ਉਧਾਰੇ ਰੂਪ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਉਧਾਰੇ ਰੂਪ : ਇਸ ਸੰਕਲਪ ਦੀ ਵਰਤੋਂ ਤੁਲਨਾਤਮਕ ਅਤੇ ਇਤਿਹਾਸਕ ਭਾਸ਼ਾ ਵਿਗਿਆਨ ਵਿਚ ਕੀਤੀ ਜਾਂਦੀ ਹੈ । ਦੁਨੀਆਂ ਦੀਆਂ ਵਿਕਸਤ ਭਾਸ਼ਾਵਾਂ ਵਿਚੋਂ ਕੋਈ ਭਾਸ਼ਾ ਅਜਿਹੀ ਨਹੀਂ ਜੋ ਦੂਜੀਆਂ ਭਾਸ਼ਾਵਾਂ ਤੋਂ ਉਧਾਰੇ ਰੂਪ ਨਾ ਲੈਂਦੀ ਹੋਵੇ । ਉਧਾਰੇ ਰੂਪਾਂ ਦਾ ਪਰਭਾਵ ਆਮ ਤੌਰ ਤੇ ਸ਼ਬਦ ਦੇ ਪੱਧਰ ਤੇ ਹੁੰਦਾ ਹੈ , ਵਿਆਕਰਨ ਦੇ ਪੱਧਰ ’ ਤੇ ਨਹੀਂ । ਸ਼ਬਦ ਦੇ ਪੱਧਰ ਤੇ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਇਸ ਭਾਂਤ ਦੀ ਪਰਵਿਰਤੀ ਆਮ ਮਿਲਦੀ ਹੈ । ਸ਼ਬਦ ਦੇ ਪੱਧਰ ਤੇ ਉਧਾਰਾਪਣ ਦੋ ਤਰ੍ਹਾਂ ਨਾਲ ਅਸਰ-ਅੰਦਾਜ਼ ਹੁੰਦਾ ਹੈ : ਪਹਿਲੀ ਪੱਧਰ ਨੂੰ ‘ ਤਤਸਮ’ ਰੂਪ ਅਤੇ ਦੂਜੀ ਪੱਧਰ ਨੂੰ ‘ ਤਦਭਵ’ ਰੂਪ ਸੰਕਲਪਾਂ ਨਾਲ ਜਾਣਿਆ ਜਾਂਦਾ ਹੈ । ਜਦੋਂ ਕਿਸੇ ਦੂਜੀ ਭਾਸ਼ਾ ਦੀ ਸ਼ਬਦਾਵਲੀ ਨੂੰ ਉਸ ਦੇ ਉਚਾਰਨ ਪੈਟਰਨ ਦੇ ਨਾਲ ਹੀ ਗ੍ਰਹਿਣ ਕੀਤਾ ਜਾਵੇ ਤਾਂ ਇਸ ਭਾਂਤ ਦੀ ਵਿਧੀ ਨੂੰ ਤਤਸਮ ਕਿਹਾ ਜਾਂਦਾ ਹੈ , ਜਿਵੇਂ ਟੈਲੀਫੋਨ , ਕੀ-ਬੋਰਡ , ਵਾਇਰਲੈਸ , ਬੱਸ , ਗੈਸ ਆਦਿ ਸ਼ਬਦਾਂ ਨੂੰ ਪੰਜਾਬੀ ਵਿਚ ਤਤਸਮ ਰੂਪ ਵਿਚ ਵਰਤਿਆ ਜਾਂਦਾ ਹੈ । ਇਸ ਸੰਬੰਧ ਵਿਚ ਇਥੇ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਸਮਾਂ ਪਾ ਕੇ ਤਤਸਮ ਰੂਪੀ ਸ਼ਬਦ ਆਪਣੇ ਰੂਪਾਤਮਕ ਰੂਪ ਨੂੰ ਉਪਭਾਸ਼ਾ ਦੇ ਰੂਪਾਤਮਕ ਰੂਪ ਵਿਚ ਢਾਲ ਲੈਂਦੇ ਹਨ ਅਤੇ ਉਨ੍ਹਾਂ ਦਾ ਭਾਸ਼ਾ ਵਿਚ ਇਕ ਨਿਵੇਕਲਾ ਸਥਾਨ ਨਿਸ਼ਚਿਤ ਹੋ ਜਾਂਦਾ ਹੈ । ਜਦੋਂ ਕਿਸੇ ਦੂਜੀ ਭਾਸ਼ਾ ਦੀ ਸ਼ਬਦਾਵਲੀ ਨੂੰ ਟਾਰਗਿਟ ਭਾਸ਼ਾ ਦੇ ਨਿਯਮਾਂ ਦੇ ਅੰਤਰਗਤ ਵਰਤਿਆ ਜਾਵੇ ਤਾਂ ਇਸ ਭਾਂਤ ਦੇ ਭਾਸ਼ਾਈ ਵਰਤਾਰੇ ਨੂੰ ਸ਼ਬਦ ਦਾ ਤਦਭਵ ਰੂਪ ਕਿਹਾ ਜਾਂਦਾ ਹੈ । ਇਸ ਭਾਂਤ ਦੇ ਵਰਤਾਰੇ ਵਿਚ ਸ਼ਬਦਾਂ ਨੂੰ ਬਦਲੇ ਹੋਏ ਰੂਪਾਂ ਅਨੁਸਾਰ ਵਰਤਿਆ ਜਾਂਦਾ ਹੈ ਜਿਵੇਂ : ਹਸਪਤਾਲ , ਤੌਲੀਆ ਆਦਿ ਸ਼ਬਦਾਂ ਨੂੰ ਅੰਗਰੇਜੀ ਦੇ ਤਦਭਵ ਰੂਪਾਂ ਵਿਚ ਵਰਤਿਆ ਜਾਂਦਾ ਹੈ । ਇਸ ਭਾਂਤ ਦਾ ਵਰਤਾਰਾ ਕੇਵਲ ਵਿਦੇਸ਼ੀ ਭਾਸ਼ਾਵਾਂ ਤੋਂ ਦੇਸੀ ਭਾਸ਼ਾਵਾਂ ਦੇ ਉਧਾਰੇ ਰੂਪਾਂ ਵਿਚ ਹੀ ਨਹੀਂ ਵਾਪਰਦਾ ਸਗੋਂ ਸਰੋਤ ਭਾਸ਼ਾ ਵਿਚੋਂ ਆਈ ਸ਼ਬਦਾਵਲੀ ਵੀ ਉਧਾਰੇ ਰੂਪਾਂ ਦੇ ਇਸ ਦੋ-ਪੱਖੀ ਵਰਤਾਰੇ ਰਾਹੀਂ ਵਰਤੀ ਜਾਂਦੀ ਹੈ , ਜਿਵੇਂ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਦਾ ਵੱਡਾ ਹਿੱਸਾ ਸੰਸਕ੍ਰਿਤ-ਮੂਲਕ ਹੈ । ਭਾਵੇਂ ਪੰਜਾਬੀ ਵਿਚ ਇਸ ਸ਼ਬਦਾਵਲੀ ਨੇ ਆਪਣਾ ਮੁਹਾਵਰਾ ਸਿਰਜ ਲਿਆ ਹੈ ਪਰ ਫਿਰ ਵੀ ਕਈ ਸ਼ਬਦ ਪੰਜਾਬੀ ਵਿਚ ਅਜੇ ਵੀ ਤਤਸਮ ਤਰਜ਼ ਵਾਲੇ ਹੀ ਹਨ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.