ਉਪਭਾਸ਼ਾ ਵਿਗਿਆਨ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਉਪਭਾਸ਼ਾ ਵਿਗਿਆਨ : ਉਪਭਾਸ਼ਾ ਵਿਗਿਆਨ , ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ । ਇਸ ਸਾਖਾ ਵਿਚ ਇਕੋ ਭਾਸ਼ਾ ਦੇ ਭਾਸ਼ਾਈ ਵਖਰੇਵਿਆਂ ਦਾ ਅਧਿਅਨ ਕੀਤਾ ਜਾਂਦਾ ਹੈ । ਭਾਸ਼ਾ ਵਿਗਿਆਨ ਦੇ ਸੰਕਲਪਾਂ ਨੂੰ ਅਧਾਰ ਬਣਾ ਕੇ ਉਪਭਾਸ਼ਾਵਾਂ ਦਾ ਤੁਲਨਾਤਮਕ ਅਤੇ ਬਣਤਰਾਤਮਕ ਅਧਿਅਨ ਕੀਤਾ ਜਾਂਦਾ ਹੈ । ਇਕ ਵੱਡੇ ਖੇਤਰ ਵਿਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਨਿੱਕੇ-ਨਿੱਕੇ ਖੇਤਰਾਂ ਵਿਚ ਵੰਡ ਕੇ ਵੇਖਿਆਂ ਪਤਾ ਚਲਦਾ ਹੈ ਕਿ ਇੱਕ ਖਿੱਤੇ ਦੀ ਭਾਸ਼ਾ ਦੂਜਿਆਂ ਖਿੱਤਿਆਂ ਨਾਲੋਂ ਅਲੱਗ ਹੈ ਅਤੇ ਸਮੁੱਚੇ ਖੇਤਰ ਦੀ ਭਾਸ਼ਾ ਨਾਲ ਸਾਂਝ ਤੇ ਵਖਰੇਵੇਂ ਹਨ । ਇਸੇ ਤੱਥ ਨੂੰ ਅਧਾਰ ਬਣਾ ਕੇ ਉਪਭਾਸ਼ਾ ਵਿਗਿਆਨ ਹੋਂਦ ਵਿਚ ਆਉਂਦਾ ਹੈ । ਭਾਸ਼ਾ ਤੇ ਉਪਭਾਸ਼ਾ ਅਤੇ ਉਪਭਾਸ਼ਾ ਤੇ ਦੂਜੀ ਉਪਭਾਸ਼ਾ ਵਿਚਲੇ ਵਖਰੇਵਿਆਂ ਦੇ ਕਾਰਨ , ਸਥਾਨਾਂ ਦੀ ਦੂਰੀ ਜਾਂ ਕੁਦਰਤੀ ਰੁਕਾਵਟਾਂ , ਘਣੇ ਜੰਗਲ , ਪਹਾੜ ਅਤੇ ਦਰਿਆ ਆਦਿ ਬਣਦੇ ਹਨ । ਇਨ੍ਹਾਂ ਕੁਦਰਤੀ ਰੁਕਾਵਟਾਂ ਕਾਰਨ ਦੋ ਖਿੱਤਿਆਂ ਵਿਚਲੇ ਲੋਕਾਂ ਦੀ ਪਰਸਪਰ ਸਾਂਝ ਘੱਟ ਜਾਂਦੀ ਹੈ ਜਿਸ ਕਰਕੇ ਇਨ੍ਹਾਂ ਦੋਹਾਂ ਵਿਚ ਭਾਸ਼ਾਈ ਰੂਪਾਂ ਦੇ ਪੱਧਰ ’ ਤੇ ਵਖਰੇਵੇਂ ਹੁੰਦੇ ਹਨ । ਉਪਭਾਸ਼ਾ ਵਿਗਿਆਨ ਰਾਹੀਂ ਇਹ ਪਤਾ ਚਲਦਾ ਹੈ ਕਿ ਇਕ ਖਿੱਤੇ ਦੀ ਭਾਸ਼ਾ ਦੀ ਦੂਜੇ ਖਿੱਤੇ ਦੀ ਭਾਸ਼ਾ ਨਾਲ ਸਾਂਝ ਅਤੇ ਵਖਰੇਵੇਂ ਹਨ । ਇਸ ਕਰਕੇ ਉਪਭਾਸ਼ਾਵਾਂ ਦੀਆਂ ਵਿਆਕਰਨਾਂ ਲਿਖੀਆਂ ਗਈਆਂ । ਇਸ ਤੋਂ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਵਿਆਕਰਨ ਸਿਰਫ ਲਿਖਤੀ ਅਤੇ ਟਕਸਾਲੀ ਭਾਸ਼ਾ ਦੀ ਹੁੰਦੀ ਹੈ ਪਰ ਇਹ ਤੱਥ ਗਲਤ ਸਾਬਤ ਹੋਇਆ । ਉਪਭਾਸ਼ਾਵਾਂ ਵਿਚ ਵਿਆਕਰਨ ਅਤੇ ਸ਼ਬਦਾਵਲੀ ਦੇ ਪੱਧਰ ’ ਤੇ ਵਖਰੇਵੇਂ ਹੁੰਦੇ ਹਨ ਪਰ ਇਹ ਵਖਰੇਵੇਂ ਇੰਨੇ ਜ਼ਿਆਦਾ ਨਹੀਂ ਹੁੰਦੇ ਕਿ ਦੋਹਾਂ ਨੂੰ ਵੱਖੋ-ਵੱਖਰੀਆਂ ਭਾਸ਼ਾਵਾਂ ਕਿਹਾ ਜਾ ਸਕੇ ਪਰ ਫਿਰ ਵੀ ਵਖਰੇਵੇਂ ਮੌਜੂਦ ਹੁੰਦੇ ਹਨ । ਸ਼ਬਦਾਵਲੀ ਦੇ ਪੱਖ ਤੋਂ ਇਹ ਵਖਰੇਵੇਂ ਸਭ ਤੋਂ ਜ਼ਿਆਦਾ ਹੁੰਦੇ ਹਨ । ਇਸ ਪੱਖ ਤੋਂ ਪੰਜਾਬੀ ਦੀਆਂ ਉਪਭਾਸ਼ਾਵਾਂ ਨੂੰ ਦੋ ਭਾਗਾਂ ਵਿਚ ਰੱਖ ਕੇ ਵੇਖਿਆ ਜਾ ਸਕਦਾ ਹੈ : ਪੂਰਬੀ ਪੰਜਾਬੀ ਤੇ ਪੱਛਮੀ ਪੰਜਾਬੀ । ਪੂਰਬੀ ਪੰਜਾਬੀ ਵਿਚ ਮਾਝੀ , ਮਲਵਈ , ਪੁਆਧੀ ਆਦਿ ਨੂੰ ਰੱਖਿਆ ਜਾਂਦਾ ਹੈ ਜਦੋਂ ਕਿ ਪੱਛਮੀ ਪੰਜਾਬੀ ਵਿਚ ਮੁਲਤਾਨੀ , ਪੋਠੋਹਾਰੀ , ਸਰਾਇਕੀ ਨੂੰ ਲਿਆ ਜਾ ਸਕਦਾ ਹੈ । ਇਨ੍ਹਾਂ ਦੋਹਾਂ ਪੰਜਾਬੀਆਂ ਵਿਚ ਮੁੱਢਲਾ ਅੰਤਰ ਸੁਰ ਦਾ ਹੈ । ਜਿੱਥੇ ਪੱਛਮੀ ਪੰਜਾਬੀ ਵਿਚ ਸਘੋਸ਼ ਮਹਾਂ-ਪੁਰਾਣ ਧੁਨੀਆਂ ( ਘ ਝ ਢ ਧ ਤੇ ਭ ) ਉਚਾਰੀਆਂ ਜਾਂਦੀਆਂ ਹਨ ਉਥੇ ਪੂਰਬੀ ਪੰਜਾਬੀ ਵਿਚ ਇਨ੍ਹਾਂ ਦੀ ਥਾਂ ਸੁਰ ਨੇ ਲੈ ਲਈ ਹੈ ਇਸ ਕਰਕੇ ਜਾਰਜ ਗਰੀਅਰਸਨ ਨੇ ਇਨ੍ਹਾਂ ਦਾ ਸਰੋਤ ਵੱਖੋ-ਵੱਖਰਾ ਮੰਨਿਆ ਹੈ ਪਰ ਇਹ ਉਪਭਾਸ਼ਾਈ ਵਖਰੇਵੇਂ ਹਨ , ਭਾਸ਼ਾਈ ਨਹੀਂ । ਨਕਸ਼ਿਆਂ , ਐਟਲਸਾਂ ਅਤੇ ਆਈਸੋਗਲਾਸਿਜ਼ ਰੇਖਾਵਾਂ ਦੀ ਮਦਦ ਨਾਲ ਇਨ੍ਹਾਂ ਵਖਰੇਵਿਆਂ ਦੀ ਸਥਿਤੀ ਨੂੰ ਵੇਖਿਆ ਜਾ ਸਕਦਾ ਹੈ । ਇਨ੍ਹਾਂ ਦੀ ਮਦਦ ਨਾਲ ਉਪਭਾਸ਼ਾਵਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਅਤੇ ਉਪਭਾਸ਼ਾਵਾਂ ਦੀ ਹੱਦਬੰਦੀ ਸੰਭਵ ਹੁੰਦੀ ਹੈ । ਇਸ ਵਿਗਿਆਨ ਦੇ ਤਹਿਤ ਹਰ ਉਪਭਾਸ਼ਾ ਦੀ ਵਿਆਕਰਨ ਤਿਆਰ ਕੀਤੀ ਜਾਂਦੀ ਹੈ ਅਤੇ ਸ਼ਬਦਾਵਲੀ ਦੀ ਲਿਸਟ ਬਣਾਈ ਜਾਂਦੀ ਹੈ ਕਿਉਂਕਿ ਇਹ ਉਪਭਾਸ਼ਾਵਾਂ ਆਮ ਤੌਰ ’ ਤੇ ਬੋਲਚਾਲ ਲਈ ਹੀ ਵਰਤੀਆਂ ਜਾਂਦੀਆਂ ਹਨ । ਉਪਭਾਸ਼ਾ ਵਿਗਿਆਨ ਦੀ ਮਦਦ ਨਾਲ ਪਤਾ ਚਲਦਾ ਹੈ ਕਿ ਇਕ ਉਪਭਾਸ਼ਾ ਵਿਚ ਭਾਸ਼ਾ ਬਣਨ ਦੀ ਸਮਰੱਥਾ ਹੁੰਦੀ ਹੈ ਜਿਵੇਂ ਪੰਜਾਬੀ ਦੀ ਟਕਸਾਲੀ ਭਾਸ਼ਾ ਦਾ ਅਧਾਰ ਇਕ ਉਪਭਾਸ਼ਾ ਮਾਝੀ ਹੈ । ਉਪਭਾਸ਼ਾ ਵਿਗਿਆਨ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਪਭਾਸ਼ਾ ਊਣੀ ਜਾਂ ਹੀਣੀ ਨਹੀਂ ਹੁੰਦੀ ਸਗੋਂ ਕਈ ਵਾਰ ਭਾਸ਼ਾ ਨਾਲੋਂ ਵੀ ਵੱਧ ਸਮਰੱਥਾ ਵਾਲੀ ਹੁੰਦੀ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1151, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.