ਆਵਾਗਮਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਵਾਗਮਨ ਸੰ. आवागमन. ਸੰਗ੍ਯਾ— ਆਉਣ ਜਾਣ ਦੀ ਕ੍ਰਿਯਾ. ਆਗਮਨ ਅਤੇ ਗਮਨ. ਆਵਾਜਾਈ । ੨ ਜਨਮ ਮਰਣ. ਪੈਦਾ ਹੋਣਾ ਅਤੇ ਮਰਨਾ । ੩ ਜੀਵਾਤਮਾ ਦਾ ਸ਼ੁਭ ਅਸ਼ੁਭ ਕਰਮਾ ਦੇ ਫਲ ਭੋਗਣ ਲਈ ਮਨੁੱਖ ਪਸੂ ਪੰਖੀ ਆਦਿ ਚੌਰਾਸੀ ਲੱਖ ਜੂਨਾਂ ਵਿੱਚ ਜੰਮਣਾ ਅਤੇ ਮਰਨਾ. ਇਸ ਸੰਸਾਰਚਕ੍ਰ ਤੋਂ , ਆਤਮਗ੍ਯਾਨ ਪ੍ਰਾਪਤ ਹੋਣ ਪੁਰ , ਜਦ ਕਰਮਜਾਲ ਤੋਂ ਛੁਟਕਾਰਾ ਹੁੰਦਾ ਹੈ ਤਦ ਜੀਵ ਮੁਕਤਿ ਪਾਕੇ ਸਦਾ ਲਈ ਆਵਾਗਮਨ ਤੋਂ ਰਹਿਤ ਹੋ ਜਾਂਦਾ ਹੈ.

ਕਈ ਜਨਮ ਭਏ ਕੀਟ ਪਤੰਗਾ ,                                            

ਕਈ ਜਨਮ ਗਜ ਮੀਨ ਕੁਰੰਗਾ.

ਕਈ ਜਨਮ ਪੰਖੀ ਸਰਪ ਹੋਇਓ ,

ਕਈ ਜਨਮ ਹੈਵਰ ਬ੍ਰਿਖ ਜੋਇਓ.

ਮਿਲੁ ਜਗਦੀਸ ਮਿਲਨ ਕੀ ਬਰੀਆ ,

ਚਿਰੰਕਾਲ ਇਹ ਦੇਹ ਸੰਜਰੀਆ.

ਕਈ ਜਨਮ ਸੈਲ ਗਿਰਿ ਕਰਿਆ ,

ਕਈ ਜਨਮ ਗਰਭ ਹਿਰਿ ਖਰਿਆ.

ਕਈ ਜਨਮ ਸਾਖ ਕਰਿ ਉਪਾਇਆ ,

ਲਖ ਚਉਰਾਸੀਹ ਜੋਨਿ ਭ੍ਰਮਾਇਆ. ***

( ਆਸਾ ਮ : ੫ )

ਉਦਮ ਕਰਹਿ ਅਨੇਕ ਹਰਿਨਾਮੁ ਨ ਗਾਵਹੀ ,

ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀਂ.

ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ ,

ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ. ***

( ਜੈਤ ਮ : ੫ )

          ਨਿਜਘਰਿ ਮਹਲੁ ਪਾਵਹੁ

            ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ.

                                                        ( ਗਉ ਮ : ੫ )

ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ,

ਨਾਨਕ ਗੁਰ ਤੇ ਥਿਤਿ ਪਾਈ ਫਿਰਨ ਮਿਟੇ ਨਿਤਨੀਤ.

( ਬਾਵਨ )

ਜਨਮ ਮਰਨ ਕੇ ਮਿਟੇ ਅੰਦੇਸੇ ,

ਸਾਧੂ ਕੇ ਪੂਰਨ ਉਪਦੇਸੇ. ***

ਥਿਤਿ ਪਾਈ ਚੂਕੇ ਭ੍ਰਮ ਗਵਨ ,

ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ.

( ਸੁਖਮਨੀ )

“ ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾਗਵਨ ,

ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨੁ.”

( ਗਉ ਥਿਤਿ ਮ : ੫ )

