ਲਾਗ–ਇਨ/ਨਵਾਂ ਖਾਤਾ |
+
-
 
ਉਤਪਾਦਨ (production)

ਉਤਪਾਦਨ (production): ਸਮਾਜ ਦੀ ਸਥਾਪਿਤੀ/ਹੋਂਦ ਕਾਇਮ ਰੱਖਣ ਲਈ ਨਿਰਮਾਣਕਾਰੀ ਪੜਾਅ ਵਿੱਚ ਸ਼ਾਮਲ ਪ੍ਰਕਿਰਿਆਵਾਂ ਦਾ ਜੋੜ। ਜ਼ਮੀਨ ਵਿੱਚੋਂ ਕੱਚਾ ਮਾਲ ਬਾਹਰ ਕੱਢਣਾ ਅਤੇ ਉਸ ਉੱਤੇ ਕਿਰਤ, ਸਰਮਾਏ ਅਤੇ ਪ੍ਰਬੰਧ ਦੀ ਵਰਤੋਂ ਕਰਕੇ ਉਤਪਾਦਨ ਮਾਲ ਜਾਂ ਖਪਤ ਮਾਲ ਦੇ ਰੂਪ ਵਿੱਚ ਮਨੁੱਖੀ ਵਰਤੋਂ ਲਈ ਤਿਆਰ ਕਰਨਾ ਅਤੇ ਢੋਆ ਢੁਆਈ ਰਾਹੀਂ ਵਰਤੋਂ ਦੀ ਥਾਂ ਉੱਤੇ ਪਹੁੰਚਾਉਣਾ। ਵਪਾਰਿਕ ਕਿਰਿਆਵਾਂ ਵੀ ਉਤਪਾਦਨ ਦਾ ਭਾਗ ਹੁੰਦੀਆਂ ਹਨ। ਇਸ ਸ਼ਬਦ ਵਿੱਚ ਆਰਥਿਕ ਸੇਵਾਵਾਂ ਵੀ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਉਤਪਾਦਨ ਦੀਆਂ ਤਾਕਤਾਂ (forces of production) ਕਾਰਲ ਮਾਰਕਸ ਦਾ ਸੰਕਲਪ, ਆਰਥਿਕ ਵਸਤਾਂ ਪੈਦਾ ਕਰਨ ਲਈ ਵਰਤਿਆ ਗਿਆ ਕੱਚਾ ਮਾਲ, ਸੰਦ, ਮਸ਼ੀਨਰੀ ਅਤੇ ਤਕਨੀਕਾਂ। ਉਤਪਾਦਨ ਵਿਧੀ (mode of production) ਮਾਰਕਸ ਦੇ ਸਿਧਾਂਤ ਦੇ ਇਸ ਸੰਕਲਪ ਨੇ ਵਿਕਾਸ, ਵਿਚਾਰਧਾਰਾ ਅਤੇ ਰਾਜਨੀਤੀ ਦੇ ਖੇਤਰਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਉਦਪਾਦਨ ਵਿਧੀ ਵਿੱਚ ਉਤਪਾਦਨ ਦੇ ਸੰਬੰਧਾਂ ਅਤੇ ਉਤਪਾਦਨ ਦੀਆਂ ਤਾਕਤਾਂ ਸ਼ਾਮਲ ਹੁੰਦੀਆਂ ਹਨ। ਇਹਨਾਂ ਦੋਹਾਂ ਨੂੰ ਸਮਝ ਕੇ ਕਿਸੇ ਉਤਪਾਦਨ ਵਿਧੀ ਨੂੰ ਸਮਝਿਆ ਜਾ ਸਕਦਾ ਹੈ। ਮਿਸਾਲ ਦੇ ਤੌਰ ਉੱਤੇ ਜਗੀਰਦਾਰੀ ਉਤਪਾਦਨ ਵਿਧੀ ਵਿੱਚ ਜਗੀਰਦਾਰ ਕੋਲ ਕਿਸਾਨ ਦੀਆਂ ਉਤਪਾਦਨ ਸ਼ਕਤੀਆਂ, ਸੰਦਾਂ ਅਤੇ ਜ਼ਮੀਨ ਉਪਰ ਕੋਈ ਕੰਟ੍ਰੋਲ ਨਹੀਂ ਹੁੰਦਾ ਹੈ, ਪਰ ਕਿਸਾਨੀ ਉਤਪਾਦਨ ਉੱਪਰ ਕੰਟ੍ਰੋਲ ਜ਼ਰੂਰ ਹੁੰਦਾ ਹੈ। ਪਰ ਸਰਮਾਏਦਾਰੀ ਉਤਪਾਦਨ ਪ੍ਰਨਾਲੀ ਵਿੱਚ ਸਰਮਾਏਦਾਰ ਦਾ ਉਤਪਾਦਨ ਸ਼ਕਤੀ ਦੀ ਤਾਕਤ ਅਤੇ ਉਤਪਾਦਨ, ਦੋਹਾਂ ਉੱਤੇ ਕੰਟ੍ਰੋਲ ਹੁੰਦਾ ਹੈ। ਜਗੀਰਦਾਰੀ ਪ੍ਰਨਾਲੀ ਵਿੱਚ ਕਿਸਾਨਾ ਦੇ ਜ਼ਮੀਨ ਉਪਰ ਵੀ ਹੱਕ ਹੁੰਦੇ ਹਨ ਅਤੇ ਸੰਦਾਂ ਅਤੇ ਆਪਣੀ ਕਿਰਤ ਉੱਪਰ ਵੀ। ਉਤਪਾਦਨ ਦੇ ਸਾਧਨਾਂ ਵਿੱਚ ਸੰਦ ਅਤੇ ਮਸ਼ੀਨਰੀ ਸ਼ਾਮਲ ਹੁੰਦੀ ਹੈ, ਜਿਸ ਨਾਲ ਕੱਚੇ ਮਾਲ ਨੂੰ ਵਰਤਣ ਯੋਗ ਜਿਣਸ ਵਿੱਚ ਬਦਲਿਆ ਜਾਂਦਾ ਹੈ।

