ਲਾਗ–ਇਨ/ਨਵਾਂ ਖਾਤਾ |
+
-
 
ਉਚਾਰਨ-ਪ੍ਰਕਿਰਿਆ

ਉਚਾਰਨ-ਪ੍ਰਕਿਰਿਆ : ਉਚਾਰਨ ਪ੍ਰਣਾਲੀ ਰਾਹੀਂ ਉਚਾਰਨ-ਪ੍ਰਕਿਰਿਆ ਦਾ ਅਧਿਐਨ ਕੀਤਾ ਜਾਂਦਾ ਹੈ। ਸਾਹ ਪ੍ਰਣਾਲੀ ਦੀ ਮਦਦ ਨਾਲ ਹਵਾ ਫੇਫੜਿਆਂ ਵੱਲ ਅੰਦਰ ਨੂੰ ਜਾਂਦੀ ਹੈ। ਇਸ ਨਾਲ ਫੇਫੜੇ ਫੈਲਦੇ ਹਨ ਅਤੇ ਜਦੋਂ ਫੇਫੜੇ ਸੁੰਗੜਦੇ ਹਨ ਤਾਂ ਹਵਾ ਫੇਫੜਿਆਂ ਵਿੱਚੋਂ ਮੂੰਹ ਰਾਹੀਂ ਬਾਹਰ ਨਿਕਲਦੀ ਹੈ। ਬਾਹਰ ਵੱਲ ਨਿਕਲਦੀ ਇਸ ਹਵਾ ਨਾਲ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ। ਹਵਾ ਦੀ ਇਸ ਪ੍ਰਕਿਰਿਆ ਨੂੰ ਪੌਣਧਾਰਾ ਕਿਹਾ ਜਾਂਦਾ ਹੈ। ਇਹ ਪ੍ਰਕਿਰਿਆ ਤਿੰਨ ਕਿਸਮ ਦੀ ਹੈ-ਇੱਕ ਨੂੰ ਫੇਫੜਿਆਂ ਦੀ ਪੌਣਧਾਰਾ ਵਿਧੀ, ਦੂਜੀ ਨੂੰ ਨਾਦ- ਯੰਤਰ ਦੀ ਪੌਣਧਾਰਾ ਵਿਧੀ ਅਤੇ ਤੀਜੀ ਨੂੰ ਕੋਮਲ ਤਾਲੂ ਦੀ ਪੌਣਧਾਰਾ ਵਿਧੀ ਕਿਹਾ ਜਾਂਦਾ ਹੈ। ਫੇਫੜਿਆਂ ਵਿੱਚੋਂ ਆਉਂਦੀ ਹਵਾ ਸਧਾਰਨ ਅਤੇ ਵਿਸ਼ੇਸ਼ ਰੂਪਾਂ ਰਾਹੀਂ ਬਾਹਰ ਨਿਕਲਦੀ ਹੈ। ਜਦੋਂ ਇਹ ਹਵਾ ਸਧਾਰਨ ਰੂਪ ਵਿੱਚ ਬਾਹਰ ਨਿਕਲਦੀ ਹੈ ਤਾਂ ਇਸ ਨੂੰ ਅਲਪ-ਪ੍ਰਾਣ ਕਿਹਾ ਜਾਂਦਾ ਹੈ ਅਤੇ ਜਦੋਂ ਹਵਾ ਵਿਸ਼ੇਸ਼ ਰੂਪ ਵਿੱਚ ਬਾਹਰ ਨਿਕਲਦੀ ਹੈ ਤਾਂ ਇਸ ਨੂੰ ਮਹਾਂ-ਪ੍ਰਾਣ ਕਿਹਾ ਜਾਂਦਾ ਹੈ। ਨਾਦ-ਯੰਤਰ ਪੌਣਧਾਰਾ ਵਿਧੀ ਪੱਖੋਂ ਵਿਚਾਰਿਆਂ ਧੁਨੀਆਂ ਦੇ ਦੋ ਪ੍ਰਕਾਰ ਹੁੰਦੇ ਹਨ। ਪਹਿਲੀ ਪ੍ਰਕਾਰ ਵਿੱਚ ਨਾਦ- ਯੰਤਰ ਉਚਾਰਨ-ਅੰਗ ਵਜੋਂ ਕੰਮ ਕਰਦਾ ਹੈ। ਇਸ ਸਥਾਨ ਤੋਂ ਉਚਾਰੀ ਗਈ ਧੁਨੀ ਨੂੰ ਨਾਦ-ਯੰਤਰੀ ਧੁਨੀ ਕਿਹਾ ਜਾਂਦਾ ਹੈ। ਪੰਜਾਬੀ ਦੀ ‘ਹ` ਧੁਨੀ ਨਾਦ-ਯੰਤਰੀ ਧੁਨੀ ਹੈ। ਦੂਜੀ ਪ੍ਰਕਾਰ ਵਿੱਚ ਨਾਦ-ਯੰਤਰ ਦੀਆਂ ਨਾਦ-ਤੰਦਾਂ ਨੇੜੇ-ਨੇੜੇ ਹੁੰਦੀਆਂ ਹਨ ਜੇ ਇਹ ਨਾਦ ਤੰਦਾਂ ਬਹੁਤ ਨੇੜੇ ਹੁੰਦੀਆਂ ਹਨ ਤਾਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਸਘੋਸ਼ ਧੁਨੀਆਂ ਕਿਹਾ ਜਾਂਦਾ ਹੈ ਅਤੇ ਜਦੋਂ ਇਹ ਨਾਦ-ਤੰਦਾਂ ਕੁਝ ਦੂਰ ਹੁੰਦੀਆਂ ਹਨ ਤਾਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਅਘੋਸ਼ ਧੁਨੀਆਂ ਕਿਹਾ ਜਾਂਦਾ ਹੈ। ਕੋਮਲ ਤਾਲੂ ਦੀ ਪੌਣਧਾਰਾ ਵਿਧੀ ਰਾਹੀਂ ਕੋਮਲ ਤਾਲਵੀ ਧੁਨੀਆਂ ਦਾ ਉਚਾਰਨ ਹੁੰਦਾ ਹੈ। ਇਸ ਪ੍ਰਕਾਰ ਦੀਆਂ ਧੁਨੀਆਂ ਅਰਬੀ-ਫ਼ਾਰਸੀ ਭਾਸ਼ਾ ਵਿੱਚ ਮਿਲਦੀਆਂ ਹਨ। ਉਚਾਰਨ -ਪ੍ਰਕਿਰਿਆ ਦੇ ਆਧਾਰ ਤੇ ਧੁਨੀਆਂ ਦਾ ਵਿਸ਼ਲੇਸ਼ਣ ਹੀ ਨਹੀਂ ਵਿਅੰਜਨ ਧੁਨੀਆਂ ਦੀ ਵਰਗ ਵੰਡ ਵੀ ਕੀਤੀ ਜਾਂਦੀ ਹੈ। ਉਚਾਰਨ-ਪ੍ਰਕਿਰਿਆ ਦੇ ਲਿਹਾਜ਼ ਨਾਲ ਵਿਅੰਜਨ ਧੁਨੀਆਂ ਦੋ ਕਿਸਮ ਦੀਆਂ ਹਨ-ਮੌਖਿਕ ਅਤੇ ਨਾਸਕੀ। ਜਿਨ੍ਹਾਂ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਹਵਾ ਕੇਵਲ ਮੂੰਹ ਰਾਹੀਂ ਬਾਹਰ ਨਿਕਲਦੀ ਹੈ-ਉਹਨਾਂ ਨੂੰ ਮੌਖਿਕ ਧੁਨੀਆਂ ਕਿਹਾ ਜਾਂਦਾ ਹੈ ਅਤੇ ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਹਵਾ ਨੱਕ ਰਾਹੀਂ ਬਾਹਰ ਨਿਕਲਦੀ ਹੈ ਉਹਨਾਂ ਨੂੰ ਨਾਸਕੀ ਵਿਅੰਜਨ ਕਿਹਾ ਜਾਂਦਾ ਹੈ। ਜਦੋਂ ਹਵਾ ਨੂੰ ਪੂਰੀ ਤਰ੍ਹਾਂ ਰੋਕਿਆ ਜਾਂਦਾ ਹੈ ਤਾਂ ਉਹਨਾਂ ਨੂੰ ਡੱਕਵੇਂ ਵਿਅੰਜਨ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਵਿਅੰਜਨ ਧੁਨੀਆਂ ਨੂੰ ਪਾਰਸ਼ਵਿਕ, ਕਾਂਬਵੇ, ਫਟਕਵੇਂ ਅਤੇ ਸੰਘਰਸ਼ੀ ਆਦਿ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ।

ਲੇਖਕ : ਦਵਿੰਦਰ ਸਿੰਘ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 2736,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/17/2014 12:00:00 AM
ਹਵਾਲੇ/ਟਿੱਪਣੀਆਂ: null

ਵਿਚਾਰ / ਸੁਝਾਅ