ਆਸਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਸਣ ( ਨਾਂ , ਪੁ ) 1 ਸਾਧਾਂ ਸੰਤਾਂ ਦੇ ਬੈਠਣ ਦਾ ਬਸਤਰ 2 ਬੈਠਕ ਸਾਧਣ ਲਈ ਅਭਿਆਸੀਆਂ ਦੁਆਰਾ ਮੰਨਿਆ ਜਾਂਦਾ ਯੋਗ ਦਾ ਤੀਜਾ ਅੰਗ 3 ਚੂਲਿਆਂ ਨੂੰ ਢਕਣ ਵਾਲਾ ਪਜਾਮੇਂ ਜਾਂ ਸੁਥਣ ਆਦਿ ਦਾ ਇੱਕ ਹਿੱਸਾ 4 ਭੋਗ ਕਰਨ ਦਾ ਇੱਕ ਢੰਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਆਸਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਸਣ [ ਨਾਂਪੁ ] ਬੈਠਣ ਦਾ ਸਥਾਨ , ਗੱਦੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਸਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਸਣ . ਸੰ. ਆਸਨ. ਸੰਗ੍ਯਾ— ੡੎ਥਤਿ ( ਇਸਥਿਤਿ ) . ਬੈਠਕ । 1  ੨ ਬੈਠਣ ਦਾ ਵਸਤ੍ਰ , ਜਿਸ ਨੂੰ ਵਿਛਾਕੇ ਬੈਠੀਏ । 2  ੩ ਯੋਗ ਦਾ ਤੀਜਾ ਅੰਗ , ਜਿਸ ਅਨੁਸਾਰ ਅਭ੍ਯਾਸੀ ਆਪਣੀ ਬੈਠਕ ਸਾਧਦੇ ਹਨ. ਸ਼ਿਵ , ਸੰਹਿਤਾ ਆਦਿ. ਯੋਗਸ਼ਾਸਤ੍ਰਾਂ ਵਿੱਚ ੮੪ ਆਸਨ ਪਸ਼ੂ ਪੰਛੀਆਂ ਦੀ ਨਿਸ਼ਸਤ ਅਤੇ ਵਸਤੂਆਂ ਦੇ ਆਕਾਰ ਤੋਂ ਲਏ ਹਨ , ਯਥਾ— ਸਿੰਹ , ਗੋਮੁਖ , ਮਤਸ੍ਯ , ਉ਱ਟ੍ਰ , ਮੰਡੂਕ , ਵ੍ਰਿ੄ , ਹੰਸ , ਮਯੂਰ , ਗਰੁੜ , ਕੁੱਕੁਟ , ਵਕ , ਸਰਪ , ਸ਼ਲਭ , ਵ੍ਰਿਸ੍ਵਿਕ , ਧਨੁ , ਤਾੜ , ਚਕ੍ਰ , ਵਜ੍ਰ , ਵੀਰ , ਦੰਡ , ਸ਼ੀ੄੠੗ਸਨ , ਲੋਲ , ਸ਼ਵ ( ਪ੍ਰੇਤਾਸਨ ) ਆਦਿ , ਪਰ ਸਾਰੇ ਆਸਨ ਵਿੱਚੋਂ ਚਾਰ ਪਰਮ ਉੱਤਮ ਲਿਖੇ ਹਨ—

          ( ੳ )                 ਸਿੱਧਾਸਨ. ਖੱਬੇ ਪੈਰ ਦੀ ਅੱਡੀ ਗੁਦਾ ਅਤੇ ਫੋਤਿਆਂ ਮੱਧ ਸੀਉਣ ਤੇ ਲਾਕੇ , ਅਰ ਸੱਜੇ ਪੈਰ ਦੀ ਅੱਡੀ ਲਿੰਗ ਦੇ ਉਪਰਲੇ ਪਾਸੇ ਪੇਡੂ ਤੇ ਰੱਖ ਕੇ , ਠੋਡੀ ਛਾਤੀ ਨਾਲ ਲਾਕੇ ਸਿੱਧਾ ਬੈਠਣਾ , ਨਜ਼ਰ ਨੱਕ ਦੀ ਨੋਕ ਜਾਂ ਭੌਹਾਂ ਦੇ ਮੱਧ ਰੱਖਣੀ.

