ਉਚਾਰਨ ਅੰਗ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਉਚਾਰਨ ਅੰਗ : ਮਨੁੱਖੀ ਉਚਾਰਨ ਅੰਗਾਂ ਦੇ ਕਾਰਜ ਦਾ ਅਧਿਅਨ ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ‘ ਧੁਨੀ ਵਿਗਿਆਨ’ ਦੇ ਅੰਤਰਗਤ ਕੀਤਾ ਜਾਂਦਾ ਹੈ । ਪੂਰੇ ਦਾ ਪੂਰਾ ਉਚਾਰਨ ਸਿਸਟਮ ਅਤੇ ਉਚਾਰਨ ਅੰਗ ਕੇਵਲ ਭਾਸ਼ਾਈ ਧੁਨੀਆਂ ਨੂੰ ਉਚਾਰਨ ਲਈ ਹੀ ਕਾਰਜ ਨਹੀਂ ਕਰਦੇ ਸਗੋਂ ਇਨ੍ਹਾਂ ਦੀ ਸਰੀਰ ਵਿਗਿਆਨਕ ਵਿਸ਼ੇਸ਼ਤਾ ਵੀ ਹੈ । ਇਹ ਅੰਗ ਵੱਖੋ ਵੱਖਰੀਆਂ ਸਰੀਰਕ ਲੋੜਾਂ ਲਈ ਕਾਰਜਸ਼ੀਲ ਹੁੰਦੇ ਹਨ । ਭਾਸ਼ਾਈ ਧੁਨੀਆਂ ਦਾ ਉਚਾਰਨ ਇਨ੍ਹਾਂ ਵਲੋਂ ਨਿਭਾਇਆ ਜਾਂਦਾ ਦੂਜੈਲਾ ਕਾਰਜ ਹੈ । ਉਚਾਰਨ ਅੰਗਾਂ ਦੀ ਗਤੀਵਿਧੀ ਦਾ ਅਧਿਅਨ ਕਰਨ ਲਈ ਸਮੁੱਚੇ ਸਾਹ-ਪਰਬੰਧ ਦਾ ਅਧਿਅਨ ਕੀਤਾ ਜਾਂਦਾ ਹੈ । ਧੁਨੀ ਵਿਗਿਆਨ ਵਿਚ ਉਚਾਰਨ ਅੰਗਾਂ ਦੀ ਉਚਾਰਨ ਪਰਕਿਰਿਆ ਅਤੇ ਇਸ ਨਾਲ ਸਬੰਧਤ ਉਚਾਰਨ-ਅਮਲ ਦਾ ਅਧਿਅਨ ਕੀਤਾ ਜਾਂਦਾ ਹੈ । ਇਸ ਸਮੁੱਚੇ ਅਮਲ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ , ਜਿਵੇਂ : ( i ) ਸਾਹ-ਪਰਨਾਲੀ , ( ii ) ਧੁਨੀ-ਪਰਨਾਲੀ ਅਤੇ ( iii ) ਉਚਾਰਨ-ਪਰਨਾਲੀ । ਸਾਹ-ਪਰਨਾਲੀ ਦੁਆਰਾ ਫੇਫੜੇ , ਛਾਤੀ ਤੇ ਪੱਠੇ ਅਤੇ ਸਾਹ ਨਾਲੀ ਕਾਰਜਸ਼ੀਲ ਹੁੰਦੇ ਹਨ । ਫੇਫੜਿਆਂ ਵਿਚ ਸਾਹ ਬਾਹਰਵਾਰ ਅਤੇ ਅੰਦਰਵਾਰ ਜਾਣ ਅਤੇ ਆਉਣ ਦੀ ਪਰਕਿਰਿਆ ਲਗਾਤਾਰ ਹੁੰਦੀ ਰਹਿੰਦੀ ਹੈ । ਦੁਨੀਆਂ ਦੀਆਂ ਤਕਰੀਬਨ ਸਾਰੀਆਂ ਭਾਸ਼ਾਵਾਂ ਦੀਆਂ ਧੁਨੀਆਂ ਦਾ ਉਚਾਰਨ ਹਵਾ ਦੇ ਬਾਹਰ ਵੱਲ ਨਿਕਲਣ ਨਾਲ ਹੁੰਦਾ ਹੈ । ਇਸ ਪਰਨਾਲੀ ਰਾਹੀਂ ਪੌਣਧਾਰਾ ਹੋਂਦ ਵਿਚ ਆਉਂਦੀ ਹੈ ਅਤੇ ਇਸ ਸ਼ਾਖਾ ਰਾਹੀਂ ਪੌਣਧਾਰਾ ਵਿਧੀਆਂ ਦਾ ਅਧਿਅਨ ਕੀਤਾ ਜਾਂਦਾ ਹੈ । ਇਨ੍ਹਾਂ ਪੌਣਧਾਰਾ ਵਿਧੀਆਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ । ( ਵੇਖੋ ਪੌਣਧਾਰਾ ਵਿਧੀਆਂ ) ਜੋ ਫੇਫੜਿਆਂ , ਸੁਰ-ਯੰਤਰ ਅਤੇ ਕੋਮਲ ਤਾਲੂ ਨਾਲ ਸਬੰਧਤ ਹੁੰਦੀਆਂ ਹਨ । ਧੁਨੀ-ਪਰਨਾਲੀ ਦੇ ਅੰਤਰਗਤ ਸੁਰ-ਯੰਤਰ ਦੇ ਕਾਰਜ ਦਾ ਅਧਿਅਨ ਕੀਤਾ ਜਾਂਦਾ ਹੈ । ਸੁਰ-ਯੰਤਰ , ਸਾਹ ਨਾਲੀ ’ ਤੇ ਟਿਕਿਆ ਹੋਇਆ ਰਹਿੰਦਾ ਹੈ , ਫੇਫੜਿਆਂ ਵਿਚੋਂ ਬਾਹਰ ਨਿਕਲਣ ਵਾਲੀ ਹਵਾ ਜਦੋਂ ਸੁਰ-ਯੰਤਰ ਵਿਚੋਂ ਗੁਜਰਦੀ ਹੈ ਤਾਂ ਧੁਨਾਤਮਕ ਪੱਧਰ ’ ਤੇ ਦੋ ਪਰਕਾਰ ਦੇ ਵਰਤਾਰੇ ਵਾਪਰਦੇ ਹਨ । ਪਹਿਲੇ ਵਰਤਾਰੇ ਵੇਲੇ ਸੁਰ-ਤੰਦਾਂ ਵਿਚਲਾ ਰਾਹ ਖੁੱਲ੍ਹਾ ਹੁੰਦਾ ਹੈ ਅਤੇ ਹਵਾ ਬੇਰੋਕ ਬਾਹਰ ਵੱਲ ਨਿਕਲ ਜਾਂਦੀ ਹੈ ਅਤੇ ਧੁਨੀਆਂ ਦੇ ਉਚਾਰਨ ਤੇ ਕੋਈ ਪਰਭਾਵ ਨਹੀਂ ਪੈਂਦਾ । ਇਸ ਸਥਿਤੀ ਵਿਚ ਪੈਦਾ ਹੋਈਆਂ ਧੁਨੀਆਂ ਨੂੰ ਅਘੋਸ਼ ਧੁਨੀਆਂ ਕਿਹਾ ਜਾਂਦਾ ਹੈ । ਦੂਜੀ ਪਰਕਾਰ ਦੇ ਵਰਤਾਰੇ ਵੇਲੇ ਸੁਰ-ਤੰਦਾਂ ਵਿਚਲਾ ਰਾਹ ਤੰਗ ਹੋ ਜਾਂਦਾ ਹੈ ਅਤੇ ਧੁਨੀਆਂ ਦੇ ਉਚਾਰਨ ਵੇਲੇ ਸੁਰ-ਤੰਦਾਂ ਦਾ ਪਰਭਾਵ ਧੁਨੀਆਂ ਦੇ ਉਚਾਰਨ ਤੋਂ ਸਪਸ਼ਟ ਵੇਖਿਆ ਜਾ ਸਕਦਾ ਹੈ । ਇਸ ਸਥਿਤੀ ਵਿਚ ਪੈਦਾ ਹੋਈਆਂ ਧੁਨੀਆਂ ਨੂੰ ਸਘੋਸ਼ ਧੁਨੀਆਂ ਕਿਹਾ ਜਾਂਦਾ ਹੈ । ਤੀਜੀ ਪਰਨਾਲੀ ਦਾ ਸਿੱਧਾ ਸਬੰਧ ਧੁਨੀਆਂ ਦੇ ਉਚਾਰਨ ਨਾਲ ਹੈ । ਬੁੱਲ੍ਹਾਂ ਤੋਂ ਲੈ ਕੇ ਫੇਫੜਿਆਂ ਤੱਕ ਦੇ ਘੇਰੇ ਵਿਚ ਆੳੇੁਣ ਵਾਲੇ ਉਚਾਰਨ ਅੰਗਾਂ ਦੀ ਗਤੀਵਿਧੀ ਨੂੰ ਇਸ ਪਰਨਾਲੀ ਦੇ ਅੰਤਰਗਤ ਵਾਚਿਆ ਜਾਂਦਾ ਹੈ । ਇਸ ਪਰਨਾਲੀ ਵਿਚ ਦੰਦ , ਬੁੱਲ੍ਹ , ਜੀਭ ਅਤੇ ਤਾਲੂ ਆਦਿ ਉਚਾਰਨ ਗਤੀ ਵਿਧੀ ਵਿਚ ਸ਼ਾਮਲ ਹੁੰਦੇ ਹਨ । ਇਨ੍ਹਾਂ ਉਚਾਰਨ ਅੰਗਾਂ ਨੂੰ ਅੱਗੋਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਚੁਸਤ ਉਚਾਰਕ ਅਤੇ ( ii ) ਸੁਸਤ ਉਚਾਰਕ । ਚੁਸਤ ਉਚਾਰਕਾਂ ਵਿਚ ਉਨ੍ਹਾਂ ਉਚਾਰਨ ਅੰਗਾਂ ਨੂੰ ਰੱਖਿਆ ਜਾਂਦਾ ਹੈ ਜੋ ਆਪਣੇ ਨਿਸ਼ਚਿਤ ਸਥਾਨ ਤੋਂ ਹਿੱਲ ਕੇ ਕਿਸੇ ਦੂਜੇ ਸਥਾਨ ਦੇ ਸੰਪਰਕ ਵਿਚ ਆਉਂਦੇ ਹਨ , ਜਿਵੇਂ : ਹੇਠਲਾ ਬੁੱਲ੍ਹ , ਜੀਭ ਦੇ ਸਾਰੇ ਭਾਗ ਅਤੇ ਕਾਂ ਆਦਿ ਉਚਾਰਨ ਅੰਗਾਂ ਨੂੰ ਚੁਸਤ ਉਚਾਰਕਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ । ਦੂਜੇ ਪਾਸੇ ਉਨ੍ਹਾਂ ਉਚਾਰਕਾਂ ਨੂੰ ਸੁਸਤ ਉਚਾਰਕ ਅੰਗ ਕਿਹਾ ਜਾਂਦਾ ਹੈ ਜੋ ਆਪਣੀ ਥਾਂ ’ ਤੇ ਟਿਕੇ ਰਹਿੰਦੇ ਹਨ । ਚੁਸਤ ਉਚਾਰਕ , ਸੁਸਤ ਉਚਾਰਕਾਂ ਦੇ ਸੰਪਰਕ ਵਿਚ ਆ ਕੇ ਧੁਨੀਆਂ ਦਾ ਉਚਾਰਨ ਕਰਦੇ ਰਹਿੰਦੇ ਹਨ । ਸੁਸਤ ਉਚਾਰਕ ਅੰਗਾਂ ਨੂੰ ਉਚਾਰਨ ਸਥਾਨ ਵੀ ਕਿਹਾ ਜਾਂਦਾ ਹੈ । ( ਵੇਖੋ ਉਚਾਰਨ ਸਥਾਨ ) ਇਨ੍ਹਾਂ ਦੇ ਘੇਰੇ ਵਿਚ ਉਪਰਲਾ ਬੁੱਲ੍ਹ , ਦੰਦ , ਤਾਲੂ ਦੇ ਸਾਰੇ ਭਾਗ ਆਦਿ ਨੂੰ ਰੱਖਿਆ ਜਾਂਦਾ ਹੈ । ਉਚਾਰਨ ਅੰਗਾਂ ਦੇ ਅਧਾਰ ਤੇ ਭਾਸ਼ਾਈ ਧੁਨੀਆਂ ਦਾ ਵਰਗੀਕਰਨ ਕੀਤਾ ਜਾਂਦਾ ਹੈ । ਇਹ ਅਧਾਰ ਇਸ ਪਰਕਾਰ ਹਨ , ਜਿਵੇਂ : ( i ) ਉਚਾਰਨ ਸਥਾਨ ਅਤੇ ( ii ) ਉਚਾਰਨ ਵਿਧੀ । ਸੰਘ ਪੋਲ ਅੱਗੋਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ । ਜਿਵੇਂ : ( i ) ਨੱਕ ਪੋਲ ਅਤੇ ( ii ) ਮੂੰਹ ਪੋਲ । ਧੁਨੀਆਂ ਦਾ ਉਚਾਰਨ ਇਨ੍ਹਾਂ ਦੋਹਾਂ ਪੋਲਾਂ ਦੇ ਦਰਮਿਆਨ ਹੁੰਦਾ ਹੈ । ਉਚਾਰਨ ਸਥਾਨ ਦੇ ਪੱਖ ਤੋਂ ਧੁਨੀਆਂ ਨੂੰ ਹੋਂਠੀ , ਦੰਤੀ , ਉਲਟ ਜੀਭੀ , ਤਾਲਵੀ , ਕੰਠੀ , ਸੁਰ-ਯੰਤਰੀ ਆਦਿ ਵਰਗਾਂ ਵਿਚ ਵੰਡਿਆ ਜਾਂਦਾ ਹੈ ਜਦੋਂ ਕਿ ਉਚਾਰਨ ਵਿਧੀ ਦੇ ਅਧਾਰ ਤੇ ਧੁਨੀਆਂ ਨੂੰ ਮੌਖਿਕ , ਨਾਸਕੀ , ਫ਼ਾਰਸੀਵਕ , ਟਰਿਲ , ਫਲੈਪ ਅਤੇ ਸੰਘਰਸ਼ੀ ਆਦਿ ਵਿਚ ਵੰਡਿਆ ਜਾਂਦਾ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.