ਉਪਨਿਸ਼ਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਪਨਿਸ਼ਦ : ਵੇਦਾਂ ਵਿੱਚ ‘ ਕਰਮ ਤੇ ਗਿਆਨ` ਤੇ ਜ਼ੋਰ ਦਿੱਤਾ ਗਿਆ ਹੈ । ਵੇਦਾਂ ਤੋਂ ਬਾਅਦ ਜੋ ਗ੍ਰੰਥ ਰਚੇ ਗਏ , ਉਹਨਾਂ ਵਿੱਚ ਇਹਨਾਂ ਗੱਲਾਂ ਤੇ ਵਿਸਤਾਰ ਨਾਲ ਵਿਚਾਰ ਕੀਤਾ ਗਿਆ । ‘ ਬ੍ਰਾਹਮਣ` ਗ੍ਰੰਥਾਂ ਵਿੱਚ ਗ੍ਰਹਿਸਥੀਆਂ ਦੁਆਰਾ ਕੀਤੇ ਜਾਣ ਵਾਲੇ ਯੱਗ ਆਦਿ ਨੂੰ ਕਰਮਾਂ ਦੇ ਰੂਪ ਵਿੱਚ ਲਿਆ ਗਿਆ ਅਤੇ ਉਪਨਿਸ਼ਦਾਂ ਵਿੱਚ ਗਿਆਨ ਸੰਬੰਧੀ ਵਿਚਾਰ ਕੀਤਾ ਗਿਆ ।

      ‘ ਉਪਨਿਸ਼ਦ` ਸ਼ਬਦ ਦੇ ਤਿੰਨ ਹਿੱਸੇ ਹਨ-‘ ਉਪ` , ਜਿਸ ਦਾ ਅਰਥ ਹੈ ਬਿਨਾਂ ਕਿਸੀ ਰੁਕਾਵਟ ਤੋਂ ਜਾਂ ‘ ਨੇੜੇ` । ‘ ਨਿ` ਦਾ ਅਰਥ ਹੈ ‘ ਸੰਪੂਰਨ` । ਇਹ ਦੋਨੋਂ ਉਪਸਰਗ ਹਨ । ਤੀਜਾ ਹਿੱਸਾ ਹੈ ‘ ਸ਼ਦ` ਜੋ ‘ ਸਦ` ਕਿਰਿਆ ਤੋਂ ਬਣਿਆ ਹੈ । ‘ ਸਦ` ਕਿਰਿਆ ਦੇ ਅਰਥ ਹਨ— ਵਿਨਾਸ਼ , ਗਤੀ ( ਪ੍ਰਾਪਤੀ ) ਅਤੇ ਅਵਸਾਨ ( ਅੰਤ ) । ਇਹਨਾਂ ਤਿੰਨਾਂ ਹਿੱਸਿਆਂ ਨੂੰ ਜੋੜਨ ਤੇ ਜੋ ਭਾਵ ਪ੍ਰਗਟ ਹੁੰਦਾ ਹੈ ਉਹ ਇਹ ਹੈ ਕਿ ਉਪਨਿਸ਼ਦ ਉਹ ਸੰਪੂਰਨ ਗਿਆਨ ਹੈ ਜਿਸ ਦੇ ਕਾਰਨ ਜੀਵਨ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ।

      ‘ ਉਪਨਿਸ਼ਦ` ਗ੍ਰੰਥਾਂ ਦੇ ਦੋ ਰੂਪ ਮਿਲਦੇ ਹਨ -              ਪ੍ਰਮੁਖ ਉਪਨਿਸ਼ਦ ਅਤੇ ਸਧਾਰਨ ਉਪਨਿਸ਼ਦ । ਪ੍ਰਮੁਖ ਉਪਨਿਸ਼ਦ ਗਿਆਰਾਂ ਹਨ-ਈਸ਼ , ਕੇਨ , ਕੰਠ , ਪ੍ਰਸ਼ਨ , ਮੁੰਡਕ , ਮਾਂਡੂਕਯ , ਤੈਤਿੱਰੀਯ , ਐਤਰੇਯ , ਛਾਂਦੋਗਿਯ , ਬ੍ਰਿਹਦਾਰਣਿਅਕ ਅਤੇ ਸ੍ਵੇਤਾਸ਼੍ਵਤਰ ਉਪਨਿਸ਼ਦ । ਸ਼ੰਕਰਾਚਾਰੀਆ ਨੇ ਇਹਨਾਂ ਸਾਰਿਆਂ ਸੂਤਰਾਂ ਦੀ ਵਿਆਖਿਆ ਜਾਂ ਟੀਕਾ ਲਿਖੀ ਹੈ । ਛਾਂਦੋਗਿਯ , ਬ੍ਰਿਹਦਾਰਣਿਅਕ , ਕੇਨ , ਐਤਰੇਯ , ਤੈਤਿੱਰੀਯ ਤੇ ਕੰਠ ਉਪਨਿਸ਼ਦ ਦੀ ਰਚਨਾ ਈਸਾ ਦੇ ਜਨਮ ਤੋਂ ਲਗਪਗ 500 ਸਾਲ ਪਹਿਲਾਂ ਪੌਰਵ ਰਾਜਵੰਸ਼ ਦੇ ਸ਼ਾਸਨ ਕਾਲ ਤੋਂ ਸ਼ੁਰੂ ਹੋ ਗਈ ਸੀ । ਬਾਕੀ ਉਪਨਿਸ਼ਦ ਬਹੁਤ ਬਾਅਦ ਵਿੱਚ ਲਿਖੇ ਗਏ । ਇਹਨਾਂ ਦੀ ਭਾਸ਼ਾ ਤੋਂ ਵੀ ਇਹੀ ਪ੍ਰਗਟ ਹੁੰਦਾ ਹੈ ।

        ਉਪਨਿਸ਼ਦਾਂ ਵਿੱਚ ਵੇਦਾਂ ਦੇ ਕੇਂਦਰੀ ਵਿਸ਼ੇ ਤੇ ਹੀ ਵਿਸਤਾਰ ਨਾਲ ਵਿਚਾਰ ਕੀਤਾ ਗਿਆ ਹੈ । ਵੇਦਾਂ ਦੇ ਤਿੰਨ ਕੇਂਦਰੀ ਵਿਸ਼ੇ ਸਨ-ਕਰਮ , ਉਪਾਸ਼ਨਾ ਅਤੇ ਗਿਆਨ । ਕਰਮ ਦਾ ਰੂਪ ਯੱਗ ਸੀ ਜਿਸਦਾ ਵਿਸਤਾਰ-ਪੂਰਬਕ ਵਰਣਨ ‘ ਬ੍ਰਾਹਮਣ` ਭਾਗ ਵਿੱਚ ਮਿਲਦਾ ਹੈ । ਸੰਹਿਤਾ ਭਾਗ ਵਿੱਚ ‘ ਉਪਾਸ਼ਨਾ` ਰਿਚਾਵਾਂ ( ਪ੍ਰਾਰਥਨਾਵਾਂ ) ਹਨ । ਤੀਸਰਾ ਕੇਂਦਰੀ ਵਿਸ਼ਾ ‘ ਗਿਆਨ` ਹੈ । ‘ ਕਰਮ` ਅਤੇ ‘ ਉਪਾਸ਼ਨਾ` ਦਾ ਮਿਲਿਆ-ਜੁਲਿਆ ਨਾਂ ‘ ਪੂਰਵ ਮੀਮਾਂਸਾ` ਕਹਿਲਾਉਂਦਾ ਹੈ ਅਤੇ ਗਿਆਨ ਭਾਗ ਨੂੰ ‘ ਉੱਤਰ ਮੀਮਾਂਸਾ` ਕਿਹਾ ਜਾਂਦਾ ਹੈ । ਇਸ ਨੂੰ ਹੀ ਤਿੰਨ ਹੋਰ ਨਾਂਵਾਂ-ਸ਼ਰੀਰਕ ਮੀਮਾਂਸਾ , ਵੇਦਾਂਤ ਦਰਸ਼ਨ ਅਤੇ ਬ੍ਰਹਮਸੂਤ ਨਾਲ ਵੀ ਪੁਕਾਰਿਆ ਜਾਂਦਾ ਹੈ ।

      ਵੇਦਾਂਤੀਆਂ ਦੇ ਅਨੁਸਾਰ ਉਪਨਿਸ਼ਦ ਹੀ ਵੇਦਾਂਤ ਹੈ । ਇੱਕ ਤਾਂ ‘ ਉਪਨਿਸ਼ਦ` ਵੇਦਾਂ ਦੇ ਆਖ਼ਰੀ ਭਾਗ ਹਨ , ਦੂਜੇ ‘ ਵੇਦਾਂਤ` ਵਿੱਚ ਜਿਸ ਬ੍ਰਹਮ ਵਿੱਦਿਆ ਦੀ ਵਡਿਆਈ ਹੈ ਉਸ ਤੇ ਵਿਚਾਰ ਸਭ ਤੋਂ ਪਹਿਲਾਂ ਉਪਨਿਸ਼ਦਾਂ ਵਿੱਚ ਹੀ ਕੀਤਾ ਗਿਆ ਸੀ । ਵਿੱਦਿਆ ਦੇ ਜੋ ਰੂਪ ‘ ਪਰਾ` ਅਤੇ ‘ ਅਪਰਾ` ਪ੍ਰਸਿੱਧ ਹਨ , ਉਹਨਾਂ ਵਿੱਚ ‘ ਪਰਾ ਵਿੱਦਿਆ` ਦਾ ਹੀ ਨਾਂ ‘ ਬ੍ਰਹਮ ਵਿੱਦਿਆ` ਹੈ । ਬ੍ਰਹਮ ਵਿੱਦਿਆ ਵਿੱਚ ਸ਼ਾਮਲ ਉਪਨਿਸ਼ਦਾਂ ਵਿੱਚ ਕੁਦਰਤ , ਪੁਰਸ਼ ਤੇ ਪਰਮਾਤਮਾ ਦੀ ਚਰਚਾ ਕੀਤੀ ਗਈ ਹੈ । ਉਪਨਿਸ਼ਦ ਮੂਲ ਤੱਤ ਕੁਦਰਤ ਨੂੰ ਮੰਨਦੇ ਹਨ । ਇਸ ਕੁਦਰਤ ਤੋਂ ਹੀ ਜਗਤ ਦੀ ਉਤਪਤੀ ਹੋਈ ਹੈ । ਇਸ ਜਗਤ ਨੂੰ ਪੈਦਾ ਕਰਨ ਵਾਲੀ ਕੁਦਰਤ ਹੀ ਮਾਇਆ ਦੇ ਨਾਂ ਨਾਲ ਜਾਣੀ ਜਾਂਦੀ ਹੈ । ਉਪਨਿਸ਼ਦ ਆਤਮਾ ਨੂੰ ਪਰਮਾਤਮਾ ਦਾ ਹਿੱਸਾ ਮੰਨਦੇ ਹਨ । ਆਤਮਾ ਨੂੰ ਨਾ ਕਦੀ ਜਨਮ ਲੈਣ ਵਾਲੀ ਤੇ ਨਾ ਕਦੀ ਮਰਨ ਵਾਲੀ ਮੰਨਿਆ ਗਿਆ ਹੈ । ਬ੍ਰਹਮ , ਜਗਤ ਵਿੱਚ ਉਸੀ ਤਰ੍ਹਾਂ ਸਮਾਇਆ ਹੋਇਆ ਹੈ ਜਿਵੇਂ ਦੁੱਧ ਵਿੱਚ ਮੱਖਣ । ਬ੍ਰਹਮ ਤੋਂ ਆਤਮਾ ਉਸ ਤਰ੍ਹਾਂ ਹੀ ਪੈਦਾ ਹੁੰਦੀ ਹੈ ਜਿਵੇਂ ਅੱਗ ਤੋਂ ਚੰਗਿਆੜੀ । ਇਸ ਤਰ੍ਹਾਂ ਉਪਨਿਸ਼ਦ ਦੇ ਚਾਰ ਵਿਸ਼ੇ-ਬ੍ਰਹਮ , ਜੀਵ ਜਾਂ ਆਤਮਾ , ਜਗਤ ਅਤੇ ਮਾਇਆ ਕਹੇ ਗਏ ਹਨ । ਆਤਮਾ ਤੇ ਪਰਮਾਤਮਾ ਦੀ ਏਕਤਾ ਦਾ ਵਰਣਨ ਉਪਨਿਸ਼ਦਾਂ ਵਿੱਚ ਤੱਤਵਮਸਿ ( ਉਹ ਤੂੰ ਹੈ ) ਕਹਿਕੇ ਕੀਤਾ ਗਿਆ ਹੈ । ਗਿਆਰਾਂ ਪ੍ਰਧਾਨ ਉਪਨਿਸ਼ਦਾਂ ਦੀ ਵਿਸ਼ਾ-ਵਸਤੂ ਕ੍ਰਮਵਾਰ ਇਸ ਪ੍ਰਕਾਰ ਹੈ :

          1. ਈਸ਼ ਉਪਨਿਸ਼ਦ : ਇਹ ਉਪਨਿਸ਼ਦ ਸ਼ੁਕਲ ਯਜੁਰਵੇਦ ਦਾ ਚਾਲੀਵਾਂ ਅੰਕ ਹੈ । ‘ ਈਸ਼ਾਵਾਸਿਆ` ਇਸ ਉਪਨਿਸ਼ਦ ਦੇ ਪਹਿਲੇ ਮੰਤਰ ਦਾ ਪਹਿਲਾ ਸ਼ਬਦ ਹੈ । ਇਸ ਸ਼ੁਰੂਆਤੀ ਸ਼ਬਦ ਤੋਂ ਹੀ ਇਸ ਦਾ ਨਾਂ ਪਿਆ । ਇਸ ਵਿੱਚ ਬ੍ਰਹਮ ਦੀ ਸਰਬ-ਵਿਆਪਕਤਾ ਤੇ ਆਤਮਾ ਪਰਮਾਤਮਾ ਦੀ ਏਕਤਾ ਤੇ ਵਿਚਾਰ ਕੀਤਾ ਗਿਆ ਹੈ । ਬ੍ਰਹਮ ਵਿੱਦਿਆ ਤੇ ਜਿੰਨਾ ਚੰਗਾ ਵਿਚਾਰ ਇਸ ਉਪਨਿਸ਼ਦ ਵਿੱਚ ਮਿਲਦਾ ਹੈ ਹੋਰ ਕਿਤੇ ਨਹੀਂ । ਇਸ ਲਈ ਇਸ ਨੂੰ ਬਾਰਾਂ ਉਪਨਿਸ਼ਦਾਂ ਵਿੱਚ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ ਹੈ ।

