ਲਾਗ–ਇਨ/ਨਵਾਂ ਖਾਤਾ |
+
-
 
ਉਚੇ ਤੇ ਨੀਵੇਂ ਸਵਰ

ਉਚੇ ਤੇ ਨੀਵੇਂ ਸਵਰ: ਇਨ੍ਹਾਂ ਸੰਕਲਪਾਂ ਦੀ ਵਰਤੋਂ ਧੁਨੀ ਵਿਗਿਆਨ ਅਤੇ ਧੁਨੀ-ਵਿਉਂਤ ਵਿਚ ਕੀਤੀ ਹੈ। ਸਵਰ ਧੁਨੀਆਂ ਦੇ ਉਚਾਰਨ ਵੇਲੇ ਉਚਾਰਨ ਸਥਾਨ ਅਤੇ ਉਚਾਰਕ ਇਕ ਖ਼ਾਸ ਦੂਰੀ ’ਤੇ ਰਹਿੰਦੇ ਹਨ ਅਤੇ ਬਿਨਾਂ ਕਿਸੇ ਸਪਰਸ਼ ਦੇ ਇਨ੍ਹਾਂ ਦਾ ਉਚਾਰਨ ਹੁੰਦਾ ਹੈ। ਇਨ੍ਹਾਂ ਧੁਨੀਆਂ ਦੀ ਵਰਗ-ਵੰਡ ਤਿੰਨ ਅਧਾਰਾਂ ’ਤੇ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚੋਂ ਇਕ ਅਧਾਰ ਜੀਭ ਦੀ ਉਚਾਈ ਜਾਂ ਨਿਵਾਣ ਦੀ ਸਥਿਤੀ ਹੈ। ਜੀਭ ਦੀ ਉਚਾਈ ਜਾਂ ਨਿਵਾਣ ਦੇ ਅਧਾਰ ’ਤੇ ਉਚਾਰਨ ਦੀਆਂ ਚਾਰ ਸਥਿਤੀਆਂ ਸਥਾਪਤ ਕੀਤੀਆਂ ਜਾਂਦੀਆਂ ਹਨ ਜਿਵੇਂ : ਨੀਵੀਂ, ਉਚੀ, ਅੱਧ ਨੀਵੀਂ ਅਤੇ ਅੱਧ ਉਚੀ। ਜਦੋਂ ਜੀਭ ਸਧਾਰਨ ਅਵਸਥਾ ਵਿਚ ਹੁੰਦੀ ਹੈ ਉਦੋਂ ਇਹ ਦੰਦਾਂ ਦੇ ਪਿਛਲੇ ਪਾਸੇ ਟਿਕੀ ਰਹਿੰਦੀ ਹੈ। ਇਸ ਅਵਸਥਾ ਵਿਚ ਪੈਦਾ ਹੋਣ ਵਾਲੇ ਸਵਰਾਂ ਨੂੰ ਨੀਵੇਂ ਸਵਰ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਐ, ਆ ਤੇ ਔ) ਨੀਵੇਂ ਸਵਰ ਹਨ। ਜਦੋਂ ਜੀਭ ਤਾਲੂ ਵੱਲ ਉਪਰ ਨੂੰ ਪੂਰੀ ਉਠੀ ਹੋਈ ਹੁੰਦੀ ਹੈ ਤਾਂ ਇਸ ਅਵਸਥਾ ਵਿਚ ਪੈਦਾ ਹੋਣ ਵਾਲੇ ਸਵਰਾਂ ਨੂੰ ਉਚੇ ਸਵਰ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਈ ਤੇ ਊ) ਉਚੇ ਸਵਰ ਹਨ। ਇਨ੍ਹਾਂ ਦੋਹਾਂ ਅਵਸਥਾਵਾਂ ਤੋਂ ਬਿਨਾਂ ਦੋ ਹੋਰ ਸਥਿਤੀਆਂ ਵਿਚ ਜੀਭ ਨੂੰ ਵੰਡਿਆ ਜਾ ਸਕਦਾ ਹੈ ਜਦੋਂ ਜੀਭ ਨੀਵੀਂ ਨਾਲੋਂ ਕੁੱਝ ਉਚੀ ਹੁੰਦੀ ਹੈ ਤਾਂ ਉਸ ਸਥਿਤੀ ਵਿਚੋਂ ਪੈਦਾ ਹੋਏ ਸਵਰਾਂ ਨੂੰ ਅੱਧ ਨੀਵੇਂ ਸਵਰ ਕਿਹਾ ਜਾਂਦਾ ਹੈ। (ਏ, ਅ ਤੇ ਓ) ਅੱਧ ਨੀਵੇਂ ਸਵਰ ਹਨ। ਜਦੋਂ ਜੀਭ ਉਚੀ ਨਾਲੋਂ ਕੁੱਝ ਨੀਵੀਂ ਹੁੰਦੀ ਹੈ ਤਾਂ ਉਸ ਅਵਸਥਾ ਵਿਚੋਂ ਪੈਦਾ ਹੋਣ ਵਾਲੇ ਸਵਰਾਂ ਨੂੰ ਅੱਧ ਉਚੇ ਸਵਰ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਇ, ਤੇ ਉ) ਅੱਧ ਉਚੇ ਸਵਰ ਹਨ।

ਲੇਖਕ : ਬਲਦੇਵ ਸਿੰਘ ਚੀਮਾ,     ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 804,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/21/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