ਲਾਗ–ਇਨ/ਨਵਾਂ ਖਾਤਾ |
+
-
 
ਉਜਲ ਸਿੰਘ, ਸਰਦਾਰ ਬਹਾਦਰ

ਜਲ ਸਿੰਘ, ਸਰਦਾਰ ਬਹਾਦਰ (1895-1983 ਈ.): ਵੀਹਵੀਂ ਸਦੀ ਦੀ ਇਕ ਪ੍ਰਮੁਖ ਸਿੱਖ ਸ਼ਖ਼ਸੀਅਤ ਜਿਸ ਨੇ ਸਿੱਖ ਸਮਾਜ ਅਤੇ ਪੰਜਾਬ ਦੀ ਉਨਤੀ ਲਈ ਕਈ ਸ਼ਲਾਘਾਯੋਗ ਉਦਮ ਕੀਤੇ। ਆਪ ਦਾ ਪਰਿਵਾਰਿਕ ਪਿਛੋਕੜ ਭਾਈ ਸੰਗਤ ਸਿੰਘ ਨਾਲ ਜਾ ਜੁੜਦਾ ਹੈ ਜਿਸ ਨੇ ਸੰਨ 1705 ਈ. ਵਿਚ ਚਮਕੌਰ ਸਾਹਿਬ ਦੇ ਯੁੱਧ ਵੇਲੇ ਸ਼ਹੀਦੀ ਪ੍ਰਾਪਤ ਕੀਤੀ ਸੀ। ਆਪ ਦਾ ਜਨਮ ਸ. ਸੁਜਾਨ ਸਿੰਘ ਦੇ ਘਰ ਬੀਬੀ ਲਕਸ਼ਮੀ ਦੇਵੀ ਦੀ ਕੁੱਖੋਂ ਪਿੰਡ ਹਡਾਲੀ , ਜ਼ਿਲ੍ਹਾ ਸ਼ਾਹਪੁਰ ਸਰਗੋਧਾ (ਪੱਛਮੀ ਪੰਜਾਬ) ਵਿਚ 27 ਦਸੰਬਰ 1895 ਨੂੰ ਹੋਇਆ। ਮੁੱਢਲੀ ਤਾਲੀਮ ਪਿੰਡ ਦੀ ਧਰਮਸ਼ਾਲਾ ਅਤੇ ਮਦਰਸੇ ਵਿਚ ਪ੍ਰਾਪਤ ਕਰਕੇ ਫਿਰ ਅੰਮ੍ਰਿਤਸਰ ਦੇ ਖ਼ਾਲਸਾ ਕਾਲਜੀਏਟ ਸਕੂਲ ਵਿਚ ਦਾਖ਼ਲਾ ਲਿਆ। ਤਦ ਉਪਰੰਤ ਗੌਰਮਿੰਟ ਕਾਲਜ ਲਾਹੌਰ ਵਿਚ ਦਾਖ਼ਲ ਹੋ ਕੇ ਸੰਨ 1916 ਈ. ਵਿਚ ਐਮ.ਏ. (ਇਤਿਹਾਸ) ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਵਿਚ ਅਤਿ ਅਧਿਕ ਰੁਚੀ ਲੈਣ ਤੋਂ ਇਲਾਵਾ ਆਪ ਖੇਡਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ ਅਤੇ ਕਾਲਜ ਦੀ ਹਾਕੀ ਦੀ ਟੀਮ ਦੇ ਮੈਂਬਰ ਰਹੇ ਸਨ। ਆਪ ਦਾ ਵਿਆਹ ਭਾਈ ਵੀਰ ਸਿੰਘ ਦੀ ਦੋਹਤੀ ਅਤੇ ਸ. ਸੁੰਦਰ ਸਿੰਘ ਧੂਪੀਆ ਦੀ ਪੁੱਤਰੀ ਬੀਬੀ ਸੰਤਸੇਵ ਕੌਰ ਨਾਲ ਹੋਇਆ।

