ਲਾਗ–ਇਨ/ਨਵਾਂ ਖਾਤਾ |
+
-
 
ਉਥਾਨਕਾ/ਉਥਾਨਿਕਾ

ਥਾਨਕਾ/ਉਥਾਨਿਕਾ: ਸੰਸਕ੍ਰਿਤ ਮੂਲ (ਉਤੑਥਾਨਿਕਾ) ਦੇ ਇਸ ਸ਼ਬਦ ਦਾ ਅਰਥ ਹੈ ਭੂਮਿਕਾ , ਪਿਠਭੂਮੀ, ਪ੍ਰਸਤਾਵਨਾ। ਜਨਮਸਾਖੀ ਸਾਹਿਤ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਉਦਾਸੀਆਂ ਦੌਰਾਨ ਜਾਂ ਧਾਰਮਿਕ ਸਭਾਵਾਂ ਵਿਚ ਉਚਾਰੇ ਗਏ ਸ਼ਬਦਾਂ ਦੀਆਂ ਉਥਾਨਿਕਾਵਾਂ ਲਿਖੀਆਂ ਮਿਲਦੀਆਂ ਹਨ। ਇਸ ਤੋਂ ਭਾਵ ਉਹ ਪਿਛੋਕੜ ਹੈ ਜਿਸ ਵਿਚ ਬਾਣੀ ਦੇ ਕਿਸੇ ਖ਼ਾਸ ਸ਼ਬਦ ਦਾ ਗੁਰੂ ਜੀ ਨੇ ਉੱਚਾਰਣ ਕੀਤਾ ਸੀ। ਜਨਮਸਾਖੀਆਂ ਦਾ ਜੇ ਧਿਆਨਪੂਰਵਕ ਅਧਿਐਨ ਕਰੀਏ ਤਾਂ ਪ੍ਰਤੀਤ ਹੁੰਦਾ ਹੈ ਕਿ ਬਹੁਤ ਸਾਰੀਆਂ ਸਾਖੀਆਂ ਸ਼ਬਦਾਂ ਦੀਆਂ ਉਥਾਨਿਕਾਵਾਂ (settings) ਵਜੋਂ ਆਯੋਜਿਤ ਕੀਤੀਆਂ ਗਈਆਂ ਹਨ ਪਰ ਉਥੇ ਸਾਰੀਆਂ ਉਥਾਨਿਕਾਵਾਂ ਜਨਮਸਾਖੀ-ਕ੍ਰਮ ਵਿਚ ਆਈਆਂ ਹਨ, ਇਸ ਲਈ ਉਨ੍ਹਾਂ ਨੂੰ ‘ਸਾਖੀਆਂ’ ਕਹਿਣਾ ਉਚਿਤ ਹੋਵੇਗਾ।

            ਅਠਾਰ੍ਹਵੀਂ ਸਦੀ ਵਿਚ ਜਨਮਸਾਖੀਆਂ ਵਾਲੀ ਸਰਣੀ ਤੋਂ ਹਟ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਸੰਬੰਧਿਤ ਕੁਝ ਕੁ ਉਥਾਨਿਕਾਵਾਂ ਉਪਲਬਧ ਹਨ, ਜਿਨ੍ਹਾਂ ਦਾ ਅਜੇ ਪ੍ਰਕਾਸ਼ਨ ਨਹੀਂ ਹੋਇਆ। ਇਨ੍ਹਾਂ ਵਿਚ ਇਕ ਭਾਸ਼ਾ ਵਿਭਾਗ ਦੀ ਲਾਇਬ੍ਰੇਰੀ ਵਿਚ, ਦੂਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਲਾਇਬ੍ਰੇਰੀ ਵਿਚ ਅਤੇ ਤੀਜੀ ਪ੍ਰੋ. ਸ.ਸ.ਨਰੂਲਾ ਪਾਸ ਲੁਧਿਆਣੇ ਵਿਚ ਸੁਰਖਿਅਤ ਹੈ।

            ਭਾਈ ਮਨੀ ਸਿੰਘ ਤੋਂ ਬਾਦ ਗੁਰੂ-ਧਾਮਾਂ ਉਪਰ ਕਥਾ-ਵਾਰਤਾ ਦੀ ਜੋ ਪਰੰਪਰਾ ਚਲੀ , ਉਸ ਵਿਚ ਗੁਰਬਾਣੀ ਦੇ ਕਿਸੇ ਨ ਕਿਸੇ ਸ਼ਬਦ ਦੀ ਕਥਾ ਕਰਨ ਵੇਲੇ ਉਸ ਨੂੰ ਅਧਿਕ ਰੋਚਕ ਬਣਾਉਣ ਲਈ ਜਾਂ ਵਿਸਤਾਰ ਦੇਣ ਲਈ ਉਥਾਨਿਕਾ ਦੀ ਕਲਪਨਾ ਕੀਤੀ ਜਾਣ ਲਗ ਗਈ। ਇਹ ਉਥਾਨਿਕਾਵਾਂ ਕਿਸੇ ਨ ਕਿਸੇ ਰੂਪ ਵਿਚ ਭਾਈ ਮਨੀ ਸਿੰਘ ਨਾਲ ਸੰਬੰਧਿਤ ਕਰ ਦਿੱਤੀਆਂ ਗਈਆਂ। ਇਨ੍ਹਾਂ ਦੀਆਂ ਆਰੰਭਿਕ ਪੰਕਤੀਆਂ ਤੋਂ ਹੀ ਇਹ ਤੱਥ ਸਪੱਸ਼ਟ ਹੋ ਜਾਂਦਾ ਹੈ :