          2. ਕੇਨ ਉਪਨਿਸ਼ਦ : ਇਸ ਦਾ ਇੱਕ ਨਾਂ ‘ ਬ੍ਰਾਹਮਣ ਉਪਨਿਸ਼ਦ` ਵੀ ਹੈ । ਕੇਨ ਦਾ ਅਰਥ ਹੁੰਦਾ ਹੈ ਕਿਸੇ ਦੇ ਦੁਆਰਾ । ਇਸ ਉਪਨਿਸ਼ਦ ਦੇ ਪਹਿਲੇ ਮੰਤਰ ਦਾ ਪਹਿਲਾ ਸ਼ਬਦ ‘ ਕੇਨ` ਹੈ । ਇਸੇ ਆਧਾਰ ਤੇ ਇਸ ਦਾ ਨਾਮ ‘ ਕੇਨ ਉਪਨਿਸ਼ਦ` ਪਿਆ ਹੈ । ਇਸ ਉਪਨਿਸ਼ਦ ਵਿੱਚ ਇਹ ਪ੍ਰਸ਼ਨ ਚੁੱਕਿਆ ਗਿਆ ਹੈ ਕਿ ਅੱਖ ਕਿਸ ਦੁਆਰਾ ਦੇਖਦੀ ਹੈ , ਕੰਨ ਕਿਸ ਦੁਆਰਾ ਸੁਣਦੇ ਹਨ । ਉੱਤਰ ਹੈ ਆਤਮਤੱਤ । ਇਸੀ ਆਤਮ-ਤੱਤ ਨੂੰ ਜਾਣ ਲੈਣ ਤੇ ਹੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ।

          3. ਕੰਠ ਉਪਨਿਸ਼ਦ : ਇਹ ਕ੍ਰਿਸ਼ਨ ਯਜੁਰਵੇਦ ਦੀ ਕੰਠ ਸ਼ਾਖਾ ਦਾ ਹਿੱਸਾ ਹੈ । ਇਸ ਵਿੱਚ ਦੋ ਅੰਕ ਅਤੇ ਛੇ ਬੱਲੀਆਂ ਹਨ । ਇਸ ਵਿੱਚ ਇੱਕ ਕਥਾ ਵੀ ਹੈ । ਕਥਾ ਦੀ ਸ਼ੁਰੂਆਤ ਉੱਦਾਲਕ ਰਿਸ਼ੀ ਦੇ ‘ ਵਿਸ਼ਵਜੀਤ` ਨਾਮਕ ਯੱਗ ਤੋਂ ਹੁੰਦੀ ਹੈ । ਇਸ ਕਥਾ ਵਿੱਚ ਨਚਿਕੇਤਾ ਯਮਰਾਜ ਤਿੰਨ ਵਰਦਾਨਾਂ ਵਿੱਚੋਂ ਇੱਕ ਵਰਦਾਨ ਵਿੱਚ ਬ੍ਰਹਮ ਵਿੱਦਿਆ ਦਾ ਗਿਆਨ ਮੰਗਦਾ ਹੈ । ਯਮਰਾਜ ਨਚਿਕੇਤਾ ਨੂੰ ਬ੍ਰਹਮ ਵਿੱਦਿਆ ਦਾ ਵਰਦਾਨ ਦਿੰਦਾ ਹੈ ।

          4. ਪ੍ਰਸ਼ਨ ਉਪਨਿਸ਼ਦ : ਇਹ ਉਪਨਿਸ਼ਦ ‘ ਅਥਰਵਵੇਦ` ਦੀ ਪਿੱਪਲਾਦ ਸੰਹਿਤਾ ਤੇ ਬ੍ਰਾਹਮਣ ਗ੍ਰੰਥ ਦਾ ਇੱਕ ਭਾਗ ਹੈ । ਇਸ ਉਪਨਿਸ਼ਦ ਵਿੱਚ ਪਿੱਪਲਾਦ ਨਾਮਕ ਰਿਸ਼ੀ ਬ੍ਰਹਮ ਦੇ ਵਿਸ਼ੇ ਵਿੱਚ ਪ੍ਰਸ਼ਨਾਂ ਦਾ ਉੱਤਰ ਦਿੰਦਾ ਹੈ । ਇਹ ਪ੍ਰਸ਼ਨ ਛੇ ਰਿਸ਼ੀਆਂ ਨੇ ਉਸ ਨੂੰ ਕੀਤੇ ਸਨ । ਇਹਨਾਂ ਛੇ ਰਿਸ਼ੀਆਂ ਦੇ ਨਾਂ ਹਨ-ਸੁਕੇਸ਼ਾ , ਸਤਿਆਵਾਨ , ਅਸ਼ਵਲਾਇਨ , ਭਾਰਗਵ , ਕਾਤਾਇਨ ਅਤੇ ਕਬੇਧੀ । ਪ੍ਰਸ਼ਨ ਉੱਤਰ ਸ਼ੈਲੀ ਦੇ ਕਾਰਨ ਹੀ ਇਸ ਦਾ ਨਾਂ ਪ੍ਰਸ਼ਨ ਉਪਨਿਸ਼ਦ ਪਿਆ ਹੈ ।

          5. ਮੁੰਡਕ ਉਪਨਿਸ਼ਦ : ਇਸ ਉਪਨਿਸ਼ਦ ਦਾ ਸੰਬੰਧ ‘ ਅਥਰਵਵੇਦ` ਦੀ ‘ ਸੌਨਕ ਸੰਹਿਤਾ` ਨਾਲ ਹੈ । ਪੂਰਾ ਗ੍ਰੰਥ ਤਿੰਨ ਮੁੰਡਕਾਂ ਵਿੱਚ ਹੈ । ਹਰੇਕ ਮੁੰਡਕ ਵਿੱਚ ਦੋ-ਦੋ ਖੰਡ ਹਨ । ਇਸ ਵਿੱਚ ਦੋ ਗੱਲਾਂ-ਜਗਤ ਜਾਂ ਸੰਸਾਰ ਦਾ ਭੇਦ ਅਤੇ ਬ੍ਰਹਮ ਦਾ ਭੇਦ ਦੀ ਚਰਚਾ ਕੀਤੀ ਗਈ ਹੈ ।

          6. ਮਾਂਡੂਕਯ ਉਪਨਿਸ਼ਦ : ਇਸ ਦਾ ਸੰਬੰਧ ਵੀ ‘ ਅਥਰਵਵੇਦ` ਨਾਲ ਹੈ । ਇਸ ਦਾ ਆਕਾਰ ਬਹੁਤ ਛੋਟਾ ਹੈ । ਇਸ ਵਿੱਚ ਕੁੱਲ ਬਾਰਾਂ ਮੰਤਰ ਹਨ । ਇਸ ਦਾ ਕੇਂਦਰੀ ਵਿਸ਼ਾ ਹੈ ਓਂਕਾਰ ਦਾ ਮਹੱਤਵ ਅਤੇ ਉਸ ਦੀ ਪ੍ਰਾਪਤੀ ਦਾ ਤਰੀਕਾ ।

          7. ਤੈਤਿੱਰੀਯ ਉਪਨਿਸ਼ਦ : ਇਸ ਦਾ ਸੰਬੰਧ ‘ ਕ੍ਰਿਸ਼ਨ ਯਜੁਰਵੇਦ` ਨਾਲ ਹੈ । ਇਸ ਵੇਦ ਵਿੱਚ ਇੱਕ ਆਰਣਇਕ ਆਉਂਦਾ ਹੈ । ਇਸ ਦਾ ਨਾਮ ਤੈਤਿੱਰੀਯ ਹੈ । ਇਸ ਦੇ ਅੰਤਿਮ ਅੰਕਾਂ ਵਿੱਚ ਇਹ ਉਪਨਿਸ਼ਦ ਹੈ । ਇਸ ਦੇ ਤਿੰਨ ਵਿੱਚੋਂ ਪਹਿਲੇ ਅੰਕ ਵਿੱਚ ਜਿਸ ਦਾ ਨਾਂ ਸ਼ਿਕਸ਼ਾਵਲੀ ਹੈ , ਓਂਕਾਰ ਦਾ ਮਹੱਤਵ ਦੱਸਿਆ ਗਿਆ ਹੈ । ਇਸ ਦੇ ਬਾਅਦ ਵਾਲੇ ਅੰਕ ਬ੍ਰਹਮਾਨੰਦਵੱਲੀ ਵਿੱਚ ਬ੍ਰਹਮ ਦੀ ਚਰਚਾ ਕੀਤੀ ਗਈ ਹੈ । ਤੀਜੇ ਅੰਕ ਭਰਿਗੂਵੱਲੀ ਵਿੱਚ ਵਰੁਣ ਦੁਆਰਾ ਆਪਣੇ ਪੁੱਤਰ ਨੂੰ ਉਪਦੇਸ਼ ਦਿੱਤਾ ਗਿਆ ਹੈ ।

          8. ਐਤਰੇਯ ਉਪਨਿਸ਼ਦ : ਰਿਗਵੇਦ ਦਾ ਇੱਕ ਭਾਗ ਹੈ ‘ ਐਤਰੇਯ ਬ੍ਰਾਹਮਣਾ` , ਉਸ ਦਾ ਅੰਤਿਮ ਹਿੱਸਾ ‘ ਐਤਰੇਯ` ਉਪਨਿਸ਼ਦ ਕਹਿਲਾਉਂਦਾ ਹੈ । ਇਸ ਦੇ ਪੰਜ ਭਾਗ ਹਨ । ਹਰੇਕ ਭਾਗ ਨੂੰ ‘ ਆਰਣਇਕ` ਕਿਹਾ ਗਿਆ ਹੈ । ਇਸ ਦੇ ਦੂਜੇ ਆਰਣਇਕ ਦੇ ਤਿੰਨ ਅੰਕਾਂ ( ਚੌਥਾ , ਪੰਜਵਾਂ ਤੇ ਛੇਵਾਂ ਨੂੰ ‘ ਐਤਰੇਯ ਉਪਨਿਸ਼ਦ` ਦਾ ਨਾਂ ਦਿੱਤਾ ਗਿਆ ਹੈ , ਇਸ ਵਿੱਚ ਬ੍ਰਹਮ , ਸੰਸਾਰ ਅਤੇ ਜੀਵਨ ਤੇ ਵਿਚਾਰ ਕੀਤਾ ਗਿਆ ਹੈ ।

          9. ਛਾਂਦੋਗਿਯ ਉਪਨਿਸ਼ਦ : ਇਹ ‘ ਸਾਮਵੇਦ` ਦੀ ਕੌਥੁਮ ਸੰਹਿਤਾ ਦਾ ਇੱਕ ਹਿੱਸਾ ਹੈ । ਸੰਹਿਤਾ ਦੇ ਤਿੰਨ ਅੰਕਾਂ ਦਾ ਨਾਂ ‘ ਛਾਂਦੋਗਿਯ ਉਪਨਿਸ਼ਦ` ਹੈ ਇਸ ਦਾ ਆਕਾਰ ਬਹੁਤ ਵੱਡਾ ਹੈ । ਹੋਰ ਉਪਨਿਸ਼ਦ ਇਸਦੀ ਤੁਲਨਾ ਵਿੱਚ ਛੋਟੇ ਆਕਾਰ ਦੇ ਹਨ । ਇਸ ਵਿੱਚ ਬ੍ਰਹਮ ਵਿੱਦਿਆ ਦੀ ਚਰਚਾ ਕੀਤੀ ਹੈ । ਬ੍ਰਹਮ ਦਾ ਅਨੁਭਵ ਜਾਂ ਤਜਰਬਾ ਸ਼ਹਿਦ ਜਾਂ ਅਨੰਦ ਦੇ ਰੂਪ ਵਿੱਚ ਕੀਤਾ ਗਿਆ ਹੈ ।

          10. ਬ੍ਰਿਹਦਾਰਣਿਅਕ ਉਪਨਿਸ਼ਦ : ਇਸ ਦੇ ਨਾਂ ਤੋਂ ਹੀ ਪਤਾ ਚੱਲਦਾ ਹੈ ਕਿ ਇਸ ਵਿੱਚ ‘ ਬ੍ਰਾਹਮਣ` ਅਤੇ ‘ ਉਪਨਿਸ਼ਦ` ਦੋਨੋਂ ਮਿਲੇ ਹੋਏ ਹਨ । ਇਸ ਦਾ ਆਕਾਰ ਬਹੁਤ ਵੱਡਾ ਹੈ । ਇਸ ਲਈ ਇਸ ਦੇ ਨਾਂ ਨਾਲ ‘ ਮਹਾਨ` ( ਵਹਤ ) ਵਿਸ਼ੇਸ਼ਣ ਜੁੜਿਆ ਹੋਇਆ ਹੈ । ਇਸ ਵਿੱਚ ਦੋ ਵਿਸ਼ਿਆਂ ਤੇ ਵਿਸਤਾਰ ਨਾਲ ਵਿਚਾਰ ਕੀਤਾ ਗਿਆ ਹੈ-ਸੰਸਾਰ ਦੀ ਰਚਨਾ ਕਿਵੇਂ ਹੋਈ ਅਤੇ ਉਸ ਦੀ ਸੂਰਤ ਕੀ ਹੈ ਅਤੇ ਬ੍ਰਹਮ ਦੇ ਵਿਸ਼ੇ ਵਿੱਚ ਜਾਣਨਯੋਗ ਗੱਲਾਂ ਕੀ ਹਨ ?

