ਲਾਗ–ਇਨ/ਨਵਾਂ ਖਾਤਾ |
+
-
 
ਉਦਯੋਗਿਕ ਇਨਕਲਾਬ (industrial revolution)

ਉਦਯੋਗਿਕ ਇਨਕਲਾਬ (industrial revolution): ਉਤਪਾਦਨ ਵਿਧੀ ਵਿੱਚ ਅਠਾਰਵੀਂ ਸਦੀ ਦੇ ਅਖੀਰ ਅਤੇ ਉਨ੍ਹੀਵੀਂ ਸਦੀ ਦੇ ਅਰੰਭ ਵਿੱਚ ਇੰਗਲੈਂਡ ਅਤੇ ਯੂਰਪ ਵਿੱਚ ਆਈਆਂ ਇਨਕਲਾਬੀ ਤਬਦੀਲੀਆਂ, ਜਿਨ੍ਹਾਂ ਨਾਲ ਕਿਰਸਾਣੀ ਆਧਾਰਿਤ ਸਮਾਜ, ਉਦਯੋਗ ਆਧਾਰਿਤ ਸਮਾਜਾਂ ਵਿੱਚ ਬਦਲ ਗਏ। ਪਸ਼ੂ ਊਰਜਾ ਦੀ ਥਾਂ ਨਿਰਜਿੰਦ ਵਸੀਲਿਆਂ, ਜਿਵੇਂ ਕਿ ਸਟੀਮ, ਕੋਲਾ ਅਤੇ ਫੇਰ ਬਿਜਲੀ ਤੋਂ ਪ੍ਰਾਪਤ ਊਰਜ ਨਾਲ ਬਹੁਤੇ ਕੰਮ ਮਸ਼ੀਨਾਂ ਨਾਲ ਹੋਣ ਲੱਗੇ। ਸੌਖਿਆਂ ਪ੍ਰਾਪਤ ਮਨੁੱਖੀ ਸ਼ਕਤੀ, ਵਪਾਰਿਕ ਜਥੇਬੰਦੀਆਂ ਅਤੇ ਕਿਰਿਆਵਾਂ ਦੇ ਵਿਕਾਸ, ਊਰਜਾ ਦੇ ਸ੍ਰੋਤਾਂ ਦੀ ਬਹੁਤਾਤ ਅਤੇ ਢੋਆ-ਢੁਆਈ ਦੇ ਚੰਗੇ ਸਾਧਨਾਂ ਨੇ ਉਦਯੋਗਿਕ ਵਿਕਾਸ ਦੀ ਪ੍ਰਕਿਰਿਆ ਵਿੱਚ ਵੱਡਾ ਭਾਗ ਪਾਇਆ, ਅਤੇ ਉਦਯੋਗਿਕ ਉਤਪਾਦਨ ਕਈ ਗੁਣਾ ਵੱਧ ਗਿਆ।

      ਉਦਯੋਗਿਕ ਇਨਕਲਾਬ ਦੇ ਨਾਲ ਨਾਲ ਸਰਮਾਏਦਾਰੀ ਆਰਥਿਕ ਪ੍ਰਨਾਲੀ ਦਾ ਵਿਕਾਸ ਹੋਇਆ, ਜਿਸ ਅਧੀਨ ਮਨਾਫ਼ੇ ਦੀ ਹੋੜ ਕਾਰਨ ਕੱਚੇ ਅਤੇ ਪੱਕੇ ਮਾਲ ਲਈ ਮੰਡੀਆਂ ਅਤੇ ਕੁਦਰਤੀ ਅਤੇ ਮਨੁੱਖੀ ਸਾਧਨਾਂ ਦੇ ਸ਼ੋਸ਼ਣ ਦੀ ਪ੍ਰਕਿਰਿਆ ਦੀ ਗਤੀ ਵੀ ਤੇਜ਼ ਹੋਈ। ਨਵੀਆਂ ਮੰਡੀਆਂ ਅਤੇ ਬਸਤੀਆਂ ਦੀ ਭਾਲ ਵਿੱਚ ਦੋ ਮਹਾਯੁੱਧ ਵੀ ਹੋਏ, ਅਤੇ ਇੱਕ ਨਵੀਂ ਕਿਸਮ ਦੀ ਸਮਾਜਿਕ ਪ੍ਰਨਾਲੀ, ਸਮਾਜਵਾਦ, ਦਾ ਜਨਮ ਅਤੇ ਵਿਕਾਸ ਵੀ ਹੋਇਆ, ਪਰ ਛੇਤੀ ਹੀ ਪਤਨ ਵੀ ਹੋ ਗਿਆ। ਉਦਯੋਗਿਕ ਸਮਾਜ ਸਰਮਾਏਦਾਰੀ ਪ੍ਰਬੰਧ ਨੂੰ ਸਥਾਪਿਤ ਰੱਖਣ ਲਈ ਕਈ ਕਿਸਮ ਦੀਆਂ ਵਿਵਸਥਾਵਾਂ ਕਰ ਰਹੇ ਹਨ ਅਤੇ ਹੁਣ ਤਾਂ ਵਿਸ਼ਵੀਕਰਨ ਦੀ ਪ੍ਰਕਿਰਿਆ ਦੁਆਰਾ ਉਦਯੋਗਿਕ ਸਰਮਾਏਦਾਰੀ ਪ੍ਰਨਾਲੀ ਸਾਰੀ ਦੁਨੀਆਂ ਉੱਤੇ ਹਾਵੀ ਹੋ ਗਈ ਹੈ।

      ਉਦਯੋਗਿਕ ਇਨਕਲਾਬ ਦਾ ਅਸਰ ਕਿਰਸਾਣੀ ਸਮਾਜ ਉੱਪਰ ਵੀ ਹੋਇਆ ਹੈ ਅਤੇ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਸੱਭਿਆਚਾਰਿਕ ਖੇਤਰ ਸਭ ਬਦਲ ਗਏ/ਰਹੇ ਹਨ। ਕੀ ਕੋਈ ਨਵਾਂ ਪ੍ਰਬੰਧ ਪੈਦਾ ਹੋਵੇਗਾ? ਜੇ ਹਾਂ, ਤਾਂ ਉਸ ਦਾ ਕੀ ਰੂਪ ਹੋਵੇਗਾ? ਇਹਨਾਂ ਪ੍ਰਸ਼ਨਾ ਦਾ ਉੱਤਰ ਅਜੇ ਵਿਗਿਆਨੀਆਂ ਦੀ ਪਹੁੰਚ ਤੋਂ ਬਾਹਰ ਹੈ। ਕੀ ਹੋਣਾ ਚਾਹੀਦਾ ਹੈ ਜਾਂ ਹੋਵੇਗਾ, ਇਸ ਬਾਰੇ ਅਜੇ ਕੋਈ ਸੋਚ ਨਹੀਂ ਉਭਰੀ। ਉਦਯੋਗਿਕ ਸੰਬੰਧ (industrial relations) ਕਿਸੇ ਮੁਲਕ ਵਿੱਚ ਸਾਰੇ ਉਦਯੋਗਾਂ, ਜਾਂ ਕਿਸੇ ਇੱਕ ਜਾਂ ਵਧੇਰੇ ਉਦਯੋਗਿਕ ਅਦਾਰਿਆਂ ਵਿੱਚ ਪ੍ਰਬੰਧਕਾਂ ਅਤੇ ਕਿਰਤੀਆਂ ਵਿੱਚ ਸੰਬੰਧ ਅਤੇ ਉਹਨਾਂ ਦਾ ਪ੍ਰਬੰਧਨ। ਸਮਾਜ-ਵਿਗਿਆਨ ਤੋਂ ਇਲਾਵਾ ਹੋਰ ਕਈ ਵਿਸ਼ਿਆਂ ਦੇ ਅਧਿਐਨ ਦਾ ਪਾਤਰ। ਉਦਯੋਗਿਕ ਸਮਾਜ (industrial society) ਇੱਕ ਅਜਿਹੀ ਸਮਾਜਿਕ ਪ੍ਰਨਾਲੀ, ਜਿਸ ਦੀ ਉਤਪਾਦਨ ਪ੍ਰਨਾਲੀ ਮਸ਼ੀਨਾ ਨਾਲ ਬਣਾਏ ਪੱਕੇ ਮਾਲ ਉੱਤੇ ਕੇਂਦਰਿਤ ਹੁੰਦੀ ਹੈ।

      ਉਦਯੋਗਿਕ ਸਮਾਜ ਦੀਆਂ ਕੁਝ ਖ਼ਾਸੀਅਤਾਂ ਇਹ ਹਨ: ਉੱਚ ਮਾਤਰਾ ਵਿੱਚ ਕਿਰਤ ਦੀ ਗੁੰਝਲਦਾਰ ਵੰਡ ਅਤੇ ਲੋੜ ਤੋਂ ਬਹੁਤ ਹੀ ਜ਼ਿਆਦਿਾ ਉਤਪਾਦਨ! ਸਮਾਜਿਕ ਜੀਵਨ ਦਾ ਤਰਕੀਕਰਨ, ਪੜ੍ਹਤਾ ਵਿੱਚ ਵਾਧਾ, ਵਿਗਿਆਨ, ਰਸਮੀ ਸਿਖਿਆ ਅਤੇ ਜਨਸੰਚਾਰ ਦੇ ਮਾਧਿਅਮਾਂ ਦਾ ਅੱਤ ਦਾ ਪਸਾਰ। ਰਾਜ ਦੀ ਸੰਸਥਾ ਤਕੜੀ ਅਤੇ ਵਧੇਰੇ ਵਿਸ਼ਾਲ ਹੋ ਜਾਂਦੀ ਹੈ, ਜਦਕਿ ਧਰਮ ਦੀ ਸੰਸਥਾ ਕਮਜ਼ੋਰ ਹੋ ਜਾਂਦੀ ਹੈ ਅਤੇ ਇਸ ਦਾ ਲੋਕਾਂ ਉੱਪਰ ਪ੍ਰਭਾਵ ਘਟ ਜਾਂਦਾ ਹੈ। ਅਮਲਾਸ਼ਾਹੀ ਜੀਵਨ ਦੇ ਹਰ ਪੱਖ ਵਿੱਚ ਦਖਲਅੰਦਾਜ਼ੀ ਕਰਦੀ ਹੈ। ਸਮਾਜਿਕ ਨਾਬਰਾਬਰੀ ਕਿਸਾਨੀ ਸਮਾਜਾਂ ਤੋਂ ਤਾਂ ਸ਼ਾਇਦ ਕੁਝ ਘੱਟ ਹੁੰਦੀ ਹੈ ਪਰ ਅੱਤ ਦੀ ਗਰੀਬੀ ਅਤੇ ਅੱਤ ਦੀ ਅਮੀਰੀ ਉਦਯੋਗਿਕ ਸਮਾਜਾਂ ਦੀ ਖ਼ਾਸ ਵਿਸ਼ੇਸ਼ਤਾ ਹੈ।