(1)     ਸ੍ਰੀ ਗੁਰੂ ਗ੍ਰੰਥ ਜੀ ਉਥਾਨਕਾ ਸਹਿਤ ਪ੍ਰਿਯਾ ਲਿਖਯਤੇ ਦਸਮੀ ਪਾਤਸਾਹੀ ਤੇ ਭਾਈ ਮਨੀ ਸਿੰਘ ਜੀ ਪੜ੍ਹੇ...

            - (ਪੰਜਾਬ ਯੂਨੀਵਰਸਿਟੀ)

(2)    ਉਥਾਨਕਾ ਗ੍ਰੰਥ ਸਾਹਿਬ ਜੀ ਕੀ ਭਾਈ ਮਨੀ ਸਿੰਘ ਜੀ ਗੁਰੂ ਦਸਮੇਂ ਪਾਤਿਸਾਹ ਕੇ ਹਜੂਰ ਮੈ ਆਇ ਕੇ ਅਰਜ ਕਰੀ...

- (ਪ੍ਰੋ. ਸ.ਸ.ਨਰੂਲਾ)

(3)       ਸਤਿਗੁਰੂ ਪ੍ਰਸਾਦਿ ਉਥਾਨਕਾ ਗੁਰੂ ਗ੍ਰੰਥ ਸਾਹਿਬ ਕੀਆ ਜੌਨਸੀਆ ਸੰਪ੍ਰਦਾਇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਥਨ ਕਰਕੇ ਮਨੀ ਸਿੰਘ ਕੋ ਸ੍ਰਵਨ ਕਰਾਈਆ ਹੈ ...

- (ਭਾਸ਼ਾ ਵਿਭਾਗ)

            ਇਨ੍ਹਾਂ ਉਥਾਨਿਕਾਵਾਂ ਦਾ ਅਸਲ ਲੇਖਕ ਕੌਣ ਹੈ ? ਇਸ ਬਾਰੇ ਕੋਈ ਸਹੀ ਜਾਣਕਾਰੀ ਉਪਲਬਧ ਨਹੀਂ। ਇਨ੍ਹਾਂ ਰਾਹੀਂ ਉਨ੍ਹਾਂ ਪਰਿਸਥਿਤੀਆਂ ਉਤੇ ਝਾਤ ਪਾਈ ਜਾਂਦੀ ਹੈ ਜਿਨ੍ਹਾਂ ਵਿਚ ਵਿਸ਼ੇਸ਼ ਸ਼ਬਦਾਂ ਦਾ ਉੱਚਾਰਣ ਹੋਇਆ ਅਤੇ ਇਹ ਵੀ ਦਸਿਆ ਜਾਂਦਾ ਹੈ ਕਿ ਉਹ ਕਿਸ ਨੂੰ ਸੰਬੋਧਿਤ ਕੀਤੇ ਗਏ ਸਨ ਜਾਂ ਕਿਸ ਪਰਥਾਇ ਉਚਾਰੇ ਗਏ ਸਨ। ਸ਼ੈਲੀ ਦੀ ਦ੍ਰਿਸ਼ਟੀ ਤੋਂ ਇਹ ਉਥਾਨਿਕਾਵਾਂ ਬੜੀਆਂ ਸੰਖਿਪਤ, ਬ੍ਰਿੱਤਾਂਤਿਕ ਅਤੇ ਨਾਟਕੀ ਰੰਗ ਵਾਲੀਆਂ ਹਨ। ਇਨ੍ਹਾਂ ਦੀ ਭਾਸ਼ਾ ਪੰਜਾਬੀ ਹੁੰਦੇ ਹੋਇਆਂ ਵੀ ਹਿੰਦਵੀਂ ਦੀ ਰੰਗਣ ਤੋਂ ਬਚ ਨਹੀਂ ਸਕੀ। ਕਿਤੇ ਕਿਤੇ ਫ਼ਾਰਸੀ ਦੇ ਸ਼ਬਦ ਵਰਤੇ ਵੀ ਮਿਲ ਜਾਂਦੇ ਹਨ, ਪਰ ਇਨ੍ਹਾਂ ਦੇ ਪ੍ਰਯੋਗ ਪ੍ਰਤਿ ਰੁਚੀ ਬੜੀ ਘਟ ਹੈ। ਕਿਤੇ ਕਿਤੇ ਸੁੰਦਰ ਸੰਵਾਦ ਵੀ ਮਿਲ ਜਾਂਦੇ ਹਨ। ਵਾਕ ਨਿੱਕੇ ਨਿੱਕੇ ਅਤੇ ਚੁਸਤ ਚਾਲ ਵਾਲੇ ਹਨ। ਭਾਸ਼ਾ ਸ਼ੈਲੀ ਦੀ ਦ੍ਰਿਸ਼ਟੀ ਤੋਂ ਇਹ ਸਾਰੀਆਂ 18ਵੀਂ ਸਦੀ ਦੀਆਂ ਰਚਨਾਵਾਂ ਪ੍ਰਤੀਤ ਹੁੰਦੀਆਂ ਹਨ। ਨਮੂਨੇ ਵਜੋਂ ‘ਸੋ ਦਰੁ ’ ਵਾਲੀ ਪਉੜੀ ਦੀ ਉਥਾਨਿਕਾ ਇਸ ਪ੍ਰਕਾਰ ਦਿੱਤੀ ਮਿਲਦੀ ਹੈ -

             ਸੋ ਦਰੁ ਕੇਹਾ ਸੋ ਘਰੁ ਕੇਹਾ ਇਹ ਸਬਦੁ ਬੀਬੀ ਨਾਨਕੀ ਅਪਨੀ ਭੈਨ ਕੋ ਸੁਣਾਇਆ ਹੈ ਸੁਲਤਾਨਪੁਰ ਕੇ ਬੀਚ ਜਬ ਗੁਰੂ ਜੀ ਬੇਈ ਮੋ ਹੋ ਕਰ ਕੇ ਮਹਾ ਬਿਸਨੂੰ ਪਾਸ ਗਏ ਫੇਰ ਮੁੜ ਕੇ ਆਏ ਤਾਂ ਬੀਬੀ ਨੇ ਕਹਾ ਭਾਈ ਆਪ ਕਿਧਰ ਗਏ ਥੇ ਤਾਂ ਮਹਾਰਾਜ ਬੋਲੇ ਬੀਬੀ ਜੀ ਮਹਾ ਬਿਸਨੂੰ ਪਾਸ ਗਏ ਥੇ ਬੀਬੀ ਜੀ ਨੇ ਕਹਾ ਉਸ ਦਾ ਦਰੁ ਕੈਸਾ ਹੈ ਅਰੁ ਘਰ ਕੈਸਾ ਹੈ ਉਸ ਪ੍ਰਥਾਇ ਇਹ ਸਬਦੁ ਹੋਇਆ

-(ਪਤਰਾ 2, ਭਾਸ਼ਾ ਵਿਭਾਗ)

            ਇਸ ਸ਼ਬਦ ਦੀ ਉਥਾਨਿਕਾ ‘ਮਿਹਰਬਾਨ ਜਨਮਸਾਖੀ’ ਵਿਚ ਭਿੰਨ ਪ੍ਰਕਾਰ ਨਾਲ ਲਿਖੀ ਹੈ।

            ਇਕੋ ਸ਼ਬਦ ਨਾਲ ਸੰਬੰਧਿਤ ਇਹ ਦੋਵੇਂ ਉਥਾਨਿਕਾਵਾਂ ਪਰਸਪਰ ਮੇਲ ਨਹੀਂ ਖਾਂਦੀਆਂ। ਇਸ ਲਈ ਸਪੱਸ਼ਟ ਹੈ ਕਿ ਇਹ ਉਥਾਨਿਕਾਵਾਂ ਕਲਪਨਾ-ਪ੍ਰਸੂਤ ਹਨ। ਸਚ ਕੀ ਹੈ? ਇਹ ਹੁਣ ਨਿਤਾਰਾ ਕਰ ਸਕਣਾ ਸੰਭਵ ਨਹੀਂ। ਇਨ੍ਹਾਂ ਉਥਾਨਿਕਾਵਾਂ ਰਾਹੀਂ ਪੰਜਾਬੀ ਵਾਰਤਕ ਵਿਚ ਕਲਪਨਾ ਰਾਹੀਂ ਕਥਾ-ਸ੍ਰਿਸ਼ਟੀ ਅਤੇ ਸੰਦਰਭ ਅਨੁਸਾਰ ਬਾਣੀ ਦੇ ਵਿਸ਼ਲੇਸ਼ਣ ਦੀ ਰੁਚੀ ਦਾ ਵਿਕਾਸ ਹੋਇਆ ਹੈ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1177,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/7/2015 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