ਲਾਗ–ਇਨ/ਨਵਾਂ ਖਾਤਾ |
+
-
 
ਉਪਭਾਸ਼ਾ/ਬੋਲੀ

ਉਪਭਾਸ਼ਾ/ਬੋਲੀ : ਕਿਸੇ ਭਾਸ਼ਾ ਦੀ ਇਲਾਕਾਈ, ਸਥਾਨਿਕ ਜਾਂ ਸਮਾਜਿਕ ਤੌਰ ਤੇ ਨਿੱਖੜਵੀਂ ਵੰਨਗੀ ਨੂੰ ਉਪਭਾਸ਼ਾ/ਬੋਲੀ ਕਿਹਾ ਜਾਂਦਾ ਹੈ। ਇਸ ਦੀ ਪਛਾਣ ਖ਼ਾਸ ਤਰ੍ਹਾਂ ਦੀ ਸ਼ਬਦਾਵਲੀ ਅਤੇ ਵਿਆਕਰਨਿਕ ਬਣਤਰ ਦੇ ਕਾਰਨ ਸਥਾਪਿਤ ਹੁੰਦੀ ਹੈ। ਜਿਹੜੀਆਂ ਭਾਸ਼ਾਵਾਂ ਨੂੰ ਆਮ ਤੌਰ ਤੇ ਬੁਲਾਰਿਆਂ ਦੀ ਚੋਖੀ ਗਿਣਤੀ ਬੋਲਦੀ ਹੈ, ਉਹਨਾਂ ਭਾਸ਼ਾਵਾਂ ਤੋਂ ਅਕਸਰ ਉਪਭਾਸ਼ਾਵਾਂ ਵਿਕਾਸ ਕਰ ਜਾਂਦੀਆਂ ਹਨ। ਖ਼ਾਸ ਕਰ ਕੇ ਅਜਿਹੀਆਂ ਪਰਿਸਥਿਤੀਆਂ ਵਿੱਚ ਜਿੱਥੇ ਲੋਕਾਂ ਨੂੰ ਆਪਸ ਵਿੱਚ ਮੇਲ-ਮਿਲਾਪ ਤੋਂ ਵੱਖਰਾ ਕਰਨ ਵਾਲੇ ਦਰਿਆ, ਪਹਾੜ ਜਾਂ ਜੰਗਲ ਆਦਿ ਭੂਗੋਲਿਕ ਰੋਕਾਂ ਹੋਣ। ਉਪਭਾਸ਼ਾਵਾਂ ਦੀ ਉੱਤਪਤੀ ਲਈ ਲੋਕਾਂ ਦੀਆਂ ਵੱਖ-ਵੱਖ ਸਮਾਜਿਕ ਸ਼੍ਰੇਣੀਆਂ ਵਿੱਚ ਵੰਡਾਂ ਵੀ ਜ਼ੁੰਮੇਵਾਰ ਹੋ ਸਕਦੀਆਂ ਹਨ। ਇਸ ਤਰ੍ਹਾਂ ਭੂਗੋਲਿਕ ਵੰਡ ਤੇ ਸਮਾਜਿਕ ਵੰਡ ਦੋਵੇਂ ਉਪਭਾਸ਼ਾਵਾਂ ਦੀ ਹੋਂਦ ਦੇ ਬੁਨਿਆਦੀ ਕਾਰਨ ਸਿੱਧ ਹੁੰਦੇ ਹਨ।

 