          ਭਾਰਤ ਦੇ ਲੋਕ ਪਰੰਪਰਾ ਤੋਂ ਆਵਾਗਮਨ ( ਤਨਾਸੁਖ਼ , L. metempsychosis. ਅੰ. transmigration of souls ) ਮੰਨਦੇ ਚਲੇ ਆਏ ਹਨ. ਯੂਨਾਨੀ ਇਤਿਹਾਸਕਾਰ ਹੀਰਾਡੋਟਸ ( Herodotus II. 53 , 81 , 123 ) ਦੇ ਲੇਖ ਅਨੁਸਾਰ ਪ੍ਰਾਚੀਨ ਮਿਸਰੀ ਭੀ ਆਵਾਗਮਨ ਦੇ ਵਿਸ਼੍ਵਾਸੀ ਸਨ. ਯੂਨਾਨੀ ਤਤ੍ਵਵੇਤਾ ਆਪ ਭੀ ਇਸ ਮਤ ਦਾ ਪ੍ਰਚਾਰ ਕਰਦੇ ਰਹੇ ਹਨ. ਨਵੀਨ ਬ੍ਰਹ੝ਵੇਤਿਆਂ ( modern Theosphists ) ਦਾ ਖ਼ਿਆਲ ਹੈ ਕਿ ਪ੍ਰਾਚੀਨ ਯਹੂਦੀ ਈਸਾਈ ਮੁਸਲਮਾਨ ਅਤੇ ਹੋਰ ਮਤਾਵਲੰਬੀ ਭੀ ਕਿਸੇ ਨਾ ਕਿਸੇ ਸ਼ਕਲ ਵਿੱਚ ਆਵਾਗਮਨ ਨੂੰ ਜਰੂਰ ਮੰਨਦੇ ਸਨ. ਅੱਜ ਕੱਲ ਕੇਵਲ ਉਹ ਲੋਕ ਆਵਾਗਮਨ ਦੇ ਮੰਨਣ ਵਾਲੇ ਹਨ , ਜਿਨ੍ਹਾਂ ਦੇ ਧਾਰਮਿਕ ਬਜ਼ੁਰਗ ਕਦੇ ਪ੍ਰਾਚੀਨ ਭਾਰਤ ਨਿਵਾਸੀਆਂ ਨਾਲ ਸੰਬੰਧ ਰਖਦੇ ਸਨ , ਜਾਂ ਉਹ , ਜੋ ਹੁਣ ਆਪ ਉਨ੍ਹਾਂ ਬਿਰਧਾਂ ਦਾ ਸਤਕਾਰ ਕਰਦੇ ਹਨ. ਬੌੱਧ , ਜੈਨੀ , ਹਿੰਦੂ , ਸਿੱਖ ਅਤੇ ਨਵੀਨ ਬ੍ਰਹ੝ਵੇੱਤਾ ( Theosophists ) ਸਾਰੇ ਇਸ ਸਿੱਧਾਂਤ ਨੂੰ ਅੰਗੀਕਾਰ ਕਰਦੇ ਹਨ. ਵਰਤਮਾਨ ਸਿਆਣਿਆਂ ਨੇ ਆਵਾਗਮਨ ਦੇ ਤਿੰਨ ਭੇਦ ਕਰ ਦਿੱਤੇ ਹਨ : —

          ( ੳ )                 ਜਦ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਲਈ ਰੱਬ ਉਸੇ ਵੇਲੇ ਨਵਾਂ ਆਤਮਾ ਨਹੀਂ ਸਿਰਜਦਾ. ਆਤਮਾ ਪਹਿਲਾਂ ਤੋਂ ਹੀ ਮੌਜੂਦ ਰਹਿੰਦਾ ਹੈ , ਪਰ ਵਿਦੇਹ ਦਸ਼ਾ ਵਿੱਚ. ਜਦੋਂ ਇਹ ਮਨੁੱਖਦੇਹ ਵਿੱਚ ਪ੍ਰਵੇਸ਼ ਕਰਦਾ ਹੈ , ਤਾਂ ਇਸ ਲਈ ਦੇਹ ਧਾਰਣ ਦਾ ਏਹੋ ਪਹਿਲਾ ਮੌਕਾ ਹੁੰਦਾ ਹੈ , ਅਰ ਮਰਨ ਪਿੱਛੋਂ ਅੱਗੋਂ ਭੀ ਕਦੇ ਦੇਹ ਨਹੀਂ ਧਾਰੇਗਾ. ਇਸ ਸਿੱਧਾਂਤ ਦਾ ਨਾਮ “ ਪੂਰਵਅਸ੍ਤਿਤ੍ਵ” ( the doctrine of Pre-existence ) ਪ੍ਰਸਿੱਧ ਹੈ.

          ( ਅ )               ਆਤਮਾ ਇਸ ਸ਼ਰੀਰ ਤੋਂ ਪਹਿਲਾਂ ਕੋਟਾਨ ਕੋਟਿ ਮਨੁੱਖ ਪਸ਼ੂ ਪੰਖੀ ਬਿਰਛ ਆਦਿਕ ਜੂਨੀਆਂ ਵਿੱਚ ਭ੍ਰਮਣ ਕਰਦਾ ਰਿਹਾ ਹੈ , ਅਰ ਮੌਜੂਦਾ ਸ਼ਰੀਰ ਤਿਆਗਣ ਮਗਰੋਂ ਭੀ ਮੁੜ ਮਨੁੱਖ ਜੂਨੀ ਵਿੱਚ ਆਂਉਣ ਤੋਂ ਪਹਿਲਾਂ ਕਈ ਪਸ਼ੂ ਪੰਖੀ ਬਿਰਛ ਆਦਿਕ ਜੂਨੀਆਂ ਵਿੱਚ ਜਨਮ ਲਏਗਾ. ਇਸ ਸਿੱਧਾਂਤ ਦਾ ਨਾਮ ਤਨਾਸੁਖ਼ ਅਥਵਾ ਯਥਾਰਥ ਆਵਾਗਮਨ ( transmigration. or metemphychosis ) ਹੈ.

