ਲਾਗ–ਇਨ/ਨਵਾਂ ਖਾਤਾ |
+
-
 
ਉਪਭਾਸ਼ਾ-ਵਿਗਿਆਨ

ਉਪਭਾਸ਼ਾ-ਵਿਗਿਆਨ : ਕਿਸੇ ਭਾਸ਼ਾ ਦੀਆਂ ਭੂਗੋਲਿਕ ਹੱਦਾਂ ਵਿੱਚ ਖੇਤਰੀ ਭਾਸ਼ਾਈ ਵੱਖਰੇਵਿਆਂ ਦੇ ਅਧਿਐਨ ਨੂੰ ਉਪਭਾਸ਼ਾ-ਵਿਗਿਆਨ ਆਖਿਆ ਜਾਂਦਾ ਹੈ। ਇਸ ਵਿੱਚ ਇਲਾਕਾਈ ਉਪਭਾਸ਼ਾਵਾਂ ਦੇ ਸਾਰੇ ਅੰਗਾਂ ਦਾ ਅਧਿਐਨ ਕੀਤਾ ਜਾਂਦਾ ਹੈ। ਉਪਭਾਸ਼ਾ-ਵਿਗਿਆਨ ਦੇ ਕਈ ਪ੍ਰਕਾਰ ਹੋ ਸਕਦੇ ਹਨ ਜਿਵੇਂ-ਤੁਲਨਾਤਮਿਕ ਉਪਭਾਸ਼ਾ-ਵਿਗਿਆਨ, ਸੰਰਚਨਾਤਮਿਕ ਉਪਭਾਸ਼ਾ- ਵਿਗਿਆਨ, ਵਰਨਣਾਤਮਿਕ ਉਪਭਾਸ਼ਾ-ਵਿਗਿਆਨ, ਇੱਕ-ਕਾਲੀ ਉਪਭਾਸ਼ਾ-ਵਿਗਿਆਨ ਅਤੇ ਕਾਲ-ਕ੍ਰਮਿਕ ਉਪਭਾਸ਼ਾ-ਵਿਗਿਆਨ ਆਦਿ।

    ਡੇਵਿਡ ਕ੍ਰਿਸਟਲ ਅਨੁਸਾਰ, ਸੰਰਚਨਾਤਮਿਕ ਉਪਭਾਸ਼ਾ- ਵਿਗਿਆਨ ਇੱਕ ਅਜਿਹਾ ਅਧਿਐਨ ਢੰਗ ਹੈ ਜਿਸ ਰਾਹੀਂ ਉਪਭਾਸ਼ਾਵਾਂ ਦੇ ਉਹਨਾਂ ਰਿਸ਼ਤਿਆਂ ਦੇ ਪੈਟਰਨਾਂ ਦੀ ਪਹਿਚਾਣ ਕੀਤੀ ਜਾਂਦੀ ਹੈ ਜੋ ਦੂਸਰੀਆਂ ਉਪਭਾਸ਼ਾਵਾਂ ਦੇ ਭਾਸ਼ਾਈ ਰੂਪਾਂ ਨੂੰ ਜੋੜਦੇ ਹਨ। ਚਾਰਲਸ ਐਫ. ਹਾਕੇਟ ਅਨੁਸਾਰ, ਅੰਤਰ-ਵਿਅਕਤੀ ਅਤੇ ਅੰਤਰ-ਸਮੂਹੀ ਉਚਾਰ ਆਦਤਾਂ ਦੇ ਵੱਖਰੇਵਿਆਂ ਦਾ ਸਿਸਟਮੀ ਅਧਿਐਨ ਇੱਕ-ਕਾਲੀ ਉਪਭਾਸ਼ਾ-ਵਿਗਿਆਨ ਅਖਵਾਉਂਦਾ ਹੈ। ਉਪਭਾਸ਼ਾ-ਵਿਗਿਆਨ ਵਿੱਚ ਉਪਭਾਸ਼ਾ ਸੰਬੰਧੀ ਸਾਰੀਆਂ ਸਮੱਸਿਆਵਾਂ ਦਾ ਵਰਣਨ ਅਤੇ ਅਧਿਐਨ ਕੀਤਾ ਜਾਂਦਾ ਹੈ।

