ਲਾਗ–ਇਨ/ਨਵਾਂ ਖਾਤਾ |
+
-
 
ਉਦੇਸ਼ਪੂਰਨਤਾ (telesis)

ਉਦੇਸ਼ਪੂਰਨਤਾ (telesis): ਅਜਿਹੀ ਸੋਚ ਵਿਧੀ ਜਾਂ ਕਾਰਜ ਦਾ ਪ੍ਰੋਗਰਾਮ, ਜੋ ਕੁਝ ਕਦਰਾਂ ਨੂੰ ਅਜਿਹੇ ਉਦੇਸ਼ ਸਮਝਦਾ ਹੈ, ਜਿਨ੍ਹਾਂ ਦੀ ਪ੍ਰਾਪਤੀ ਸੋਚ ਸਮਝ ਕੇ ਸੁਚੇਤ ਤੌਰ ਉੱਤੇ ਯੋਜਨਾਬੰਦੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਇਸ ਸੰਕਲਪ ਦੀ ਵਿਅਕਤੀ, ਸਮੂਹ, ਸਮੂਹਿਕਤਾ ਅਤੇ ਸਮੁੱਚੇ ਸਮਾਜ ਦੇ ਪੱਧਰ ਉੱਤੇ ਵੀ ਵਰਤੋਂ ਕੀਤੀ ਜਾਂਦੀ ਹੈ।

      ਵਾਰਡ (Ward) ਅਨੁਸਾਰ ਸੋਚੇ ਸਮਝੇ ਉਦੇਸ਼ਾਂ/ਮਨੋਰਥਾਂ ਦੀ ਪ੍ਰਾਪਤੀ ਲਈ ਸੇਧਿਤ, ਅਤਨਿਯੰਤਰਿਤ ਸਮਾਜਿਕ ਕਾਰਜ ਰਾਹੀਂ ਸਮਾਜ ਦੀਆਂ ਕੁਦਰਤੀ ਤਾਕਤਾਂ ਦੀ ਵਰਤੋਂ ਸਮਾਜਿਕ ਉਦੇਸ਼ ਪੂਰਨਤਾ (telesis) ਹੈ। ਵਾਰਡ ਅਨੁਸਾਰ ਸਾਰੀਆਂ ਤਾਕਤਾਂ ਸਰਬਵਿਆਪਕ ਤਾਕਤਾਂ (forces) ਦਾ ਪ੍ਰਗਟਾਵਾ ਹਨ ਅਤੇ ਇਹ ਪ੍ਰਕਿਰਤਿਕ ਤਾਕਤ ਦਾ ਭਾਗ ਹਨ। ਮਾਨਸਿਕ ਅਤੇ ਸਮਾਜਿਕ ਤਾਕਤਾਂ ਵੀ ਕੁਦਰਤੀ ਤਾਕਤਾਂ ਹਨ, ਅਤੇ ਅਕਲ, ਅੰਤਿਮ ਕਾਰਨ (ਉਦੇਸ਼) ਅਤੇ ਇਸ ਦਾ ਸਿੱਧਾ ਏਜੰਟ ਹੈ।

      ਮਨੁੱਖੀ ਅਕਲ ਦੁਆਰਾ ਸੁਚੇਤ ਰੂਪ ਵਿੱਚ ਪ੍ਰਵਾਨਿਤ ਮਨੋਰਥਾਂ ਦੀ ਪ੍ਰਾਪਤੀ ਲਈ ਸਮਾਜਿਕ ਪਰਿਵਰਤਨ ਲਿਆਉਣਾ; ‘ਆਪ ਮੁਹਾਰੇ’ ਅਤੇ ‘ਕੁਦਰਤੀ’ ਕਰਮਵਿਕਾਸ ਦਾ ਵਿਰੋਧ, ਸਮਾਜਿਕ ਪਰਿਵਰਤਨ ਦੇ ਅਬੰਧ ਨੀਤੀ, ਭੂਗੋਲਿਕ ਨਿਸ਼ਚਿਤਵਾਦ, ਰੱਬੀ ਤਾਕਤਾਂ ਜਾਂ ਪਰਾਪ੍ਰਕਿਰਤਿਕ ਤਾਕਤਾਂ ਦੁਆਰਾ ਸੇਧਿਤ ਹੋਣ ਦਾ ਵਿਰੋਧ। ਇਹ ਵਿਚਾਰ ਕਿ ਮਨ ਅਤੇ ਤਰਕ ਦੀ ਕਾਬਲੀਅਤ ਇਹ ਸੰਭਵ ਅਤੇ ਲਾਜ਼ਮੀ/ਯਕੀਨੀ ਬਣਾਉਦੀ ਹੈ ਕਿ ਮਨੁੱਖ ਆਪਣੀ ਕਿਸਮਤ ਆਪ ਸਿਰਜੇ। ਇਸ ਕਥਨ ਤੋਂ ਭਾਵ ਇਹ ਨਿਕਲਦਾ ਹੈ ਕਿ ਪ੍ਰਕਿਰਤਿਕ ਨਾਲੋਂ ਮਨੁੱਖ ਦੁਆਰਾ ਸਿਰਜੀਆਂ ਚੀਜ਼ਾਂ ਵਧੀਆ ਹਨ। ਉਦੇਸ਼ ਪੂਰਨ ਵਰਣਨ (teleology) ਪ੍ਰਕਿਰਤਿਕ ਪ੍ਰਪੰਚ ਵਿੱਚ ਨਿਹਤ ਕਦਰਾਂ, ਅੰਤਿਮ ਮਨੋਰਥਾਂ, ਅੰਤਿਮ ਕਾਰਨਾਂ, ਮਨੋਰਥਾਂ, ਟੀਚਿਆਂ ਦਾ ਅਧਿਐਨ।