          ( ਅ )               ਪਦਮਾਸਨ ( ਕਮਲਾਸਨ ) . ਸੱਜਾ ਪੈਰ ਖੱਬੇ ਪੱਟ ਤੇ ਅਤੇ ਖੱਬਾ ਪੈਰ ਸੱਜੇ ਪੱਟ ਤੇ ਰੱਖਣਾ , ਖੱਬਾ ਹੱਥ ਖੱਬੇ ਗੋਡੇ ਤੇ ਅਰ ਸੱਜਾ ਹੱਥ ਸੱਜੇ ਗੋਡੇ ਤੇ ਰੱਖ ਕੇ ਕਮਰ ਦਾ ਬਲ ਕੱਢ ਕੇ ਸਿੱਧਾ ਬੈਠਣਾ , ਨਜ਼ਰ ਨੱਕ ਦੀ ਨੋਕ ਜਾਂ ਭੌਹਾਂ ਦੇ ਵਿਚਕਾਰ ਟਿਕਾਉਣੀ.

          ਜੇ ਪਿੱਠ ਪਿੱਛੋਂ ਦੀ ਬਾਂਹ ਲੈ ਜਾ ਕੇ ਸੱਜੇ ਹੱਥ ਨਾਲ ਖੱਬੇ ਪੱਟ ਤੇ ਰੱਖੇ , ਸੱਜੇ ਪੈਰ ਦਾ ਅਤੇ ਇਸੇ ਤਰ੍ਹਾਂ ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਫੜ ਕੇ ਬੈਠੀਏ , ਤਦ ਇਸ ਦਾ ਨਾਉਂ “ ਬੱਧ ਪਦਮਾਸਨ” ਹੋਂਦਾ ਹੈ. ਇਸ ਨੂੰ ਕਾਰਮੁਕ ਆਸਨ ਭੀ ਆਖਦੇ ਹਨ.

            ( ੲ )               ਸਿੰਹਾਸਨ. ਗੁਦਾ ਅਰ ਲਿੰਗ ਦੇ ਵਿਚਕਾਰ ਜੋ ਸਿਉਣ ਹੈ , ਉਸ ਉੱਪਰ ਪੈਰਾਂ ਦੇ ਗਿੱਟੇ ਜਮਾਕੇ ਬੈਠਣਾ. ਗੋਡਿਆਂ ਤੇ ਦੋਵੇਂ ਹੱਥ ਰੱਖਕੇ ਨੱਕ ਦੀ ਨੋਕ ਤੇ ਟਕਟਕੀ ਲਾਉਣੀ.

          ( ਸ )                 ਭਦ੍ਰਾਸਨ. ਸਿਉਣ ਤੇ ਰੱਖੇ ਪੈਰਾਂ ਦੇ ਅੰਗੂਠੇ ਬੱਧ ਪਦਮਾਸਨ ਵਾਂਙ ਫੜਨ ਤੋਂ , ਸਿੰਹਾਸਨ ਤੋਂ “ ਭਦ੍ਰਾਸਨ” ਬਣ ਜਾਂਦਾ ਹੈ. “ ਜੋਗ ਸਿਧ ਆਸਣ ਚਉਰਾਸੀਹ ਏਭੀ ਕਰਿ ਕਰਿ ਰਹਿਆ.” ( ਸੋਰ ਅ : ਮ : ੫ ) ੪ ਸਾਧੁ ਦੀ ਬੈਠਕ ( ਨਿਸ਼ਸ੍ਤਗਾਹ ) . ਆਸ਼੍ਰਮ. “ ਸਿਧ ਆਸਣ ਸਭ ਜਗਤ ਦੇ , ਨਾਨਕ ਆਦਿ ਮਤੇ ਜੇ ਕੋਆ.” ( ਭਾਗੁ ) ੫ ਕਾਮ ਸ਼ਾਸਤ੍ਰ ਅਨੁਸਾਰ ਮੈਥੁਨ ਦੇ ੮੪ ਆਸਨ. ਯੋਗ ਦੇ ਆਸਨਾ ਵਾਕਰ ਭੋਗੀਆਂ ਨੇ ਭੀ ਅਨੇਕ ਪ੍ਰਕਾਰ ਦੇ ਆਸਨ ਕਲਪ ਲਏ ਹਨ.

          “ ਕੋਕ ਸ਼ਾਸਤ੍ਰ ਕੋ ਉਚਰ ਕੈ , ਰਮਤ ਦੋਊ ਸੁਖ ਪਾਇ । ਭਾਂਤ ਭਾਂਤ ਆਸਨ ਕਰੈਂ ਗਨਨਾ ਗਨੀ ਨ ਜਾਇ.” ( ਚਰਿਤ੍ਰ ੬੫ ) “ ਏਕ ਹੀ ਭੋਗ ਕੇ ਆਸਨ ਪੈ , ਝਖ ਮਾਰਤ ਯੋਗ ਕੇ ਆਸਨ ਜੇਤੇ.” ( ਰਸੀਆ ) ੬ ਦੇਖੋ , ਆਸਨ ੨ । ੭ ਸੰ. आसन्. ਜਬਾੜਾ. ਮੂੰਹ ਦਾ ਉਹ ਭਾਗ , ਜਿਸ ਵਿੱਚ ਦੰਦ ਅਤੇ ਦਾੜਾਂ ਜੜੇ ਹੋਏ ਹਨ. ਹੜਵਾਠਾ. Jaw । ੮ ਸੰ. आशन. ਵਜ੍ਰ । ੯ ਇੰਦ੍ਰ । ੧੦ ਵਿ— ਭੋਜਨ ਖਵਾਉਣ ਵਾਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਸਣ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਸਣ : ਆਸਣ ਦਾ ਅਰਥ ਹੈ ਉਹ ਚੀਜ਼ ਜਿਸ ਉੱਤੇ ਬੈਠਿਆ ਜਾਵੇ ਜਾਂ ਬੈਠਣ ਦਾ ਕੋਈ ਖ਼ਾਸ ਢੰਗਯੋਗ ਦਰਸ਼ਨ ਵਿਚ ਆਸਣ ਨੂੰ ਅਸ਼ਟਾਂਗ ਯੋਗ ਦਾ ਤੀਜਾ ਅੰਗ ਮੰਨਿਆ ਗਿਆ ਹੈ । ਬਿਰਤੀ ਦੀ ਇਕਾਗਰਤਾ ਪ੍ਰਾਪਤ ਕਰਨ ਲਈ ਸਰੀਰ ਨੂੰ ਜਤਨਾਂ ਰਾਹੀਂ ਸਿਥਲ ਕਰ ਕੇ ਸਥਿਰ ਹੋਣਾ ਬਹੁਤ ਜ਼ਰੂਰੀ ਹੈ । ਇਸ ਸਥਿਰਤਾ ਤੋਂ ਬਗ਼ੈਰ ਸਮਾਧੀ ਦੀ ਅਵਸਥਾ ਤੱਕ ਪਹੁੰਚਣਾ ਸੰਭਵ ਨਹੀਂ ਪਰ ਸਥਿਰਤਾ ਪ੍ਰਾਪਤ ਕਰਨ ਤੋਂ ਪਿੱਛੋਂ ਜਦ ਤੱਕ ਸੁੱਖ ਦਾ ਅਨੁਭਵ ਨਹੀਂ ਹੁੰਦਾ , ਉਦੋਂ ਤਕ ਸਥਿਰਤਾ ਵਿਚ ਮਨ ਨਹੀਂ ਲਗੇਗਾ । ਇਸ ਲਈ ਆਸਣ ਸਥਿਰਤਾ ਅਤੇ ਸੁਖ ਦੇ ਸੰਜੋਗ ਨਾਲ ਪੈਦਾ ਹੋਈ ਸਰੀਰ ਦੀ ਇਕ ਅਵਸਥਾ ਨੂੰ ਕਹਿੰਦੇ ਹਨ । ਯੋਗ ਸੂਤਰਾਂ ਵਿਚ ਵੱਖ-ਵੱਖ ਆਸਣਾਂ ਦਾ ਵਰਣਨ ਨਹੀਂ ਹੈ ਪਰ ਵਿਆਖਿਆਕਾਰਾਂ ਨੇ ਅਨੇਕ ਆਸਣਾਂ ਦਾ ਵਰਣਨ ਕੀਤਾ ਹੈ , ਜਿਨ੍ਹਾਂ ਵਿਚੋਂ ਵੱਡੇ ਵੱਡੇ ਪੰਜ ਇਹ ਹਨ : - ( 1 ) ਪਦਮ-ਆਸਣ , ( 2 ) ਭਦ੍ਰ-ਆਸਣ , ( 3 ) ਵਜ੍ਰ-ਆਸਣ , ( 4 ) ਵੀਰ-ਆਸਣ , ( 5 ) ਸਵਸਤਿਕ-ਆਸਣ । ਹਠ-ਯੋਗ ਵਿਚ ਆਸਣਾਂ ਦੀ ਗਿਣਤੀ ਚੌਰਾਸੀ ਤਕ ਪਹੁੰਚ ਗਈ ਹੈ ।