          ( ੲ ) ਮਨੁੱਖ ਦਾ ਆਤਮਾ ਇਸ ਸ਼ਰੀਰ ਤੋਂ ਪਹਿਲੇ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਤਾਂ ਜਨਮ ਲੈਂਦਾ ਰਿਹਾ ਹੈ , ਪਰ ਪਸ਼ੂ ਪੰਖੀ ਬਿਰਛ ਆਦਿਕ ਹੋ ਕੇ ਕਦੇ ਨਹੀਂ ਜੰਮਿਆ , ਅਰ ਮੌਜੂਦਾ ਸ਼ਰੀਰ ਤਿਆਗਣ ਮਗਰੋਂ ਭੀ ਇਹ ਮੁਕਤ ਹੋਣ ਤਕ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਹੀ ਪੁਨਰ ਜਨਮ ਧਾਰਣ ਕਰੇਗਾ. ਇਸ ਸਿੱਧਾਂਤ ਦਾ ਨਾਉਂ ਪੁਨਰਭਵ ( पुनर्भव ) Re-incarnation ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਵਾਗਮਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਵਾਗਮਨ : ਅਥਵਾ ਪੁਨਰ ਜਨਮ ਦਾ ਇਹ ਸਿਧਾਂਤ ਇਸ ਨਿਯਮ ਤੇ ਅਧਾਰਿਤ ਹੈ ਕਿ ਮੌਤ ਤੋਂ ਬਾਅਦ ਵਿਅਕਤੀ ਦੀ ਆਤਮਾ ਨਵੇਂ ਸਰੀਰ ਅਥਵਾ ਨਵੇਂ ਜੀਵਨ ਵਿਚ ਪ੍ਰਵੇਸ਼ ਕਰਦੀ ਹੈ । ਇਹ ਧਾਰਨਾ ਕੇਂਦਰੀ ਤੌਰ ਤੇ ਬ੍ਰਹਿਮੰਡੀ ਕਾਰਨ-ਕਾਰਜ ਸਿਧਾਂਤ ਉੱਤੇ ਕੇਂਦਰਿਤ ਹੈ ਅਰਥਾਤ ਇਕ ਵਿਅਕਤੀ ਨੂੰ ਵਰਤਮਾਨ ਵਿਚ ਆਪਣੇ ਕੀਤੇ ਹੋਏ ਕੰਮਾਂ ਲਈ ਇਨਾਮ ਅਥਵਾ ਸਜ਼ਾ ਜੇਕਰ ਇਸੇ ਜੀਵਨ ਵਿਚ ਨਹੀਂ ਤਾਂ ਆਉਣ ਵਾਲੇ ਜਨਮ ਵਿਚ ਅਵੱਸ਼ਕ ਰੂਪ ਵਿਚ ਮਿਲਣੀ ਚਾਹੀਦੀ ਹੈ । ਇਹ ਮੰਨਿਆ ਗਿਆ ਹੈ ਕਿ ਸਰੀਰ ਦੇ ਅੰਤ ਹੋ ਜਾਣ ਨਾਲ ਆਤਮਾ ਸਮਾਪਤ ਨਹੀਂ ਹੋ ਜਾਂਦੀ ਸਗੋਂ ਵਿਅਕਤੀ ਦੇ ਵਿਚਾਰਾਂ , ਸ਼ਬਦਾਂ ਅਤੇ ਕਰਤੱਵਾਂ ਅਨੁਸਾਰ ਇਹ ਨਵਾਂ ਜਨਮ ਧਾਰਨ ਕਰਦੀ ਹੈ । ਇਹਨਾਂ ਸਾਰਿਆਂ ਦਾ ਸਮੁੱਚਾ ਪ੍ਰਭਾਵ ਉਸ ਦੀ ਅਗਲੀ ਹੋਂਦ ਨਿਰਧਾਰਿਤ ਕਰਦਾ ਹੈ । ਸੰਸਾਰਿਕ ਪਦਾਰਥਾਂ ਵਿਚ ਲੀਨ ਜੀਵ ਉਦੋਂ ਤਕ ਜਨਮ-ਮਰਨ-ਪੁਨਰ ਜਨਮ ਦੇ ਚੱਕਰ ਵਿਚ ਪਿਆ ਰਹੇਗਾ ਜਦੋਂ ਤਕ ਉਹ ਆਪਣੇ ਪਹਿਲਾਂ ਦੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਨੂੰ ਖ਼ਤਮ ਨਹੀਂ ਕਰ ਲੈਂਦਾ ।

