸੀਰ ਦੇ ਮਹੁਕੇ ਝੜ ਜਾਂਦੇ ਹਨ । ਸ਼ਹਿਦ ਵਿਚ ਮਿਲਾ ਦੇ ਵਰਤਣ ਨਾਲ ਬੱਚਿਆਂ ਦਾ ਪੱਕਿਆ ਹੋਇਆ ਮੂੰਹ ਠੀਕ ਹੋ ਜਾਂਦਾ ਹੈ । ਅੱਕ ਦੇ ਦੁੱਧ ਨੂੰ ਰੂੰ ਦੇ ਫੰਬੇ ਤੇ ਲਾ ਕੇ ਦੁਖਦੇ ਦੰਦ ਤੇ ਰੱਖਣ ਨਾਲ ਦਰਦ ਦੂਰ ਹੋ ਜਾਂਦਾ ਹੈ । ਕੋੜ੍ਹ , ਪਾਉਂ ਤੇ ਫੋੜੇ ਫਿਨਸੀ ਲਈ ਲਾਭਦਾਇਕ ਹੈ । ਜਿਗਰ ਦੀਆਂ ਬੀਮਾਰੀਆਂ , ਜਲੋਧਰ ਤੇ ਕੀੜਿਆਂ ਲਈ ਬਹੁਤ ਗੁਣਕਾਰੀ ਹੈ । ਜੇ ਅਜਵਾਇਣ ਨੂੰ ਅੱਕ ਦੇ ਦੁੱਧ ਵਿਚ ਕਈ ਵਾਰੀ ਭਿਉਂ ਕੇ ਛਾਂ ਵਿਚ ਸੁਕਾ ਲਈਏ ਤਾਂ ਬਲਗ਼ਮੀ ਖੰਘ ਤੇ ਦਮੇਂ ਲਈ ਲਾਭਦਾਇਕ ਹੈ ।

                  ਅੱਕ ਦੀਆਂ ਟਹਿਣੀਆਂ ਤੇ ਪੱਤਿਆਂ ਦੀ ਤਾਸੀਰ– – ਇਹ ਤੀਜੇ ਦਰਜੇ ਵਿਚ ਗਰਮ ਅਤੇ ਖ਼ੁਸ਼ਕ ਹੁੰਦੀ ਹੈ । ਜੇ ਅੱਕ ਦੇ ਤਾਜ਼ੇ ਪੱਤਿਆਂ ਨੂੰ ਗਰਮ ਕਰ ਕੇ ਵਰਮ ਉਤੇ ਬੰਨ੍ਹਿਆ ਜਾਵੇਂ ਤਾਂ ਸੋਜ ਹਟ ਜਾਂਦੀ ਹੈ । ਇਹ ਠੰਢ ਕਾਰਨ ਹੁੰਦੇ ਦਰਦਾਂ ਨੂੰ ਵੀ ਠੀਕ ਕਰਦੇ ਹਨ । ਜੇ ਪੱਤਿਆਂ ਨੂੰ ਜ਼ੈਤੂਨ ਦੇ ਤੇਲ ਵਿਚ ਕਾੜ੍ਹ ਕੇ ਲੇਪ ਕੀਤਾ ਜਾਵੇ ਤਾਂ ਅਧਰੰਗ , ਤਸ਼ੰਨੁਜ ( ਅਕੜਾ ) ਅਤੇ ਪੱਠਿਆਂ ਦੀ ਸੁਸਤੀ ਦੂਰ ਹੋ ਜਾਂਦੀ ਹੈ । ਅੱਕ ਦੀ ਰੂੰ ਪੱਥਰੀ ਲਈ ਬੜੀ ਗੁਣਕਾਰੀ ਹੈ ।

                  ਅੱਕ ਗਰਮ ਤਬੀਅਤ ਵਾਲਿਆਂ ਨੂੰ ਨੁਕਸਾਨ ਪੁਚਾਉਂਦਾ ਹੈ । ਦੁੱਧ ਅਤੇ ਤੇਲ ਇਸ ਦੇ ਸੋਧਕ ਹਨ । ਮਿਸਰ ਵਾਲੇ ਕਹਿੰਦੇ ਹਨ ਕਿ ਇਸ ਦੇ ਧੂਏਂ ਨਾ ਮੱਛਰ ਭੱਜ ਜਾਂਦਾ ਹੈ ।