      ਸਰਮਾਏਦਾਰੀ ਉਤਪਾਦਨ ਵਿਧੀ ਵਿੱਚ ਉਤਪਾਨ ਦੀਆਂ ਸ਼ਕਤੀਆਂ ਵਿੱਚ ਵਿਕਸਿਤ ਤਕਨੀਕੀ ਵਿਗਿਆਨ ਰਾਹੀਂ ਪ੍ਰਾਥਮਿਕ ਤੌਰ ਉੱਤੇ ਉਦਯੋਗਿਕ ਉਤਪਾਦਨ ਹੁੰਦਾ ਹੈ ਅਤੇ ਇਸ ਲਈ ਖਣਿਜ, ਅਤੇ ਨਿਊਕਲੀਅਰ ਸਾਧਨਾਂ ਤੋਂ ਪ੍ਰਾਪਤ ਬਹੁਤ ਸਾਰੀ ਊਰਜਾ ਵਰਤੀ ਜਾਂਦੀ ਹੈ। ਉਤਪਾਦਨ ਦੇ ਸੰਬੰਧਾਂ ਵਿੱਚ ਉਤਪਾਦਨ ਦੇ ਸਾਧਨਾਂ ਦੀ ਮਾਲਕੀ, ਸਰਮਾਏਦਾਰੀ ਵਰਗ ਪਾਸ ਵੱਡੇ ਪੈਮਾਨੇ ਉੱਤੇ ਉਤਪਾਦਨ ਪ੍ਰਬੰਧਕੀ ਅਮਲਾ ਅਤੇ ਕਾਫ਼ੀ ਵੱਡਾ ਕਿਰਤੀ ਵਰਗ ਹੁੰਦਾ ਹੈ, ਜੋ ਮਜ਼ਦੂਰੀ ਬਦਲੇ ਉਤਪਾਦਨ ਦੇ ਸਾਧਨਾਂ ਦੀ ਵਰਤੋਂ ਕਰਦਾ ਹੈ।

      ਉਤਪਾਦਨ ਵਿਧੀ ਸਮਾਜਿਕ ਸੰਸਥਾਵਾਂ ਅਤੇ ਸਮਾਜਿਕ ਜੀਵਨ ਦੇ ਹੋਰ ਮਹੱਤਵਪੂਰਨ ਪੱਖਾਂ ਨੂੰ ਰੂਪਮਾਨ ਕਰਦੀ ਹੈ। ਮਾਲ ਦੀ ਇੱਕਤਰਦਾਰੀ ਉੱਤੇ ਅੱਤ ਦਾ ਸੱਭਿਆਚਾਰਿਕ ਜ਼ੋਰ ਸਰਮਾਏਦਾਰੀ ਨਿਜ਼ਾਮ ਦਾ ਇੱਕ ਲੱਛਣ ਹੈ, ਕਿਉਂਕਿ ਇਹ ਇਸ ਉਤਪਾਦਨ ਵਿਧੀ ਵਿੱਚ ਮੁਨਾਫ਼ੇ ਬਣਾਈ ਰੱਖਣ ਲਈ ਜ਼ਰੂਰੀ ਹੁੰਦਾ ਹੈ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 658,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