    ਉਪਭਾਸ਼ਾਈ ਇਲਾਕਿਆਂ ਦੇ ਸਰਵੇ ਕਰਨ ਦੇ ਉਦੇਸ਼ ਨਾਲ ਉਹਨਾਂ ਇਲਾਕਿਆਂ ਵਿੱਚ ਨਿਜੀ ਤੌਰ ਤੇ ਜਾ ਕੇ ਉਪਭਾਸ਼ਾ ਨਮੂਨੇ ਇਕੱਠੇ ਕਰਨ ਦੇ ਜੋ ਢੰਗ ਤੇ ਵਿਧੀਆਂ ਅਪਣਾਈਆਂ ਜਾਂਦੀਆਂ ਹਨ, ਉਹਨਾਂ ਨੂੰ ਖੇਤਰੀ ਪ੍ਰਣਾਲੀ ਕਿਹਾ ਜਾਂਦਾ ਹੈ। ਉਪਭਾਸ਼ਾਈ ਸਰਵੇ ਕਰਨ ਵਾਲੇ ਉਪਭਾਸ਼ਾ-ਵਿਗਿਆਨੀ ਨੂੰ ਸਰਵੇਖਕ ਕਿਹਾ ਜਾਂਦਾ ਹੈ ਜੋ ਭਾਸ਼ਾ ਦੇ ਵਿਸ਼ਲੇਸ਼ਣ ਦਾ ਵਿਸ਼ੇਸ਼ੱਗ ਵਿਦਵਾਨ ਹੁੰਦਾ ਹੈ। ਸਰਵੇਖਕ, ਉਪਭਾਸ਼ਾਵਾਂ ਦੇ ਖੇਤਰਾਂ ਵਿੱਚ ਜਾ ਕੇ ਅਜਿਹੇ ਮੂਲ ਬੁਲਾਰਿਆਂ ਦੀ ਚੋਣ ਕਰਦਾ ਹੈ ਜੋ ਸਿਆਣੇ, ਸੂਝਵਾਨ ਅਤੇ ਠੇਠ ਬੋਲੀ ਬੋਲਣ ਵਾਲੇ ਹੋਣ ਅਤੇ ਜਿਨ੍ਹਾਂ ਦੇ ਉਚਾਰਨ ਤੇ ਬੋਲ ਸਪਸ਼ਟ ਹੋਣ। ਅਜਿਹੇ ਮੂਲ ਬੁਲਾਰਿਆਂ ਨੂੰ ਸੂਚਕ ਕਿਹਾ ਜਾਂਦਾ ਹੈ। ਸੂਚਕ ਪਾਸੋਂ ਉਪਭਾਸ਼ਾਈ ਨਮੂਨੇ ਇਕੱਠੇ ਕਰਨ ਲਈ ਸਰਵੇਖਕ ਇੱਕ ਪ੍ਰਸ਼ਨਾਵਲੀ ਤਿਆਰ ਕਰਦਾ ਹੈ ਜਿਸ ਵਿੱਚ ਭਾਸ਼ਾਈ ਸਮਗਰੀ ਦੇ ਜ਼ਰੂਰੀ ਹਿੱਸੇ ਪੁੱਛੇ ਜਾਂਦੇ ਹਨ।