                  ਪਹਾੜੀ ਅੱਕ ਜਿਸ ਨੂੰ ਗੁਲਾਬੰਦੀ ਅੱਕ ਕਹਿੰਦੇ ਹਨ , ਆਮ ਅੱਕ ਤੋਂ ਵੱਖ ਇਕ ਹੋਰ ਪੌਦਾ ਜਿਸ ਨੂੰ ਪੰਜਾਬ ਵਿਚ ਵਾੜਾਂ ਦੇ ਤੌਰ ਤੇ ਲਾਉਂਦੇ ਹਨ । ਇਹ ਬਹੁਤ ਉੱਚਾ ਹੁੰਦਾ ਹੈ । ਇਸ ਦੇ ਪੱਤੇ ਨਰਮ , ਮੁਲਾਇਮ ਅਤੇ ਗੂੜ੍ਹੇ ਹਰੇ ਹੁੰਦੇ ਹਨ । ਇਸ ਦੇ ਫੁੱਲ ਵੱਡੇ ਵੱਡੇ , ਚਿੱਟੇ ਜਾਮਣੀ ਰੰਗ ਦੇ ਹੁੰਦੇ ਹਨ । ਇਸ ਨੂੰ ਕੁਕੜੀਆਂ ਨਹੀਂ ਲਗਦੀਆਂ ਅਤੇ ਨਾ ਹੀ ਇਸ ਵਿਚ ਦੁੱਧ ਹੁੰਦਾ ਹੈ ।

                  ਹ. ਪੁ.– – ਮਖਜਨਲ ਅਦਵੀਆ , ਮੌਲਵੀ ਨੂਰ ਕਰੀਮ.


ਲੇਖਕ : ਜਗਜੀਤ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-08, ਹਵਾਲੇ/ਟਿੱਪਣੀਆਂ: no

ਅੱਕ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੱਕ   : ਪੰਜਾਬ ਵਿਚ ਮਿਲਣ ਵਾਲਾ ਇਹ ਅਜਿਹਾ ਦਵਾਈ ਪੌਦਾ ਹੈ ਜਿਸ ਦਾ ਹਰੇਕ ਹਿੱਸਾ ਕਿਸੇ ਨਾ ਕਿਸੇ ਬੀਮਾਰੀ ਲਈ ਲਾਹੇਵੰਦ ਹੈ । ਇਸ ਦੀਆਂ ਦੋ ਕਿਸਮਾਂ ਹਨ ਆਮ ਅੱਕ ਜਿਸ ਨੂੰ ਦੇਸੀ ਅੱਕ ਵੀ ਕਿਹਾ ਜਾਂਦਾ ਹੈ ਅਤੇ ਦੂਜੀ ਪਹਾੜੀ ਅੱਕ ਜਾਂ ਗੁਲਾਬੰਸੀ ( ਗੁਲਾਬਾਸੀ ) ਅੱਕ ।

              ਪਹਾੜੀ ਅੱਕ ਆਮ ਤੌਰ ਤੇ ਖੇਤਾਂ ਦੀਆਂ ਵਾੜਾਂ ਤੇ ਲਗਾਇਆ ਜਾਂਦਾ ਹੈ । ਇਸ ਦਾ ਕੱਦ ਬਹੁਤ ਉੱਚਾ ਹੁੰਦਾ ਹੈ । ਇਸ ਦੇ ਪੱਤੇ ਨਰਮ , ਮੁਲਾਇਮ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਸ ਦੇ ਫੁੱਲ ਵੱਡੇ ਵੱਡੇ ਗੁਲਾਬੀ ਜਾਂ ਜਾਮਨੀ ਰੰਗ ਦੇ ਹੁੰਦੇ ਹਨ । ਤਣੇ ਉਪਰ ਕੰਡੇ ਵੀ ਹੁੰਦੇ ਹਨ ।

