ਉਚਾਰ ਪਰਕਿਰਿਆ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਉਚਾਰ ਪਰਕਿਰਿਆ : ਧੁਨੀ-ਵਿਗਿਆਨ ਧੁਨੀ-ਵਿਉਂਤ ਵਿਚ ਧੁਨੀਆਂ ਦਾ ਵਰਗੀਕਰਨ ਕਰਨ ਦੇ ਦੋ ਮੁੱਖ ਅਧਾਰ ਹਨ : ( i ) ਉਚਾਰਨ ਸਥਾਨ ਅਤੇ ( ii ) ਉਚਾਰਨ ਵਿਧੀ \ ਪਰਕਿਰਿਆ । ਇਨ੍ਹਾਂ ਦੋਹਾਂ ਅਧਾਰਾਂ ਰਾਹੀਂ ਧੁਨੀਆਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਵਿਅੰਜਨਾਂ ਦੀ ਵਰਗ-ਵੰਡ ਕੀਤੀ ਜਾਂਦੀ ਹੈ । ਉਚਾਰਨ ਸਥਾਨ ਦੇ ਪੱਖ ਤੋਂ ਮੂੰਹ ਪੋਲ ਵਿਚਲੇ ਉਨ੍ਹਾਂ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਜੋ ਧੁਨੀਆਂ ਦੇ ਉਚਾਰਨ ਵਿਚ ਸਹਾਈ ਹੁੰਦੇ ਹਨ । ਉਚਾਰਨ-ਪਰਕਿਰਿਆ ਦਾ ਅਧਿਅਨ ਉਚਾਰਨ-ਪਰਨਾਲੀ ਰਾਹੀਂ ਕੀਤਾ ਜਾਂਦਾ ਹੈ । ਉਚਾਰਨ-ਅਮਲ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਸਾਹ-ਪਰਨਾਲੀ , ( ii ) ਧੁਨੀ-ਪਰਨਾਲੀ ਅਤੇ ( iii ) ਉਚਾਰਨ-ਪਰਨਾਲੀ । ਸਾਹ-ਪਰਨਾਲੀ ਦਾ ਸਬੰਧ ਫੇਫੜਿਆਂ ਤੋਂ ਲੈ ਕੇ ਨੱਕ ਪੋਲ ਅਤੇ ਮੂੰਹ ਪੋਲ ਤੱਕ ਹੈ । ਹਵਾ ਦਾ ਵਹਾ ਅੰਦਰ ਵੱਲ ਅਤੇ ਬਾਹਰ ਵੱਲ ਹੁੰਦਾ ਹੈ । ਬਾਹਰ ਵੱਲ ਨਿਕਲ ਰਹੀ ਹਵਾ ਨਾਲ ਭਾਸ਼ਾਈ ਧੁਨੀਆਂ ਨੂੰ ਪੈਦਾ ਕੀਤਾ ਜਾਂਦਾ ਹੈ । ਇਸ ਹਵਾ ਨੂੰ ਤਿੰਨ ਪੌਣਧਾਰਾ ਵਿਧੀਆਂ ਨਾਲ ਵੰਡਿਆ ਜਾ ਸਕਦਾ ਹੈ : ( i ) ਫੇਫੜਿਆਂ ਦੀ ਪੌਣਧਾਰਾ ਵਿਧੀ ( ii ) ਨਾਦ-ਯੰਤਰ ਦੀ ਪੌਣਧਾਰਾ ਵਿਧੀ ਅਤੇ ( iii ) ਕੋਮਲ ਤਾਲੂ ਦੀ ਪੌਣਧਾਰਾ ਵਿਧੀ । ਫੇਫੜਿਆਂ ਵਿਚੋਂ ਬਾਹਰ ਨਿਕਲਣ ਵਾਲੀ ਹਵਾ ਧੁਨੀਆਂ ਦੇ ਉਚਾਰਨ ’ ਤੇ ਆਪਣਾ ਪਰਭਾਵ ਪਾਉਂਦੀ ਹੈ । ਇਹ ਹਵਾ ਸਹਿਜ ਰੂਪ ਵਿਚ ਅਤੇ ਵਿਸ਼ੇਸ਼ ਰੂਪ ਵਿਚ ਬਾਹਰ ਨਿਕਲਦੀ ਹੈ । ਇਸ ਦਾ ਸਬੰਧ ਪਰਾਣਤਾ ( voice ) ਨਾਲ ਹੈ । ਫੇਫੜਿਆਂ ਵਿਚੋਂ ਜਦੋਂ ਹਵਾ ਸਹਿਜ ਵਿਧੀ ਅਨੁਸਾਰ ਬਾਹਰ ਨਿਕਲੇ ਤਾਂ ਉਸ ਵਕਤ ਪੈਦਾ ਹੋਈਆਂ ਧੁਨੀਆਂ ਨਾਲ ਪਰਾਣਤਾ ਵਾਲਾ ਲੱਛਣ ਅਲਪ-ਪਰਾਣ ਹੁੰਦਾ ਹੈ ਅਤੇ ਜਦੋਂ ਹਵਾ ਵਿਸ਼ੇਸ਼ ਰੂਪ ਵਿਚ ਬਾਹਰ ਨਿਕਲੇ ਤਾਂ ਧੁਨੀਆਂ ਦਾ ਪਰਾਣਤਾ ਵਾਲਾ ਲੱਛਣ ਮਹਾਂ-ਪਰਾਣ ਹੁੰਦਾ ਹੈ । ਇਸ ਪਰਕਾਰ ਧੁਨੀਆਂ ਮਹਾਂ-ਪਰਾਣ ਅਤੇ ਅਲਪ-ਪਰਾਣ ਹੁੰਦੀਆਂ ਹਨ । ( ਵੇਖੋ ਪਰਾਣਤਾ ) ਫੇਫੜਿਆਂ ਤੋਂ ਅੱਗੇ ਹਵਾ ਸਾਹ ਨਾਲੀ ਵਿਚੋਂ ਹੁੰਦੀ ਹੋਈ ਨਾਦ-ਯੰਤਰ ਵਿਚੋਂ ਗੁਜ਼ਰਦੀ ਹੈ । ਨਾਦ-ਯੰਤਰ ਰਾਹੀਂ ਧੁਨੀਆਂ ਦੇ ਦੋ ਪਰਕਾਰ ਦੇ ਲੱਛਣ ਪੈਦਾ ਹੁੰਦੇ ਹਨ । ਪਹਿਲੇ ਅਨੁਸਾਰ ਨਾਦ-ਯੰਤਰ ਉਚਾਰਨ ਸਥਾਨ ਵਜੋਂ ਕਾਰਜ ਕਰਦਾ ਹੈ ਅਤੇ ਇੱਥੋਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਨਾਦ-ਯੰਤਰੀ ਧੁਨੀਆਂ ਕਿਹਾ ਜਾਂਦਾ ਹੈ । ਪੰਜਾਬੀ ਧੁਨੀ ਵਿਉਂਤ ਵਿਚ \ ਹ \ ਨਾਦ-ਯੰਤਰੀ ਧੁਨੀ ਹੈ । ਦੂਜੇ ਪਾਸੇ ਨਾਦ-ਯੰਤਰ ਦੀਆਂ ਸੁਰ-ਤੰਦਾਂ ਧੁਨੀਆਂ ਦੇ ਉਚਾਰਨ ’ ਤੇ ਪਰਭਾਵ ਪਾਉਂਦੀਆਂ ਹਨ । ਇਨ੍ਹਾਂ ਦਾ ਸਬੰਧ ਘੋਸ਼ਤਾ ਨਾਲ ਹੈ । ਧੁਨੀਆਂ ਦੇ ਉਚਾਰਨ ਵੇਲੇ ਸੁਰ-ਤੰਦਾਂ ਜਾਂ ਤਾਂ ਬਹੁਤ ਨੇੜੇ ਹੁੰਦੀਆਂ ਹਨ ਜਾਂ ਬਹੁਤ ਦੂਰ । ਜਦੋਂ ਸੁਰ-ਤੰਦਾਂ ਨੇੜੇ ਹੁੰਦੀਆਂ ਹਨ ਤਾਂ ਉਸ ਸਥਿਤੀ ਵਿਚ ਪੈਦਾ ਹੋਣ ਵਾਲੀਆਂ ਧੁਨੀਆਂ ਸਘੋਸ਼ ਹੁੰਦੀਆਂ ਹਨ ਪਰ ਇਸ ਤੋਂ ਉਲਟ ਜਦੋਂ ਸੁਰ-ਤੰਦਾਂ ਦੂਰੀ ’ ਤੇ ਹੁੰਦੀਆਂ ਹਨ ਤਾਂ ਉਸ ਸਥਿਤੀ ਵਿਚ ਪੈਦਾ ਹੋਣ ਵਾਲੀਆਂ ਧੁਨੀਆਂ ਅਘੋਸ਼ ਹੁੰਦੀਆਂ ਹਨ ( ਵੇਖੋ ਘੋਸ਼ਤਾ ) । ਧੁਨੀਆਂ ਦੇ ਉਚਾਰਨ ਵੇਲੇ ਜਦੋਂ ਕੋਮਲ ਤਾਲੂ ਉਚਾਰਨ ਪਰਕਿਰਿਆ ਦਾ ਸਰੋਤ ਹੁੰਦਾ ਹੈ ਤਾਂ ਉਸ ਸਥਿਤੀ ਵਿਚ ਪੈਦਾ ਹੋਈਆਂ ਧੁਨੀਆਂ ਨੂੰ ਕੋਮਲ ਤਾਲਵੀ ਧੁਨੀਆਂ ਕਿਹਾ ਜਾਂਦਾ ਹੈ । ਇਸ ਭਾਂਤ ਦੀਆਂ ਧੁਨੀਆਂ ਅਰਬੀ-ਫ਼ਾਰਸੀ ਮੂਲ ਦੀਆਂ ਭਾਸ਼ਾਵਾਂ ਵਿਚ ਉਚਾਰੀਆਂ ਜਾਂਦੀਆਂ ਹਨ ।

( 2 ) ਉਚਾਰਨ ਸਥਾਨ ਦੇ ਉਲਟ , ਉਚਾਰਨ ਵਿਧੀ ਧੁਨੀਆਂ ਦੇ ਵਰਗੀਕਰਨ ਦਾ ਦੂਜਾ ਅਧਾਰ ਹੈ । ਉਚਾਰਨ ਵਿਧੀ ਰਾਹੀਂ ਉਸ ਪਰਕਿਰਿਆ ਦਾ ਅਧਿਅਨ ਕੀਤਾ ਜਾਂਦਾ ਹੈ , ਜਿਸ ਰਾਹੀਂ ਵਿਅੰਜਨ ਧੁਨੀਆਂ ਦਾ ਉਚਾਰਨ ਹੁੰਦਾ ਹੈ । ਉਚਾਰਨ ਵਿਧੀ ਰਾਹੀਂ ਵਿਅੰਜਨਾਂ ਨੂੰ ਲੱਛਣਾਂ ਦੇ ਅਦਾਰ ’ ਤੇ ਇਸ ਤਰ੍ਹਾਂ ਵੰਡਿਆ ਜਾਂਦਾ ਹੈ : ( i ) ਮੌਖਿਕ ਅਤੇ ਨਾਸਕੀ : ਮੂੰਹ ਵਿਚੋਂ ਹਵਾ ਬਾਹਰ ਨਿਕਲਣ ਵੇਲੇ ਜਿਹੜੀਆਂ ਧੁਨੀਆਂ ਪੈਦਾ ਹੁੰਦੀਆਂ ਹਨ ਉਨ੍ਹਾਂ ਨੂੰ ਮੌਖਿਕ ਅਤੇ ਨੱਕ ਵਿਚੋਂ ਹਵਾ ਬਾਹਰ ਨਿਕਲਣ ਵੇਲੇ ਪੈਦਾ ਹੋਈਆਂ ਧੁਨੀਆਂ ਨੂੰ ਨਾਸਕੀ ਕਿਹਾ ਜਾਂਦਾ ਹੈ । ( ii ) ਡੱਕਵੀ ਅਤੇ ਅਡੱਕਵੀਂ ਸਥਿਤੀ : ਜਿਹੜੀਆਂ ਵਿਅੰਜਨ ਧੁਨੀਆਂ ਉਚਾਰਨ ਅੰਗਾਂ ਦੀ ਬਿਲਕੁਲ ਰੋਕ ਤੋਂ ਪਿਛੋਂ ਪੈਦਾ ਹੁੰਦੀਆਂ ਹਨ , ਉਨ੍ਹਾਂ ਨੂੰ ਡੱਕਵੇਂ ਵਿਅੰਜਨ ਅਤੇ ਦੂਜਿਆਂ ਨੂੰ ਅਡੱਕਵੇਂ ਵਿਅੰਜਨ ਕਿਹਾ ਜਾਂਦਾ ਹੈ । ਫ਼ਾਰਸੀਵਕ , ਟਰਿਲ , ਫਲੈਪ ਅਤੇ ਸੰਘਰਸ਼ੀ ਆਦਿ ਹੋਰ ਉਚਾਰਨ ਵਿਧੀਆਂ ਹਨ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.