ਉਚਾਰਨੀ ਧੁਨੀ ਵਿਗਿਆਨ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਉਚਾਰਨੀ ਧੁਨੀ ਵਿਗਿਆਨ : ਉਚਾਰਨੀ ਧੁਨੀ ਵਿਗਿਆਨ , ਧੁਨੀ ਵਿਗਿਆਨ ਦੀ ਇਕ ਸ਼ਾਖਾ ਹੈ ਜਿਸ ਰਾਹੀਂ ਧੁਨੀ ਦੇ ਉਚਾਰੇ ਜਾਣ ਬਾਰੇ ਅਧਿਅਨ ਕੀਤਾ ਜਾਂਦਾ ਹੈ । ਇਸ ਸ਼ਾਖਾ ਦਾ ਅਧਿਅਨ ਕਰਨ ਲਈ ਇਸ ਨੂੰ ਮੁੱਖ ਰੂਪ ਵਿਚ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਉਚਾਰਨ ਅੰਗ ਅਤੇ ( ii ) ਉਚਾਰਨ ਅਮਲ । ਉਚਾਰਨ ਅੰਗਾਂ ਦਾ ਮੂਲ ਕਾਰਜ ਸਰੀਰ ਵਿਗਿਆਨਕ ਹੈ , ਭਾਸ਼ਾ ਧੁਨੀਆਂ ਉਤਪੰਨ ਕਰਨਾ ਇਨ੍ਹਾਂ ਦਾ ਦੂਜੈਲਾ ਕਾਰਜ ਹੈ । ਉਚਾਰਨ ਅੰਗਾਂ ਨੂੰ ਵਰਤੋਂ ਦੇ ਪੱਖ ਤੋਂ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ : ( i ) ਉਚਾਰਨ ਸਥਾਨ ਅਤੇ ( ii ) ਉਚਾਰਕ । ਧੁਨੀਆਂ ਦੇ ਉਚਾਰਨ ਵੇਲੇ ਜਿਨ੍ਹਾਂ ਸਥਾਨਾਂ ’ ਤੇ ਉਚਾਰਕ \ ਉਚਾਰਨ ਅੰਗ ਲਗਦੇ \ ਖਹਿੰਦੇ ਹਨ , ਉਨ੍ਹਾਂ ਸਥਾਨਾਂ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ । ਬੁੱਲ੍ਹ , ਉਪਰਲੇ ਦੰਦ , ਬੁੱਟ , ਤਾਲੂ ਅਤੇ ਸੁਰ-ਤੰਦਾਂ ਵਿਚਲੀ ਥਾਂ ਆਦਿ ਨੂੰ ਇਸ ਪੱਖ ਤੋਂ ਵੰਡਿਆ ਜਾਂਦਾ ਹੈ । IPA ( 1979 ) ਵਿਚ 12 ਉਚਾਰਨ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਪਰ ਪੰਜਾਬੀ ਦੀਆਂ ਮੂਲ ਧੁਨੀਆਂ ਦੇ ਉਚਾਰਨ ਵਿਚ 6 ਸਥਾਨ ਸਹਾਈ ਹੁੰਦੇ ਹਨ । ਉਚਾਰਕਾਂ ਅਤੇ ਉਚਾਰਨ ਸਥਾਨਾਂ ਦੇ ਅਧਾਰ ’ ਤੇ ਧੁਨੀਆਂ ਦਾ ਵਰਗੀਕਰਨ ਇਸ ਪਰਕਾਰ ਕੀਤਾ ਜਾਂਦਾ ਹੈ , ਜਿਵੇਂ : ਦੋ ਹੋਂਠੀ ( ਦੋਵੇਂ ਬੁੱਲ੍ਹ ) , ਦੰਤ ਹੋਂਠੀ ( ਉਪਰਲੇ ਦੰਦ ਤੇ ਹੇਠਲਾ ਬੁੱਲ੍ਹ ) , ਬੁੱਟੀ ( ਉਪਰਲੇ ਬੁੱਟ , ਜੀਭ ਦੀ ਨੋਕ ) , ਦੰਤੀ ( ਉਪਰਲੇ ਦੰਦਾਂ ਦਾ ਪਿਛਲਾ ਪਾਸਾ ਤੇ ਜੀਭ ਦੀ ਨੋਕ ) , ਉਲਟ-ਜੀਭੀ ( ਸਖਤ ਤਾਲੂ ਤੇ ਜੀਭ ਦਾ ਪੁੱਠਾ ਪਾਸਾ ) , ਤਾਲਵੀ ( ਸਖਤ ਤਾਲੂ ਤੇ ਜੀਭ ) , ਕੰਠੀ ( ਜੀਭ ਦਾ ਪਿਛਲਾ ਪਾਸਾ ਤੇ ਕੋਮਲ ਤਾਲੂ ) ਗਲੌਟਲ ( ਸੁਰ-ਤੰਦਾਂ ਵਿਚਲੀ ਵਿੱਥ ) । ਦੋ ਹੋਂਠੀ ਧੁਨੀਆਂ ਦੇ ਉਚਾਰਨ ਵੇਲੇ ਦੋਵੇਂ ਬੁੱਲ੍ਹ ਆਪਸ ਵਿਚ ਜੁੜਦੇ ਹਨ , ਹਵਾ ਦਾ ਦਬਾ ਇਨ੍ਹਾਂ ਦੇ ਪਿਛੇ ਬਣਿਆ ਰਹਿੰਦਾ ਹੈ ਅਤੇ ਜਦੋਂ ਇਹ ਅਲੱਗ ਹੁੰਦੇ ਹਨ , ਹਵਾ ਬਾਹਰ ਵੱਲ ਨਿਕਲ ਜਾਂਦੀ ਹੈ ਤਾਂ ਦੋ-ਹੋਂਠੀ ਧੁਨੀਆਂ ਪੈਦਾ ਹੁੰਦੀਆਂ ਹਨ । ਪੰਜਾਬੀ ਵਿਚ ( ਪ , ਫ , ਬ ) ਦੋ ਹੋਂਠੀ ਧੁਨੀਆਂ ਹਨ । ਇਸ ਵਰਗ ਦੀ ( ਮ ) ਨਾਸਕੀ ਧੁਨੀ ਹੈ । ਦੰਤੀ ਧੁਨੀਆਂ ਦੇ ਉਚਾਰਨ ਵੇਲੇ ਜੀਭ ਦੀ ਨੋਕ ਉਪਰਲੇ ਦੰਦਾਂ ਦੇ ਪਿਛਲੇ ਪਾਸੇ ਲਗਦੀ ਹੈ ਤੇ ਹਵਾ ਦਾ ਦਬਾ ਜਦੋਂ ਪਿਛੇ ਹੁੰਦਾ ਹੈ ਤਾਂ ਅਲੱਗ ਹੋਣ ਵੇਲੇ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਡੱਕਵੀਆਂ ਦੰਤੀ ( ਤ , ਥ , ਦ ) ਅਤੇ ਬਾਕੀਆਂ ਨੂੰ ਨਾਸਕੀ ( ਨ ) ਫ਼ਾਰਸੀਵਕ ( ਲ ) ਟਰਿਲ ( ਰ ) ਸੰਘਰਸ਼ੀ ( ਸ ) ਅਡੱਕਵੀਆਂ ਦੰਤੀ ਧੁਨੀਆਂ ਕਿਹਾ ਜਾਂਦਾ ਹੈ । ਇਸੇ ਤਰ੍ਹਾਂ ਜਦੋਂ ਜੀਭ ਉਲਟੀ ਹੋ ਕੇ ਸਖ਼ਤ ਤਾਲੂ ਲਗਦੀ ਹੈ ਤਾ ਉਲਟ-ਜੀਭੀ ਡੱਕਵੀਆਂ ( ਟ , ਠ , ਡ ) ਅਤੇ ਅਡੱਕਵੀਆਂ ਨਾਸਕੀ ( ਣ ) ਪਾਸ਼ਵਿਕ ( ਲ਼ ) ਫਲੈਪ ( ੜ ) ਧੁਨੀਆਂ ਪੈਦਾ ਹੁੰਦੀਆਂ ਹਨ । ਸਖ਼ਤ ਤਾਲੂ ਨਾਲ ਜੀਭ ਦਾ ਅਗਲਾ ਹਿੱਸਾ ਲੱਗਣ ਨਾਲ ਅਰਧ ਵਿਅੰਜਨ ( ਯ ) ਧੁਨੀਆਂ ਪੈਦਾ ਹੁੰਦੀਆਂ ਹਨ । ਡੱਕਵੀਆਂ ( ਚ , ਛ , ਜ ) ਅਤੇ ਅਡੱਕਵੀਆਂ ਨਾਸਕੀ ( ਞ ) ਸੰਘਰਸ਼ੀ ( ਸ਼ ) ਧੁਨੀਆਂ ਪੈਦਾ ਹੁੰਦੀਆਂ ਹਨ । ਦੰਤੀ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਪਿਛਲਾ ਪਾਸਾ ਕੋਮਲ ਤਾਲੂ ਨਾਲ ਲੱਗਦਾ ਹੈ ਅਤੇ ਡੱਕਵੀਆਂ ( ਕ , ਖ , ਗ ) ਤੇ ਅਡੱਕਵੀਆਂ ਨਾਸਕੀ ( ਙ ) ਧੁਨੀਆਂ ਪੈਦਾ ਹੁੰਦੀਆਂ ਹਨ । ਪੰਜਾਬੀ ਵਿਚ ( ਹ ) ਇਕੋ ਇਕ ਗਲੌਟਲ ਧੁਨੀ ਹੈ ਅਤੇ ਇਸ ਨੂੰ ਅਡੱਕਵੀ ਸੰਘਰਸ਼ੀ ਧੁਨੀ ਕਿਹਾ ਜਾਂਦਾ ਹੈ ।

ਉਚਾਰਨ ਅਮਲ ਵਿਚਲੀ ਪਰਨਾਲੀ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ । ਇਨ੍ਹਾਂ ਤਿੰਨਾਂ ਭਾਗਾਂ ਦਾ ਅਧਾਰ ਫੇਫੜਿਆਂ ਤੋਂ ਲੈ ਕੇ ਬੁੱਲ੍ਹਾਂ ਤੱਕ ਵਾਪਰਿਆ ਪ੍ਰਯਤਨ ਹੈ । ਇਹ ਤਿੰਨ ਭਾਗ ਇਸ ਪਰਕਾਰ ਹਨ : ਸਾਹ ਦੀ ਵਿਧੀ , ਧੁਨੀ ਦੀ ਵਿਧੀ ਅਤੇ ਉਚਾਰਨ ਦੀ ਵਿਧੀ । ਸਾਹ ਦੀ ਵਿਧੀ ਵਿਚ ਫੇਫੜੇ , ਛਾਤੀ ਦੇ ਪੱਠੇ , ਸਾਹ ਨਲੀ ਦੀ ਹਰਕਤ ਨੂੰ ਵੇਖਿਆ ਜਾਂਦਾ ਹੈ । ਇਸ ਵਿਧੀ ਰਾਹੀਂ ਪੌਣਧਾਰਾ ਵਿਧੀਆਂ ਦਾ ਅਧਿਅਨ ਕੀਤਾ ਜਾਂਦਾ ਹੈ । ( ਵੇਖੋ ਪੌਣਧਾਰਾ ਵਿਧੀਆਂ ) ਧੁਨੀ ਵਿਧੀ ਵਿਚ ਸੁਰ-ਤੰਦਾਂ ਦੀ ਵਿਧੀ ਦਾ ਅਧਿਅਨ ਕੀਤਾ ਜਾਂਦਾ ਹੈ । ( ਵੇਖੋ ਸੁਰ-ਤੰਦਾਂ ) ਅਤੇ ਉਚਾਰਨੀ ਵਿਧੀ ਵਿਚ ਉਚਾਰਨ ਅੰਗਾਂ ਦੇ ਸਥਾਨਾਂ ਦੀ ਗਤੀਵਿਧੀ ਦਾ ਅਧਿਅਨ ਕੀਤਾ ਜਾਂਦਾ ਹੈ ( ਵੇਖੋ ਉਚਾਰਨ ਅੰਗ ) ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.