      ਸਾਰੇ ਭਾਰਤੀ ਧਰਮਾਂ ਦੇ ਮੂਲ ਵਿਚ ਮੌਤ ਤੋਂ ਬਾਅਦ ਫਿਰ ਜਨਮ ਲੈਣ ਦਾ ਸਿਧਾਂਤ ਮੂਲ ਰੂਪ ਵਿਚ ਵਿਦਮਾਨ ਹੈ । ਪਹਿਲੇ ਸਮਿਆਂ ਦੇ ਪੱਛਮੀ ਦਾਰਸ਼ਨਿਕ ਵੀ ਆਤਮਾ ਦੇ ਆਵਾਗਮਨ ਵਿਚ ਵਿਸ਼ਵਾਸ ਕਰਦੇ ਸਨ ਪਰੰਤੂ ਉਹਨਾਂ ਲਈ ਇਹ ਆਵਾਗਮਨ ਆਤਮਾ ਦੀ ਅਮਰਤਾ ਦੀ ਧਾਰਨਾ ਨਾਲ ਜੁੜਿਆ ਹੋਇਆ ਸੀਦੂਜੇ ਪਾਸੇ ਭਾਰਤੀ ਪਰੰਪਰਾ ਵਿਚ ਆਵਾਗਮਨ ਕਰਮ ਦੇ ਸਿਧਾਂਤ ਦਾ ਅਵੱਸ਼ਕ ਪਰਿਣਾਮ ਹੈ ਜਿਸ ਅਨੁਸਾਰ ਸਰੀਰਿਕ ਜਾਂ ਮਾਨਸਿਕ ਰੂਪ ਵਿਚ ਕੀਤੇ ਹੋਏ ਹਰ ਕੰਮ ਦਾ ਆਪਣਾ ਹੀ ਨਤੀਜਾ ਹੁੰਦਾ ਹੈ ਜਿਸਨੂੰ ਉਸੇ ਵੇਲੇ ਅਥਵਾ ਭਵਿੱਖ ਵਿਚ , ਇਸ ਜੀਵਨ ਵਿਚ ਅਥਵਾ ਇਸ ਤੋਂ ਬਾਅਦ ਭੁਗਤਣਾ ਹੀ ਪਏਗਾ; ਚੰਗੇ ਕਰਮ , ਚੰਗੇ ਪੁਰਸਕਾਰ ਵਲ ਲੈ ਜਾਂਦੇ ਹਨ ਅਤੇ ਮਾੜੇ ਕਰਮਾਂ ਕਾਰਨ ਸਜ਼ਾ ਮਿਲਦੀ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੀਵਾਤਮਾ ਇਸ ਭੌਤਿਕ ਸਰੀਰ ਦੇ ਨਾਲ ਹੀ ਖ਼ਤਮ ਨਹੀਂ ਹੋ ਜਾਂਦੀ ਹੈ ਸਗੋਂ ਨਵੇਂ ਜਨਮ ਵਿਚ ਨਵਾਂ ਸੰਸਾਰੀ ਸਰੀਰ ਧਾਰਨ ਕਰਦੀ ਹੈ ਜਿਹੜਾ ਉਸਦੇ ਪਿੱਛਲੇ ਜਨਮਾਂ ਦੇ ਕਰਮਾਂ ਦੇ ਹਿਸਾਬ ਨਾਲ ਨਿਰਧਾਰਿਤ ਹੁੰਦਾ ਹੈ । ਹਰ ਨਵਾਂ ਜਨਮ ਆਪਣੀ ਵਾਰੀ ਅਨੁਸਾਰ ਅਵੱਸ਼ਕ ਤੌਰ ਤੇ ਨਵੇਂ ਕਰਮਾਂ ਦੀ ਲਪੇਟ ਵਿਚ ਆਉਂਦਾ ਹੈ ਜਿਹੜੇ ਵਿਅਕਤੀ ਨੂੰ ਹੋਰ ਪਰਿਣਾਮਾਂ ਵਲ ਲੈ ਜਾਂਦੇ ਹਨ । ਇਸ ਤਰ੍ਹਾਂ ਜੀਵ ਆਤਮਾ ਕਰਮਾਂ ਦੇ ਚੱਕਰ ਵਿਚ ਬੱਝੀ ਰਹਿੰਦੀ ਹੈ ਅਥਵਾ ਜੀਵਨ-ਕਰਮ-ਮੌਤ ਪੁਨਰ ਜਨਮ ਦੇ ਕਦੀ ਵੀ ਖ਼ਤਮ ਨ ਹੋਣ ਵਾਲੇ ਚੱਕਰ ਵਿਚ ਉਦੋਂ ਤਕ ਪਈ ਰਹਿੰਦੀ ਹੈ ਜਦੋਂ ਤਕ ਇਹ ਲੜੀ ਟੁੱਟ ਨਹੀਂ ਜਾਂਦੀ; ਇਕੱਠੇ ਕੀਤੇ ਹੋਏ ਕਰਮਾਂ ਦੇ ਸੰਸਕਾਰ ਖਤਮ ਨਹੀਂ ਹੋ ਜਾਂਦੇ ਅਤੇ ਜੀਵ ਨੂੰ ਆਵਾਗਮਨ ਤੋਂ ਮੁਕਤੀ ਨਹੀਂ ਪ੍ਰਾਪਤ ਹੋ ਜਾਂਦੀ ।