            ਲਾਹੌਰ ਵਿਚ ਪੜ੍ਹਾਈ ਖ਼ਤਮ ਕਰਨ ਉਪਰੰਤ ਆਪ ਆਪਣੇ ਪਿੰਡ ਪਰਤ ਗਏ ਅਤੇ ਆਪਣੀਆਂ ਜ਼ਮੀਨਾਂ ਅਤੇ ਬਾਗ਼ਾਂ ਦੇ ਵਿਕਾਸ ਵਿਚ ਰੁਚੀ ਲੈਣ ਲੱਗੇ। ਸੰਨ 1918 ਈ. ਦੇ ਨੇੜੇ ਤੇੜੇ ਆਪ ਦੇ ਪਿਤਾ ਅਤੇ ਵੱਡਾ ਭਰਾ ਸ. ਸੋਭਾ ਸਿੰਘ ਦਿੱਲੀ ਚਲੇ ਗਏ ਅਤੇ ਉਥੇ ਬਣ ਰਹੀ ਨਵੀਂ ਦਿੱਲੀ ਦੀ ਉਸਾਰੀ ਦੇ ਠੇਕਿਆਂ ਵਿਚ ਰੁਝ ਗਏ। ਸ. ਉਜਲ ਸਿੰਘ ਨੇ ਪਿਛੇ ਰਹਿ ਕੇ ਖੇਤੀ ਸੰਬੰਧੀ ਆਪਣਾ ਸਾਰਾ ਕੰਮ-ਕਾਰ ਸੰਭਾਲਿਆ ਅਤੇ ਮੁਲਤਾਨ ਜ਼ਿਲ੍ਹੇ ਵਿਚਲੀ ਕਲਰੀ ਭੂਮੀ ਨੂੰ ਖੇਤਾਂ ਵਿਚ ਬਦਲ ਦਿੱਤਾ। ਆਪ ਨੇ ਸੰਨ 1924 ਈ. ਤੋਂ ਹੀ ਮਸ਼ੀਨਾਂ ਦੀ ਮਦਦ ਨਾਲ ਖੇਤੀ ਕਰਕੇ ਬੜੇ ਪ੍ਰਗਤੀਸ਼ੀਲ ਕਦਮ ਚੁਕੇ। ਆਪ ਇੰਡੀਅਨ ਸੈਂਟ੍ਰਲ ਕਾਟਨ ਕਮੇਟੀ ਦੇ ਤਿੰਨ ਵਾਰ ਮੈਂਬਰ ਰਹੇ ਅਤੇ ਸੰਨ 1945 ਈ. ਵਿਚ ਯੂ.ਐਨ.ਓ. ਦੁਆਰਾ ਆਯੋਜਿਤ ਕੈਨੇਡਾ ਵਿਚ ਹੋਈ ‘ਕਾਨਫ੍ਰੰਸ ਆਨ ਫੂਡ ਐਂਡ ਐਗ੍ਰੀਕਲਚਰ’ ਵਿਚ ਹਿੰਦ ਸਰਕਾਰ ਦੇ ਪ੍ਰਤਿਨਿਧ ਵਜੋਂ ਸ਼ਾਮਲ ਹੋਏ।

            ਆਪ ਨੇ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਦ ਸਿੱਖਾਂ ਦੇ ਸਮਾਜਿਕ , ਧਾਰਮਿਕ, ਸਭਿਆਚਾਰਿਕ ਅਤੇ ਵਿਦਿਅਕ ਮਾਮਲਿਆਂ ਵਿਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ। ਸੰਨ 1919 ਈ. ਵਿਚ ਆਪ ਚੀਫ਼ ਖ਼ਾਲਸਾ ਦੀਵਾਨ , ਅੰਮ੍ਰਿਤਸਰ ਨਾਲ ਜੁੜ ਗਏ ਅਤੇ ਬੜੇ ਲਿੰਮੇ ਸਮੇਂ ਤਕ ਉਸ ਦੀ ਕਾਰਜ-ਸਾਧਕ ਕਮੇਟੀ ਦੇ ਮੈਂਬਰ ਬਣੇ ਰਹੇ। ਲਗਭਗ 30 ਵਰ੍ਹੇ ਇਹ ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਰਹੇ ਅਤੇ ਗਵਰਨਿੰਗ ਕੌਂਸਲ ਦੇ ਪੰਜ ਸਾਲ ਪ੍ਰਧਾਨ ਵੀ ਰਹੇ। ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ , ਚੰਡੀਗੜ੍ਹ ਅਤੇ ਗੁਰੂ ਨਾਨਕ ਫਾਊਂਡੇਸ਼ਨ , ਨਵੀਂ ਦਿੱਲੀ ਦੀ ਸਥਾਪਨਾ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ , ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਸਥਾਪਿਤ ਕਰਨ ਵਿਚ ਵੀ ਭਰਪੂਰ ਰੁਚੀ ਲਈ। ਸੰਨ 1972 ਈ. ਵਿਚ ਨਵੀਂ ਦਿੱਲੀ ਵਿਚ ਭਾਈ ਵੀਰ ਸਿੰਘ ਸਦਨ ਦੀ ਸਥਾਪਨਾ ਪਿਛੇ ਵੀ ਆਪ ਦੀ ਸੂਝ ਕੰਮ ਕਰ ਰਹੀ ਸੀ। ਇਸੇ ਤਰ੍ਹਾਂ ਹੋਰ ਵੀ ਅਨੇਕ ਵਿਦਿਅਕ ਸੰਸਥਾਵਾਂ ਨਾਲ ਸੰਬੰਧਿਤ ਰਹੇ। ਸਿੱਖ ਐਜੂਕੇਸ਼ਨਲ ਕਾਨਫ੍ਰੰਸ ਦੀ ਵੀ ਦੋ ਵਾਰ ਪ੍ਰਧਾਨਗੀ ਕੀਤੀ। ਆਪ ਦੇ ਉਦਮ ਨਾਲ ਸੰਨ 1969 ਈ. ਵਿਚ ਮਦਰਾਸ ਵਿਚ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਸਥਾਪਨਾ ਹੋਈ।

            ਸੰਨ 1926 ਵਿਚ ਸਿੱਖ ਸ਼ਹਿਰੀ ਹਲਕੇ ਤੋਂ ਆਪ ਬਿਨਾ ਮੁਕਾਬਲੇ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਚੁਣੇ ਗਏ, ਪਰ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਕੈਦ ਕੀਤੇ ਗਏ ਅਕਾਲੀਆਂ ਨੂੰ ਨ ਛਡਣ ਕਾਰਣ ਆਪ ਨੇ ਤਿਆਗ ਪੱਤਰ ਦੇ ਦਿੱਤਾ। ਆਪ ਫਿਰ ਬਿਨਾ ਮੁਕਾਬਲੇ ਮੈਂਬਰ ਚੁਣੇ ਗਏ ਅਤੇ 1956 ਤਕ ਲਗਾਤਾਰ ਚਲਦੇ ਰਹੇ। ਸੰਨ 1937 ਤੋਂ 1942 ਈ. ਤਕ ਆਪ ਯੂਨੀਅਨਿਸਟ ਮੰਤਰੀ ਮੰਡਲ ਵਿਚ ਪਾਰਲੀਮਾਨੀ ਸਕੱਤਰ (ਗ੍ਰਿਹ) ਵੀ ਰਹੇ ਅਤੇ ਦੇਸ਼ ਵੰਡ ਤੋਂ ਬਾਦ ਦੋ ਵਾਰ ਮੰਤਰੀ ਵੀ ਬਣੇ। ਸੰਨ 1930 ਈ. ਵਿਚ ਹੋਈ ਪਹਿਲੀ ਅਤੇ ਸੰਨ 1931 ਵਿਚ ਹੋਈ ਦੂਜੀ ਗੋਲ ਮੇਜ਼ ਕਾਨਫ੍ਰੰਸਾਂ ਵਿਚ ਸਿੱਖਾਂ ਦੇ ਪ੍ਰਤਿਨਿਧੀ ਵਜੋਂ ਸ਼ਾਮਲ ਹੋਏ। ਸੰਨ 1932 ਈ. ਪੰਜਾਬ ਸਿੱਖ ਪੋਲੀਟੀਕਲ ਕਾਨਫ੍ਰੰਸ, ਸੰਨ 1933 ਈ. ਵਿਚ ਸਿੱਖ ਯੂਥਸ ਕਾਨਫ੍ਰੰਸ ਅਤੇ ਸੰਨ 1942 ਈ. ਵਿਚ ਆਲ ਇੰਡੀਆ ਸਿੱਖ ਯੂਥ ਲੀਗ ਕਾਨਫ੍ਰੰਸ ਦੀ ਪ੍ਰਧਾਨਗੀ ਕਰਦੇ ਹੋਇਆਂ ਸਿੱਖਾਂ ਦੀਆਂ ਮਹੱਤਵ ਅਕਾਂਖਿਆਵਾਂ ਅਤੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਸੰਨ 1942 ਈ. ਵਿਚ ਉਸ ਡੈਪੂਟੇਸ਼ਨ ਵਿਚ ਸ਼ਾਮਲ ਹੋਏ ਜੋ ਸਿੱਖਾਂ ਦੇ ਹੱਕਾਂ ਦੀ ਰਾਖੀ ਲਈ ਸਰ ਸਟੈਫਰਡ ਕ੍ਰਿਪਸ ਨੂੰ ਨਵੀਂ ਦਿੱਲੀ ਮਿਲਣ ਲਈ ਭੇਜਿਆ ਗਿਆ। ਸੰਨ 1947 ਈ. ਦੇ ਦੰਗਿਆਂ ਵੇਲੇ ਪੱਛਮੀ ਪੰਜਾਬ ਤੋਂ ਹਿੰਦੂਆਂ ਅਤੇ ਸਿੱਖਾਂ ਨੂੰ ਸੁਰਖਿਅਤ ਕਢ ਲਿਆਉਣ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਈ। ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਸ਼ੁਰੂ ਤੋਂ ਜੁੜ ਰਹੇ। ਕਾਂਗ੍ਰਸੀ ਨ ਹੁੰਦੇ ਹੋਏ ਵੀ ਉਸ ਪਾਰਟੀ ਵਲੋਂ ਚਲਾਈਆਂ ਮੁਹਿੰਮਾਂ ਨੂੰ ਹਮਾਇਤ ਦਿੱਤੀ।