                  तत्सात्म्यादृेशसात्म्याच्च तैस्तैर्भावैः प्रयोजितैः    ।

                  स्त्रीणां स्नेहश्र्च रागश्र्च बहुमानश्र्च जायते ॥

                  ਕਾਮ-ਸ਼ਾਸਤਰ ਦੇ ਅਨੁਸਾਰ ਭੋਗ ਕਿਰਿਆ ਤੇ ਆਸਣਾਂ ਦੀ ਕਾਮ-ਸਿੱਧੀ ਵਿਚ ਮਹੱਤਤਾ ਹੈ । ਉਨ੍ਹਾਂ ਦੀ ਗਿਣਤੀ ਦੀ ਚੌਰਾਸੀ ਹੈ ਪਰ ਉਨ੍ਹਾਂ ਦੇ ਨਾਵਾਂ ਅਤੇ ਉਨ੍ਹਾਂ ਦੀਆਂ ਕਿਸਮਾਂ ਵਿਚ ਬੜਾ ਫ਼ਰਕ ਮਿਲਦਾ ਹੈ ।

                  ਬੈਠਣ ਦੀ ਕਿਰਿਆ ਤੋਂ ਇਲਾਵਾ ਬੈਠਣ ਦੇ ਆਧਾਰ ਨੂੰ ਆਸਣ ਕਹਿੰਦੇ ਹਨ ਅਤੇ ਇਨ੍ਹਾਂ ਦੀ ਯੋਗ ਸਾਧਨਾ ਵਿਚ ਬੜੀ ਮਹੱਤਤਾ ਹੈ । ਗੀਤਾ ਵਿਚ ਚੈਲਾਜਿਨਕੁਸ਼ੋਤਰਮ ( चैलाजिनकुशोतरम् ) ਅਰਥਾਤ ਅਜਿਹਾ ਆਸਣ ਜਿਸ ਉੱਤੇ ਕੱਪੜਾ , ਮਿਰਗਛਾਲ ਜਾਂ ਕੁਸ਼ਾ ਵਿਛਾਈ ਹੋਵੇ , ਉੱਤੇ ਬੈਠ ਕੇ ਧਿਆਨ ਲਾਉਣ ਲਈ ਕਿਹਾ ਗਿਆ ਹੈ । ਤਾਂਤ੍ਰਿਕ ਸਾਧਨਾਂ ਵਿਚ ਵੀ ਕਾਮਨਾ ਦੇ ਅਨੁਸਾਰ ਸਿੱਧੀ ਪ੍ਰਾਪਤ ਕਰਨ ਵਿਚ ਆਸਣਾਂ ਦੀ ਮਹੱਤਤਾ ਹੈ ।