      ਆਵਾਗਮਨ ਦੇ ਵਿਚਾਰ ਦਾ ਮੂਲ ਵੈਦਿਕ ਸਮੇਂ ਤੋਂ ਬਾਅਦ ਤਕ ਦੇ ਸਮੇਂ ਤਕ ਲਭਿਆ ਗਿਆ ਹੈ । ਮੁੱਢਲੇ ਆਰੀਆ ਲੋਕ ਇਹ ਵਿਸ਼ਵਾਸ ਕਰਦੇ ਸਨ ਕਿ ਚੰਗੇ ਵਿਅਕਤੀ ਦੇਵਤਿਆਂ ਦੇ ਸਾਥ ਨੂੰ ਮਾਨਣ ਲਈ ਸਵਰਗ ਚਲੇ ਜਾਂਦੇ ਹਨ ਜਦੋਂ ਕਿ ਮਾੜੇ ਅਤੇ ਮੱਕਾਰ ਵਿਅਕਤੀਆਂ ਦੀ ਆਤਮਾ ਨਰਕ ਦੀਆਂ ਗੁਫਾਵਾਂ ਵਿਚ ਵਿਲੀਨ ਹੋ ਜਾਂਦੀਆਂ ਹਨ । ਇਹ ਸਿਧਾਂਤ ਸਭ ਤੋਂ ਪਹਿਲਾਂ ਸ਼ਤਪਥ ਬ੍ਰਾਹਮਣ ਵਿਚ ਦਿੱਤਾ ਗਿਆ ਹੈ ਕਿ ਕੋਈ ਵੀ ਖੁਸ਼ੀ ਅਤੇ ਤਕਲੀਫ਼ ਬੇਹਿਸਾਬੀ ਨਹੀਂ ਹੁੰਦੀ ਅਤੇ ਵਿਅਕਤੀਗਤ ਆਤਮਾ ਸਰੀਰ ਦੀ ਮੌਤ ਤੋਂ ਬਾਅਦ ਨਵੀਂ ਹੋਂਦ ਵਿਚ ਪਹਿਲੇ ਜੋ ਉਸਨੇ ਮਾੜਾ ਜਾਂ ਚੰਗਾ ਕਰਮ ਬੀਜਿਆ ਹੈ ਉਸ ਦੇ ਫਲ ਨੂੰ ਪ੍ਰਾਪਤ ਕਰਦੀ ਹੈ । ਸ਼ਤਪਥ ਬ੍ਰਾਹਮਣ ਰਚਨਾ ਉਹਨਾਂ ਕਈ ਵਿਆਖਿਆਵਾਂ ਵਿਚੋਂ ਇਕ ਹੈ ਜਿਹੜੀਆਂ ਉਪਨਿਸ਼ਦਾਂ ਤੋਂ ਪਹਿਲਾਂ ਹੋਂਦ ਵਿਚ ਆਈਆਂ ਸਨ । ਉਦੋਂ ਤੋਂ ਲੈ ਕੇ ਭਾਰਤ ਵਿਚ ਜੀਵਾਤਮਾ ਦੇ ਜੀਵਨ-ਮਰਨ ਅਥਵਾ ਆਵਾਗਮਨ ਦੇ ਚੱਕਰ ਤੋਂ ਮੁਕਤ ਹੋਣਾ ਹੀ ਸਭ ਤੋਂ ਉੱਚਾ ਉਦੇਸ਼ ਮੰਨਿਆ ਜਾ ਰਿਹਾ ਹੈ । ਭਾਰਤੀ ਧਾਰਮਿਕ ਸੰਪਰਦਾਵਾਂ ਦੀਆਂ ਵੱਖਰੀਆਂ-ਵੱਖਰੀਆਂ ਪਰੰਪਰਾਵਾਂ ਵਿਚ ਵੱਖਰੇ ਵੱਖਰੇ ਵਿਸ਼ਲੇਸ਼ਣ ਵੀ ਕੀਤੇ ਗਏ ਅਤੇ ਆਵਾਗਮਨ ਦੇ ਹੱਲ ਵੀ ਕੱਢੇ ਗਏ ਹਨ । ਇਕ ਦ੍ਰਿਸ਼ਟੀਕੋਣ ਇਹ ਹੈ ਕਿ ਜੇਕਰ ਆਵਾਗਮਨ ਕਰਮਾਂ ਦੇ ਅਧੀਨ ਹੈ ਤਾਂ ਇਸ ਚੱਕਰ ਨੂੰ ਕਰਮਾਂ ਦਾ ਤਿਆਗ ਕਰਕੇ ਤੋੜਿਆ ਜਾ ਸਕਦਾ ਹੈ । ਕਰਮਾਂ ਦੇ ਇਸ ਚੱਕਰ ਨੂੰ ਤੋੜਨ ਹਿਤ ਕਈ ਢੰਗ ਸੁਝਾਏ ਗਏ ਹਨ ਜਿਵੇਂ ਕਿ ਸੰਨਿਆਸ ਲੈਣਾ , ਕਰਮ ਨ ਕਰਨਾ , ਕਰਮਕਾਂਡ ਕਰਨਾ ਅਤੇ ਗਿਆਨ ਪ੍ਰਾਪਤ ਕਰਨਾ ਆਦਿ ।