      ਉਦਯੋਗਿਕ ਸਮਾਜ ਦੀਆਂ ਕੁਝ ਹੋਰ ਖ਼ਾਸੀਅਤਾਂ ਇਹ ਹਨ : ਸਾਂਝੀ ਬੋਲੀ ਅਤੇ ਸੱਭਿਆਚਾਰ ਦੁਆਲੇ ਸੰਗਠਿਤ ਕੌਮੀ ਰਾਜਾਂ ਦੀ ਉਸਾਰੀ, ਗੁਜ਼ਾਰਾਮਈ ਆਰਥਿਕਤਾ ਦਾ ਖ਼ਾਤਮਾ ਅਤੇ ਉਤਪਾਦਨ ਦਾ ਵਪਾਰੀਕਰਨ, ਮਸ਼ੀਨਾ ਦੁਆਰਾ ਅਤੇ ਘਰ ਦੀ ਥਾਂ ਫ਼ੈਕਟਰੀਆਂ ਵਿੱਚ ਉਤਪਾਦਨ, ਕਿਰਸਾਣੀ ਵਿੱਚ ਲੱਗੀ ਵੱਸੋਂ ਦੇ ਅਨੁਪਾਤ ਵਿੱਚ ਘਾਟਾ, ਸਮਾਜ ਦਾ ਸ਼ਹਿਰੀਕਰਨ, ਪੜ੍ਹਤਾ ਵਿੱਚ ਬਹੁਤ ਸਾਰਾ ਵਾਧਾ, ਵੱਸੋਂ ਨੂੰ ਵੋਟ ਦੇਣ ਦਾ ਹੱਕ ਅਤੇ ਲੋਕ ਆਧਾਰ ਵਾਲੀਆਂ ਰਾਜਨੀਤਿਕ ਪਾਰਟੀਆਂ ਦੁਆਰਾ ਰਾਜਨੀਤੀ ਦਾ ਸੰਸਥਾਈਕਰਨ, ਅਤੇ ਵਿਗਿਆਨ ਦੀ ਜੀਵਨ ਦੇ ਹਰ ਪੱਖ ਵਿੱਚ ਵਰਤੋਂ, ਉਦਯੋਗਿਕ ਉਤਪਾਦਨ ਅਤੇ ਆਮ ਜੀਵਨ ਦਾ ਯੁਕਤੀਕਰਨ।

      ਉਦਯੋਗਿਕ ਸਮਾਜਾਂ ਬਾਰੇ ਆਮ ਪ੍ਰਸ਼ਨ ਇਹ ਕੀਤੇ ਜਾਂਦੇ ਹਨ ਕਿ ਕੀ ਇਹ ਸਮਾਜ ਸਹਿਯੋਗੀ ਹਨ ਕਿ ਝਗੜਾਲੂ, ਵਿਵਸਥਾਕਾਰੀ ਹਨ ਕਿ ਸ੍ਵੈਨਾਸ਼ਕ। ਸਪੈਂਸਰ (H.Spencer) ਅਤੇ ਦੁਰਖੀਮ (E.Durkhiem) ਅਨੁਸਾਰ ਕਿਰਤ ਦੀ ਵੰਡ ਦਾ ਸੁਭਾਅ ਸੰਗਠਕ ਅਤੇ ਸਹਿਯੋਗੀ ਹੁੰਦਾ ਹੈ। ਰਚਨਾਤਮਿਕ ਕਿਰਿਆਤਮਿਕ ਸਮਾਜ-ਵਿਗਿਆਨੀ ਵੀ ਉਦਯੋਗਿਕ ਸਮਾਜ ਨੂੰ ਵਖੇਪਤਾ ਪੂਰਨ ਸੰਗਠਿਤ ਸਮਾਜਿਕ ਪ੍ਰਨਾਲੀ ਦੱਸਦੇ ਹਨ। ਮਾਰਕਸਵਾਦੀਆਂ ਅਨੁਸਾਰ ਉਦਯੋਗਿਕ ਸਮਾਜ ਝਗੜਿਆਂ ਨਾਲ ਭਰਪੂਰ ਹੁੰਦੇ ਹਨ, ਕਿਉਂਕਿ ਮਾਲਕਾਂ ਅਤੇ ਕਿਰਤੀਆਂ ਦੇ ਹਿਤ ਇੱਕ ਦੂਜੇ ਦੇ ਵਿਰੋਧੀ ਹੁੰਦੇ ਹਨ। ਇਹ ਗੱਲ ਸਰਮਾਏਦਾਰੀ ਆਧਾਰਿਤ ਉਦਯੋਗਿਕ ਸਮਾਜਾਂ ਉੱਤੇ ਵਧੇਰੇ ਢੁਕਦੀ ਹੈ (ਜ਼ਰੂਰੀ ਨਹੀਂ ਸਾਰੇ ਉਦਯੋਗਿਕ ਸਮਾਜ ਸਰਮਾਏਦਾਰੀ ਪ੍ਰਬੰਧ ਅਧੀਨ ਹੀ ਹੋਣ, ਉਦਯੋਗੀਕਰਨ, ਜਨਤਿਕ ਖੇਤਰ ਵਿੱਚ ਵੀ ਹੋ ਸਕਦਾ ਹੈ)। ਵੈਬਰ (M.Weber) ਅਤੇ ਕੇਅਨਜ਼ (J.M.Kaynes) ਸਰਮਾਏਦਾਰੀ ਮੰਡੀ ਦੀ ਅਸਥਿਰਤਾ ਨੂੰ ਸ੍ਵੀਕਾਰ ਕਰਦੇ ਹਨ। ਵੈਬਰ ਮੁਕਾਬਲਾਸ਼ੀਲ ਸਰਮਾਏਦਾਰੀ ਅਤੇ ਫ਼ੈਕਟਰੀ ਅਨੁਸ਼ਾਸਨ ਦੀ ਅਸਥਿਰਤਾ ਤੋਂ ਵਾਕਫ਼ ਹੈ, ਅਤੇ ਆਖਦਾ ਹੈ ਕਿ ਸਮਾਜਵਾਦੀ ਪ੍ਰਨਾਲੀ ਵੀ ਇਹਨਾਂ ਤੋਂ ਬਚ ਨਹੀਂ ਸਕਦੀ। ਕੇਅਨਜ਼ ਸਮਝਦਾ ਸੀ ਕਿ ਵਪਾਰੀ ਚੱਕਰਾਂ ਦੀ ਬੁਨਿਆਦੀ ਸਮੱਸਿਆ ਖਪਤਕਾਰਾਂ ਦੀ ਅਢੁਕਵੀਂ ਸਮੁੱਚੀ ਮੰਗ ਹੁੰਦੀ ਹੈ ਅਤੇ ਇਸ ਦਾ ਹੱਲ ਸਰਕਾਰ ਨੂੰ ਜਨਤਿਕ ਕੰਮਾਂ ਦੇ ਪ੍ਰੋਗਰਾਮ ਚਲਾਅ ਕੇ ਕਰਨਾ ਚਾਹੀਦਾ ਹੈ ਨਾ ਕਿ ਜੰਗ ਜਾਂ ਵਰਗ ਝਗੜਿਆਂ ਰਾਹੀਂ। ਉਦਯੋਗਿਕ ਸਮਾਜਾਂ ਦੇ ਵਿਸ਼ਲੇਸ਼ਣ ਵਿੱਚ ਉਦਯੋਗਿਕ ਸੰਕਟ ਦੌਰਾਨ ਰਾਜ ਦੇ ਰੋਲ ਦਾ ਮਸਲਾ ਆਮ ਬਹਿਸ ਦਾ ਮੁੱਦਾ ਬਣਿਆ ਰਿਹਾ ਹੈ। ਉਦਯੋਗਿਕ ਸਮਾਜ ਤੋਂ ਅੱਗੇ (post industrial society) ਮੌਜੂਦਾ ਉਦਯੋਗਿਕ ਸਮਾਜ ਤੋਂ ਬਾਅਦ ਵਿੱਚ ਕੀ ਹੋਵੇਗਾ? ਇਸ ਬਾਰੇ ਗੈਲਬਰਿਥ ਆਦਿ ਕਈ ਵਿਦਵਾਨਾ ਨੇ ਕਿਆਸੇ ਲਾਏ ਹਨ। ਉਹਨਾਂ ਦੀ ਇਹ ਧਾਰਨਾ ਹੈ ਕਿ ਇਸ ਸਮਾਜ ਵਿੱਚ ਗਿਆਨ ਦਾ ਬੋਲਬਾਲਾ ਹੋਵੇਗਾ; ਇਹਦੇ ਆਧਾਰ ਉੱਤੇ ਨੀਤੀਆਂ ਬਣਣਗੀਆਂ, ਆਰਥਿਕ ਖੇਤਰ ਵਿੱਚ ਵਸਤਾਂ ਦੇ ਉਤਪਾਦਨ ਦੀ ਥਾਂ ਸੇਵਾਵਾਂ ਉੱਤੇ ਧਿਆਨ ਕੇਂਦਰਿਤ ਹੋਵੇਗਾ। ਤਕਨੀਕੀ ਵਿਗਿਆਨੀਆਂ ਦੀ ਚੜ੍ਹਤ ਹੋਵੇਗੀ। ਇਹਨਾਂ ਦਾ ਰਾਜਨੀਤਿਕ ਅਤੇ ਆਰਥਿਕ ਖੇਤਰ ਉੱਤੇ ਰਾਜ ਹੋਵੇਗਾ। ਪਰ ਸਮੁੱਚੇ ਤੌਰ ਉੱਤੇ ਵੇਖਿਆ ਗਿਆ ਹੈ ਕਿ ਅਸਲੀ ਰਾਜਨੀਤਿਕ ਅਤੇ ਆਰਥਿਕ ਸੱਤਾ ਪਹਿਲਾਂ ਵਾਲੇ ਵਰਗ ਦੇ ਹੱਥਾਂ ਵਿੱਚ ਹੀ ਕੇਂਦਰਿਤ ਹੈ। ਊਦਯੋਗਕ ਸੂਹੀਆ (industrial spy) ਮਾਲਕਾਂ ਦੁਆਰਾ ਭਰਤੀ ਕੀਤੇ ਗਏ ਵਿਅਕਤੀ, ਜਿਨ੍ਹਾਂ ਦਾ ਕੰਮ ਟ੍ਰੇਡ ਯੂਨੀਅਨ ਦੀਆਂ ਗਤੀਵਿਧੀਆਂ, ਉਹਨਾਂ ਵਿੱਚ ਅਸ਼ੰਤੁਸ਼ਟੀ ਅਤੇ ਹਿਲ-ਜੁਲ ਬਾਰੇ ਸੂਚਨਾ ਦੇਣਾ ਹੁੰਦਾ ਹੈ। ਦੂਜੇ ਉਦਯੋਗ ਦੇ ਮਸ਼ੀਨੀਕਰਨ, ਉਤਪਾਦਨ ਵਿਧੀ ਅਤੇ ਮਾਤਰਾ ਅਤੇ ਹੋਰ ਵਪਾਰਿਕ ਸੂਚਨਾ ਪ੍ਰਾਪਤ ਕਰਨ ਲਈ ਭਰਤੀ ਕੀਤੇ ਗਏ ਵਿਅਕਤੀ। ਉਦਯੋਗਿਕ ਜਥੇਬੰਦੀ (industrial organization) ਉੱਚ ਮਾਤਰਾ ਵਿੱਚ ਮਸ਼ੀਨਾ ਦੀ ਵਰਤੋਂ, ਬਹੁਤ ਵੱਡੇ ਪੈਮਾਨੇ ਉੱਤੇ ਕਾਰਕਰਦਗੀ (operation), ਵਿਸ਼ਾਲ ਪੱਧਰ ਉੱਤੇ ਉਤਪਾਦਨ, ਅਮਨੁੱਖੀ ਊਰਜਾ ਸ਼ਕਤੀ, ਪ੍ਰਬੰਧਕ ਵਰਗ ਦਾ ਵਿਕਾਸ, ਵਿਸ਼ੇਸ਼ੀਕਰਨ ਅਤੇ ਕਿਰਤ ਦੀ ਵੰਡ ਵਿੱਚ ਵਾਧਾ, ਨਿੱਜੀ ਤੋਂ ਵਧੇਰੇ ਜਨਤਿਕ ਸਰਮਾਇਆ, ਬਹੁਦੇਸ਼ੀ ਕਾਰਪੋਰੇਸ਼ਨਾਂ ਦਾ ਵਿਕਾਸ ਵਾਲਾ ਸੱਭਿਆਚਾਰਿਕ ਰੂਪ। ਸਰਮਾਏਦਾਰੀ ਦੀਆਂ ਸ੍ਵੈ ਸਥਾਪਿਤੀ ਦੀਆਂ ਖ਼ਾਸੀਅਤਾਂ। ਉਦਯੋਗਿਕ ਜੀਵਨ ਚੱਕਰ (industrial life cycle) ਇਤਿਹਾਸ ਦੇ ਚੱਕਰ ਦੇ ਸਿਧਾਂਤ ਅਨੁਸਾਰ ਵਾਧਿਆਂ ਘਾਟਿਆਂ ਦਾ ਚੱਕਰ, ਜੋ ਕੁਝ ਇਸ ਤਰ੍ਹਾਂ ਚਲਦਾ ਹੈ: ਤੇਜ਼ ਵਿਕਾਸ ਦਾ ਪਹਿਲਾ ਪੜਾਅ, ਸਥਾਪਿਤੀ ਦਾ ਲੰਮਾ ਸਮਾਂ, ਜਿਸ ਵਿੱਚ ਮਨੁੱਖਾਂ ਅਤੇ ਸਾਧਨਾਂ ਦਾ ਵੱਖ-ਵੱਖ ਮਾਤਰਾ ਵਿੱਚ ਸ਼ੋਸ਼ਣ ਕੀਤਾ ਜਾਂਦਾ ਹੈ; ਝਗੜਿਆਂ ਅਤੇ ਹੋਰ ਹਾਲਤਾਂ ਦਾ ਪੈਦਾ ਹੋਣਾ, ਜਿਸ ਨਾਲ ਉਦਯੋਗ ਦੀ ਸਿਹਤ ਢਿੱਲੀ ਪੈ ਜਾਂਦੀ ਹੈ, ਅਤੇ ਅੰਤ ਵਿੱਚ ਘਟਦੇ ਮੁਨਾਫ਼ਿਆ ਦਾ ਝੁਕਾਅ ਅਤੇ ਪਤਨ/ਨਿਘਾਰ ਦਾ ਸਮਾਂ। ਇਸ ਚੱਕਰ ਉੱਤੇ ਇਹ ਕਾਰਕ ਅਸਰਦਾਇਕ ਹੁੰਦੇ ਹਨ: ਵੱਸੋਂ ਵਿੱਚ ਪਰਿਵਰਤਨ, ਤਕਨੀਕੀ ਵਿਗਿਆਨਿਕ ਕਾਢਾਂ, ਘਰੇਲੂ ਅਤੇ ਦੁਨੀਆਂ ਦੀ ਮੰਡੀ ਵਿੱਚ ਤਬਦੀਲੀਆਂ, ਅਤੇ ਕਈ ਹੋਰ ਆਰਥਿਕ ਅਤੇ ਸਮਾਜਿਕ ਅੰਸ਼ (ਜਿਵੇਂ ਇਸ ਸਦੀ ਦੇ ਅਰੰਭ ਵਿੱਚ ਅਮਰੀਕਾ ਦਾ ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਅਰੰਭ ਕੀਤਾ ਯੁੱਧ); ਪਰ ਇਸ ਨਿਘਾਰ ਤੋਂ ਪਿੱਛੋਂ ਦੁਬਾਰਾ ਤਕਨੀਕੀ ਵਿਗਿਆਨਿਕ ਅਤੇ ਹੋਰ ਪੱਖਾਂ ਤੋਂ ਮੁੜ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਘਾਟਿਆਂ ਵਾਧਿਆਂ ਦੇ ਚੱਕਰ ਵਿੱਚ ਵਿਕਾਸ ਚਲਦਾ ਰਹਿੰਦਾ ਹੈ। ਉਦਯੋਗਿਕ ਝਗੜੇ (industrial conflicts) ਇਕ ਪਾਸੇ ਮਾਲਕਾਂ ਅਤੇ ਪ੍ਰਬੰਧਕਾਂ ਅਤੇ ਦੂਜੇ ਪਾਸੇ ਮਜ਼ਦੂਰਾਂ ਵਿਚਕਾਰ ਝਗੜੇ ਦਾ ਰੂਪ ਅਤੇ ਇਸ ਦੇ ਕਾਰਨ। ਜਿਥੋਂ ਤੱਕ ਝਗੜੇ ਦੇ ਰੂਪ ਦਾ ਸੁਵਾਲ ਹੈ, ਸਮਾਜਵਿਗਿਆਨੀ ਇਹਨਾਂ ਰੂਪਾਂ ਦਾ ਉਲੇਖ ਕਰਦੇ ਹਨ: ਗ਼ੈਰਹਾਜ਼ਰੀ, ਨਾਮਿਲਵਰਤਨ, ਉਤਪਾਦਨ ਘਟਾਉਣਾ, ਅੜਿਚਨਾ ਪਾਉਣਾ, ਜੋ ਵਿਕਅਤੀਗਤ ਪੱਧਰ ਉੱਤੇ ਪ੍ਰਗਟ ਹੁੰਦੇ ਹਨ; ਅਤੇ ਸਟਰਾਈਕਾਂ ਅਤੇ ਸਮੂਹਿਕ ਸੌਦੇਬਾਜ਼ੀ, ਜੋ ਸਮੂਹਿਕ ਤੌਰ ਉੱਤੇ ਦ੍ਰਿਸ਼ਿਮਾਨ ਹੁੰਦੇ ਹਨ।

      ਝਗੜੇ ਦੇ ਕਾਰਨਾਂ ਵਿੱਚ ਮਨੁੱਖੀ ਸੰਬੰਧ ਵਿਚਾਰਧਾਰਾ ਦੇ ਅਨੂਮੋਦਕ ਸਮਝਦੇ ਹਨ ਕਿ ਪ੍ਰਬੰਧਕਾਂ ਅਤੇ ਕਿਰਤੀਆਂ ਵਿੱਚ ਝਗੜੇ ਅਨੁਵਾਰੀ ਹਨ, ਅਤੇ ਇਹ ਇਸ ਲਈ ਵੀ ਪੈਦਾ ਹੁੰਦੇ ਹਨ ਕਿ ਉਦਯੋਗ ਕਿਰਤੀਆਂ ਨੂੰ ਸਮਾਜਿਕ ਕਿਰਤੀ ਸਮੁਦਾ ਵਿੱਚ ਸੰਗਠਿਤ ਕਰਨ ਵਿੱਚ ਅਸਫਲ ਹੁੰਦੇ ਹਨ। ਡ੍ਹੈਰਨਡੌਰਫ (R Dahrendorf) ਅਨੁਸਾਰ ਵੀ ਹਾਕਮ ਅਤੇ ਮਹਿਕੂਮ ਵਿੱਚ ਝਗੜਿਆਂ ਤੋਂ ਬਚਿਆ ਨਹੀਂ ਜਾ ਸਕਦਾ। ਵੈਬਰਵਾਦੀਆਂ ਅਨੁਸਾਰ ਝਗੜੇ ਕਿਰਤ ਦੌਰਾਨ ਆਰਥਿਕ ਹਿਤਾਂ ਦੇ ਟਕਰਾਅ ਕਾਰਨ ਹੁੰਦੇ ਹਨ, ਕਿਉਂਕਿ ਪ੍ਰਬੰਧਕਾਂ ਅਤੇ ਕਿਰਤੀਆਂ ਦੀਆਂ ਤਨਖਾਹਾਂ ਅਤੇ ਕੰਮਾਂ ਬਾਰੇ ਦਿਲਚਸਪੀਆਂ ਵੱਖ-ਵੱਖ ਹੁੰਦੀਆਂ ਹਨ। ਮਾਰਕਸਵਾਦੀਆਂ ਅਨੁਸਾਰ ਵੀ ਝਗੜੇ ਪ੍ਰਬੰਧ ਦੁਆਰਾ ਆਰਥਿਕ ਸ਼ੋਸ਼ਣ ਕਾਰਨ ਹੁੰਦੇ ਹਨ।