                  ਅਰਥ-ਸ਼ਾਸਤਰ ਵਿਚ ‘ ਆਸਣ’ ਸ਼ਬਦ ਪਰਿਭਾਸ਼ਕ ਹੈ । ਜਦੋਂ ਦੇ ਰਾਜੇ ਇਕ ਦੂਜੇ ਦਾ ਬਲ ਦੇਖ ਕੇ ਆਪਣੀ ਤਾਕਤ ਵਧਾਉਂਦਿਆਂ ਹੋਇਆਂ ਚੁਪ ਚਾਪ ਮੌਕੇ ਦੀ ਤਾਕ ਵਿਚ ਬੈਠੇ ਰਹਿੰਦੇ ਹਨ , ਉਸ ਅਵਸਥਾ ਨੂੰ ਵੀ ਆਸਣ ਕਿਹਾ ਗਿਆ ਹੈ । ਇਹ ਆਸਣ ਰਾਜੇ ਦੇ ਛੇ ਗੁਣਾਂ ਵਿਚੋਂ ਇਕ ਗੁਣ ਹੈ ।

                  ਆਸਣ ਦਾ ਪ੍ਰਯੋਗ ‘ ਬ੍ਰਾਹਮਣਾਂ’ ਵਿਚ ਸਭ ਤੋਂ ਪਹਿਲਾਂ ਮਿਲਦਾ ਹੈ , ਜਿੱਥੇ ਯੋਗ ਦੇ ਅਨੁਸ਼ਠਾਨ-ਅਵਸਰ ਤੇ ਕੁਸ਼ਾ ਦੇ ਆਸਣ ਦੀ ਵਰਤੋਂ ਹੋਣ ਦਾ ਜ਼ਿਕਰ ਹੈ । ਇਹ ਆਸਣ ਆਮ ਤੌਰ ਤੇ ਇਹ ਹੁੰਦੇ ਹਨ : -

                  ਕੁਸ਼ਾ-ਆਸਣ

                  ਮ੍ਰਿਗਚਰਮ-ਆਸਣ ( ਮਿਰਗ ਦੀ ਖੱਲ ਦਾ ਆਸਣ )

                  ਸਿੰਘਚਰਮ-ਆਸਣ ( ਸ਼ੇਰ ਦੀ ਖੱਲ ਦਾ ਆਸਣ )

                  ਰਾਜਿਆਂ ਦੇ ਬੈਠਣ ਵਾਸਤੇ ਵੀ ਜਿਹੜੇ ਤਖ਼ਤ ਵਰਤੋਂ ਵਿਚ ਆਉਂਦੇ ਹਨ ਉਹ ਆਸਣ ਅਖਵਾਉਂਦੇ ਹਨ । ਉਹ ਆਮ ਤੌਰ ਤੇ ਇਹ ਹਨ : -

                  ਸਿੰਘ-ਆਸਣ ( ਸ਼ੇਰ ਦੀ ਸ਼ਕਲ ਦਾ ਆਸਣ ਜਾਂ ਤਖ਼ਤ )

                  ਮਯੂਰ-ਆਸਣ ( ਮੋਰ ਦੀ ਸ਼ਕਲ ਦਾ ਆਸਣ )