      ਸਿੱਖ ਧਰਮ ਵਿਚ ਵੀ ਆਤਮਾ ਦੇ ਆਵਾਗਮਨ ਅਤੇ ਕਰਮ ਦੇ ਸਿਧਾਂਤ ਨੂੰ ਸਵੀਕਾਰ ਕੀਤਾ ਗਿਆ ਹੈ ਪਰੰਤੂ ਅਜਿਹਾ ਕਰਦੇ ਸਮੇਂ ਮਹੱਤਵਪੂਰਣ ਵਿਅਕਤੀਗਤ ਪਰਤਾਂ ਉੱਤੇ ਵਿਸ਼ੇਸ ਜ਼ੋਰ ਦੇਣ ਦਾ ਝਲਕਾਰਾ ਪੈਂਦਾ ਹੈ । ਇਹ ਸੱਚ ਹੈ ਕਿ ਕਰਮ ਹੀ ਆਪਣਾ ਨਤੀਜਾ ਨਿਰਧਾਰਿਤ ਕਰਦੇ ਹਨ-ਜੇਹੇ ਕਰਮ ਕਮਾਇ ਤੇਹਾ ਹੋਇਸੀ ॥ ( ਗੁ.ਗ੍ਰੰ.730 ) । ਫਿਰ ਵੀ ਕਰਮ ਪਰਮਾਤਮਾ ਦੇ ਹੁਕਮ ਦੇ ਰੂਪ ਵਿਚ ਇਕ ਕੁਦਰਤੀ ਜ਼ਰੂਰਤ ਹੈ ਅਤੇ ਇਸ ਲਈ ਇਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ । ਇਸ ਲਈ ਜੋ ਚਾਹੀਦਾ ਹੈ ਉਹ ਇਹ ਨਹੀਂ ਹੈ ਕਿ ਕਰਮਾਂ ਦਾ ਤਿਆਗ ਕਰਕੇ ਕਰਮਾਂ ਨੂੰ ਸਮਾਪਤ ਕੀਤਾ ਜਾਏ ਸਗੋਂ ਚੰਗੇ ਕਰਮਾਂ ਨੂੰ ਕਰਨਾ ਚਾਹੀਦਾ ਹੈ ਅਤੇ ਮਾੜੇ ਕਰਮਾਂ ਦਾ ਤਿਆਗ ਕਰਨਾ ਚਾਹੀਦਾ ਹੈ । ਵਿਅਕਤੀ ਨੂੰ ਸੁਭਾਵਿਕ ਤੌਰ ਤੇ ਹੀ ਚੰਗੇ ਅਤੇ ਬੁਰੇ ਦੀ ਪਹਿਚਾਨ ਦੀ ਸ਼ਕਤੀ ਮਿਲੀ ਹੋਈ ਹੈ । ਇਸ ਅਧਾਰ ਤੇ ਮਨੁੱਖੀ ਜੀਵਨ ਇਕ ਵਡਮੁੱਲਾ ਅਵਸਰ ਹੈ ਜਿਸਨੂੰ ਗਵਾਇਆ ਨਹੀਂ ਜਾਣਾ ਚਾਹੀਦਾ । ਗੁਰੂ ਨਾਨਕ ਚਿਤਾਵਨੀ ਦਿੰਦੇ ਹਨ-ਸੁਣਿ ਸੁਣਿ ਸਿਖ ਹਮਾਰੀ ॥ ਸੁਕ੍ਰਿਤ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥ ( ਗੁ.ਗ੍ਰੰ. 154 ) । ਗੁਰੂ ਅਰਜਨ ਦੇਵ ਵੀ ਕਹਿੰਦੇ ਹਨ- ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥ ( ਗੁ.ਗ੍ਰੰ. 176 ) । ਇਸ ਸੰਸਾਰ ਵਿਚ ਹੀ ਵਿਅਕਤੀ ਕੋਲ ਨੈਤਿਕ ਪੂਰਨਤਾ , ਪ੍ਰਭੂ ਦੇ ਨਾਮ ਸਿਮਰਨ ਅਤੇ ਮੁਕਤੀ ਪ੍ਰਾਪਤ ਕਰ ਲੈਣ ਦਾ ਅਵਸਰ ਹੈ ।