    ਪੰਜਾਬੀ ਭਾਸ਼ਾ ਵਿੱਚ ਇੱਕ ਕਹਾਵਤ ਮਸ਼ਹੂਰ ਹੈ ਕਿ ਬਾਰਾਂ ਕੋਹਾਂ ਤੇ ਬੋਲੀ ਬਦਲ ਜਾਂਦੀ ਹੈ। ਹਰ ਭਾਸ਼ਾ ਦੇ ਰੂਪ ਵਿੱਚ ਸਮੇਂ ਤੇ ਸਥਾਨ ਦੇ ਆਧਾਰ ਤੇ ਫ਼ਰਕ ਪੈ ਜਾਂਦਾ ਹੈ। ਇੱਕੋ ਭਾਸ਼ਾਈ ਇਲਾਕੇ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਉਚਾਰਨ, ਵਿਆਕਰਨ ਤੇ ਸ਼ਬਦਾਵਲੀ ਦੇ ਅੰਤਰ ਮਿਲਦੇ ਹਨ। ਇਹ ਅੰਤਰ ਇੱਕ ਤੋਂ ਦੂਜੇ ਖੇਤਰ ਵਿੱਚ ਹੌਲੀ-ਹੌਲੀ ਸੰਮਿਲਤ ਹੋ ਜਾਂਦੇ ਹਨ। ਅਜਿਹੀ ਭਾਸ਼ਾ ਵੰਨਗੀ ਜਿਸਦਾ ਕੁਝ ਕੁ ਲੋਕਾਂ ਨਾਲ ਸੰਬੰਧ ਹੋਵੇ ਅਤੇ ਉਹ ਛੋਟੇ ਜਿਹੇ ਭਾਸ਼ਾ ਖੇਤਰ ਦਾ ਸਾਰ ਹੋਵੇ, ਉਸ ਨੂੰ ਉਪਭਾਸ਼ਾ ਆਖਦੇ ਹਨ। ਉਪਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਇੱਕ ਵਿਅਕਤੀ ਦੀ ਨਿੱਜੀ ਭਾਸ਼ਾ ਸ਼ੈਲੀ ਹੁੰਦੀ ਹੈ ਜਿਸਨੂੰ ਵਿਅਕਤੀ ਭਾਸ਼ਾ (Idiolect) ਕਿਹਾ ਜਾਂਦਾ ਹੈ।

    ਮੀਲੇ (Meillet) ਦਾ ਵਿਚਾਰ ਹੈ ਕਿ ਇੱਕੋ ਹੀ ਭਾਸ਼ਾ ਦੇ ਖੇਤਰ ਵਿੱਚ ਜਦੋਂ ਸਥਾਨਿਕ ਪਰਿਵਰਤਨ ਜਾਂ ਸਥਾਨਿਕ ਵਿਲੱਖਣਤਾਵਾਂ ਉਤਪੰਨ ਹੋ ਜਾਂਦੀਆਂ ਹਨ ਤਾਂ ਉਹਨਾਂ ਪਰਿਵਰਤਨਾਂ ਦੇ ਸਮੂਹ ਨੂੰ ਉਪਭਾਸ਼ਾ ਆਖਿਆ ਜਾਂਦਾ ਹੈ।ਜੇ.ਐਸ. ਪੁਆਰ ਦੀ ਰਾਇ ਹੈ :

      ਕਿਸੇ ਭਾਸ਼ਾ ਦੇ ਉਸ ਵਿਸ਼ੇਸ਼ ਰੂਪ ਨੂੰ, ਜੋ ਉਸ ਭਾਸ਼ਾਈ ਇਲਾਕੇ ਦੇ ਕਿਸੇ ਇੱਕ ਭਾਗ ਵਿੱਚ ਬੋਲਿਆ ਜਾਂਦਾ ਹੈ ਅਤੇ ਜੋ ਉਚਾਰਨ, ਵਿਆਕਰਨ, ਸ਼ਬਦ-ਭੰਡਾਰ ਅਤੇ ਮੁਹਾਵਰੇ ਦੇ ਪੱਖ ਤੋਂ ਭਾਸ਼ਾ ਦੇ ਟਕਸਾਲੀ ਰੂਪ ਨਾਲੋਂ ਕੁਝ ਵੱਖਰਾ ਹੁੰਦਾ ਹੈ, ‘ਉਪਭਾਸ਼ਾ` ਦਾ ਨਾਂ ਦਿੱਤਾ ਜਾਂਦਾ ਹੈ।