     ਉਪਭਾਸ਼ਾਵਾਂ ਦਾ ਅਧਿਐਨ 19ਵੀਂ ਸਦੀ ਦੇ ਪਿਛਲੇ ਅੱਧ ਵਿੱਚ ਸ਼ੁਰੂ ਹੋਇਆ। 1876 ਵਿੱਚ ਸਭ ਤੋਂ ਪਹਿਲਾਂ ਉਪਭਾਸ਼ਾ ਸਰਵੇ ਜਾਰਜ ਵੈਂਕਰ ਨੇ ਜਰਮਨੀ ਵਿੱਚ ਸ਼ੁਰੂ ਕੀਤਾ। ਉਸ ਨੇ ਟਕਸਾਲੀ ਜਰਮਨ ਭਾਸ਼ਾ ਦੇ ਕੁਝ ਵਾਕਾਂ ਦੀ ਸੂਚੀ ਬਣਾਈ, ਇਸਦੀ ਇੱਕ-ਇੱਕ ਕਾਪੀ ਪੰਜਾਹ ਹਜ਼ਾਰ ਸਕੂਲ ਮਾਸਟਰਾਂ ਨੂੰ ਭੇਜੀ। ਵੈਂਕਰ ਨੇ ਉਹਨਾਂ ਨੂੰ ਆਪੋ-ਆਪਣੀ ਖੇਤਰੀ ਉਪਭਾਸ਼ਾ ਵਿੱਚ ਨਕਲ ਕਰਨ ਲਈ ਬੇਨਤੀ ਕੀਤੀ। ਇਸਦੇ ਉੱਤਰ ਵਿੱਚ ਉਸਨੂੰ ਚਾਲੀ ਹਜ਼ਾਰ ਤੋਂ ਵੱਧ ਪੱਤਰ ਪ੍ਰਾਪਤ ਹੋਏ। ਇਹਨਾਂ ਦੇ ਆਧਾਰ ਤੇ ਉਸ ਨੇ ਪਹਿਲੀ ਭਾਸ਼ਾਈ ਐਟਲਸ (Linguistic Atlas) ਤਿਆਰ ਕੀਤੀ ਜਿਸਨੂੰ ਜਰਮਨੀ ਦੀ ਭਾਸ਼ਾਈ ਐਟਲਸ ਦਾ ਨਾਂ ਦਿੱਤਾ ਗਿਆ। ਇਹ ਐਟਲਸ ਉਹਨਾਂ ਨਕਸ਼ਿਆਂ ਦਾ ਸਮੂਹ ਸੀ ਜਿਨ੍ਹਾਂ ਵਿੱਚ ਸਕੂਲ ਦੇ ਮਾਸਟਰਾਂ ਤੋਂ ਪ੍ਰਾਪਤ ਪੱਤਰਾਂ ਦੇ ਆਧਾਰ ਤੇ ਭਾਸ਼ਾਈ ਉਚਾਰਨਾਂ ਦੇ ਵੱਖਰੇਵਿਆਂ ਨੂੰ ਦੇਖਿਆ ਗਿਆ ਸੀ।