              ਦੇਸੀ ਅੱਕ ਦਾ ਪੌਦਾ ਛੋਟਾ ਹੁੰਦਾ ਹੈ ਅਤੇ ਇਸ ਦੇ ਕੋਮਲ ਹਿੱਸਿਆਂ ਤੇ ਖ਼ਾਸ ਕਰਕੇ ਪੱਤਿਆਂ ਦੇ ਹੇਠਲੇ ਹਿੱਸੇ ਤੇ ਸੰਘਣੀ ਪਰ ਬਾਰੀਕ ਲੂਈ ਹੁੰਦੀ ਹੈ । ਇਸ ਦੇ ਫਲ ਵਿਚ ਬਹੁਤ ਸਾਰੇ ਚਪਟੇ ਤੇ ਨੋਕਦਾਰ ਬੀਜ ਹੁੰਦੇ ਹਨ ਜਿਨ੍ਹਾਂ ਉੱਪਰ ਰੇਸ਼ਮ ਵਰਗੇ ਬਾਰੀਕ ਲੰਮੇ ਵਾਲੇ ਹੁੰਦੇ ਹਨ ਅਤੇ ਜਿਨ੍ਹਾਂ ਰਾਹੀਂ ਬੀਜਾਂ ਦੀ ਹਵਾਈ ਉਡਾਣ ਸੁਖਾਲੀ ਹੋ ਜਾਂਦੀ ਹੈ । ਇਨ੍ਹਾਂ ਨੂੰ ਛੋਟੇ ਬੱਚੇ ' ਬੁੱਢੀ ਮਾਈ' ਵੀ ਕਹਿੰਦੇ ਹਨ ।      

 

ਇਸ ਦੇ ਤਣੇ ਤੋਂ ਰੇਸ਼ੇ ਕੱਢੇ ਜਾਂਦੇ ਹਨ । ਅੱਕ ਦੇ ਪੌਦੇ ਵਿਚ ਕਈ ਬੀਮਾਰੀਆਂ ਨੂੰ ਠੀਕ ਕਰਨ ਦੇ ਗੁਣ ਹੁੰਦੇ ਹਨ । ਅੱਕ ਦੀ ਤਾਸੀਰ ਚੌਥੇ ਦਰਜੇ ਵਿਚ ਗਰਮ ਤੇ ਖ਼ੁਸ਼ਕ ਪਰ ਜ਼ਹਿਰੀਲੀ ਹੁੰਦੀ ਹੈ । ਇਸ ਦਾ ਦੁੱਧ ਚਮੜੀ ਦੇ ਜ਼ਖ਼ਮਾਂ ਨੂੰ ਭਰਦਾ ਹੈ ਅਤੇ ਬਲਗ਼ਮ ਨੂੰ ਖ਼ਾਰਜ ਕਰਨ ਵਿਚ ਸਹਾਇਕ ਹੁੰਦਾ ਹੈ । ਇਸ ਦੇ ਦੁੱਧ ਦੀ ਵਰਤੋਂ ਹੋਰ ਵੀ ਕਈ ਅਲਾਮਤਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ । ਅੱਕ ਦੀਆਂ ਟਾਹਣੀਆਂ ਤੇ ਪੱਤਿਆਂ ਦੀ ਤਾਸੀਰ , ਤੀਜੇ ਦਰਜੇ ਵਿਚ ਗਰਮ ਤੇ ਖ਼ੁਸ਼ਕ ਹੁੰਦੀ ਹੈ । ਇਸ ਦੇ ਪੱਤਿਆਂ ਨੂੰ ਜੇਕਰ ਜੈਤੂਨ ਦੇ ਤੇਲ ਵਿਚ ਗਰਮ ਕਰ ਕੇ ਬੰਨ੍ਹ ਲਿਆ ਜਾਵੇ ਤਾਂ ਅਧਰੰਗ , ਅਕੜਾ ਅਤੇ ਪੱਠਿਆਂ ਦੀ ਸੁਸਤੀ ਦੂਰ ਹੋ ਜਾਂਦੀ ਹੈ । ਇਸ ਦੀ ਤਸੀਰ ਗਰਮ ਹੋਣ ਕਾਰਨ , ਇਹ ਗਰਮ ਤਬੀਅਤ ਵਾਲੇ ਵਿਅਕਤੀਆਂ ਲਈ ਨੁਕਸਾਨਦੇਹ ਸਾਬਤ ਹੁੰਦੀ ਹੈ । ਦੁੱਧ ਅਤੇ ਤੇਲ ਇਸ ਦੇ ਸੋਧਕ ਹਨ । ਇਸ ਤੋਂ ਇਲਾਵਾ ਇਸ ਦੀ ਵਰਤੋਂ ਕੋਹੜ , ਹਰਪੀਜ਼ , ਜਲੋਧਰ , ਜੋੜਾਂ ਦੇ ਦਰਦ , ਬੁਖ਼ਾਰ ਅਤੇ ਆਤਸ਼ਕ ਰੋਗਾਂ ਵਿਚ ਵੀ ਕੀਤੀ ਜਾਂਦੀ ਹੈ । ਇਹ ਗਰਭਪਾਤ ਲਈ ਵੀ ਲਾਹੇਵੰਦ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-04-56-43, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. : 206, ਮੈ. ਪ. ਇੰ. 4:64

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.