      ਦੂਜੀ ਗੱਲ ਇਹ ਹੈ ਕਿ ਸਮੱਸਿਆ ਦੀ ਜੜ੍ਹ ਵਿਚ ਦਰਅਸਲ ਕਰਮ ਨਹੀਂ ਹੈ ਸਗੋਂ ਹਉਮੈ ਹੈ । ਜੀਵਾਤਮਾ ਉਸ ਅਕੱਥ ਜੋਤ ਪਰਮਾਤਮਾ ਦੀ ਇਕ ਛੋਟੀ ਜਿਹੀ ਚਿਣਗ ਹੈ ਅਤੇ ਇਸ ਦੀ ਮੁਕਤੀ ਇਸ ਦਾ ਪਰਮਾਤਮਾ ਵਿਚ ਮੁੜ ਲੀਨ ਹੋ ਜਾਣਾ ਹੀ ਹੈ । ਇਸ ਮਿਲਾਪ ਵਿਚ ਜੀਵ ਦੀ ਹਉਮੈ ਹੀ ਰੁਕਾਵਟ ਹੈ । ਆਪਣੇ ਨਿੱਕੇ ਜਿਹੇ ਖੋਲ ਵਿਚ ਸੀਮਿਤ ਜੀਵ ਜਿਹੜਾ ਕਿ ਉਸ ਪਰਮਤੱਤ ਦੀ ਅਨੰਤਤਾ ਦੀ ਸੂਝ ਤੋਂ ਵਿਹੀਨ ਹੈ ਆਪਣੇ ਲਈ ਇਕ ਵੱਖਰੀ ਹੋਂਦ ਦੀ ਮਾਲਕੀ ਬਾਰੇ ਸੋਚਣ ਲਗ ਜਾਂਦਾ ਹੈ । ਇਹ ਹਉਮੈ ਹੀ ਹੈ ਜਿਹੜੀ ਜੀਵ ਤੋਂ ਉਸ ਦੀ ਚੰਗਿਆਈ ਖੋਹ ਲੈਂਦੀ ਹੈ । ਹਉਮੈ ਨਾਲ ਕੀਤੇ ਹੋਏ ਪਵਿੱਤਰ ਤੋਂ ਪਵਿੱਤਰ ਕੰਮ ਵੀ ਕਿਸੇ ਕੰਮ ਨਹੀਂ ਆਉਂਦੇ । ਗੁਰੂ ਅਰਜਨ ਪੰਜਵੇਂ ਨਾਨਕ ਕਹਿੰਦੇ ਹਨ-ਜੋ ਜੋ ਕਰਮ ਕੀਏ ਹਉ ਹਉਮੈ ਤੇ ਤੇ ਭਏ ਅਜਾਏ ॥ ( ਗੁ.ਗ੍ਰੰ.999 ) ਅਤੇ- ਆਪਸ ਕਉ ਕਰਮਵੰਤੁ ਕਹਾਵੈ ॥ ਜਨਮੁ ਮਰੈ ਬਹੁ ਜੋਨਿ ਭਰਮਾਵੈ ॥ ( ਗੁ.ਗ੍ਰੰ.278 ) । ਕਰਮ ਨੂੰ ਸਮਾਪਤ ਕਰਨਾ ਜ਼ਰੂਰੀ ਨਹੀਂ ਸਗੋਂ ਹਉਮੈ ਨੂੰ ਜਿੱਤਣਾ ਜ਼ਰੂਰੀ ਹੈ । ਹੁਕਮ ਅਤੇ ਸ਼ਬਦ ਨੂੰ ਸਮਝ ਲੈਣ ਨਾਲ ਹੀ ਅਜਿਹਾ ਹੁੰਦਾ ਹੈ । ਤੀਸਰੇ ਗੁਰੂ ਅਮਰਦਾਸ ਜੀ ਕਹਿੰਦੇ ਹਨ-ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ ॥ ਕਰਣੈ ਵਾਲਾ ਵਿਸਰਿਆ ਦੂਜੇ ਭਾਇ ਪਿਆਰੁ ॥ ( ਗੁ.ਗ੍ਰੰ. 39 ) । ਜਦੋਂ ਹਉਮੈ ਨੂੰ ਜਿੱਤ ਲਿਆ ਜਾਂਦਾ ਹੈ ਅਤੇ ਕਰਮਾਂ ਨੂੰ ਪਰਮਾਤਮਾ ਅੱਗੇ ਸਮਰਪਿਤ ਕਰ ਦਿੱਤਾ ਜਾਂਦਾ ਹੈ ਤਾਂ ਵੱਖਰਾਪਨ ਖ਼ਤਮ ਹੋ ਜਾਂਦਾ ਹੈ ਅਤੇ ਆਤਮਾ ਉਸ ਪਰਮਪੁਰਸ਼ ਵਿਚ ਲੀਨ ਹੋ ਜਾਂਦੀ ਹੈ ।

      ਇਕ ਹੋਰ ਸਿਧਾਂਤ ਜਿਸ ਦਾ ਆਵਾਗਮਨ ਦੀ ਧਾਰਨਾ ਉੱਤੇ ਪ੍ਰਭਾਵ ਪੈਂਦਾ ਹੈ ਉਹ ਨਦਰ ਦਾ ਸਿਧਾਂਤ ਹੈ । ਭਾਵੇਂ ਕਿ ਆਮ ਤੌਰ ਤੇ ਹੁਕਮ ਨੂੰ ਅਬਦਲ ਕਿਹਾ ਜਾਂਦਾ ਹੈ ਪਰ ਪਰਮਾਤਮਾ ਦੀ ਨਦਰ ਨਾਲ ਇਸ ਦਾ ਰੁਖ ਨਰਮਾਈ ਵਲ ਮੋੜਿਆ ਜਾਂਦਾ ਹੈ । ਆਤਮਾ ਦੇ ਆਵਾਗਮਨ ਦਾ ਨਿਯਮ ਵੀ ਆਤਮਾ ਨੂੰ ਹਮੇਸ਼ਾਂ ਲਈ ਹੀ ਇਕ ਪਾਸੇ ਨਹੀਂ ਸੁੱਟ ਦਿੰਦਾ ਅਤੇ ਸਦੀਵੀ ਕਰਮ ਚੱਕਰ ਵਿਚ ਨਹੀਂ ਪਾਈ ਰਖਦਾ । ਪਰਮਾਤਮਾ ਦੀ ਨਦਰ ਕਿਸੇ ਵੀ ਅਵਸਥਾ ਵਿਚ ਆਤਮਾ ਤੇ ਮਿਹਰ ਕਰਕੇ ਉਸਨੂੰ ਆਵਾਗਮਨ ਦੇ ਚੱਕਰ ਤੋਂ ਸਦਾ ਲਈ ਮੁਕਤੀ ਦਿਵਾ ਸਕਦੀ ਹੈ । ਸਿੱਖ ਵਿਸ਼ਵਾਸ ਅਨੁਸਾਰ ਜਨਮ ਅਤੇ ਮੌਤ ਦੇ ਬੰਧਨ ਤੋਂ ਮੁਕਤੀ ਵਰਤਮਾਨ ਜੀਵਨ ਦੇ ਅੰਤ ਨਾਲ ਹੀ ਸੰਬੰਧਿਤ ਨਹੀਂ , ਪਰਮਾਤਮਾ ਦੀ ਕ੍ਰਿਪਾ ਨਾਲ ਵਿਅਕਤੀ ਜੀਊਂਦੇ ਜੀਅ ਵੀ ਮੁਕਤ ਹੋ ਸਕਦਾ ਹੈ ਅਰਥਾਤ ਜੀਵਨ-ਮੁਕਤ ਬਣ ਸਕਦਾ ਹੈ । ਜਿਗਿਆਸੂ ਨੂੰ ਉਸ ਪਰਮਾਤਮਾ ਦੀ ਨਦਰ ਵਾਸਤੇ ਇਸ ਤਰੀਕੇ ਨਾਲ ਵਿਹਾਰ ਕਰਨਾ ਚਾਹੀਦਾ ਹੈ ਕਿ ਉਹ ਉਸਦੀ ਨਦਰ ਦਾ ਪਾਤਰ ਬਣ ਸਕੇ ਅਤੇ ਮੁਕਤੀ ਦੇ ਦਰਵਾਜ਼ੇ ਨੂੰ ਪਛਾਣ ਕੇ ਉਸ ਤਕ ਪੁਜ ਸਕੇ । ਜਪੁ ਬਾਣੀ ਵਿਚ ਗੁਰੂ ਨਾਨਕ ਕਹਿੰਦੇ ਹਨ- ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ( ਗੁ.ਗ੍ਰੰ. 2 ) ।