          11. ਸ੍ਵੇਤਾਸ਼੍ਵਤਰ ਉਪਨਿਸ਼ਦ : ਇਸ ਵਿੱਚ ਛੇ ਅੰਕ ਹਨ । ਇਸ ਦਾ ਸੰਬੰਧ ‘ ਕ੍ਰਿਸ਼ਨ ਯਜੁਰਵੇਦ` ਨਾਲ ਹੈ । ਇਸ ਵਿੱਚ ਬ੍ਰਹਮ ਸੰਬੰਧੀ ਗੱਲਾਂ ਸਰਲ ਅਤੇ ਕਵਿਤਾ ਰੂਪੀ ਮਿੱਠੇਪਣ ਨਾਲ ਸਮਝਾਈਆਂ ਗਈਆਂ ਹਨ ।

      ਹੋਰ ਉਪਨਿਸ਼ਦ : ਇਹਨਾਂ ਗਿਆਰਾਂ ਪ੍ਰਧਾਨ ਉਪਨਿਸ਼ਦਾਂ ਤੋਂ ਇਲਾਵਾ ਹੋਰ ਉਪਨਿਸ਼ਦ ਵੀ ਹਨ । ਕੁਝ ਵਿਦਵਾਨਾਂ ਨੇ ਉਪਨਿਸ਼ਦਾਂ ਦੀ ਕੁੱਲ ਸੰਖਿਆ 108 , ਕੁਝ ਨੇ 179 ਤੇ ਕੁਝ ਨੇ 221 ਮੰਨੀ ਹੈ । ਬ੍ਰਹਮ , ਜੀਵ , ਜਗਤ , ਮੁਕਤੀ ਅਤੇ ਮਾਇਆ ਇਹਨਾਂ ਪੰਜ ਪ੍ਰਧਾਨ ਗੱਲਾਂ ਦੀ ਚਰਚਾ ਕਰਨ ਵਾਲਿਆਂ ਇਹਨਾਂ ਉਪਨਿਸ਼ਦਾਂ ਦਾ ਸਾਰ ਤੱਤ ‘ ਵੇਦਾਂਤ` ਕਹਿਲਾਇਆ । ਮੁਗ਼ਲ ਬਾਦਸ਼ਾਹਾਂ ਨੇ ਇਹਨਾਂ ਉਪਨਿਸ਼ਦਾਂ ਦਾ ਫ਼ਾਰਸੀ ਭਾਸ਼ਾ ਵਿੱਚ ਅਨੁਵਾਦ ਕਰਵਾਇਆ ਅਤੇ ਪੱਛਮ ਦੇ ਵਿਦਵਾਨਾਂ ਨੇ ਵੀ ਇਹਨਾਂ ਦੀ ਬਹੁਤ ਪ੍ਰਸੰਸਾ ਕੀਤੀ । ਇਹਨਾਂ ਉਪਨਿਸ਼ਦਾਂ ਵਿੱਚ ਦਿੱਤੇ ਗਏ ਗਿਆਨ ਦੇ ਕਾਰਨ ਹੀ ਸੰਸਾਰ ਭਾਰਤ ਨੂੰ ਅਧਿਆਤਮਿਕ ਗੁਰੂ ਮੰਨਦਾ ਹੈ ।


ਲੇਖਕ : ਜੈ ਪ੍ਰਕਾਸ਼,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਉਪਨਿਸ਼ਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਪਨਿਸ਼ਦ [ ਨਾਂਪੁ ] ਹਿੰਦੂ ਮਤ ਦੇ ਗ੍ਰੰਥ ਜਿੰਨ੍ਹਾਂ ਵਿੱਚ ਵਿਅਕਤੀ ਦੇ ਵਿਸ਼ਵ ਨਾਲ ਸੰਬੰਧਾਂ ਬਾਰੇ ਚਰਚਾ ਕੀਤੀ ਗਈ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਪਨਿਸ਼ਦ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Upnishad _ਉਪਨਿਸ਼ਦ : ਹਿੰਦੂ ਮਤ ਦਾ ਪਵਿਤਰ ਧਾਰਮਕ ਸਾਹਿਤ , ਜੋ ਸ਼ਰੁਤੀਆਂ ਤੇ ਆਧਾਰਤ ਹੈ , ਵਿਚ ਉਪਨਿਸ਼ਦ  ਸ਼ਾਮਲ ਹਨ । ਉਪਨਿਸ਼ਦਾਂ ਤੋਂ ਇਲਾਵਾ ਉਸ ਵਿਚ ਚਾਰ ਵੇਦ , ਛੇ ਵੇਦਾਂਗ ਵੀ ਸ਼ਾਮਲ ਕੀਤੇ ਜਾਂਦੇ ਹਨ । ਹਿੰਦੂ ਧਰਮ ਦੇ ਉੱਚਤਮ ਸਿਧਾਂਤ ਉਪਨਿਸ਼ਦਾਂ ਵਿਚ ਮਿਲਦੇ ਹਨ । ਉਪਨਿਸ਼ਦਾਂ ਦੀ ਵਡਿਆਈ ਦਾ ਜ਼ਿਕਰ  ਕਰਦਿਆਂ ਸ਼ੋਪਨਹਾਵਰ ਦਾ ਕਹਿਣਾ ਹੈ ਕਿ ਸੰਸਾਰ ਭਰ ਵਿਚ ਕੋਈ ਹੋਰ ਅਜਿਹਾ ਸਾਹਿਤ ਨਹੀਂ ਮਿਲਦਾ ਜਿਸ ਦਾ ਅਧਿਐਨ ਉਪਨਿਸ਼ਦਾਂ ਦੇ ਬਰਾਬਰ ਲਾਹੇਵੰਦ ਅਤੇ ਦੇਰਪਾ ਹੋਵੇ । ’ ’ ਉਪਨਿਸ਼ਦ ਧਰਮ ਵਿਦਿਆ ਦੇ ਗਰੰਥ ਹਨ ਅਤੇ ਉਹ ਮਾਰਗ ਦਸਦੇ ਹਨ ਜਿਸ ਤੇ ਚਲ ਕੇ ਆਦਮੀ ਆਵਾਗਵਨ ਤੋਂ ਬਚ ਸਕਦਾ ਹੈ ਅਤੇ ਮੋਕਸ਼ ਨੂੰ ਪ੍ਰਾਪਤ ਹੋ ਸਕਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਉਪਨਿਸ਼ਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

 

                ਉਪਨਿਸ਼ਦ : ਉਪਨਿਸ਼ਦ ਭਾਰਤੀ ਤੱਤ ਗਿਆਨ ਅਤੇ ਧਰਮ ਦਾ ਉਹ ਮੂਲ ਸੋਮਾ ਹਨ ਜਿਥੋਂ ਗਿਆਨ ਦੀਆਂ ਕਈ ਸ਼ਾਖਾਂ ਨਿਕਲੀਆਂ ਹਨ ਉਪਨਿਸ਼ਦ ਵੇਦ ਦੇ ਅੰਤਮ ਭਾਗ ਹਨ ਅਤੇ ਵੇਦ ਦੇ ਮੌਲਿਕ ਰਹੱਸਾਂ ਨੂੰ ਪਰਗਟ ਕਰਦੇ ਹਨ ਇਸ ਲਈ ਇਹ ਵੇਦਾਂਤ ਦੇ ਨਾਂ ਨਾਲ ਵੀ ਮਸ਼ਹੂਰ ਹਨ ਵੈਦਿਕ ਧਰਮ ਦੇ ਮੂਲ ਸਿਧਾਤਾਂ ਨੂੰ ਪਰਗਟ ਕਰਨ ਵਾਲੇ ਤਿੰਨ ਚੋਣਵੇਂ ਗ੍ਰੰਥ ਮੰਨੇ ਜਾਂਦੇ ਹਨ ਜੋ ਪ੍ਰਸਥਾਨ - ਤ੍ਰਯੀ ਕਰਕੇ ਮਸ਼ਹੂਰ ਹਨ ਇਨ੍ਹਾਂ ਵਿਚ ਉਪਨਿਸ਼ਦ ਮੁਖ ਹਨ , ਕਿਉਂਕਿ ਬਾਕੀ ਦੋਹਾਂ ਗ੍ਰੰਥਾਂ ਬ੍ਰਹਮਸੂਤਰ ਅਤੇ ਸ੍ਰੀ ਮਦਭਗਵਤ ਗੀਤਾ ਦਾ ਆਧਾਰ ਉਪਨਿਸ਼ਦਾਂ ਉਪਰ ਹੋਣ ਦੇ ਕਾਰਨ ਹੀ ਉਹ ਇੰਨੇ ਸਨਮਾਨੇ ਜਾਂਦੇ ਹਨ ਉਪਨਿਸ਼ਦਾਂ ਨੂੰ ਬਹੁਤ ਹੀ ਸੂਖਮ ਦ੍ਰਿਸ਼ਟੀ ਵਾਲੇ ਸੋਝੀਵਾਨ ਭਾਰਤੀਆਂ ਦੀ ਨਿਰਮਲ ਪ੍ਰਤਿਭਾ ਅਤੇ ਪਰਤੱਖ ਰੂਪ ਵਿਚ ਸਾਖਿਆਤ ਕੀਤੇ ਹੋਏ ਅਧਿਆਤਮ ਤਥਾਂ ਦਾ ਵਿਸ਼ਾਲ ਭੰਡਾਰ ਆਖਿਆ ਜਾ ਸਕਦਾ ਹੈ

                  ਸਤਾਰ੍ਹ ਵੀਂ ਸਦੀ ਵਿਚ ਦਾਰਾ ਸ਼ਿਕੋਹ ਨੇ ਕਈ ਉਪਨਿਸ਼ਦਾਂ ਦਾ ਮੂਲ ਸੰਸਕ੍ਰਿਤ ਵਿਚੋਂ ਫ਼ਾਰਸੀ ਵਿਚ ਅਨੁਵਾਦ ਕਰਵਾਇਆ ਸੀ ਅਤੇ 19 ਵੀਂ ਸਦੀ ਦੇ ਮੰਨੇ ਪਰਮੰਨੇ ਜਰਮਨੀ ਦੇ ਫ਼ਿਲਾਸਫ਼ਰ ਸ਼ੋਪਨਹਾਵਰ ਨੇ ਅਫ਼ਲਾਤੂਨ ਅਤੇ ਕਾਂਟ ਦੇ ਨਾਲ ਹੀ ਉਪਨਿਸ਼ਦਾਂ ਨੂੰ ਵੀ ਆਪਣੇ ਤਿੰਨ ਗੁਰੂਆਂ ਵਿਚ ਥਾਂ ਦਿੱਤੀ ਹੈ ਅਤੇ ਆਪਣੇ ਦਾਰਸ਼ਲਿਕ ਤੱਤਾਂ ਦਾ ਮਹਿਲ ਇਨ੍ਹਾਂ ਦੇ ਵਿਚਾਰਾਂ ਦੇ ਆਧਾਰ ਤੇ ਹੀ ਉਸਾਰਿਆਂ ਹੈ ਅੱਜ ਕਲ ਸਾਰੀਆਂ ਉੱਨਤ ਬੋਲੀਆਂ ਵਿਚ ਉਪਨਿਸ਼ਦਾਂ ਦੇ ਅਨੁਵਾ , ਵਿਆਖਿਆਨ , ਫ਼ਿਲਾਸਫ਼ੀ ਆਦਿ ਸੈਂਕੜਿਆਂ ਦੀ ਗਿਣਤੀ ਵਿਚ ਮਿਲਦੇ ਹਨ

                  ਉਪਨਿਸ਼ਦ = ਉਪ + ਨਿ + ਸ਼ਦ ( ਸਦ ) ਸਦੁ ਧਾਤੁ ਦੇ ਤਿੰਨ ਅਰਥ ਹੁੰਦੇ ਹਨ ਪਹਿਲਾ ਨਾਸ਼ ਹੋਣਾ , ਕਿਉਂਕਿ ਉਪਨਿਸ਼ਦ ਮੁੱਖ ਤੌਰ ਤੇ ਬ੍ਰਹਮ ਵਿੱਦਿਆ ਦਾ ਸੂਚਕ ਹੈ ਅਤੇ ਇਸ ਵਿੱਦਿਆ ਦੇ ਅਭਿਆਸ ਨਾਲ ਮੁਕਤੀ ਦੇ ਚਾਹਵਾਨ ਲੋਕਾਂ ਦੀ ਸੰਸਾਰ ਉਤਪੰਨ ਕਰਨ ਵਾਲੀ ਅਵਿੱਦਿਆ ਨਸ਼ਟ ਹੋ ਜਾਂਦੀ ਹੈ ; ਦੂਜਾ ਪਾਉਣਾ ਜਾਂ ਜਾਣਨਾ , ਕਿਉਂਕਿ ਇਸ ਰਾਹੀਂ ਬ੍ਰਹਮ ਦਾ ਗਿਆਨ ਹੁੰਦਾ ਹੈ ; ਅਤੇ ਤੀਜਾ ਸਿਥਲ ਹੋਣਾ , ਕਿਉਂਜੋ ਇਸ ਨਾਲ ਮਨੁੱਖਤਾ ਦੇ ਗਰਭਵਾਸ ਆਦਿ ਸੰਸਾਰਿਕ ਦੁਖ ਬਿਲਕੁਲ ਖ਼ਤਮ ਹੋ ਜਾਂਦੇ ਹਨ ਗੌਣ ਰੂਪ ਵਿਚ ਉਪਨਿਸ਼ਦ ਨੂੰ ਬ੍ਰਹਮ ਵਿੱਦਿਆ ਬਿਆਨ ਕਰਨ ਵਾਲੀਆਂ ਪੁਸਤਕ ਦਾ ਪ੍ਰਤੀਨਿਧ ਮੰਨਿਆ ਜਾਂਦਾ ਹੈ । ਇੰਜ ਉਪਨਿਸ਼ਦ ਤੱਤ ਦੀ ਵਿਆਖਿਆ ਕਰਨ ਵਾਲੀਆਂ ਉਹ ਪੁਸਤਕਾਂ ਹਨ ਜਿਨ੍ਹਾਂ ਦੇ ਅਭਿਆਸ ਨਾਲ ਮਨੁੱਖ ਨੂੰ ਬ੍ਰਹਮ ਜਾਂ ਪਰਮਾਤਮਾ ਦਾ ਸਾਖਿਆਤ ਅਨੁਭਵ ਹੁੰਦਾ ਹੈ

