ਲਾਗ–ਇਨ/ਨਵਾਂ ਖਾਤਾ |
+
-
 
ਉਦਾਸੀ/ਸੰਨਿਆਸੀ ਸਾਧੂ

ਦਾਸੀ/ਸੰਨਿਆਸੀ ਸਾਧੂ: ਉਦਾਸੀ (ਉਦਾਸਿਨੑ) ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਵਿਰਕਤ, ਜੋ ਵਿਅਕਤੀ ਸੰਸਾਰਿਕ ਬੰਧਨਾਂ ਤੋਂ ਮੁਕਤ ਹੋਵੇ। ਪ੍ਰਾਚੀਨ ਕਾਲ ਵਿਚ ਆਸ਼੍ਰਮ-ਵਿਵਸਥਾ ਦੇ ਚਾਰ ਵਿਕਾਸ-ਕ੍ਰਮਾਂ ਵਿਚੋਂ ਤੀਜਾ ਬਾਨਪ੍ਰਸਥ ਸੀ। ‘ਮਨੁ-ਸਮ੍ਰਿਤੀ’ (6/1-2) ਅਨੁਸਾਰ ਵਿਅਕਤੀ ਨੂੰ ਸੰਸਾਰਿਕ ਕਾਰਜਾਂ ਤੋਂ ਉਦਾਸੀਨ ਹੋ ਕੇ ਤਪ , ਵੇਦ-ਅਧਿਐਨ, ਯੱਗ , ਦਾਨ ਆਦਿ ਕਰਕੇ ਬਨ ਵਿਚ ਜੀਵਨ ਬਿਤਾਉਣਾ ਚਾਹੀਦਾ ਹੈ। ਬਾਨਪ੍ਰਸਥ ਦੀ ਅਵਧੀ ਸਮਾਪਤ ਹੋਣ ਤੋਂ ਬਾਦ ਸੰਨਿਆਸ ਆਸ਼੍ਰਮ ਵਿਚ ਪ੍ਰਵੇਸ਼ ਕਰਨਾ ਹੁੰਦਾ ਹੈ। ‘ਮਨੁ-ਸਮ੍ਰਿਤੀ’ (6/33) ਅਨੁਸਾਰ ਇਸ ਵਿਚ ਵਿਅਕਤੀ ਨੂੰ ਸੰਸਾਰਿਕ ਸੰਬੰਧਾਂ ਦਾ ਪੂਰੀ ਤਰ੍ਹਾਂ ਤਿਆਗ ਕਰਕੇ ਅਤੇ ਅ-ਨਾਗਰਿਕ ਹੋ ਕੇ ਇਕ ਥਾਂ ਤੋਂ ਦੂਜੀ ਥਾਂ’ਤੇ ਘੁੰਮਦੇ ਰਹਿਣਾ ਚਾਹੀਦਾ ਹੈ।

            ਕਾਲਾਂਤਰ ਵਿਚ, ਸੰਨਿਆਸ-ਆਸ਼੍ਰਮ ਦੀ ਅਵਸਥਾ ਵਿਚ ਪਹੁੰਚਣ ਤੋਂ ਇਲਾਵਾ ਵੀ ਕਈ ਲੋਕ ਸੰਨਿਆਸੀ ਬਣ ਜਾਂਦੇ ਸਨ। ਇਸ ਤਰ੍ਹਾਂ ਦੇ ਕਈ ਸੰਨਿਆਸੀ ਦਲ ਭਾਰਤ ਵਿਚ ਪ੍ਰਾਚੀਨ ਕਾਲ ਤੋਂ ਮੌਜੂਦ ਸਨ। ਉਨ੍ਹਾਂ ਤੋਂ ਹੀ ਬੈਰਾਗੀ , ਕਾਪੜੀ, ਨਾਗੇ, ਉਦਾਸੀ, ਮੋਨੀ ਆਦਿ ਨਾਂ ਵਾਲੇ ਕਈ ਵਰਗ-ਉਪਵਰਗ ਪ੍ਰਚਲਿਤ ਹੋ ਗਏ।

            ਗੁਰਬਾਣੀ ਵਿਚ ਸੰਨਿਆਸੀ ਸਾਧੂ ਵਰਗ ਦੇ ‘ਉਦਾਸੀ’ (ਵਿਸ਼ੇਸ਼ ਉਪ-ਵਰਗ) ਵਲ ਸੰਕੇਤ ਮਿਲਦਾ ਹੈ — ਸੋ ਗਿਰਹੀ ਸੋ ਦਾਸ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ (ਗੁ.ਗ੍ਰੰ.1332)। ਗੁਰੂ ਅਰਜਨ ਦੇਵ ਜੀ ਨੇ ਸਿਰੀ ਰਾਗ ਵਿਚ ਲਿਖਿਆ ਹੈ — ਮੋਨੀ ਮੋਨਿਧਾਰੀ ਸਨਿਆਸੀ ਬ੍ਰਹਮਚਾਰੀ ਉਦਾਸੀ ਉਦਾਸਿ ਰਾਤਾ (ਗੁ.ਗ੍ਰੰ. 71)। ਪਰ ਇਸ ਉਦਾਸੀ ਵਰਗ ਨਾਲ ਗੁਰੂ ਨਾਨਕ ਦੇਵ ਜੀ ਦੇ ਨਾਮ-ਲੇਵਾ ਉਦਾਸੀ-ਮਤ (ਉਦਾਸੀ ਸੰਪ੍ਰਦਾਇ) ਦਾ ਕੋਈ ਸੰਬੰਧ ਨਹੀਂ ਹੈ।

            ਬੰਬਈ ਪ੍ਰਦੇਸ਼ ਦੇ ਗਜ਼ਟੀਅਰ (ਸੈਂਚੀ 9, ਭਾਗ ਪਹਿਲਾ) ਵਿਚ ਇਕ ‘ਉਦਾਸੀ’ ਨਾਂ ਨਾਲ ਪ੍ਰਸਿੱਧ ਸੰਪ੍ਰਦਾਇ ਦਾ ਉੱਲੇਖ ਮਿਲਦਾ ਹੈ। ਸੂਰਤ ਦੇ ਬਰਦੋਲੀ ਇਲਾਕੇ ਦੇ ਉਦਾਕਾਂਬਲੀਆ ਵਿਚ ਉਸ ਦਾ ਪ੍ਰਚਾਰ ਅਤੇ ਪ੍ਰਚਲਨ ਸੀ। ਉਸ ਦਾ ਆਰੰਭ ਕਿਸੇ ਗੋਪਾਲਦਾਸ ਨਾਂ ਦੇ ਵਿਅਕਤੀ ਨੇ ਸਤਾਰ੍ਹਵੀਂ ਸਦੀ ਈ. ਦੇ ਸ਼ੁਰੂ ਵਿਚ ਕੀਤਾ। ਪਰ ਉਸ ਦਾ ਵੀ ਨਾਨਕ-ਪੰਥੀ ਉਦਾਸੀ ਮਤ ਨਾਲ ਕੋਈ ਸੰਬੰਧ ਨਹੀਂ ਹੈ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1127,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/7/2015 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