                  ਕੂਰਮ-ਆਸਣ ( ਕੱਛੂਕੁਮੇ ਦੀ ਸ਼ਕਲ ਦਾ ਆਸਣ )

                  ਭਾਰਤੀ ਕਾਮ-ਸ਼ਾਸਤਰ ਵਿਚ ਇਸਤ੍ਰੀ-ਪੁਰਸ਼ ਦੀ ਸੰਭੋਗ-ਕ੍ਰੀੜਾ ਵੇਲੇ ਭੋਗ ਕਰਮ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਵਿਦਵਾਨ ਆਚਾਰੀਆਂ ਨੇ ਅਨੇਕ ਆਸਣਾਂ ਦੀ ਵਰਤੋਂ ਦੀਆਂ ਵਿਧੀਆਂ ਦੱਸੀਆਂ ਹਨ । ਮਹਾਰਿਸ਼ੀ ਵਾਤਸਾਇਨ ਨੇ ਆਪਣੇ ਕਾਮ-ਸੂਤਰ ਵਿਚ ਆਪਣੇ ਤੇ ਆਪਣੇ ਤੋਂ ਪਹਿਲਾਂ ਦੇ ਕੁਝ ਹੋਰ ਕਾਮ-ਸ਼ਾਸਤਰ ਆਚਾਰੀਆਂ ਦੇ ਵਿਚਾਰ ਅਨੁਸਾਰ ਵੱਖ-ਵੱਖ ਕਿਸਮ ਦੇ ਆਸਣ ਲਿਖੇ ਹਨ ।

                  ਵਿਚਿੱਤਰ ਜਾਂ ਚਿੱਤਰਤ ਆਸਣਾਂ ਦੇ ਪ੍ਰਸੰਗ ਦੇ ਅੰਤ ਵਿਚ ਵਾਤਸਾਇਨ ਕਹਿੰਦੇ ਹਨ ਕਿ ਪ੍ਰਕਿਰਤੀ ਵਿਚ ਵਿਹਾਰ ਕਰਨ ਵਾਲੇ ਕਈ ਪ੍ਰਕਾਰ ਦੇ ਪਸ਼ੂ-ਪੰਛੀਆਂ ਦੀ ਸੰਭੋਗ ਕ੍ਰੀੜਾ ਦਾ ਬੜੀ ਬਾਰੀਕੀ ਨਾਲ ਅਧਿਐਨ ਕਰਨਾ ਚਾਹੀਦਾ ਹੈ , ਫਿਰ ਇਸਤ੍ਰੀ ਦੀ ਪ੍ਰਕਿਰਤੀ ਅਤੇ ਰੁਚੀ ਦੇ ਅਨੁਕੂਲ ਉਨ੍ਹਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।

                  ਹ. ਪੁ.– ਮਹਾਂਰਿਸ਼ੀ ਵਾਤਸਾਇਨ ਕ੍ਰਿਤ ਕਾਮ-ਸੂਤਰ; ਹਿੰਦੀ ਅਨੁਵਾਦ ਕਵੀਰਾਜ ਵਿਪਿਨ ਚੰਦ੍ਰ ਬੰਧ-ਕਿਰਨ ਪਬਲੀਕੇਸ਼ਨਜ਼ ( ਦਿੱਲੀ ) ; ਯੋਗ ਸੂਤਰ ( ਵਿਆਸ ਭਾਸ਼ ) ; ਹਠ ਯੋਗ ਪ੍ਰਦੀਪਕਾ; ਰਤੀਰਹੱਸ; ਭਗਵਤ ਗੀਤਾ; ਵਿਰਿਵਧਿਆ ਰਹੱਸ; ਸੂਕਰਨੀਤੀ

 


ਲੇਖਕ : ਸ਼ਾਕਰ ਪੁਰਸ਼ਾਰਥੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1915, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.