                  ਉਪਨਿਸ਼ਦਾਂ ਦੀ ਕੁਲ ਗਿਣਤੀ ਬਾਰੇ ਮਤਭੇਦ ਹੈ ਮੁਕਤਿਕ ਉਪਨਿਸ਼ਦ ’ ( ਪਹਿਲਾ ਅਧਿਆਇ ) ਵਿਚ ਉਪਨਿਸ਼ਦਾਂ ਦੀ ਕੁਲ ਗਿਣਤੀ 108 ਦੱਸੀ ਗਈ ਹੈ ਜਿਨ੍ਹਾਂ ਵਿਚੋਂ 10 ਰਿਗਵੇਦ ਨਾਲ , 19 ਸ਼ੁਕਲ ਯਜੁਰਵੇਦ ਨਾਲ , 32 ਕ੍ਰਿਸ਼ਨ ਯਜੁਰਵੇਦ ਨਾਲ 16 ਸਾਮਵੇਦ ਨਾਲ ਅਤੇ 31 ਅਥਰਵਵੇਦ ਨਾਲ ਸਬੰਧਤ ਹਨ ਨਾਰਾਇਣ , ਨਰਸਿੰਘ , ਰਾਮਤਾਪਨੀ ਅਤੇ ਗੋਪਾਲ ਇੰਨ੍ਹਾਂ ਚਾਰ ਉਪਨਿਸ਼ਦਾਂ ਦੇ ਪਹਿਲੇ ਅਤੇ ਪਿਛਲੇ ਵੱਖ - ਵੱਖ ਦੋ ਦੋ ਹਿੱਸੇ ਹਨ ਇਸ ਤਰ੍ਹਾਂ ਉਪਨਿਸ਼ਦਾਂ ਦੀ ਕੁਲ ਗਿਣਤੀ 112 ਹੈ

                  ਅਡੀਆਰ ਲਾਇਬ੍ਰੇਰੀ ਮਦਰਾਸ ਨੇ ਲਗਭਗ 60 ਨਵੇਂ ਉਪਨਿਸ਼ਦਾਂ ਦਾ ਇਕ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਹੈ ਜਿਸ ਵਿਚ ਛਾਂਗਲੇਯ , ਵਾਸ਼ਕਲ , ਆਰਸ਼ੇਯ ਅਤੇ ਸ਼ੌਨਕ ਨਾਂ ਦੇ ਚਾਰ ਉਪਨਿਸ਼ਦ ਵੀ ਸ਼ਾਮਲ ਕੀਤੇ ਗਏ ਹਨ ਇਨ੍ਹਾਂ ਦਾ ਦਾਰਾ ਸ਼ਿਕੋਹ ਦੀ ਪਰੇਰਨਾ ਨਾਲ ਫ਼ਾਰਸੀ ਵਿਚ ਅਨੁਵਾਦ ਹੋਇਆ ਸੀ ਵਿਸ਼ੇ ਦੀ ਗੰਭੀਰਤਾ ਅਤੇ ਵਿਚਾਰਾਂ ਦੀ ਡੂੰਘਾਈ ਦੇ ਕਾਰਨ 13 ਉਪਨਿਸ਼ਦ ਪ੍ਰਾਚੀਨ ਹਨ ਅਤੇ ਖ਼ਾਸ ਤੌਰ ਤੇ ਪਰਮਾਣੀਕ ਮੰਨੇ ਜਾਂਦੇ ਹਨ ਈਸ਼ , ਕੇਨ , ਕਠ , ਪ੍ਰਸ਼ਨ , ਮੁੰਡਕ , ਮਾਂਡੂਕਯ , ਤੈਤੀਰੀਯ , ਐਤਰੇਯ , ਛਾਂਦੋਗਯ , ਬ੍ਰਿਹਦ - ਅਰਣਯਕ , ਇਨ੍ਹਾਂ ਦਸਾਂ ਉਪਰ ਹੀ ਸ਼ੰਕਰ - ਆਚਾਰੀਆ ਨੇ ਆਪਣੇ ਭਾਸ਼ ਲਿਖੇ ਇਸ ਤੋਂ ਇਲਾਵਾ ਸਵੈਤਾਸ਼ਵਤਰ , ਕੌਸ਼ੀਤਕੀ , ਅਤੇ ਮੈਤ੍ਰਾਯਨੀ ਉਪਨਿਸ਼ਦ ਸ਼ੰਕਰ ਜੀ ਵਲੋਂ ਪਰਮਾਣੀਕ ਮੰਨੇ ਜਾਣ ਕਰਕੇ ਅਤੇ ਸ਼ਾਰੀਰਕ ਭਾਸ਼ ਵਿਚ ਜਿਉਂ ਦੇ ਤਿਉਂ ਸ਼ਾਮਲ ਕਰਨ ਕਰਕੇ ਹੀ ਪਰਮਾਣੀਕ ਮੰਨੇ ਜਾਂਦੇ ਹਨ ਦੂਜੇ ਉਪਨਿਸ਼ਦਾਂ ਦੇ ਵਿਸ਼ੇ ਦੇਵਤਿਆਂ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਨੂੰ ਤਾਂਤਰਿਕ ਮੰਨਿਆ ਜਾ ਸਕਦਾ ਹੈ ਅਜਿਹੇ ਉਪਨਿਸ਼ਦਾਂ ਵਿਚ ਸ਼ੈਵ , ਸ਼ਾਕਤ , ਵੈਸ਼ਨਵ ਅਤੇ ਯੋਗ ਦੇ ਵਿਸ਼ਿਆਂ ਵਾਲੇ ਉਪਨਿਸ਼ਦ ਬਹੁਤੀ ਗਿਣਤੀ ਵਿਚ ਹਨ ਰਚਨਾ ਦੇ ਪੱਖ ਤੋਂ ਕੁਝ ਉਪਨਿਸ਼ਦ ਵਾਰਤਕ ਵਿਚ , ਕੁਝ ਕਵਿਤਾ ਵਿਚ ਅਤੇ ਕੁਝ ਵਾਰਤਕ ਅਤੇ ਕਵਿਤਾ ਦੋਹਾਂ ਵਿਚ ਹਨ

                  ਉਪਨਿਸ਼ਦਾਂ ਦੇ ਕਾਲਕ੍ਰਮ , ਵਿਕਾਸ ਅਤੇ ਪਰਸਪਰ ਸਬੰਧਾਂ ਨੂੰ ਸਪਸ਼ਟ ਕਰਲ ਲਈ ਕਈ ਵਿਦਵਾਨਾਂ ਨੇ ਡੂੰਘੀ ਛਾਣ ਬੀਨ ਕੀਤੀ ਹੈ ਇਨ੍ਹਾਂ ਵਿਦਵਾਨਾਂ ਵਿਚੋਂ ਜਰਮਨ ਵਿਦਵਾਨ ਡਾਕਟਰ ਡਾਸਨ , ਭਾਰਤੀ ਵਿਦਵਾਨ ਡਾਕਟਰ ਬੈਲਵੇਲਕਰ ਅਤੇ ਰਾਨਡੇ ਦੇ ਨਾਂ ਖ਼ਾਸ ਤੌਰ ਤੇ ਵਰਣਨ ਯੋਗ ਹਨ ਡਾਕਟਰ ਡਾਊਸਨ ਨੇ ਉਪਨਿਸ਼ਦਾਂ ਦੇ ਵਿਕਾਸ ਦੀ ਤਰਤੀਬ ਵਿਚ ਚਾਰ ਸਟੇਜਾਂ ਦਾ ਪਤਾ ਲਾਇਆ ਹੈ – ( 1 ) ਗਦ ਵਿਚ ਲਿਖੇ ਉਪਨਿਸ਼ਦ ਜਿਨ੍ਹਾਂ ਦੀ ਗਦ ਬ੍ਰਾਹਮਣਾਂ ਦੀ ਗਦ ਵਾਂਗ ਸਰਲ , ਸੰਖੇਪ ਅਤੇ ਪ੍ਰਾਚੀਨ ਹੈ ਬ੍ਰਿਹਦਅਰਣਯਕ , ਛਾਂਦੋਗਯ , ਤੈਤਿਰੀਯ , ਐਤਰੇਯ , ਕੌਸ਼ੀਤਕੀ ਅਤੇ ਕੇਨ ; ( 2 ) ਕਵਿਤਾ ਵਿਚ ਲਿਖੇ ਉਪਨਿਸ਼ਦ ਜਿਨ੍ਹਾਂ ਦੀ ਕਵਿਤਾ ਵੇਦਿਕ ਮੰਤਰਾਂ ਵਾਂਗ ਸਰਲ , ਪ੍ਰਾਚੀਨ ਅਤੇ ਚੰਗੀ ਤਰ੍ਹਾਂ ਸਮਝੀ ਜਾਣ ਵਾਲੀ ਹੈ ਕੱਠ , ਈਸ਼ , ਸ਼ਵੇਤਾਸ਼ਵਤਰ ਅਤੇ ਮਹਾਨਾਰਾਇਣ ; ( 3 ) ਮੱਧਲੇ ਗਦ ਵਿਚ ਲਿਖੇ ਉਪਨਿਸ਼ਦ - ਪ੍ਰਸ਼ਨ , ਮੈਤਰੀ ( ਮੈਤ੍ਰਾਯਣੀ ) ਅਤੇ ਮਾਂਡੂਕਯ ; ( 4 ) ਆਥਰਵਣ ਉਪਨਿਸ਼ਦ - ਬ੍ਰਹਿਮ ਵਿੱਦਿਆ , ਯੋਗਤੱਤਵ , ਆਤਮਬੋਧ ਆਦਿ ਕਈ ਮੱਧ ਕਾਲ ਦੇ ਉਪਨਿਸ਼ਦਾਂ ਦੀ ਗਿਣਤੀ ਇਨ੍ਹਾਂ ਵਿਚ ਹੁੰਦੀ ਹੈ

