ਲਾਗ–ਇਨ/ਨਵਾਂ ਖਾਤਾ |
+
-
 
ਉਤਰ ਪ੍ਰਦੇਸ਼ ਸਿੱਖ ਪ੍ਰਤਿਨਿਧ ਬੋਰਡ

ਤਰ ਪ੍ਰਦੇਸ਼ ਸਿੱਖ ਪ੍ਰਤਿਨਿਧ ਬੋਰਡ: ਉਤਰ ਪ੍ਰਦੇਸ਼ ਦੀ ਸਰਕਾਰ ਨੇ ਆਜ਼ਾਦੀ ਮਿਲਣ ਤੋਂ ਲਗਭਗ ਇਕ ਸਾਲ ਪਹਿਲਾਂ ਸਿੱਖਾਂ ਦੇ ਕ੍ਰਿਪਾਨ ਰਖਣ ਉਤੇ ਪਾਬੰਦੀ ਲਗਾ ਦਿੱਤੀ ਸੀ। ਉਸ ਪਾਬੰਦੀ ਦਾ ਵਿਰੋਧ ਕਰਨ ਲਈ ਜਨਵਰੀ 1947 ਈ. ਵਿਚ ਸੂਬੇ ਦੀਆਂ ਸਾਰੀਆਂ ਸਿੰਘ ਸਭਾਵਾਂ ਦਾ ਇਕ ਇਕੱਠ ਲਖਨਊ ਵਿਚ ਹੋਇਆ ਜਿਸ ਦੇ ਫਲਸਰੂਪ 19 ਜੁਲਾਈ 1947 ਨੂੰ ਇਹ ਬੋਰਡ ਹੋਂਦ ਵਿਚ ਆਇਆ। ਇਸ ਦੇ ਪਹਿਲੇ ਪ੍ਰਧਾਨ ਭਾਈ ਅਮਰ ਸਿੰਘ ਖ਼ਾਲਸਾ ਸਨ ਅਤੇ ਸਕੱਤਰ ਦੀ ਜ਼ਿੰਮੇਵਾਰੀ ਸ. ਅਜਮੇਰ ਸਿੰਘ ਨੇ ਨਿਭਾਈ ਸੀ। ਇਸ ਬੋਰਡ ਦੇ ਮੁੱਖ ਮੁੱਦਿਆਂ ਵਿਚ ਸਿੱਖਾਂ ਦੇ ਹੱਕਾਂ ਦੀ ਰਖਿਆ, ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ , ਪੰਜਾਬੀ ਭਾਸ਼ਾ , ਸਾਹਿਤ ਅਤੇ ਸਭਿਆਚਾਰ ਦਾ ਵਿਸਤਾਰ ਆਦਿ ਸ਼ਾਮਲ ਸਨ। ਉਦੋਂ ਇਸ ਵਿਚ ਲਗਭਗ ਇਕ ਸੌ ਸਿੰਘ ਸਭਾਵਾਂ ਅਤੇ ਸਿੱਖ ਸੰਸਥਾਵਾਂ ਸ਼ਾਮਲ ਹੋਈਆਂ ਸਨ। ਬਾਦ ਵਿਚ ਸਿੱਖ ਧਰਮ ਦੇ ਪ੍ਰਚਾਰ ਨਾਲ ਸੰਬੰਧਿਤ ਹੋਰ ਵੀ ਕਈ ਸਭਾਵਾਂ/ ਸੋਸਾਇਟੀਆਂ ਸ਼ਾਮਲ ਹੁੰਦੀਆਂ ਗਈਆਂ। ਇਸ ਬੋਰਡ ਦਾ ਮੁੱਖ ਦਫ਼ਤਰ ਗੁਰਦੁਆਰਾ ਰੋਡ ਲਖਨਊ ਵਿਚ ਸਥਿਤ ਹੈ। ਨੌਜਵਾਨਾਂ ਵਿਚ ਸਿੱਖ ਧਰਮ ਦੇ ਪ੍ਰਚਾਰ ਲਈ ਅਕਸਰ ਕੈਂਪ ਲਗਾਏ ਜਾਂਦੇ ਹਨ ਅਤੇ ਵੱਡੇ ਪੱਧਰ ਤੇ ਕਾਨਫ੍ਰੰਸਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਸੰਨ 1948 ਈ. ਤੋਂ ਇਸ ਦੇ ਮੁੱਖ ਦਫ਼ਤਰ ਤੋਂ ਯੂ.ਪੀ. ਸਿੱਖ ਗ਼ਜ਼ਟ ਨਾਂ ਦਾ ਸਪਤਾਹਿਕ ਪੱਤਰ ਕੱਢਿਆ ਜਾ ਰਿਹਾ ਹੈ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 691,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/7/2015 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