            ਸੰਨ 1935 ਈ. ਵਿਚ ਅੰਗ੍ਰੇਜ਼ ਸਰਕਾਰ ਵਲੋਂ ਆਪ ਨੂੰ ‘ਸਰਦਾਰ ਬਹਾਦਰ’ ਦਾ ਖ਼ਿਤਾਬ ਦਿੱਤਾ ਗਿਆ, ਜਿਸ ਨੂੰ ਦੇਸ਼ ਦੀ ਆਜ਼ਾਦੀ ਵਾਸਤੇ ਲੜਨ ਵਾਲੇ ਵਿਅਕਤੀ ਲਈ ਅਨੁਚਿਤ ਸਮਝ ਕੇ ਤਿਆਗ ਦਿੱਤਾ। ਸਤੰਬਰ, 1965 ਈ. ਵਿਚ ਆਪ ਨੂੰ ਪੰਜਾਬ ਦਾ ਗਵਰਨਰ ਬਣਾਇਆ ਗਿਆ ਅਤੇ ਫਿਰ 28 ਜੂਨ 1966 ਤੋਂ 25 ਮਈ 1971 ਤਕ ਆਪ ਮਦਰਾਸ ਵਿਚ ਗਵਰਨਰ ਦੇ ਔਹਦੇ ਉਤੇ ਸੁਸ਼ੋਭਿਤ ਰਹੇ। ਅਨੇਕ ਸੰਨਤੀ ਅਤੇ ਵਪਾਰਕ ਸੰਸਥਾਵਾਂ ਨਾਲ ਬੜੇ ਲੰਬੇ ਸਮੇਂ ਤਕ ਸੰਬੰਧਿਤ ਰਹਿ ਕੇ ਆਪਣਾ ਯੋਗਦਾਨ ਦਿੱਤਾ।

            ਸੰਨ 1947 ਈ. ਵਿਚ ਆਪ ਨੇ ਹਜ਼ਾਰਾਂ ਏਕੜ ਉਪਜਾਊ ਭੂਮੀ, ਫੈਕਟਰੀਆਂ ਅਤੇ ਸ਼ਹਿਰੀ ਜਾਇਦਾਦ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਕੇ ਨਵੀਂ ਦਿੱਲੀ ਵਿਚ ਟਿਕਾਉ ਕੀਤਾ ਅਤੇ 12 ਕਰਜ਼ਨ ਰੋਡ ਨੂੰ ਆਪਣਾ ਸਥਾਈ ਨਿਵਾਸ ਬਣਾਇਆ। ਉਥੇ ਹੀ 15 ਫਰਵਰੀ 1983 ਨੂੰ ਆਪਣੇ ਪ੍ਰਾਣ ਤਿਆਗੇ। ਸਿੱਖ ਕੌਮ ਅਤੇ ਪੰਜਾਬ ਦੇ ਹਿੱਤਾਂ ਨੂੰ ਸੁਚੱਜੇ ਢੰਗ ਨਾਲ ਪ੍ਰਸਤੁਤ ਕਰਨ ਵਾਲੇ ਆਪ ਇਕ ਬੇਗ਼ਰਜ਼ ਲੀਡਰ ਸਨ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1077,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/7/2015 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