                  ਡਾਕਟਰ ਬੈਲਵੇਲਕਰ ਅਤੇ ਰਾਨਡੇ ਨੇ ਉਪਨਿਸ਼ਦਾਂ ਦੀ ਵੰਡ ਲਈ ਇਕ ਨਵਾਂ ਢੰਗ ਲੱਭਿਆ ਹੈ ਭਾਸ਼ਾ ਅਤੇ ਵਿਸ਼ੇ - ਵਸਤੂ ਦੇ ਪੱਖੋਂ ਉਪਨਿਸ਼ਦਾਂ ਨੂੰ ਤਿੰਨਾਂ   ਸ਼ਰੇਣੀਆਂ ਵਿਚ ਵੰਡਣਾ ਠੀਕ ਜਾਪਦਾ ਹੈ – ( 1 ) ਬਹੁਤ ਹੀ ਪ੍ਰਾਚੀਨ ਸ਼ਰੇਣੀ ਜਿਸ ਵਿਚ ਛਾਂਦੋਗਯ , ਬ੍ਰਿਹਦਅਰਣਯਕ , ਈਸ਼ , ਤੈਤਿਰੀਯ , ਐਤਰੇਯ , ਪ੍ਰਸ਼ਨ , ਮੁੰਡਕ ਅਤੇ ਮਾਂਡੂਕਯ ਗਿਦੇ ਜਾ ਸਕਦੇ ਹਨ ਜੋ ਵੇਦਾਂ ਦੇ ਆਰਣਯਕਾਂ ਦੇ ਅੰਸ਼ ਹੋਣ ਕਰਕੇ ਨਿਰਸੰਦੇਹ ਪ੍ਰਾਚੀਨ ਹਨ ; ( 2 ) ਮੱਧ ਕਾਲੀਨ ਸ਼ਵੇਤਾਸ਼ਵਤਰ , ਕੌਸ਼ੀਤਕੀ ਅਤੇ ਮੈਤਰੀ ਇਨ੍ਹਾਂ ਦੋਹਾਂ ਦੇ ਵਿਚਕਾਰ ਭਾਵ ਤੀਜੀ ਸ਼ਰੇਣੀ ਵਿਚ ਕਠ ਉਪਨਿਸ਼ਦਾਂ ਨੂੰ ਰੱਖਣਾ ਠੀਕ ਹੈ ਉਪਨਿਸ਼ਦਾਂ ਦੀ ਭੂਗੋਲਿਕ ਸਥਿਤੀ ਮਧਦੇਸ਼ ਦੇ ਕੁਰੂ ਪਾਂਚਾਲ ਤੋਂ ਲੈ ਕੇ ਵਿਦੇਹ ( ਮਿਥਿਲਾ ) ਤਕ ਫੈਲੀ ਹੋਈ ਹੈ ਉਪਨਿਸ਼ਦ ਦੇ ਸਮੇਂ ਦਾ ਆਰੰਭ ਬੁੱਧ ਤੋਂ ਕਾਫ਼ੀ ਪਹਿਲਾਂ ਹੋਇਆ ਹੈ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਜੀਵ , ਜਗਤ ਅਤੇ ਈਸ਼ਵਰ ਬਾਰੇ ਬਿਲਕੁਲ ਨਵੇਂ ਵਿਚਾਰ ਪੇਸ਼ ਕੀਤੇ ਹਨ ਬ੍ਰਹਮ ਜਾਂ ਪਰਮਾਤਮਾ ਦਾ ਸਾਕਾਰ ਦਰਸ਼ਨ ਹੀ ਸਾਧਨ ਕਰਨ ਵਾਲੇ ਜੀਵ ਦਾ ਅਸਲੀ ਨਿਸ਼ਾਨਾ ਹੈ ਅਧਿਆਤਮਵੇਤਾ ਰਿਸ਼ੀਆਂ ਨੇ ਇਸ ਬਹੁ - ਰੰਗੀ , ਸਦਾ ਬਦਲਦੇ ਰਹਿਣ ਵਾਲੇ , ਨਾਸ਼ਵਾਨ ਜਗਤ ਦੇ ਮੂਲ ਵਿਚ ਮੌਜੂਦ ਅਟੱਲ ਸ਼ਕਤੀਵਾਨ ਪਦਾਰਥ ਦੀ ਖੋਜ ਤਾਤਵਿਕ ਪੱਖ ਤੋਂ ਕੀਤੀ ਇਹ ਮੌਲਿਕ ਤੱਤ ਬ੍ਰਹਮ ਸ਼ਬਦ ਰਾਹੀਂ ਪੇਸ਼ ਕੀਤਾ ਜਾਂਦਾ ਹੈ ਬ੍ਰਹਮ ਦੇ ਦੋ ਰੂਪ ਹਨ – 1. ਸਰਗੁਣ ਰੂਪ ਅਤੇ 2. ਨਿਰਗੁਣ ਰੂਪ ਪਹਿਲੇ ਰੂਪ ਨੂੰ ਅਪਰਬ੍ਰਹਮ ’ ( ਜਾਂ ਈਸ਼ਵਰ ) ਅਤੇ ਦੂਜੇ ਨੂੰ ਪਾਰਬ੍ਰਹਮ ਕਹਿੰਦੇ ਹਨ ਸਰਗੁਣ ਬ੍ਰਹਮ ਲਈ ਪੁਲਿੰਗ ਵਿਸ਼ੇਸ਼ਨਾ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਸਰਵਕਰਮ , ਸਰਵ ਕਾਮਹਿ , ਸਰਵਗੰਧ , ਸਰਵਰਸਹਿ ਆਦਿ ਨਿਰਗੁਣ ਬ੍ਰਹਮ ਲਈ ਨਿਪੁੰਸਕ ਲਿੰਗੀ ਨਿਖੇਧਾਤਮਕ ਵਿਸ਼ੇਸ਼ਣ ਵਰਤੇ ਗਏ ਹਨ , ਜਿਵੇਂ ਬ੍ਰਿਹਦਾਰਣਯਕ ( 3/8/8 ) ਵਿਚ ਗਾਰਗੀ ਨੂੰ ਉਪਦੇਸ਼ ਦਿੰਦੇ ਸਮੇਂ ਉਹਨੂੰ ਅਵਿਨਾਸ਼ੀ ਬ੍ਰਹਮ ਅਸਥੂਲੰ , ਅਨਣੁ ( ਅਤਿ ਸੂਖਮ ) ਅਹ ੍ਰ ਸਵੰ , ਅਦੀਰਘੰ , ਅਸਨੇਹੰ , ਅੱਛਾਯੰ ਆਦਿ ਵਿਸ਼ੇਸ਼ਣਾਂ ਨਾਲ ਬਿਆਨ ਕੀਤਾ ਹੈ ਨੇਤਿ ਨੇਤਿ ਦਾ ਇਹੋ ਭਾਵ ਹੈ ਕਿ ਉਹ ਪਾਰਬ੍ਰਹਮ ਮਨਫ਼ੀ ਤਰੀਕੇ ਨਾਲ ਹੀ ਬਿਆਨ ਕੀਤਾ ਜਾ ਸਕਦਾ ਹੈ ਉਪਨਿਸ਼ਦ ਅਨੁਸਾਰ ਇਸ ਵਿਸ਼ਵ ਵਿਚ ਅਦ੍ਵੈਤ ਸੱਤਾ ਹੀ ਪੂਰੀ ਤਰ੍ਹਾਂ ਵਰਤਮਾਨ ਹੈ ਅਤੇ ਉਸ ਤੱਤ ਨੁੰ ਛੱਡ ਕੇ ਬਹੁਰੰਗੇ ਜਗਤ ਦੀ ਬਿਲਕੁਲ ਹੋਂਦ ਨਹੀਂ ਹੈ ( नेहनानस्ति किञ्चन ) ਆਤਮਾ ਅਤੇ ਪਾਰਬ੍ਰਹਮ ਵਿਚ ਪੂਰਨ ਏਕਤਾ ਹੈ ਅਤੇ ਇਸ ਏਕਤਾ ਨੂੰ ਪੇਸ਼ ਕਰਨ ਵਾਲਾ ਮਹਾਨ ਮੰਤਰ ਹੈ ਤੱਤਵਮਸੀ ( त्तवमसि ) ਜਿਸਨੂੰ ਆਰੁਣੀ ਨੇ ਆਪਣੇ ਪੁੱਤਰ ਸ਼ਵੇਤਕੇਤੂ ਨੂੰ ਕਈ ਕਿਸਮ ਦੀਆਂ ਮਿਸਾਲਾਂ ਦੇ ਕੇ ਵਿਵਹਾਰਿਕ ਰੂਪ ਵਿਚ ਸਮਝਾਇਆ ਸੀ ( ਛਾਂਦੋਗਯ ) ਕੇਨਉਪਨਿਸ਼ਦ ( 1/5 ) ਨੇ ਪਰਪੰਚ ਰਹਿਤ ਬ੍ਰਹਮ ਦਾ ਬੜਾ ਹੀ ਸਜੀਵ ਵਰਣਨ ਕੀਤਾ ਹੈ – – ‘ ‘ ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਪਰ ਜਿਸਦੀ ਸ਼ਕਤੀ ਨਾਲ ਜ਼ਬਾਨ ਬੋਲਦੀ ਹੈ , ਉਹਨੂੰ ਹੀ ਬ੍ਰਹਮ ਜਾਣੋ , ਇਹ ਨਹੀਂ , ਜਿਸਦੀ ਤੁਸੀਂ ਉਪਾਸ਼ਨਾ ਕਰਦੇ ਹੋ – – यद् वाचाऽनभ्युदितं येन वागम्युघते

                    तरेव ब्रहा त्वं विद्धि नेदं यदिदमुपासते

                  ਇਸ ਪਾਰਬ੍ਰਹਮ ਦਾ ਪਰਤੱਖ ਅਨੁਭਵ ਉਪਨਿਸ਼ਦਾਂ ਦਾ ਉਦੇਸ਼ ਹੈ ਬ੍ਰਹਮ ਦਾ ਗਿਆਨ ਯੋਗ ਦੇ ਸਾਧਨਾਂ ਰਾਹੀਂ ਚੰਗੀ ਤਰ੍ਹਾਂ ਹੋ ਸਕਦਾ ਹੈ ਅਤੇ ਤਦ ਹੀ ਸਾਧਕ ਮਹਾ ਆਨੰਦ ਦਾ ਅਨੁਭਵ ਕਰਕੇ ਆਪਣੇ ਜੀਵਨ ਨੂੰ ਸਫ਼ਲ ਬਣਾਉਂਦਾ ਹੈ ਇਹੋ ਹੀ ਰਹੱਸਵਾਦ ਉਪਨਿਸ਼ਦਾਂ ਦੀ ਜਿੰਦ ਜਾਨ ਹੈ ਅਤੇ ਦੂਜੇ ਸਿਧਾਂਤ ਸਾਧਨ ਮਾਤਰ ਹਨ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-09, ਹਵਾਲੇ/ਟਿੱਪਣੀਆਂ: no

ਉਪਨਿਸ਼ਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਪਨਿਸ਼ਦ : ਵੇਖੋ ‘ ਵੈਦਿਕ ਸਾਹਿੱਤ’

ਵੈਦਿਕ ਸਾਹਿੱਤ : ਵੈਦਿਕ ਸਾਹਿੱਤ ਤੋਂ ਭਾਵ ਹੈ ਉਹ ਪ੍ਰਾਚੀਨ ਸਾਹਿੱਤ ਜਿਸ ਵਿਚ ਵੇਦ ਜਾਂ ਵੇਦਾਂ ਨਾਲ ਸੰਬੰਧਿਤ ਵਿਚਾਰਧਾਰਾ ਦਾ ਵਿਸ਼ਲੇਸ਼ਣ ਸ਼ਾਮਲ ਹੋਵੇ । ‘ ਵੇਦ’ ਸ਼ਬਦ ਸੰਸਕ੍ਰਿਤ ਦੀ ‘ ਵਿਦੑ’ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ– – ਉਤਮ ਜਾਂ ਧਾਰਮਿਕ ਗਿਆਨ । ਭਾਰਤ ਵਰਸ਼ ਬੜੀ ਪੁਰਾਣੀ ਸੰਸਕ੍ਰਿਤੀ ਅਤੇ ਸਭਿਅਤਾ ਵਾਲਾ ਦੇਸ਼ ਹੈ । ਮਨੁੱਖਤਾ ਵਿਚ ਜਦੋਂ ਚੇਤਨਾ ਦਾ ਵਿਕਾਸ ਹੋਇਆ ਤਾਂ ਭਾਰਤ ਦੇ ਪ੍ਰਾਚੀਨ ਨਿਵਾਸੀ ਕੁਦਰਤ ਦੀ ਰਮਣੀਕਤਾ ਨੂੰ ਗਾਉਣ ਲੱਗ ਗਏ ਅਤੇ ਕੁਦਰਤੀ ਸ਼ਕਤੀਆਂ ਦੀ ਦੇਵਤਿਆਂ ਦੇ ਰੂਪ ਵਿਚ ਕਲਪਨਾ ਕਰਕੇ ਉਨ੍ਹਾਂ ਦੀ ਉਸਤਤ ਗੀਤਾਂ ਵਿਚ ਕਰਨ ਲੱਗੇ । ਇਹ ਗੀਤ ਜੀਵਨ ਅਤੇ ਜਗਤ ਸੰਬੰਧੀ ਭਾਰਤੀ ਚਿੰਤਨ ਦੇ ਪ੍ਰਾਚੀਨਤਮ ਪ੍ਰਤੀਕ ਹਨ । ਇਨ੍ਹਾਂ ਗੀਤਾਂ ਨੂੰ ਮੰਤ੍ਰ ਕਿਹਾ ਜਾਂਦਾ ਹੈ । ਇਨ੍ਹਾਂ ਮੰਤ੍ਰਾਂ ਦੇ ਸੰਗ੍ਰਹਿ ਨੂੰ ਸੰਹਿਤਾ ( ਵੇਦ ) ਆਖਦੇ ਹਨ । ਇਹ ਵੇਦ ਭਾਰਤੀ ਵਿਸ਼ਵਾਸਾਂ ਅਤੇ ਵਿਚਾਰਾਂ ਦਾ ਮੂਲਾਧਾਰ ਹਨ । ਇਨ੍ਹਾਂ ਤੋਂ ਹੀ ਬਾਅਦ ਵਿਚ ਦਾਰਸ਼ਨਿਕ ਪ੍ਰਣਾਲੀਆਂ ਦਾ ਵਿਕਾਸ ਹੋਇਆ ਹੈ । ਹਿੰਦੂ ਧਰਮ ਦਾ ਮੂਲ ਆਧਾਰ ਵੀ ਇਹ ਵੇਦ ਹੀ ਹਨ । ਇਹ ਵੇਦ ਕੁਰਾਨ , ਬਾਈਬਲ , ਤ੍ਰਿਪਿਟਕ ਵਾਂਗ ਕੋਈ ਇਕ ਗ੍ਰੰਥ ਨਹੀਂ , ਸਗੋਂ ਹਜ਼ਾਰਾਂ ਸਾਲਾਂ ਦੀ ਇਕ ਦੀਰਘ ਸਾਹਿਤਿਕ ਪਰੰਪਰਾ ਹੈ ਜਿਸ ਵਿਚ ਇਤਿਹਾਸ ਯੁੱਗ ਤੋਂ ਪੂਰਬਲੀ ਸਾਰੀ ਵਿਚਾਰ ਅਤੇ ਭਾਵ ਸਾਮੱਗਰੀ ਸਾਡੇ ਤਕ ਪਹਿਲਾਂ ਮੌਖਿਕ ਰੂਪ ਵਿਚ ਪ੍ਰਵਾਹਮਾਨ ਰਹੀ ਹੈ । ਇਸਿ ਵਿਚ ਪ੍ਰਾਚੀਨ ਰਿਸ਼ੀਆਂ ਦੇ ਅਨੁਭਵ ਅਤੇ ਚਿੰਤਨ ਨੂੰ ਸੁਰੱਖਿਅਤ ਕੀਤਾ ਗਿਆ ਹੈ । ਗੀਤਾਂ ( ਮੰਤ੍ਰਾਂ ) ਤੋਂ ਇਲਾਵਾ ਇਸ ਸਾਹਿੱਤ ਵਿਚ ਯੱਗ ਸੰਬੰਧੀ ਕਰਮ– ਕਾਂਡ , ਉਪਾਸਨਾ– ਵਿਧੀਆਂ ਅਤੇ ਦਾਰਸ਼ਨਿਕ ਜਿਗਿਆਸਾਵਾਂ ਵੀ ਸ਼ਾਮਲ ਕੀਤੀਆਂ ਜਾਂਦੀਆਂ ਹਨ । ਇਸ ਤਰ੍ਹਾਂ ਵੇਦ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਅਤੇ ਸਭਿਅਤਾ ਦਾ ਗੌਰਵਮਈ ਖ਼ਜ਼ਾਨਾ ਹੈ । ਜਰਮਨ ਵਿਦਵਾਨ ਡਾ. ਵਿੰਟਰਨਿਟਜ਼ ਨੇ ਇਸੇ ਲਈ ਕਿਹਾ ਹੈ ਕਿ ਜੋ ਮਨੁੱਖ ਵੈਦਿਕ ਸਾਹਿੱਤ ਨੂੰ ਸਮਝਣ ਵਿਚ ਅਸਮਰੱਥ ਰਹਿੰਦਾ ਹੈ , ਉਹ ਭਾਰਤੀ ਸੰਸਕ੍ਰਿਤੀ ਨੂੰ ਨਹੀਂ ਸਮਝ ਸਕਦਾ । ਇਹ ਸਾਹਿੱਤ ਤੋਂ ਅਣਜਾਣ ਵਿਅਕਤੀ ਬੌਧੀ ਸਾਹਿੱਤ ਨੂੰ ਵੀ ਸਮਝਣ ਦੇ ਸਮਰਥ ਨਹੀਂ ਹੋ ਸਕਦਾ । ਸੱਚਮੁੱਚ ਭਾਰਤੀ– ਯੂਰਪੀ ਸੰਸਕ੍ਰਿਤੀ ਦਾ ਇਕ ਵੱਡਮੁਲਾ ਅਤੇ ਪ੍ਰਾਚੀਨ ਖ਼ਜ਼ਾਨਾ ਵੈਦਿਕ ਸਾਹਿੱਤ ਵਿਚ ਪਿਆ ਹੈ ।

                  ਵਿਕਾਸ ਕ੍ਰਮ ਅਤੇ ਸਰੂਪ ਵਿਭਿੰਨਤਾ ਦੀ ਦ੍ਰਿਸ਼ਟੀ ਤੋਂ ਇਸ ਸਾਰੀ ਸਾਹਿਤਿਕ ਪਰੰਪਰਾ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ– – ਸੰਹਿਤਾ , ਬ੍ਰਾਹਮਣ , ਆਰਣੑਯਕ ਅਤੇ ਉਪਨਿਸ਼ਦ । ਇਹ ਵਰਗੀਕਰਣ ਬੜਾ ਸਥੂਲ ਜਿਹਾ ਹੈ ਕਿਉਂਕਿ ਇਨ੍ਹਾਂ ਚੌਹਾਂ ਵਰਗਾਂ ਦੀ ਸਾਮੱਗਰੀ ਕਈ ਥਾਂਵਾਂ ਤੇ ਆਪਸ ਵਿਚ ਰਲਦੀ ਮਿਲਦੀ ਹੈ ।

                  ਸੰਹਿਤਾ ( ਵੇਦ ) : ਵੇਦਾਂ ਨੂੰ ‘ ਸੰਹਿਤਾ’ ਕਿਹਾ ਜਾਂਦਾ ਹੈ ਜਿਸ ਦਾ ਭਾਵ ਹੈ ਸਮੁੱਚ ਜਾਂ ਸੰਗ੍ਰਹਿ । ਪਰ ਪਰਿਭਾਸ਼ਕ ਅਰਥ ਵਿਚ ਉਨ੍ਹਾਂ ਮੰਤ੍ਰਾਂ , ਉਸਤਤਾਂ , ਤੰਤ੍ਰਾਂ , ਯੱਗ ਸੰਬੰਧੀ ਕਰਮ– ਵਿਧੀਆਂ ਦੇ ਸੰਗ੍ਰਹਿ ਨੂੰ ਸੰਹਿਤਾ ਦਾ ਨਾਂ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਰਚਨਾ ਵੈਦਿਕ ਕਵੀਆਂ ਅਤੇ ਪਰੋਹਿਤਾਂ ਨੇ ਕੀਤੀ ਸੀ । ਇਹ ਮੰਤ੍ਰ , ਉਸਤਤਾਂ ਆਦਿ ਬੜੇ ਲੰਮੇ ਸਮੇਂ ਤੋ ਲੋਕ ਜੀਵਨ ਵਿਚ ਪ੍ਰਚੱਲਿਤ ਹੋ ਗਏ ਹੋਣਗੇ ਜਿਨ੍ਹਾਂ ਨੂੰ ਬਾਅਦ ਵਿਚ ਰਿਸ਼ੀਆਂ ਨੇ ਵਿਵਸਥਿਤ ਰੂਪ ਵਿਚ ਸੰਕਲਿਤ ਕਰ ਦਿੱਤਾ । ਇਸ ਲਈ ਸੰਹਿਤਾ ਉਹ ਗ੍ਰੰਥ ਸਿੱਧ ਹੁੰਦੇ ਹਨ ਜਿਨ੍ਹਾਂ ਵਿਚ ਲੋਕ ਜੀਵਨ ਵਿਚ ਪ੍ਰਚੱਲਿਤ ਮੰਤ੍ਰਾਂ , ਉਸਤਤਾਂ ਆਦਿ ਨੂੰ ਦਰਜ ਕਰਕੇ ਇਕ ਵਿਵਸਥਿਤ ਰੂਪ ਦਿੱਤਾ ਗਿਆ । ਅਜਿਹਾ ਕਦ ਹੋਇਆ , ਇਸ ਸੰਬੰਧ ਵਿਚ ਵਿਦਵਾਨਾਂ ਵਿਚ ਮੱਤ– ਭੇਦ ਹੈ । ਪੱਛਮੀ ਵਿਦਵਾਨ ਸੰਹਿਤਾ ਗ੍ਰੰਥਾਂ ਦੀ ਰਚਨਾ ਈਸਾ ਤੋਂ ਲਗਭਗ ਦੋ ਹਜ਼ਾਰ ਵਰ੍ਹੇ ਪਹਿਲਾਂ ਹੋਈ ਦੱਸਦੇ ਹਨ ਅਤੇ ਭਾਰਤੀ ਵਿਦਵਾਨ ਦਸ ਹਜ਼ਾਰ ਵਰ੍ਹੇ ਪਹਿਲਾਂ । ਫਿਰ ਵੀ ਵੇਦ ( ਸੰਹਿਤਾ ਗ੍ਰੰਥ ) ਬਹੁਤ ਪ੍ਰਾਚੀਨ ਅਤੇ ਸੰਸਾਰ ਸਾਹਿੱਤ ਦੀਆਂ ਸਭ ਤੋਂ ਪੁਰਾਣੀਆਂ ਉਪਲਬਧ ਰਚਨਾਵਾਂ ਹਨ । ਇਹ ਸੰਹਿਤਾ ਗਿਣਤੀ ਵਿਚ ਚਾਰ ਹਨ– – ਰਿਗ , ਯਜੁਰ , ਸਾਮ ਅਤੇ ਅਥਰਵ । ਇਨ੍ਹਾਂ ਦੀ ਪ੍ਰਾਚੀਨਤਾ ਵੀ ਇਸੇ ਕ੍ਰਮ ਨਾਲ ਹੈ ।

                  ‘ ਰਿਗਵੇਦ’ ਸਭ ਨਾਲੋਂ ਪੁਰਾਣਾ ਅਤੇ ਮਹੱਤਵਪੂਰਣ ਸੰਹਿਤਾ ਹੈ । ਇਸ ਦਾ ਨਾਂ ਰਿਗ ਇਸ ਲਈ ਹੈ ਕਿਉਂਕਿ ਇਸ ਵਿਚ ਰਿਚਾਵਾਂ ( ਮੰਤ੍ਰਾਂ ) ਦਾ ਸੰਗ੍ਰਹਿ ਹੈ । ਭਾਰਤੀ ਧਰਮ ਸਾਧਨਾ ਅਤੇ ਸਾਹਿੱਤ ਦਾ ਮੁੱਢਲਾ ਰੂਪ ਇਸੇ ਵਿਚ ਵੇਖਿਆ ਜਾ ਸਕਦਾ ਹੈ । ਪ੍ਰਾਚੀਨ ਰਿਖੀਆਂ ਨੇ ਆਪਣਾ ਅਨੁਭਵ ਗੀਤਾਂ ( ਮੰਤ੍ਰਾਂ ) ਵਿਚ ਪ੍ਰਗਟ ਕੀਤਾ ਹੈ । ਇਨ੍ਹਾਂ ਮੰਤ੍ਰਾਂ ਦੀ ਭਾਸ਼ਾ ਵਿਚ ਸਮਾਨਤਾ ਨਹੀਂ ਹੈ ਜਿਸ ਕਰਕੇ ਇਹ ਵੇਦ ਕਿਸੇ ਇਕ ਰਿਸ਼ੀ ਦੀ ਰਚਨਾ ਨਹੀਂ , ਅਨੇਕ ਰਿਸ਼ੀਆਂ ਦੇ ਰਚੇ ਮੰਤ੍ਰਾਂ ਦਾ ਸੰਗ੍ਰਹਿ ਹੈ । ਇਨ੍ਹਾਂ ਦੀ ਗਿਣਤੀ ਦਸ ਹਜ਼ਾਰ ਹੈ । ਇਨ੍ਹਾਂ ਮੰਤ੍ਰਾਂ ਦੇ ਸਮੂਹ ਨੂੰ ‘ ਸੂਕਤ’ ਕਿਹਾ ਜਾਂਦਾ ਹੈ ਜੋ ਕੁਲ 1028 ਹਨ । ਸਾਰਾ ਵੇਦ ਦਸ ਮੰਡਲਾਂ ਵਿਚ ਵੰਡਿਆ ਹੋਇਆ ਹੈ । ਇਸ ਦੇ ਪੂਰਬ ਭਾਗ ਵਿਚ ਬਹੁਤੇ ਮੰਤ੍ਰ ਪ੍ਰਕ੍ਰਿਤੀ ਦੀ ਉਸਤਤ ਨਾਲ ਸੰਬੰਧਿਤ ਹਨ । ਪ੍ਰਕ੍ਰਿਤੀ ਦੀਆਂ ਪ੍ਰਮੁੱਖ ਸ਼ਕਤੀਆਂ ਨੂੰ ਦੇਖਤਾ ਰੂਪ ਵਿਚ ਕਲਪਨਾ ਕਰਕੇ ਉਨ੍ਹਾਂ ਦੀ ਉਸਤਤ ਕੀਤੀ ਗਈ ਹੈ , ਜਿਵੇਂ ਇੰਦ੍ਰ , ਵਰੁਣ , ਦਯੋਂ : , ਪ੍ਰਿਥਵੀ , ਸੂਰਯ , ਪਰਜਨੑਯ , ਮਰੁਤ , ਉਸ਼ਾ , ਅਗਨੀ ਆਦਿ । ਐਤਰੇਯ ਅਤੇ ਕੌਸ਼ੀਤਕਿ ਨਾਂ ਦੇ ਬ੍ਰਾਹਮਣ , ਆਰਣੑਯਕ ਅਤੇ ਉਪਨਿਸ਼ਦਾਂ ਇਸ ਸੰਹਿਤਾ ਨਾਲ ਸੰਬੰਧਿਤ ਹਨ ।

                  ‘ ਯਜੁਰਵੇਦ’ ਅਤੇ ‘ ਸਾਮਵੇਦ’ ਰਿਗਵੇਦ ਤੋਂ ਬਾਅਦ ਦੀਆਂ ਰਚਨਾਵਾਂ ਹਨ । ‘ ਯਜੁਰ’ ਇਸ ਦਾ ਨਾਂ ਇਸ ਲਈ ਹੈ ਕਿਉਂਕਿ ਇਸ ਵਿਚ ਯੱਗ ਸੰਬੰਧੀ ਵਿਧੀਆਂ ( ਯਜੁਸ਼ੑ ) ਦਾ ਸੰਗ੍ਰਹਿ ਹੈ ਅਤੇ ‘ ਸਾਮ’ ਨਾਂ ਇਸ ਲਈ ਪਿਆ ਹੈ ਕਿਉਂਕਿ ਉਸ ਵਿਚ ਸ੍ਵਰ ਗੀਤੀਆਂ ( ਸਾਮਨੑ ) ਦਾ ਸੰਕਲਨ ਹੋਇਆ ਹੈ । ਇਨ੍ਹਾ ਵਿਚ ਅਧਿਕਾਂਸ਼ ਮੰਤ੍ਰ ਰਿਗਵੇਦ ਤੋਂ ਹੀ ਲਏ ਗਏ ਹਨ । ਇਨ੍ਹਾਂ ਦੀ ਰਚਨਾ ਕਰਮ– ਕਾਂਡ ਦੇ ਉਦੇਸ਼ ਤੋਂ ਕੀਤੀ ਗਈ ਸੀ । ਇਨ੍ਹਾਂ ਨੂੰ ਆਮ ਤੌਰ ਤੇ ਪਰੋਹਿਤਾਂ ਦੀ ਰਚਨਾ ਮੰਨਿਆ ਜਾਂਦਾ ਹੈ । ਯਜੁਰਵੇਦ ਵਿਚ ਕੁਝ ਗੱਦਮਈ ਕਰਮ– ਵਿਧੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ । ਇਨ੍ਹਾਂ ਦਾ ਕਰਮ ਉਹੀ ਰੱਖਿਆ ਗਿਆ ਹੈ ਜਿਸ ਕ੍ਰਮ ਦੀ ਯੱਗ– ਪ੍ਰਕ੍ਰਿਆ ਵੇਲੇ ਲੋੜ ਹੁੰਦੀ ਹੈ । ਇਸ ਦੇ ਦੋ ਭੇਦ ਮਿਲਦੇ ਹਨ– – ਕ੍ਰਿਸ਼ਣ ਅਤੇ ਸ਼ੁਕਲ । ਇਨ੍ਹਾਂ ਦੀਆਂ ਅੱਗੋਂ ਕਈ ਸ਼ਾਖਾਵਾਂ ਹਨ । ਤੈਤਿਰੀਯ , ਬ੍ਰਾਹਮਣ , ਤੈਤਿਰੀਯ ਆਰਣੑਯਕ ਅਤੇ ਤਿੰਨ ਉਪਨਿਸ਼ਦਾਂ– – ਤੈਤਿਰੀਯ , ਮੈਤ੍ਰਾਯਿਣ ਅਤੇ ਕਠ– – ਦਾ ਸੰਬੰਧ ਇਸ ਵੇਦ ਨਾਲ ਹੈ । ਸਾਮਵੇਦ ਵਿਚ ਅਧਿਕਤਰ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਯੱਗ ਵੇਲੇ ਗਾਏ ਜਾਣ ਵਾਲੇ ਮੰਤ੍ਰਾਂ ਦੀ ਗਾਇਕ ਵਿਧੀ ਕਿਹੋ ਜਿਹੀ ਹੋਣੀ ਚਾਹੀਦੀ ਹੈ , ਇਸ ਲਈ ਸੰਗੀਤ ਅਤੇ ਸੁਰ ਸਾਮਵੇਦ ਦਾ ਪ੍ਰਮੁੱਖ ਪ੍ਰਤਿਪਾਦਤ ਵਿਸ਼ਾ ਹੈ । ਇਸ ਵਿਚ ਕੁਲ 1549 ਮੰਤ੍ਰ ਜਾਂ ਗੀਤ ਹਨ , ਜਿਨ੍ਹਾਂ ਵਿਚੋਂ 1474 ਰਿਗਵੇਦ ਤੋਂ ਲਏ ਗਏ ਹਨ ਅਤੇ ਬਾਕੀ ਦੇ 75 ਮੰਤ੍ਰ ਸੁਤੰਤਰ ਹਨ । ਇਹੀ ਕਾਰਣ ਹੈ ਕਿ ਇਸ ਦੀ ਸੁਤੰਤਰ ਸੱਤਾ ਨਹੀਂ ਮੰਨੀ ਜਾਂਦੀ । ਇਸ ਦੇ ਚਾਰ ਬ੍ਰਾਹਮਣ– – ਤਾਂਡੑਯੇ , ਸ਼ਤੑਵਿੰਸ਼ , ਸਾਮ ਵਿਧਾਨ ਅਤੇ ਜੈਮਿਨੀਯ । ਇਸ ਤੋਂ ਇਲਾਵਾ ਇਸ ਵੇਦ ਦੇ ਦੋ ਆਰਣੑਯਕ ( ਛਾਂਦੋਗੑਯ ਅਤੇ ਜੈਮਿਨੀਯ ) ਅਤੇ ਤਿੰਨ ਉਪਨਿਸ਼ਦਾਂ ( ਛਾਂਦੋਗੑਯ , ਕੇਨ ਅਤੇ ਜੈਮਿਨੀਯ ) ਹਨ ।