    ਖੇਤਰੀ ਪ੍ਰਣਾਲੀ ਤੋਂ ਇਲਾਵਾ ਉਪਭਾਸ਼ਾ-ਵਿਗਿਆਨ ਦੇ ਅੰਤਰਗਤ ‘ਭਾਸ਼ਾ ਭੂਗੋਲ` ਵੀ ਕਾਫ਼ੀ ਉਪਯੋਗੀ ਵਿਧੀ ਹੈ। ਇਸ ਵਿਧੀ ਦੇ ਅੰਤਰਗਤ ਨੇੜਲੇ ਵੱਖ-ਵੱਖ ਖੇਤਰਾਂ ਵਿੱਚ ਕਿਸੇ ਸ਼ਬਦ ਜਾਂ ਵਾਕ ਦੇ ਉੱਭਰਵੇਂ ਵੱਖਰੇਵਿਆਂ ਦਾ ਅਧਿਐਨ ਕੀਤਾ ਜਾਂਦਾ ਹੈ, ਇਕੱਲੇ-ਇਕਹਿਰੇ ਸ਼ਬਦਾਂ ਦੇ ਵੱਖਰੇਵਿਆਂ ਦਾ ਆਧਾਰ ਮੁੱਖ ਤੌਰ ਤੇ ਉਚਾਰਨ ਹੀ ਹੁੰਦਾ ਹੈ। ਇੱਕੋ ਸ਼ਬਦ ਇੱਕ ਖੇਤਰ ਦੇ ਭਿੰਨ-ਭਿੰਨ ਬਿੰਦੂਆਂ ਤੇ ਕਿਵੇਂ ਉਚਾਰਿਆ ਜਾਂਦਾ ਹੈ, ਇਸ ਉਚਾਰਨ ਨੂੰ ਮੁੱਖ ਰੱਖ ਕੇ ਖੇਤਰੀ ਵੰਡ ਨਿਸ਼ਚਿਤ ਕੀਤੀ ਜਾਂਦੀ ਹੈ। ਮਿਸਾਲ ਵਜੋਂ ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਉਪਭਾਸ਼ਾਵਾਂ ਵਿੱਚ ‘ਭਾਈ` ਸ਼ਬਦ ਦੇ ਕਈ ਉਚਾਰ ਦੇਖੇ ਜਾ ਸਕਦੇ ਹਨ, ਜਿਵੇਂ-ਭਾਈ, ਭਾ, ਬਾਈ, ਬਾਊ, ਭਾਊ, ਭਰਾ ਅਤੇ ਭਾਈਆ। ਕਿਸੇ ਭਾਸ਼ਾ-ਵਿਸ਼ੇਸ਼ ਦੀਆਂ ਉਪਭਾਸ਼ਾਵਾਂ ਦੇ ਇਲਾਕਿਆਂ ਵਿੱਚੋਂ ਕੁਝ ਅਜਿਹੇ ਪਿੰਡ ਚੁਣ ਲਏ ਜਾਂਦੇ ਹਨ ਜਿੱਥੇ ਉਚਾਰ ਭਿੰਨਤਾ ਦੀ ਸੰਭਾਵਨਾ ਹੁੰਦੀ ਹੈ, ਇਹਨਾਂ ਨੂੰ ਬਿੰਦੂ (Points) ਕਿਹਾ ਜਾਂਦਾ ਹੈ।

    ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ-ਵਿਗਿਆਨ ਵਿਭਾਗ ਨੇ 1973 ਵਿੱਚ ਇੱਕ ਭਾਸ਼ਾ-ਐਟਲਸ ਤਿਆਰ ਕੀਤਾ ਹੈ। ਇਸ ਵਿੱਚ ਸਮਗਰੀ ਇਕੱਠੀ ਕਰਨ ਲਈ ਦਸ ਕੁ ਖੋਜਕਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ ਫਿਰ ਪੰਜਾਬ ਦੇ 203 ਸਥਾਨਾਂ ਤੋਂ ਪ੍ਰਸ਼ਨਾਵਲੀ ਦੇ ਆਧਾਰ ਤੇ ਸੂਚਨਾ ਇਕੱਠੀ ਕਰਵਾਈ ਗਈ। ਇਸ ਪ੍ਰਸ਼ਨਾਵਲੀ ਵਿੱਚ 590 ਸ਼ਬਦ ਅਤੇ ਪੂਰਨ ਭਗਤ ਦੀ ਕਹਾਣੀ ਸ਼ਾਮਲ ਸੀ। ਖੋਜ ਦਾ ਸਿੱਟਾ ਦਾ ਲਿੰਗੁਇਸਟਿਕ ਐਟਲਸ ਆਫ਼ ਦਾ ਪੰਜਾਬ (The Linguistic Atlas of the Punjab) 1973 ਵਿੱਚ ਛਾਪਿਆ ਗਿਆ। ਇਸ ਵਿੱਚ 101 ਸ਼ਬਦਾਂ ਦੇ ਵੱਖੋ-ਵੱਖਰੇ ਉਚਾਰਨਾਂ ਨੂੰ ਸਮਵਿਕਾਰ ਰੇਖਾਵਾਂ ਖਿੱਚ ਕੇ ਨਕਸ਼ਿਆਂ ਰਾਹੀਂ ਦਰਸਾਇਆ ਗਿਆ ਹੈ।

ਲੇਖਕ : ਗੁਰਪਾਲ ਸਿੰਘ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 1136,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/17/2014 12:00:00 AM
ਹਵਾਲੇ/ਟਿੱਪਣੀਆਂ: null

ਵਿਚਾਰ / ਸੁਝਾਅ