      ਸਮਾਜ-ਵਿਗਿਆਨਿਕ ਵਰਣਨਾ ਨੂੰ ਓਦੋਂ ਉਦਸ਼ੇਪੂਰਕ ਆਖਿਆ ਜਾਂਦਾ ਹੈ, ਜਦੋਂ ਉਹ ਪ੍ਰਕਿਰਿਆਵਾਂ, ਖ਼ਾਸ ਕਰ ਸਮਾਜਿਕ ਪਰਿਵਰਤਨ ਦੀਆਂ ਪ੍ਰਕਿਰਿਆਵਾਂ, ਕਿਸੇ ਉਦੇਸ਼ ਦੀ ਪ੍ਰਾਪਤੀ ਲਈ ਉਦੇਸ਼ਿਤ ਸਮਝੀਆਂ ਜਾਂਦੀਆਂ ਹਨ, ਜਾਂ ਇਹ ਆਖਿਆ ਜਾਂਦਾ ਹੈ ਕਿ ਇਹ ਇਹਨਾਂ ਕਿਰਿਆਵਾਂ (functions) ਦੀ ਪੂਰਤੀ ਕਰਦੀਆਂ ਹਨ। ਉਦਾਰਹਨ ਵਜੋਂ ਕਾਮਤੇ (Comte) ਆਖਦਾ ਸੀ ਕਿ ਸਮਾਜ ਉੱਚੀਆਂ ਤੋਂ ਉੱਚੀਆਂ ਸੱਭਿਆਤਾਵਾਂ ਵੱਲ ਵਿਕਾਸ ਕਰਦੇ ਹਨ। ਇਸੇ ਤਰ੍ਹਾਂ ਪਾਰਸਨਜ਼ ਵਰਗੇ ਰਚਨਾਤਮਵਾਦੀ ਜਦੋਂ ਇਹ ਆਖਦੇ ਹਨ ਕਿ ਪੜਬੰਦੀ ਪ੍ਰਨਾਲੀ ਸਮਾਜ ਦੀ ਲੋੜਾਂ ਦੀ ਕੁਸ਼ਲਤਾਪੂਰਨ ਪੂਰਤੀ ਕਰਦੀ ਹੈ, ਤਾਂ ਉਹਨਾਂ ਦੇ ਵਰਣਨ ਉਦੇਸ਼ ਪੂਰਨ ਆਖੇ ਜਾਣਗੇ। ਇਸੇ ਤਰ੍ਹਾਂ ਇੱਕ ਪ੍ਰਪੰਚ ਦੇ ਕਾਰਨ ਨੂੰ ਕਿਸੇ ਹੋਰ ਪ੍ਰਪੰਚ ਉੱਪਰ ਅਸਰ ਦੇ ਸ਼ਬਦਾਂ ਵਿੱਚ ਬਿਆਨਿਆ ਜਾਂਦਾ ਹੈ। ਇਸ ਦ੍ਰਿਸ਼ਟੀ ਸੀਮਾਂ/ਵਰਣਨ ਵਿਧੀ ਦੇ ਉਲਟ ਦੁਰਖੀਮ ਨੇ ਆਖਿਆ ਸੀ ਕਿ ਜੀਵਨ ਦੇ ਕਿਸੇ ਪ੍ਰਪੰਚ ਦੀ ਕਿਰਿਆ (function) ਅਤੇ ਇਸ ਦੇ ਕਾਰਨ ਵਿੱਚਲੇ ਫਰਕ ਨੂੰ ਸਮਝਣਾ ਜ਼ਰੂਰੀ ਹੈ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 423,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