      ਜਨਮ ਅਤੇ ਮੌਤ ਨੂੰ ਭਿਆਨਕ ਰੂਪ ਵਿਚ ਸੋਚਣ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਆਤਮਾ ਦਾ ਉਦੇਸ਼ ਹੀ ਇਸ ਚੱਕਰ ਤੋਂ ਦੂਰ ਜਾਣਾ ਹੁੰਦਾ ਹੈ । ਜਨਮ ਅਤੇ ਮੌਤ ਹੁਕਮ ਦੇ ਹੀ ਅੰਗ ਹਨ ਅਤੇ ਇਸਨੂੰ ਉਸ ਪਰਮਾਤਮਾ ਦੀ ਰਜ਼ਾ ਦੇ ਤੌਰ ਤੇ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ । ਗੁਰੂ ਨਾਨਕ ਕਹਿੰਦੇ ਹਨ- ਜੰਮਣੁ ਮਰਣਾ ਹੁਕਮੁ ਪਛਾਣੁ- ਅਰਥਾਤ ਹੇ ਜੀਵ , ਤੂੰ ਇਹ ਜਾਣ ਲੈ ਕਿ ਜਨਮ ਅਤੇ ਮੌਤ ਉਸਦੇ ਹੁਕਮ ਅੰਦਰ ਹੀ ਹੈ ( ਗੁ.ਗ੍ਰੰ. 412 ) । ਅੱਗੇ ਹੋਰ ਕਹਿੰਦੇ ਹਨ- ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ- ਅਰਥਾਤ ਜਨਮ ਅਤੇ ਮੌਤ ਉਸਦੇ ਹੁਕਮ ਅਨੁਸਾਰ ਹੀ ਹੈ ਅਤੇ ਉਸਦੇ ਹੁਕਮ ਵਿਚ ਹੀ ਵਿਅਕਤੀ ਇਥੇ ਆਉਂਦਾ ਅਤੇ ਇਥੋਂ ਜਾਂਦਾ ਹੈ ( ਗੁ. ਗ੍ਰੰ. 472 ) । ਉਸ ਦੈਵੀ ਇੱਛਾ ਦੇ ਨਾਲ ਇਕਸੁਰ ਹੋਣ ਅਤੇ ਨਿਮਰਤਾ ਅਤੇ ਸੱਚ ਦਾ ਅਭਿਆਸ ਕਰਨ ਦੇ ਨਾਲ ਨਾਲ ਸਿੱਖ ਧਰਮ ਵਿਚ ਜੀਵ ਕੋਲੋਂ ਇਹ ਮੰਗ ਵੀ ਕੀਤੀ ਜਾਂਦੀ ਹੈ ਕਿ ਉਹ ਨਾਮ ਅਥਵਾ ਸ਼ਬਦ ਦੀ ਸ਼ਰਨ ਵਿਚ ਆਵੇ । ਨਾਮ ਨੂੰ ਹਿਰਦੇ ਵਿਚ ਵਸਾਏ ਬਗ਼ੈਰ ਵਿਅਕਤੀ ਅਨੰਤ ਸਮੇਂ ਤਕ ਜਨਮਾਂ ਜਨਮਾਂਤਰਾਂ ਵਿਚ ਭੌਂਦਾ ਰਹਿੰਦਾ ਹੈ । ਗੁਰੂ ਨਾਨਕ ਕਹਿੰਦੇ ਹਨ- ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥ ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥ ਆਵਣੁ ਜਾਣ ਨ ਚੁਕਈ ਮਰ ਜਨਮੈ ਹੋਇ ਖੁਆਰੁ ॥ ( ਗੁ.ਗ੍ਰੰ. 19 ) ।


ਲੇਖਕ : ਕ.ਟ.ਲ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.