ਲਾਗ–ਇਨ/ਨਵਾਂ ਖਾਤਾ |
+
-
 
ਉਦਯੋਗਵਾਦ (industrialism)

ਉਦਯੋਗਵਾਦ (industrialism): ਆਮ ਤੌਰ ਉੱਤੇ ਸਰਮਾਏਦਾਰੀ ਸਮਾਜ ਵਿੱਚ ਉਦਯੋਗਿਕ ਵਿਕਾਸ ਅਤੇ ਮਸ਼ੀਨੀਕਰਨ ਅਤੇ ਇਸ ਨਾਲ ਸੰਬੰਧਿਤ ਨਕਸ਼ਾਂ ਉੱਤੇ ਲਗ-ਪਗ ਇੱਕ ਮਾਤਰ ਧਿਆਨ, ਜਿਸ ਦੀਆਂ ਕੁਝ ਖ਼ਾਸੀਅਤਾਂ ਇਸ ਤਰ੍ਹਾਂ ਦੀਆਂ ਹਨ: ਵਿਗਿਆਨ ਦੀ ਵਰਤੋਂ, ਵੱਡੀਆਂ-ਵੱਡੀਆਂ ਮਸ਼ੀਨਾਂ ਦੁਆਰਾ ਉਚ ਮਾਤਰਾ ਵਿੱਚ ਉਤਪਾਦਨ, ਵਿਸ਼ਾਲ ਮੰਡੀਆਂ, ਵਿਸ਼ੇਸ਼ ਕਰਤ, ਕਿਰਤੀ ਵਰਗ, ਕਿਰਤ ਦੀ ਗੁੰਝਲਦਾਰ ਵੰਡ। ਕਦੀ ਕਦੀ ਇਸ ਸ਼ਬਦ ਦੀ ਵਰਤੋਂ ਉਦਯੋਗੀਕਰਨ ਦੀ ਪ੍ਰਕਿਰਿਆ ਵਿਚਲੇ ਸਮਾਜਾਂ ਵਿੱਚ ਉਦਯੋਗੀਕਰਨ ਉੁੱਤੇ ਦਿੱਤੇ ਜਾਂਦੇ ਜ਼ੋਰ ਲਈ ਵੀ ਕੀਤੀ ਜਾਂਦੀ ਹੈ, ਪਰ ਜਦ ਤੱਕ ਸਮਾਜ ਲਗ ਪਗ ਪੂਰੀ ਤਰ੍ਹਾਂ ਉਦਯੋਗੀਕਿਰਤ ਨਹੀਂ ਹੋ ਜਾਂਦਾ ਉਸ ਨੂੰ ਉਦਯੋਗਵਾਦੀ ਆਖਣਾ ਸ਼ਾਇਦ ਠੀਕ ਨਹੀਂ ਹੋਵੇਗਾ। ਇਸ ਪ੍ਰਕਿਰਿਆ ਵਿੱਚ ਕਿਰਸਾਣੀ ਖੇਤਰ ਵਿੱਚ ਅੱਤ ਦਾ ਮਸ਼ੀਨੀਕਰਨ, ਕਿਰਤ ਦੀ ਵੰਡ, ਅਤੇ ਅੱਤ ਦਾ ਉਤਪਾਦਨ ਹੁੰਦਾ ਹੈ। ਇਸ ਤੋਂ ਉਪਰੰਤ ਢੋਆ ਢੁਆਈ ਅਤੇ ਆਵਾਜਾਈ ਅਤੇ ਸੂਚਨਾ ਸੰਚਾਰ ਦਾ ਵਿਕਾਸ, ਮਨੁੱਖੀ ਜਾਂ ਪਸ਼ੂ ਊਰਜਾ ਦੀ ਥਾਂ ਸਟੀਮ, ਕੋਲੇ, ਬਿਜਲੀ, ਪਾਣੀ, ਸੂਰਜ, ਐਟਮ ਤਕਨਾਲੋਜੀ ਦੁਆਰਾ ਪ੍ਰਾਪਤ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ।

      ਇਸ ਸਭ ਕੁਝ ਦੇ ਨਾਲ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿੱਚ ਸਮਾਜਿਕ ਸੰਬੰਧਾਂ ਅਤੇ ਪ੍ਰਕਿਰਿਆਵਾਂ ਵਿੱਚ ਵੀ ਤਬਦੀਲੀਆਂ ਆਉਂਦੀਆਂ ਹਨ। ਵੱਸੋਂ ਵਿੱਚ ਵਾਧਾ, ਸ਼ਹਿਰੀਕਰਨ, ਵੱਸੋਂ ਦੀ ਗਤੀਸ਼ੀਲਤਾ, ਰਵਾਜਾਂ, ਲੋਕਾਚਾਰਾਂ, ਸਮਾਜਿਕ ਸੰਬੰਧਾਂ ਵਿੱਚ ਤਬਦੀਲੀਆਂ, ਪ੍ਰਾਥਮਿਕ ਸਮੂਹਾਂ ਦੀ ਥਾਂ ਦੁੱਤੀਆਂ ਸਮੂਹਾਂ ਦੀ ਭਰਮਾਰ, ਪਦਵੀਆਂ ਅਤੇ ਰੋਲਾਂ ਦੀਆਂ ਬਣਤਰਾਂ ਵਿੱਚ ਤਬਦੀਲੀਆਂ, ਪਰਵਾਰਿਕ ਅਤੇ ਵਿਆਹੁਤਾ ਜੀਵਨ ਵਿੱਚ ਨਿਘਾਰ, ਇਸਤਰੀ ਦੀ ਅਜ਼ਾਦੀ ਵਿੱਚ ਵਾਧਾ, ਖਪਤ ਵਿੱਚ ਅਤਿਅੰਤ ਵਾਧਾ; ਵਰਗ, ਨਸਲ, ਐਥਨਿਕ ਸਮੂਹਾਂ ਅਤੇ ਉਦਯੋਗਾਂ ਵਿੱਚ ਝਗੜਿਆਂ ਵਿੱਚ ਵਾਧਾ ਉਦਯੋਗਵਾਦ ਦੇ ਕੁਝ ਹੋਰ ਨਕਸ਼ ਹਨ। ਆਰਥਿਕ ਉਤਾਰ-ਚੜ੍ਹਾਅ, ਖ਼ੁਸ਼ਹਾਲੀ ਅਤੇ ਸੰਕਟ, ਬੇਰੁਜ਼ਗਾਰੀ ਅਤੇ ਘੱਟ ਰੁਜ਼ਗਾਰੀ ਉਦਯੋਗਿਕ ਮਾਲਕੀ ਅਤੇ ਕੰਟ੍ਰੋਲ ਦੇ ਤਰੀਕਿਆ ਵਿੱਚ ਪਰਿਵਰਤਨ, ਅਤੇ ਉਦਯੋਗਿਕ ਤੌਰ ਉੱਤੇ ਵਿਕਸਿਤ ਦੇਸ਼ਾਂ ਦਾ ਘੱਟ ਵਿਕਸਿਤ ਦੇਸ਼ਾਂ ਉੱਪਰ ਗਲਬਾ ਸਭ ਉਦਯੋਗਵਾਦ ਦੇ ਹੀ ਅੰਗ ਹਨ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 483,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