                  ‘ ਅਥਰਵਵੇਦ’ ਵਿਚ ਤੰਤ੍ਰਾਂ ( ਅਥਰਵਨ ) ਦਾ ਸੰਗ੍ਰਹਿ ਹੋਇਆ ਹੈ ਅਤੇ ਇਸ ਵਿਚ ਯੱਗਾਂ ਵਿਚ ਪੈਦਾ ਹੋਣ ਵਾਲੇ ਵਿਘਨਾਂ ਨੂੰ ਖ਼ਤਮ ਕਰਨ ਦੇ ਮੰਤ੍ਰ ਦਰਜ ਹਨ ਜਿਨ੍ਹਾਂ ਵਿਚ ਮਾਰਣ , ਮੋਹਨ , ਉਚਾਟਨ ਆਦਿ ਕ੍ਰਿਆਵਾਂ ਦਾ ਵਿਸ਼ੇਸ਼ ਵਰਣਨ ਹੈ । ਡਾ. ਰਾਮਾਨੰਦ ਤਿਵਾਰੀ ਸ਼ਾਸ੍ਰਤੀ ਅਨੁਸਾਰ ਇਸ ਵੇਦ ਦਾ ਸੰਬੰਧ ਜਾਦੂ , ਟੂਣਿਆਂ ਨਾਲ ਹੈ । ਇਸ ਲਈ ਇਸ ਨੂੰ ਮੰਤ੍ਰ ਸੰਹਿਤ ਦੀ ਥਾਂ ਕਈ ਵਾਰ ਤੰਤ੍ਰ ਸੰਹਿਤ ਵੀ ਕਹਿ ਦਿੱਤਾ ਜਾਂਦਾ ਹੈ । ਇਸ ਵਿਚ ਦੇਵਤਿਆਂ ਅਤੇ ਪ੍ਰਕ੍ਰਿਤੀ ਦੇ ਮਾਹੌਲ ਤੋਂ ਨਿਕਲ ਕੇ ਭੂਤਾਂ , ਪ੍ਰੇਤਾਂ , ਪਿਸ਼ਾਚਾਂ ਅਤੇ ਰਾਖ਼ਸ਼ਾਂ ਦੇ ਭਿਆਨਕ ਵਾਤਾਵਰਣ ਵਿਚ ਆਉਣਾ ਪੈਂਦਾ ਹੈ । ਇਸ ਵੇਦ ਵਿਚ ਕੁਲ 5849 ਮੰਤ੍ਰ ਹਨ ਜਿਨ੍ਹਾਂ ਵਿਚੋਂ 1200 ਰਿਗਵੇਦ ਵਿਚੋਂ ਲਏ ਗਏ ਹਨ ਅਤੇ ਬਾਕੀ ਸੁਤੰਤਰ ਹਨ । ਇਹ ਸਾਰਾ ਵੇਦ 20 ਕਾਡਾਂ ਵਿਚ ਵੰਡਿਆ ਹੈ ਜਿਸ ਵਿਚ ਅੱਗੋਂ 34 ਪ੍ਰਪਾਠਕ , 111 ਅਨੁਵਾਕ ਅਤੇ 731 ਸੂਕਤ ਹਨ । ਇਸ ਦਾ ਲਗਭਗ ਛੇਵਾਂ ਹਿੱਸਾ ਗੱਦ ਵਿਚ ਹੈ । ਇਸ ਵੇਦ ਨਾਲ ਸੰਬੰਧਿਤ ਇਕ ਬ੍ਰਾਹਮਣ ( ਗੋਪਥ ) ਅਤੇ ਤਿੰਨ ਉਪਨਿਸ਼ਦਾਂ ( ਮੁੰਡਕ , ਮਾਂਡੂਕੑਯ ਅਤੇ ਪ੍ਰਸ਼ਨ ) ਹਨ ।

                  ਬ੍ਰਾਹਮਣ : ਰਿਗਵੇਦ ਵਿਚ ਹੋਈ ਪ੍ਰਕ੍ਰਿਤੀ ਦੀ ਉਪਾਸਨਾ ਯਜੁਰਵੇਦ ਤਕ ਪਹੁੰਚ ਕੇ ਦੇਵਤਿਆਂ ਦੀ ਸੁਆਰਥਮਈ ਉਪਾਸਨਾ ਵਿਚ ਬਦਲ ਗਈ ਅਤੇ ਯੱਗਾਂ ਨਾਲ ਸੰਬੰਧਿਤ ਹੋਣ ਕਰਕੇ ਪਰੋਹਿਤਾਂ ਨੇ ਇਸ ਨੂੰ ਨਿਸ਼ਚਿਤ ਉਪਾਸਨਾ ਪ੍ਰਣਾਲੀ ਬਣਾ ਲਿਆ । ਯੱਗ– ਕਰਮ ਚੂੰਕਿ ਕਾਫ਼ੀ ਔਖੇ ਅਤੇ ਦੁਰਬੋਧ ਹੁੰਦੇ ਹਨ , ਇਸ ਲਈ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਸੰਚਾਲਿਤ ਕਰਨ ਲਈ ਇਕ ਵਿਸ਼ੇਸ਼ ਪਰੋਹਿਤ ਵਰਗ ਬਣ ਗਿਆ । ਇਸ ਵਰਗ ਦੁਆਰਾ ਲਿਖੇ ਵੱਖ ਵੱਖ ਯੱਗਾਂ , ਕਰਮ– ਕਾਂਡਾਂ ਅਤੇ ਸੰਸਕਾਰਾਂ ਦੇ ਸੰਪਾਦਨ ਸੰਬੰਧੀ ਨਿਯਮਾਂ ਨੂੰ ਪੇਸ਼ ਕਰਨ ਵਾਲੇ ਗ੍ਰੰਥ ‘ ਬ੍ਰਾਹਮਣ’ ਨਾਂ ਨਾਲ ਪ੍ਰਸਿੱਧ ਹੋਏ । ਧਰਮ ਵਿਗਿਆਨ ਦੀ ਜਾਣਕਾਰੀ ਲਈ ਇਹ ਗ੍ਰੰਥ ਬਹੁਤ ਉਪਯੋਗੀ ਹਨ । ਇਨ੍ਹਾਂ ਦੀ ਰਚਨਾ ਗੱਦ ਵਿਚ ਹੈ , ਇਸ ਲਈ ਇਨ੍ਹਾਂ ਵਿਚਲੇ ਮੰਤ੍ਰਾਂ ਨੂੰ ਯਾਦ ਕਰਨਾ ਕਠਿਨ ਹੈ । ਨੀਰਸ ਹੋਣ ਦੇ ਬਾਵਜੂਦ ਯੱਗ– ਸ਼ਾਸਤ੍ਰ ਅਤੇ ਕਰਮ– ਕਾਂਡ ਦੇ ਸਰੂਪ ਅਤੇ ਸਿਧਾਂਤਾਂ ਨੂੰ ਠੀਕ ਤਰ੍ਹਾਂ ਸਮਝਣ ਵਿਚ ਇਹ ਬਹੁਤ ਲਾਭਦਾਇਕ ਹਨ । ਇਨ੍ਹਾਂ ਬ੍ਰਾਹਮਣਾਂ ਦੀ ਕੁਠ ਗਿਣਤੀ ਸੱਤ ਹੈ ਜਿਨ੍ਹਾਂ ਵਿਚੋਂ ਐਤਰੇਯ ਅਤੇ ਕੌਸ਼ੀਤਕਿ ਬ੍ਰਾਹਮਣਾਂ ਦਾ ਸੰਬੰਧ ਰਿਗਵੇਦ ਨਾਲ ਹੈ , ਤੈਤਿਰੀਯ ਅਤੇ ਸ਼ਤਪਥ ਬ੍ਰਾਹਮਣ ਯਜੁਰਵੇਦ ਨਾਲ ਸੰਬੰਧਿਤ ਹਨ , ਤਾਂਡੑਯ ਮਹਾਬ੍ਰਾਹਮਣ ਅਤੇ ਜੈਮਿਨੀਯ ਬ੍ਰਾਹਮਣ ਸਾਮਵੇਦ ਨਾਲ ਸੰਬੰਧ ਰੱਖਦੇ ਹਨ ਅਤੇ ਗੋਪਥ ਬ੍ਰਾਹਮਣ ਅਥਰਵ ਵੇਦ ਨਾਲ ਸੰਬੰਧਿਤ ਹਨ ।

                  ਆਰਣੑਯਕ : ਇਹ ਅਰਣੑਯ ( ਬਨਾਂ ) ਵਿਚ ਨਿਵਾਸ ਕਰਨ ਵਾਲੇ ਰਿਸ਼ੀਆਂ ਜਾਂ ਮੁਨੀਆਂ ਦੀਆਂ ਰਚਨਾਵਾਂ ਹਨ ਅਤੇ ਆਮ ਤੌਰ ’ ਤੇ ਇਨ੍ਹਾਂ ਦੀ ਵਰਤੋਂ ਬਨ– ਵਾਸੀ ਹੀ ਕਰਦੇ ਹਨ । ਇਨ੍ਹਾ ਵਿਚ ਵੈਦਿਕ ਯੱਗ– ਕਰਮ ਦੀਆਂ ਔਖੀਆਂ ਪ੍ਰਕ੍ਰਿਆਵਾਂ ਨੂੰ ਪ੍ਰਤੀਕ ਵਿਧੀ ਨਾਲ ਸੁਗਮ ਬਣਾਇਆ ਗਿਆ ਹੈ , ਪਰ ਇਨ੍ਹਾਂ ਦੀ ਨੁਹਾਰ ਰਹੱਸਾਤਮਕ ਹੈ । ਇਨ੍ਹਾਂ ਨਾਲ ਚਿੰਤਨ ਜਗਤ ਵਿਚ ਸਥੂਲ ਤੋਂ ਸੂਖ਼ਮ ਵੱਲ ਦੀ ਯਾਤਰਾ ਦਾ ਆਰੰਭ ਹੋਇਆ ਪ੍ਰਤੀਤ ਹੁੰਦਾ ਹੈ । ਇਹ ਬ੍ਰਾਹਮਣਾਂ ਅਤੇ ਉਪਨਿਸ਼ਦਾਂ ਦੀ ਵਿਚਕਾਰਲੀ ਕੜੀ ਹੈ ਕਿਉਂਕਿ ਇਨ੍ਹਾਂ ਵਿਚ ਇਕ ਪਾਸੇ ਕਰਮ– ਕਾਂਡ ਦੀ ਗੱਲ ਚਲਦੀ ਹੈ ਤਾਂ ਦੂਜੇ ਪਾਸੇ ਦਾਰਸ਼ਨਿਕ ਚਿੰਤਨ ਵੀ ਸਿਰ ਚੁੱਕਦਾ ਪ੍ਰਤੀਤ ਹੁੰਦਾ ਹੈ । ਇਨ੍ਹਾਂ ਵਿਚ ਕਈ ਆਰਣੑਯਕਾਂ ਦੇ ਨਾਂ ਬ੍ਰਾਹਮਣ ਗ੍ਰੰਥਾਂ ਨਾਲ ਵੀ ਮੇਲ ਖਾਂਦੇ ਹਨ , ਜਿਵੇਂ ਐਤਰੇਯ , ਕੌਸ਼ੀਤਕਿ , ਤੈਤਿਰੀਯ ਆਦਿ । ਮੁੱਖ ਰੂਪ ਵਿਚ ਚਾਰ ਆਰਣੑਯਕ ਪ੍ਰਸਿੱਧ ਹਨ , ਬ੍ਰਿਹਦ ਅਤੇ ਉਪਰੋਕਤ ਤਿੰਨ ।