      ਝਗੜੇ ਦੇ ਅਧਿਐਨਾਂ ਵਿੱਚੋਂ ਰੁਜ਼ਗਾਰ ਪ੍ਰਨਾਲੀ ਦੇ ਤਿੰਨ ਮਾਡਲਾਂ ਉੱਪਰ ਰੋਸ਼ਨੀ ਪੈਂਦੀ ਹੈ। ਮਨੁੱਖੀ ਸੰਬੰਧਾਂ ਵਾਲੇ ਇਕਮਾਤਰ (unitary) ਮਾਡਲ ਦੀ ਧਾਰਨਾ ਕਰਦੇ ਹਨ, ਜਿਸ ਵਿੱਚ ਫਰਮ (ਨਿਯੁਕਤਕਾਰ) ਨੂੰ ਸਾਂਝੀਆਂ ਕਦਰਾਂ ਉੱਤੇ ਆਧਾਰਿਤ ਸਮੁੱਚੀ ਸਮੁਦਾ ਸਮਝਦੇ ਹਨ, ਜਿਸ ਵਿੱਚ ਮਿਲ-ਜੁਲ ਕੇ ਰਹਿਣ ਦੀ ਖਮਤਾ ਮੌਜੂਦ ਹੁੰਦੀ ਹੈ। ਮਾਰਕਸਵਾਦੀ ਸੋਚ ਦੋਭਾਜਕ ਅਤੇ ਵਿਰੋਧਾਤਮਿਕ ਹੈ, ਜੋ ਹਰ ਥਾਂ ਝਗੜੇ ਉੱਤੇ ਜ਼ੋਰ ਦਿੰਦੀ ਹੈ। ਮਾਲਕ ਅਤੇ ਨੌਕਰ ਦੋ ਧਿਰਾਂ ਹਨ, ਜਿਨ੍ਹਾਂ ਦੇ ਹਿਤਾਂ ਵਿੱਚ ਕੋਈ ਸਾਂਝ ਨਹੀਂ। ਅਜੋਕੇ ਵੈਬਰਵਾਦੀਆਂ ਦਾ ਰਾਹ ਬਹੁਵਾਦੀ (pluralistic) ਹੈ ਕਿਉਂਕਿ ਉਹ ਫ਼ਰਮਾਂ ਵਿੱਚ ਮਾਲਕਾਂ, ਪ੍ਰਬੰਧਕਾਂ ਅਤੇ ਕਿਰਤੀਆਂ ਵਿੱਚ ਵੀ ਕਈ ਹਿਤ ਸਮੂਹਾਂ ਦੀ ਹੋਂਦ ਨੂੰ ਮੰਨ ਕੇ ਚਲਦੇ ਹਨ। ਇਹਨਾਂ ਦੀ ਧਾਰਨਾ ਇਹ ਹੈ ਕਿ ਵੱਖ-ਵੱਖ ਧਿਰਾਂ ਦੀ ਦਿਲਚਸਪੀ ਸਹਿਯੋਗ ਵਿੱਚ ਹੀ ਹੁੰਦੀ ਹੈ, ਕਿਉਂਕਿ ਮਿਲਕੇ ਚੱਲਣ ਨਾਲ ਉਹ ਕੰਮ ਕਰ ਸਕਦੇ ਹਨ, ਜੋ ਇੱਕਲਿਆਂ ਨਹੀਂ ਕਰ ਸਕਦੇ ਅਤੇ ਝਗੜਾ ਇਹਨਾਂ ਸਹਿਯੋਗੀ ਹੱਦਾਂ ਦੇ ਅੰਦਰ ਰਹਿ ਕੇ ਛੋਟੀਆਂ-ਮੋਟੀਆਂ ਗੱਲਾਂ ਕਾਰਨ ਹੁੰਦਾ ਹੈ, ਜਿਸ ਦਾ ਹੱਲ ਕੀਤਾ ਜਾ ਸਕਦਾ ਹੈ। ਉਦਯੋਗਿਕ ਨੀਤੀ (industrial policy) ਉਦਯੋਗ ਚਲਾਉਣ ਦੇ ਸੰਬੰਧ ਵਿੱਚ ਸਮੂਹ ਦੇ ਮਨੋਰਥ, ਵਪਾਰੀ ਜਥੇਬੰਦੀਆਂ, ਫਰਮਾਂ ਅਤੇ ਲੀਡਰਾਂ ਦੀਆਂ ਬੁਨਿਆਦੀ ਮਸਲਿਆਂ ਬਾਰੇ ਘੋਸ਼ਣਾਵਾਂ, ਕਨੂੰਨ, ਸਰਕਾਰੀ ਕਰਮਚਾਰੀਆਂ ਅਤੇ ਵਿਭਾਗਾਂ ਦੁਆਰਾ ਘੋਸ਼ਿਤ ਮਨੋਰਥ ਅਤੇ ਕਾਰਜ ਵਿਧੀਆਂ, ਅਤੇ ਲੀਡਰਾਂ ਦੁਆਰਾ ਰਾਜਨੀਤਿਕ ਸਟੇਜਾਂ ਤੋਂ ਕੀਤੀਆਂ ਗਈਆਂ ਘੋਸ਼ਣਾਵਾਂ। ਸਮਾਜ-ਵਿਗਿਅਨਿਕ ਨਜ਼ਰੀਏ ਤੋਂ ਉਦਯੋਗਿਕ ਪ੍ਰਬੰਧ ਅਤੇ ਕੰਟ੍ਰੋਲ ਸੰਬੰਧੀ ਦੇਰਪਾਅ ਮਨੋਰਥ, ਭਾਵੇਂ ਇਹ ਵਪਾਰੀਆਂ ਦੇ ਹੋਣ ਜਾਂ ਕਿਰਤੀ ਸਮੂਹਾਂ ਜਾਂ ਸਰਕਾਰ ਦੇ। ਉਦਯੋਗਿਕ ਲੋਕਰਾਜ (industrial democracy) ਉਦਯੋਗਿਕ ਕਿਰਤੀਆਂ ਦੀ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਮਸਲਿਆਂ ਬਾਰੇ ਉਦਯੋਗਿਕ ਫੈਸਲਿਆਂ ਵਿੱਚ ਸ਼ਮੂਲੀਅਤ, ਜਿਸ ਦੇ ਕੁਝ ਰੂਪ ਇਹ ਹਨ: ਟ੍ਰੇਡ ਯੂਨੀਅਨਾਂ ਅਤੇ ਸਾਂਝੀ ਸੌਦੇਬਾਜ਼ੀ, ਕਿਰਤੀ ਕੌਂਸਲਾਂ ਅਤੇ ਪ੍ਰਬੰਧਕਾਂ ਅਤੇ ਕਿਰਤੀਆਂ ਵਿਚਕਾਰ ਵਿਚਾਰ-ਵਟਾਂਦਰਾ, ਸਹਿਨਿਸਚਿਤਕਾਰੀ, ਜਿਸ ਰਾਹੀਂ ਕਿਰਤੀਆਂ ਦੇ ਪ੍ਰਤਿਨਿਧਾਂ ਨੂੰ ਕੰਪਨੀ ਦੇ ਬੋਰਡਾਂ ਵਿੱਚ ਸੀਟਾਂ ਅਤੇ ਕੰਪਨੀ ਦੇ ਫ਼ੈਸਲੇ ਕਰਨ ਵਿੱਚ ਸ਼ਮੂਲੀਅਤ, ਉਦਯੋਗ ਉੱਤੇ ਕਿਰਤੀਆਂ ਦਾ ਨਿਯੰਤਰਨ, ਇਹਨਾਂ ਤੋਂ ਇਲਾਵਾ ਸ਼ਹਿਰੀਅਤ ਦੇ ਅਧਿਕਾਰਾਂ ਅਨੁਸਾਰ ਉਹ ਵੱਖ ਵੱਖ ਪੱਧਰ ਉੱਤੇ ਰਾਜਨੀਤਿਕ ਪ੍ਰਨਾਲੀ ਵਿੱਚ ਸ਼ਾਮਲ ਵੀ ਹੁੰਦੇ ਹਨ। ਕਿਰਤੀਆਂ ਦੀ ਮੁੱਖ ਦਿਲਚਸਪੀ ਵੇਤਨ, ਕੰਮ ਦੀਆਂ ਸਥਿਤੀਆਂ ਅਤੇ ਕਿਰਤੀਆਂ ਉੱਪਰ ਪ੍ਰਬੰਧਕਾਂ ਦੀ ਹਾਲਤ ਵਰਗੇ ਮਸਲਿਆਂ ਵਿੱਚ ਹੁੰਦੀ ਹੈ। ਇਸ ਪੱਧਰ ਉੱਤੇ ਟ੍ਰੇਡ ਯੂਨੀਅਨਾਂ ਅਤੇ ਸਮੂਹਿਕ ਸੌਦੇਬਾਜ਼ੀ ਕਾਫ਼ੀ ਕਾਰਗਰ ਸਿੱਧ ਹੋਈ ਹੈ। ਪਰ ਕਈ ਅਤੀ ਜ਼ਰੂਰੀ ਮਸਲੇ, ਜਿਵੇਂ ਕਿ ਹੋਰ ਨਿਵੇਸ਼ ਜਾਂ ਫ਼ੈਕਟਰੀ ਦਾ ਬੰਦ ਕਰਨਾ, ਉਹਨਾਂ ਦੀ ਪਹੁੰਚ ਤੋਂ ਬਾਹਰ ਦੀਆਂ ਗੱਲਾਂ ਹਨ।

      ਕਿਰਤੀਆਂ ਦੁਆਰਾ ਕਿਰਤ ਦੀ ਸਥਿਤੀ ਨਿਸ਼ਚਿਤ ਕਰਨ ਵਿੱਚ ਰਸਮੀ ਸ਼ਮੂਲੀਅਤ, ਜਿਵੇਂ ਕਿ ਟ੍ਰੇਡ ਯੂਨੀਅਨਾਂ ਦੇ ਸੌਦਿਆਂ ਅਤੇ ਕਿਰਤੀਆਂ ਦੀ ਪ੍ਰਤਿਨਿਧ ਪ੍ਰਨਾਲੀ ਅਨੁਸਾਰ ਹੁੰਦਾ ਹੈ, ਅਤੇ ਸਮੁੱਚੇ ਤੌਰ ਉੱਤੇ ਉਦਯੋਗ ਸਥਾਪਿਤ ਕਰਨ ਵਿੱਚ, ਜਿੱਥੇ ਮਾਲਕਾਂ ਅਤੇ ਕਿਰਤੀਆਂ ਵਿਚਲੇ ਸੰਬੰਧ ਸਾਂਝੀ ਸੌਦਾਬਾਜ਼ੀ ਅਤੇ ਸਰਕਾਰ ਦੁਆਰਾ ਕਿਰਤੀਆਂ ਦੇ ਪ੍ਰਬੰਧਿਤ ਹੋਣ ਅਤੇ ਕੰਮ ਦੇ ਘਟਤਮ ਘੰਟੇ ਅਤੇ ਤਨਖਾਹ ਦੀ ਮਾਤਰਾ ਦੀ ਰੱਖਿਆ ਕੀਤੀ ਜਾਂਦੀ ਹੈ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 522,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