ਉਚਾਰ-ਖੰਡ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਚਾਰ-ਖੰਡ : ਉਚਾਰਨ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਉਚਾਰ-ਖੰਡ ਕਿਹਾ ਜਾਂਦਾ ਹੈ । ਉਚਾਰ-ਖੰਡ ਤੋਂ ਛੋਟੀ ਇਕਾਈ ਧੁਨੀ ਹੈ ਪਰ ਵਿਅੰਜਨ ਧੁਨੀਆਂ ਇਕੱਲੀਆਂ ਨਹੀਂ ਉਚਾਰੀਆਂ ਜਾ ਸਕਦੀਆਂ । ਇਸ ਲਈ ਉਚਾਰਨ ਦੀ ਸਭ ਤੋਂ ਛੋਟੀ ਇਕਾਈ ਧੁਨੀ ਨਹੀਂ , ਉਚਾਰ-ਖੰਡ ਹੈ । ਸ਼ਬਦ ‘ ਚਾਰ` ਵਿੱਚ /ਚ/ , /ਆ/ ਅਤੇ /ਰ/ ਤਿੰਨ ਧੁਨੀਆਂ ਹਨ ਪਰ ਉਚਾਰ-ਖੰਡ ਇੱਕ ਹੀ ਹੈ । ਸ਼ਬਦ ‘ ਤਰਦਾ` ਵਿੱਚ ‘ ਤਰ` ਅਤੇ ‘ ਦਾ` ਦੋ ਉਚਾਰ-ਖੰਡ ਹਨ । ਉਚਾਰ-ਖੰਡ ਅਜਿਹੀ ਧੁਨੀਆਤਮਿਕ ਇਕਾਈ ਹੈ ਜੋ ਉਚਾਰਨ ਸਮੇਂ ਦੋ ਰੋਕਾਂ ਦੇ ਵਿਚਕਾਰ ਪੈਦਾ ਹੁੰਦੀ ਹੈ । ਦੂਜੇ ਸ਼ਬਦਾਂ ਵਿੱਚ ਦੋ ਧੁਨੀਆਂ ਦੇ ਵਿਚਕਾਰਲੇ ਠਹਿਰਾਓ ਵਾਲੇ ਹਿੱਸੇ ਨੂੰ ਉਚਾਰ-ਖੰਡ ਕਿਹਾ ਜਾਂਦਾ ਹੈ । ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉਚਾਰ-ਖੰਡਾਂ ਦੇ ਆਧਾਰ ਤੇ ਸ਼ਬਦ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਇੱਕ ਉਚਾਰ-ਖੰਡੀ ਸ਼ਬਦ ਅਤੇ ਬਹੁ ਉਚਾਰ-ਖੰਡੀ ਸ਼ਬਦ । ਪਰੰਪਰਾਵਾਦੀ ਭਾਸ਼ਾ-ਵਿਗਿਆਨੀ ਉਚਾਰ-ਖੰਡ ਨੂੰ ਵਿਅੰਜਨ ਅਤੇ ਸ੍ਵਰ ਦੇ ਜੋੜ ਬਰਾਬਰ ਮੰਨਦੇ ਹਨ ਪਰੰਤੂ ਆਧੁਨਿਕ ਭਾਸ਼ਾ-ਵਿਗਿਆਨੀ ਦੱਸਦੇ ਹਨ ਕਿ ਇੱਕ ਇਕੱਲਾ ਸ੍ਵਰ ਵੀ ਉਚਾਰ-ਖੰਡ ਹੋ ਸਕਦਾ ਹੈ । ਉਦਾਹਰਨ ਵਜੋਂ ਪੰਜਾਬੀ ਦੀਆਂ / ਆ , ਏ , ਓ / ਸ੍ਵਰ ਧੁਨੀਆਂ ਉਚਾਰ-ਖੰਡ ਵਜੋਂ ਵਰਤੋਂ ਵਿੱਚ ਆਉਂਦੀਆਂ ਹਨ । ਧੁਨੀ- ਵਿਗਿਆਨ ਦੇ ਪੱਖ ਤੋਂ ਉਚਾਰ-ਖੰਡ ਨੂੰ ਉਚਾਰਨ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ ਜਦੋਂ ਕਿ ਧੁਨੀ ਵਿਉਂਤ ਦੇ ਪੱਖ ਤੋਂ ਉਚਾਰ-ਖੰਡ ਨੂੰ ਸ਼ਬਦ ਰਚਨਾ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ । ਉਚਾਰ-ਖੰਡ ਦੀ ਅੰਦਰੂਨੀ ਬਣਤਰ ਵਿੱਚ ਤਿੰਨ ਤੱਤ ਕਾਰਜਸ਼ੀਲ ਹੁੰਦੇ ਹਨ-ਉਚਾਰ-ਖੰਡ ਦਾ ਅਰੰਭ , ਸਿਖਰ ਅਤੇ ਅੰਤ । ਅਰੰਭ , ਉਚਾਰ-ਖੰਡ ਦਾ ਉਹ ਹਿੱਸਾ ਹੈ ਜੋ ਉਚਾਰ-ਖੰਡ ਦੇ ਸ਼ੁਰੂ ਵਿੱਚ ਵਿਅੰਜਨ ਰਾਹੀਂ ਸਾਕਾਰ ਹੁੰਦਾ ਹੈ , ਜਿਵੇਂ ‘ ਚਾਰ` ਵਿੱਚ ‘ ਚ` । ਉਚਾਰ-ਖੰਡ ਦੇ ਸਿਖਰ ਵਿੱਚ ਹਮੇਸ਼ਾਂ ਸ੍ਵਰ ਹੁੰਦਾ ਹੈ , ਜਿਵੇਂ ‘ ਚਾਰ` ਵਿੱਚ ‘ ਆ` । ਉਚਾਰ-ਖੰਡ ਦੀ ਬਣਤਰ ਵਿੱਚ ਸ੍ਵਰ ਜ਼ਰੂਰ ਹੁੰਦਾ ਹੈ ਜਦੋਂ ਕਿ ਵਿਅੰਜਨ ਦਾ ਹੋਣਾ ਜ਼ਰੂਰੀ ਨਹੀਂ ਹੈ । ‘ ਆ` ਅਜਿਹਾ ਸ਼ਬਦ ਹੈ ਜਿਸ ਵਿੱਚ ਇੱਕ ਉਚਾਰ-ਖੰਡ ਹੈ ਜੋ ਇਕੱਲਾ ਸ੍ਵਰ ਹੈ । ਧੁਨੀ-ਵਿਗਿਆਨ ਦੇ ਪੱਖੋਂ ਉਚਾਰ-ਖੰਡਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ । ਇਹ ਵਰਗ ਹਨ-ਖੁੱਲ੍ਹੇ ਉਚਾਰ-ਖੰਡ ਅਤੇ ਬੰਦ ਉਚਾਰ-ਖੰਡ । ਖੁੱਲ੍ਹੇ ਉਚਾਰ-ਖੰਡ ਉਹ ਹੁੰਦੇ ਹਨ ਜਿਨ੍ਹਾਂ ਦੇ ਅੰਤ ਵਿੱਚ ਸ੍ਵਰ ਧੁਨੀਆਂ ਆਉਂਦੀਆਂ ਹਨ । ਬੰਦ ਉਚਾਰ-ਖੰਡ ਉਹ ਹੁੰਦੇ ਹਨ ਜਿਨ੍ਹਾਂ ਦੇ ਅੰਤ ਵਿੱਚ ਵਿਅੰਜਨ ਧੁਨੀਆਂ ਆਉਂਦੀਆਂ ਹਨ । ਉਦਾਹਰਨ ਵਜੋਂ ਪੰਜਾਬੀ ਵਿੱਚ ‘ ਜਾਓ` , ‘ ਆਓ` ਖੁੱਲ੍ਹੇ ਉਚਾਰ-ਖੰਡ ਹਨ । ‘ ਜਾਲ` , ‘ ਪਾਰ` ਆਦਿ ਬੰਦ ਉਚਾਰ-ਖੰਡ ਦੀਆਂ ਉਦਾਹਰਨਾਂ ਹਨ । ਇੱਕ ਸ਼ਬਦ ਵਿੱਚ ਅਕਸਰ ਇੱਕ ਜਾਂ ਇੱਕ ਤੋਂ ਵੱਧ ਉਚਾਰ-ਖੰਡ ਹੋ ਸਕਦੇ ਹਨ ਜਿਵੇਂ ‘ ਕੇਸਰ` ਸ਼ਬਦ ਵਿੱਚ ਦੋ ਉਚਾਰ-ਖੰਡ ਹਨ , ‘ ਕੇ` ਅਤੇ ‘ ਸਰ` । ਕਈ ਡਿਕਸ਼ਨਰੀਆਂ ਵੀ ਅਜਿਹੀਆਂ ਹਨ ਜਿਨ੍ਹਾਂ ਵਿੱਚ ਦਰਜ ਕੀਤੇ ਸ਼ਬਦਾਂ ਵਿੱਚ ਉਚਾਰ-ਖੰਡਾਂ ਦੀ ਪਛਾਣ ਨਿਰਧਾਰਿਤ ਕਰਨ ਲਈ ਹਾਈਫਨ ਲਗਾ ਦਿੱਤੇ ਜਾਂਦੇ ਹਨ । ਸ਼ਬਦਾਂ ਵਿੱਚ ਉਚਾਰ-ਖੰਡ ਨੂੰ ਨਿਰਧਾਰਿਤ ਕਰਨ ਲਈ ਧੁਨੀ ਵਿਉਂਤ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ।


ਲੇਖਕ : ਦਵਿੰਦਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਉਚਾਰ-ਖੰਡ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਉਚਾਰ-ਖੰਡ : ਉਚਾਰਨ ਦਾ ਇਕ ਹਿੱਸਾ ਜਿਹੜਾ ਆਮ ਤੌਰ ’ ਤੇ ਇਕੱਲੀ ਧੁਨੀ ਨਾਲੋਂ ਵੱਡਾ ਹੁੰਦਾ ਹੈ ਅਤੇ ਸ਼ਬਦ ਤੋਂ ਛੋਟਾ ਹੁੰਦਾ ਹੈ , ਉਸ ਨੂੰ ਭਾਸ਼ਾ ਵਿਗਿਆਨ ਦੀ ਸ਼ਬਦਾਵਲੀ ਵਿਚ ਉਚਾਰ-ਖੰਡ ਕਿਹਾ ਜਾਂਦਾ ਹੈ । ਇਕ ਸਥਾਨਕ ਬੁਲਾਰਾ ਸ਼ਬਦ ਦੀ ਬਣਤਰ ਵਿਚ ਵਿਚਰਨ ਵਾਲੇ ਉਚਾਰ-ਖੰਡਾਂ ਦੀ ਸਹਿਜੇ ਹੀ ਨਿਸ਼ਾਨਦੇਹੀ ਕਰ ਸਕਦਾ ਹੈ । ਇਕ ਚੰਗੇ ਕੋਸ਼ ਵਿਚ ਇੰਦਰਾਜ ਵਜੋਂ ਵਰਤੀ ਗਈ ਸ਼ਾਬਦਿਕ ਇਕਾਈ ਨੂੰ ਉਚਾਰ-ਖੰਡਾਂ ਵਿਚ ਵੰਡ ਕੇ ਪ੍ਰਸਤੁਤ ਕੀਤਾ ਗਿਆ ਹੁੰਦਾ ਹੈ । ਸ਼ਬਦ ਦੀ ਬਣਤਰ ਵਿਚ ਵਿਚਰਨ ਵਾਲੇ ਉਚਾਰ-ਖੰਡਾਂ ਦੇ ਅਧਾਰ ’ ਤੇ ਸ਼ਬਦ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਇਕ ਉਚਾਰ-ਖੰਡੀ ਸ਼ਬਦ ਅਤੇ ( ii ) ਬਹੁ ਉਚਾਰ-ਖੰਡੀ ਸ਼ਬਦ । ਇਸ ਪਛਾਣ ਦੇ ਬਾਵਜੂਦ ਉਚਾਰ-ਖੰਡ ਦੀ ਸਥਾਪਤੀ ਕੋਈ ਅਸਾਨ ਮਸਲਾ ਨਹੀਂ ਹੈ ਕਿਉਂਕਿ ਇਨ੍ਹਾਂ ਦੀ ਸਥਾਪਤੀ ਲਈ ਕਈ ਸਿਧਾਂਤਕ ਅਧਾਰ ਹਨ ਜਿਨ੍ਹਾਂ ਵਿਚੋਂ ਧੁਨੀ ਵਿਗਿਆਨਕ ਅਤੇ ਧੁਨੀ-ਵਿਉਂਤ ਪ੍ਰਮੁੱਖ ਹਨ । ਪਰੰਪਰਾਵਾਦੀ ਭਾਸ਼ਾ ਵਿਗਿਆਨੀਆਂ ਅਨੁਸਾਰ ( ਵਿਅੰਜਨ + ਸਵਰ ) ਦੇ ਯੋਜਨ ਨੂੰ ਉਚਾਰ-ਖੰਡ ਮੰਨਿਆ ਜਾਂਦਾ ਹੈ ਜਦੋਂ ਕਿ ਆਧੁਨਿਕ ਭਾਸ਼ਾ ਵਿਗਿਆਨੀਆਂ ਅਨੁਸਾਰ ਕੋਈ ਇਕੱਲਾ ਸਵਰ ਵੀ ਉਚਾਰ-ਖੰਡ ਵਜੋਂ ਕਾਰਜ ਕਰ ਸਕਦਾ ਹੈ ਜਿਵੇਂ , ਪੰਜਾਬੀ ਵਿਚ ‘ ਆ , ਏ , ਓ’ ਆਦਿ ਸਵਰ ਧੁਨੀਆਂ ਉਚਾਰ-ਖੰਡ ਵਜੋਂ ਵਿਚਰਦੀਆਂ ਹਨ । ਧੁਨੀ ਵਿਗਿਆਨ ਦੀ ਦ੍ਰਿਸ਼ਟੀ ਤੋਂ ਉਚਾਰ-ਖੰਡ ਨੂੰ ਉਚਾਰਨ ਅਨੁਸਾਰ ਸਥਾਪਤ ਕੀਤਾ ਜਾਂਦਾ ਹੈ ਜਦੋਂ ਕਿ ਧੁਨੀ-ਵਿਉਂਤ ਪੱਖੋਂ ਉਚਾਰ-ਖੰਡ ਨੂੰ ਸ਼ਬਦ ਰਚਨਾ ਅਨੁਸਾਰ ਸਥਾਪਤ ਕੀਤਾ ਜਾਂਦਾ ਹੈ ਅਤੇ ਧੁਨੀ-ਵਿਉਂਤ ਦੀ ਇਕ ਇਕਾਈ ਵਜੋਂ ਸਾਕਾਰ ਕੀਤਾ ਜਾਂਦਾ ਹੈ । ਉਚਾਰ-ਖੰਡ ਦੀ ਅੰਦਰੂਨੀ ਬਣਤਰ ਵਿਚ ਤਿੰਨ ਤੱਤ ਕਾਰਜਸ਼ੀਲ ਹੁੰਦੇ ਹਨ ਜੋ ਉਸ ਦੇ ਅਰੰਭ , ਅੰਤ ਅਤੇ ਵਿਚਕਾਰ ਵਿਚਰਦੇ ਹਨ ਇਨ੍ਹਾਂ ਨੂੰ ਕ੍ਰਮਵਾਰ Onset , Nucleus ਅਤੇ Coda ਕਿਹਾ ਜਾਂਦਾ ਹੈ । ਉਚਾਰ-ਖੰਡ ਦਾ ਕੇਂਦਰੀ ਤੱਤ Nucleus ਨੂੰ ਮੰਨਿਆ ਜਾਂਦਾ ਹੈ ਅਤੇ ਇਹ ਹਮੇਸ਼ਾ ਸਵਰ ਹੁੰਦਾ ਹੈ । ਇਸ ਲਈ ਉਚਾਰ-ਖੰਡ ਦੀ ਬਣਤਰ ਵਿਚ ਇਹ ਇਕ ਲਾਜ਼ਮੀ ਤੱਤ ਵਜੋਂ ਵਿਚਰਦਾ ਹੈ । ਧੁਨੀ ਵਿਗਿਆਨ ਦੀ ਦਰਿਸ਼ਟੀ ਤੋਂ ਉਚਾਰ-ਖੰਡਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ : ( i ) ਖੁੱਲ੍ਹੇ ਉਚਾਰ-ਖੰਡ ਅਤੇ ( ii ) ਬੰਦ ਉਚਾਰ-ਖੰਡ । ਪਹਿਲੀ ਪਰਕਾਰ ਦੇ ਉਚਾਰ-ਖੰਡਾਂ ਦੇ ਅੰਤ ਤੇ ਸਵਰ ਧੁਨੀਆਂ ਆਉਂਦੀਆਂ ਹਨ ਜਦੋਂ ਕਿ ਦੂਜੀ ਪਰਕਾਰ ਦੇ ਉਚਾਰ-ਖੰਡਾਂ ਦੇ ਅੰਤ ’ ਤੇ ਵਿਅੰਜਨ ਧੁਨੀਆਂ ਵਿਚਰਦੀਆਂ ਹਨ । ਪੰਜਾਬੀ ਦੇ ਇਕਹਿਰੇ ਉਚਾਰ-ਖੰਡੀ ਸ਼ਬਦਾਂ ਦੇ ਸੱਤ ਪੈਟਰਨ ਹਨ ਜਿਵੇਂ : ( i ) v ( ਸਵਰ ) : ਆ , ਏ , ਓ ( ii ) vc ( ਸਵਰ + ਵਿਅੰਜਨ ) : ਆਗ , ਇੱਖ , ( iii ) cv ( ਵਿਅੰਜਨ + ਸਵਰ ) : ਪਾ , ਗਾ , ਚਾ ( iv ) cvc   ( ਵਿਅੰਜਨ + ਸਵਰ + ਵਿਅੰਜਨ ) : ਮੀਤ , ਸੀਤ , ਕਰ ( v ) cvcc ( ਵਿਅੰਜਨ + ਸਵਰ + ਵਿਅੰਜਨ + ਵਿਅੰਜਨ ) : ਦੱਸ , ਰੁੱਤ , ਰੱਤ ( vi ) vcc ( ਸਵਰ + ਵਿਅੰਜਨ + ਵਿਅੰਜਨ ) : ਅੱਖ , ਅੱਗ , ਇੱਟ ( vii ) ccv ( ਵਿਅੰਜਨ + ਵਿਅੰਜਨ + ਸਵਰ ) : ਪ੍ਰਭੂ , ਸ੍ਵੈ , ਸਵਰ ਆਦਿ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

hello


Rajwinder Singh, ( 2015/06/27 12:00AM)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.