                  ਉਪਨਿਸ਼ਦ : ਇਸ ਦਾ ਸ਼ਾਬਦਿਕ ਅਰਥ ਹੈ ‘ ਨੇੜੇ ਬੈਠਣਾ’ । ਨੇੜੇ ਬੈਠਣ ਤੋਂ ਭਾਵ ਹੈ ਪ੍ਰਾਚੀਨ ਕਾਲ ਵਿਚ ਸ਼ਿਸ਼ ਸ਼ਰਧਾਪੂਰਵਕ ਆਪਣੇ ਗੁਰੂ– ਜਨਾਂ ਪਾਸ ਬੈਠ ਤੇ ਤੱਤ– ਜਿਗਿਆਸਾ ਦੇ ਸਮਾਧਾਨ ਲਈ ਗਿਆਨ ਪ੍ਰਾਪਤ ਕਰਦੇ ਸਨ । ਇਹੀ ਤੱਤ– ਗਿਆਨ ਉਪਨਿਸ਼ਦਾਂ ਵਿਚ ਦਰਜ ਹੈ । ਇਸ ਤਰ੍ਹਾਂ ਬ੍ਰਹਮ ਦੇ ਸਰੂਪ ਅਤੇ ਜੀਵ ਤੇ ਜਗਤ ਸੰਬੰਧੀ ਵਿਸ਼ਿਆਂ ਦਾ ਵਿਵੇਚਨ ਉਪਨਿਸ਼ਦਾਂ ਵਿਚ ਹੋਇਆ । ਉਪਨਿਸ਼ਦ ਕਿਸੇ ਇਕ ਪੁਸਤਕ ਵਿਸ਼ੇਸ਼ ਦਾ ਨਾਂ ਨਹੀਂ , ਸਗੋਂ ਇਹ ਪ੍ਰਾਚੀਨ ਦਾਰਸ਼ਨਿਕ ਸਾਹਿੱਤ ਦੀ ਇਕ ਮਹੱਤਵਪੂਰਣ ਪਰੰਪਰਾ ਹੈ । ਇਸ ਲਈ ਇਸ ਵਿਚ ਸਮੇਂ ਸਮੇਂ ਲਿਖੀਆਂ ਅਨੇਕ ਪੁਸਤਕਾਂ ਸ਼ਾਮਲ ਕੀਤੀਆਂ ਜਾਂ ਸਕਦੀਆਂ ਹਨ । ਇਨ੍ਹਾਂ ਦੀ ਗਿਣਤੀ ਇਕ ਸੌਂ ਤੋਂ ਵੱਧ ਮੰਨੀ ਜਾਂਦੀ ਹੈ , ਪਰ ਇਨ੍ਹਾਂ ਵਿਚੋਂ ਬਹੁਤੀਆਂ ਨਵੀਆਂ ਹਨ । ਪ੍ਰਮਾਣਿਕ ਉਪਨਿਸ਼ਦਾਂ ਉਹੀ ਹਨ ਜਿਨ੍ਹਾਂ ਉੱਤੇ ਸ਼ੰਕਰਾਚਾਰਯ ਨੇ ਭਾਸ਼ ਲਿਖੇ ਹਨ ਜਾਂ ਦੋ ਮਹਾਤਮਾ ਬੁੱਧ ਦੇ ਜਨਮ ਤੋਂ ਪਹਿਲਾਂ ਲਿਖੀਆਂ ਜਾ ਚੁੱਕੀਆਂ ਸਨ , ਜਿਵੇਂ ਈਸ਼ , ਕੇਨ , ਕਠ , ਪ੍ਰਸ਼ਨ , ਮੁੰਡਕ , ਮਾਂਡੂਕੑਯ , ਤੈਤਿਰੀਯ , ਐਤਰੇਯ , ਛਾਂਦੋਗੑਯ , ਬ੍ਰਹਦਾਰਣੑਯਕ , ਸ਼੍ਵੇਤਾਸ਼੍ਵੇਤਰ । ਕਈ ਕੌਸ਼ੀਤਕਿ ਅਤੇ ਮਹਾਨਾਰਾਯਣ ਉਪਨਿਸ਼ਦਾਂ ਨੂੰ ਵੀ ਇਸ ਸੂਚੀ ਵਿਚ ਸ਼ਾਮਲ ਕਰਦੇ ਹਨ ।

                  ਉਪਨਿਸ਼ਦਾਂ ਨੂੰ ਅਕਸਰ ‘ ਵੇਦਾਂਤ’ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ । ਇਸ ਦਾ ਕਾਰਣ ਇਹ ਹੈ ਕਿ ਇਕ ਤਾਂ ਇਹ ਵੇਦਾਂ ਦਾ ਅੰਤਿਮ ਭਾਗ ਹਨ ਅਤੇ ਦੂਜੇ ਵੇਦਾਂ ਦੀ ਦਾਰਸ਼ਨਿਕ ਵਿਚਾਰਧਾਰਾ ਨੂੰ ( ਅੰਤ ) ਸਿੱਖਰ ਤਕ ਪਹੁੰਚਾਂਦੀਆਂ ਹਨ । ਇਨ੍ਹਾਂ ਵਿਚ ਗਿਆਨ ਦੀ ਪ੍ਰਧਾਨਤਾ ਹੈ , ਇਸ ਲਈ ਇਨ੍ਹਾਂ ਨੂੰ ਵੇਦਾਂ ਦਾ ਗਿਆਨ– ਕਾਂਡ ਵੀ ਕਿਹਾ ਜਾਂਦਾ ਹੈ । ਇਨ੍ਹਾਂ ਵਿਚ ਯੱਗਾਂ , ਕਰਮਕਾਂਡਾਂ ਅਤੇ ਸੰਸਕਾਰਾਂ ਦੀ ਥਾਂ ਤੇ ਬ੍ਰਹਮ , ਜੀਵ , ਜਗਤ ਅਤੇ ਮੁਕਤੀ ਸੰਬੰਧੀ ਵਿਵੇਚਨ ਹੋਇਆ ਹੈ । ਇਨ੍ਹਾਂ ਵਿਚੋਂ ਬਹੁਤੀਆਂ ਉਪਨਿਸ਼ਦਾਂ ਦਾ ਸੰਬੰਧ ਵੇਦਾਂ , ਆਰਣੑਯਕਾਂ ਅਤੇ ਬ੍ਰਾਹਮਣਾਂ ਨਾਲ ਹੈ ਅਤੇ ਕਈ ਤਾਂ ਇਨ੍ਹਾਂ ਗ੍ਰੰਥਾਂ ਦਾ ਅੰਸ਼ ਹੀ ਹਨ ।

                  [ ਸਹਾ. ਗ੍ਰੰਥ– – ਡਾ. ਰਾਮਾਨੰਦ ਤਿਵਾਰੀ ਸ਼ਾਸਤ੍ਰੀ : ‘ ਭਾਰਤੀ ਯਦਰਸ਼ਨ ਦੀ ਭੂਮਿਕਾ’ ( ਹਿੰਦੀ ) ; ਪੰ. ਬਲਦੇਵ     ਉਪਾਧਿਆਯ : ‘ ਭਾਰਤੀਯ ਦਰਸ਼ਨ’ ( ਹਿੰਦੀ ) ]                                                                                                                          

 


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-30, ਹਵਾਲੇ/ਟਿੱਪਣੀਆਂ: no

ਉਪਨਿਸ਼ਦ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਪਨਿਸ਼ਦ : ਇਸ ਦਾ ਸ਼ਾਬਦਿਕ ਅਰਥ ਹੈ ‘ ਨੇੜੇ ਬੈਠਣਾ’ । ਨੇੜੇ ਬੈਠਣਾ ਤੋਂ ਭਾਵ ਹੈ ਕਿ ਪ੍ਰਾਚੀਨ ਕਾਲ ਵਿਚ ਸ਼ਿਸ਼ ਸ਼ਰਧਾ ਨਾਲ ਆਪਣੇ ਗੁਰੂਆਂ ( ਅਧਿਆਪਕਾਂ ) ਕੋਲ ਬੈਠ ਕੇ ਤੱਤ-ਜਿਗਿਆਸਾ ਦੇ ਸਮਾਧਾਨ ਲਈ ਗਿਆਨ ਪ੍ਰਾਪਤ ਕਰਦੇ ਸਨ । ਇਹੀ ਤੱਤ੍ਵ-ਗਿਆਨ ਉਪਨਿਸ਼ਦਾਂ ਦਾ ਮੂਲ ਵਿਸ਼ਾ ਹੈ । ਉਪਨਿਸ਼ਦਾਂ ਦਾ ਬ੍ਰਹਮ ਦੇ ਸਰੂਪ ਅਤੇ ਜੀਵ ਤੇ ਜਗਤ ਸੰਬੰਧੀ ਵਿਵੇਚਨ ਹੋਇਆ ਹੈ । ਉਪਿਨਸ਼ਦਾਂ ਕਿਸੇ ਇਕ ਵਿਸ਼ੇਸ਼ ਪੁਸਤਕ ਦਾ ਨਾਂ ਨਹੀਂ ਸਗੋਂ ਇਹ ਪ੍ਰਾਚੀਨ ਦਾਰਸ਼ਨਿਕ ਸਾਹਿੱਤ ਦੀ ਇਕ ਮੱਹਤਵਪੂਰਣ ਪੰਰਪਰਾ ਹੈ । ਇਸ ਲਈ ਇਸ ਸਮੇਂ-ਸਮੇਂ ਲਿਖਿਆਂ ਅਨੇਕ ਪੁਸਤਕਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ । ਇਨ੍ਹਾਂ ਦੀ ਗਿਣਤੀ ਇਕ ਸੌ ਤੋਂ ਵੱਧ ਮੰਨੀ ਜਾਂਦੀ ਹੈ , ਪਰ ਇਨ੍ਹਾਂ ਵਿਚੋਂ ਬਹੁਤ ਨਵੀਆਂ ਹਨ । ਪ੍ਰਮਾਣਿਕ ਉਪਨਿਸ਼ਦਾਂ ਉਹੀ ਹਨ ਜਿੰਨ੍ਹਾਂ ਉਤੇ ਸ਼ੰਕਰਾਚਾਰਯ ਨੇ ਭਾਸ਼੍ਰਯ ਲਿਖੇ ਹਨ ਜਾਂ ਜੋ ਮਹਾਤਮਾ ਬੁੱਧ ਦੇ ਜਨਮ ਤੋਂ ਪਹਿਲਾਂ ਲਿਖੀਆਂ ਜਾ ਚੁੱਕਿਆਂ ਸਨ , ਜਿਵੇਂ ਈਸ਼ਵਾਸ੍ਰਯ , ਕੇਨ , ਕਾਠ , ਪ੍ਰਸ਼ਨ , ਮੁੰਡਕ , ਮਾਂਡੂਕ੍ਰਯ , ਤੈਤਿੱਰੀਯ , ਐਤਰੇਯ , ਛਾਂਦੋਗ੍ਰਯ , ਬ੍ਰਹਦਾਰਣ੍ਰਯਕ , ਸ਼੍ਵੇਤਾਸ਼੍ਵਤਰ । ਕਈ ਵਿਦਵਾਨ ‘ ਕੌਸ਼ੀਤਕਿ’ ਅਤੇ ‘ ਮਹਾਨਾਰਾਯਣ’ ਨਾਂ ਦੀਆਂ ਉਪਨਿਸ਼ਦਾ ਨੂੰ ਵੀ ਇਸ ਸੂਚੀ ਵਿਚ ਸ਼ਾਮਲ ਕਰਦੇ ਹਨ ।

  ਉਪਨਿਸ਼ਦਾਂ ਨੂੰ ਅਕਸਰ ‘ ਵੇਦਾਂਤ’ ਦੇ ਨਾਲ ਵੀ ਯਾਦ ਕੀਤਾ ਜਾਂਦਾ ਹੈ । ਇਸ ਦਾ ਕਾਰਣ ਇਹ ਹੈ ਕਿ ਇਕ ਤਾਂ ਇਹ ਵੇਦਾਂ ਅੰਤਿਮ ਭਾਗ ਹਨ ਅਤੇ ਦੂਜੇ ਵੇਦਾਂ ਦੀ ਦਾਰਸ਼ਨਿਕ ਵਿਚਾਰਧਾਰਾ ਨੂੰ ਅੰਤ ਜਾਂ ਸਿਖਰ ਤਕ ਪਹੁੰਚੀਆਂ ਹਨ । ਵੇਦਾਂਤ ਦਰਸ਼ਨ ਦੇ ਤਿੰਨ ਉਪਦੇਸ਼-ਸਾਧਨ ( ਪ੍ਰਸਥਾਨ-ਤ੍ਰਈ ) ਹਨ— ਉਪਨਿਸ਼ਦ , ਬ੍ਰਹਮਸੂਤ ਅਤੇ ਗੀਤਾ ।   ਇਨ੍ਹਾਂ ਵਿਚੋਂ ਉਪਨਿਸ਼ਦਾਂ ਦਾ ਪਹਿਲਾ ਸਥਾਨ ਹੈ । ਇਨ੍ਹਾਂ ਵਿਚ ਗਿਆਨ ਦੀ ਪ੍ਰਧਾਨਤਾ ਹੈ , ਇਸ ਲਈ ਇਨ੍ਹਾਂ ਨੂੰ ਵੇਦਾਂ ਦਾ ਗਿਆਨ – ਕਾਂਡ ਵੀ  ਕਿਹਾ ਜਾਂਦਾ ਹੈ । ਇਨ੍ਹਾਂ ਵਿਚ ਯੱਗਾਂ , ਕਰਮ – ਕਾਂਡਾਂ ਅਤੇ ਸੰਸਕਾਰਾਂ ਦੀ ਥਾਂ ਤੇ ਪਰਾ ਜਾਂ ਬ੍ਰਹਮ-ਵਿਦਿਆ ( ਬ੍ਰਹਮ , ਜੀਵ , ਜਗਤ ਅਤੇ ਮੁਕਤੀ ਦੇ ਸਾਧਨਾਂ ) ਦਾ ਵਿਵੇਚਨ ਹੋਇਆ ਹੈ । ਇਨ੍ਹਾਂ ਵਿਚੋਂ ਬਹੁਤੀਆਂ ਉਪਨਿਸ਼ਦਾਂ ਦਾ ਸੰਬੰਧ ਵੇਦਾਂ , ਆਰਣ੍ਰਯਕਾਂ , ਅਤੇ ਬ੍ਰਹਮਣਾਂ ਨਾਲ ਹੈ ਅਤੇ ਕਈ ਤਾਂ ਇਨ੍ਹਾਂ ਗ੍ਰੰਥਾਂ ਦਾ ਅੰਸ਼ ਹੀ ਹਨ । ਡਾ.ਮੋਹਨ ਸਿੰਘ ਨੇ ਆਪਣਈ ਕਵਿਤਾ ਵਿਚ ਉਪਨਿਸ਼ਦਾਂ ਦਾ ਹਵਾਲਾ ਦਿੱਤਾ ਹੈ— ‘ ਫੇਰ ਜੇ ਸੱਚਮੁੱਚ ਅਸੀਂ ਸਾਰੇ ਪਰੋਏ ਹੋਏ ਹਾਂ/ਇਕੋ ਸੂਤਰ ਵਿਚ , ਜਿਵੇਂ ਕਹਿੰਦੀ ਹੈ ਉਪਨਿਖਦ । ’


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.