     ਭਾਸ਼ਾ ਤੇ ਉਪਭਾਸ਼ਾ ਦੇ ਅੰਤਰ ਬਾਰੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਸ਼ਾ ਤੇ ਉਪਭਾਸ਼ਾ ਦਾ ਦਰਜਾ ਨਿਸ਼ਚਿਤ ਕਰਨ ਜਾਂ ਉਪਭਾਸ਼ਾ ਨੂੰ ਭਾਸ਼ਾ ਨਾਲੋਂ ਨਿਖੇੜਨ ਦੀ ਕੋਈ ਠੋਸ ਵਿਧੀ ਜਾਂ ਨਿਯਮ ਨਹੀਂ ਅਰਥਾਤ, ਕੋਈ ਅਜਿਹੇ ਵਿਗਿਆਨਿਕ ਸਿਧਾਂਤ ਮੌਜੂਦ ਨਹੀਂ ਜਿਨ੍ਹਾਂ ਦੇ ਆਧਾਰ ਤੇ ਸੰਸਾਰ ਦੀਆਂ ਭਾਸ਼ਾਵਾਂ ਤੇ ਉਪਭਾਸ਼ਾਵਾਂ ਦੀ ਵੰਡ ਕੀਤੀ ਜਾ ਸਕੇ। ਕਈ ਵਾਰੀ ਤਾਂ ਇਹ ਨਿਰਨਾ ਕਰਨਾ ਔਖਾ ਹੋ ਜਾਂਦਾ ਹੈ ਕਿ ਕਿਸੇ ਇਲਾਕੇ ਦੀ ਬੋਲੀ ਦੋ ਗੁਆਂਢੀ ਭਾਸ਼ਾਵਾਂ ਵਿੱਚੋਂ ਕਿਹੜੀ ਦੀ ਉਪਭਾਸ਼ਾ ਹੈ। ਮਿਸਾਲ ਵਜੋਂ ਅੰਬਾਲਾ, ਕਰਨਾਲ ਤੇ ਹਿਸਾਰ ਜ਼ਿਲ੍ਹੇ ਦੇ ਕਈ ਇਲਾਕਿਆਂ ਦੀ ਬੋਲੀ ਨੂੰ ਪੰਜਾਬੀ ਦੀ ਉਪਭਾਸ਼ਾ ਵੀ ਕਿਹਾ ਜਾ ਸਕਦਾ ਹੈ ਪਰ ਕੋਈ ਭਾਸ਼ਾ-ਵਿਗਿਆਨੀ ਅਜਿਹੀ ਬੋਲੀ ਨੂੰ ਹਿੰਦੀ ਦੀ ਉਪਭਾਸ਼ਾ ਬਾਂਗਰੂ ਨਾਲ ਵੀ ਜੋੜ ਸਕਦਾ ਹੈ। ਉਪਭਾਸ਼ਾ ਦੀ ਸਥਿਤੀ ਨੂੰ ਸਮਝਣ ਲਈ ਕਈ ਆਧਾਰ ਸੁਝਾਏ ਗਏ ਹਨ ਪਰ ਇਹਨਾਂ ਵਿੱਚੋਂ ਕੋਈ ਵੀ ਅੰਤਿਮ ਰੂਪ ਵਿੱਚ ਸਹੀ ਨਹੀਂ ਮੰਨਿਆ ਜਾ ਸਕਦਾ। ਮਿਸਾਲ ਵਜੋਂ ਇੱਕ ਆਧਾਰ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਬੋਲੀ ਬੋਲਣ ਵਾਲੇ ਮੁੱਖ ਭਾਸ਼ਾ ਨੂੰ ਪੂਰੀ ਤਰ੍ਹਾਂ ਸਮਝ ਸਕਣ, ਉਸ ਬੋਲੀ ਨੂੰ ਉਸੇ ਮੁੱਖ ਭਾਸ਼ਾ ਦੀ ਉਪਭਾਸ਼ਾ ਮੰਨਣਾ ਚਾਹੀਦਾ ਹੈ। ਇਹ ਸਿਧਾਂਤ ਤਸੱਲੀਬਖ਼ਸ਼ ਨਹੀਂ। ਪੁਆਧੀ ਦੇ ਬਾਂਗਰੂ ਨਾਲ ਲੱਗਦੇ ਇਲਾਕਿਆਂ ਵਾਲੇ ਲੋਕ ਪੰਜਾਬੀ ਅਤੇ ਬਾਂਗਰੂ ਦੋਵੇਂ ਚੰਗੀ ਤਰ੍ਹਾਂ ਸਮਝਦੇ ਹਨ। ਇਸੇ ਤਰ੍ਹਾਂ ਹੀ ਪੰਜਾਬੀ ਦੇ ਗੁਆਂਢੀ ਖੇਤਰ ਵਿੱਚ ਰਹਿੰਦੇ ਬਾਂਗਰੂ ਲੋਕ ਪੰਜਾਬੀ ਅਤੇ ਪੱਛਮੀ ਹਿੰਦੀ ਪੂਰੀ ਤਰ੍ਹਾਂ ਸਮਝਦੇ ਹਨ। ਕਿਸੇ ਵੀ ਭਾਸ਼ਾ ਦੀਆਂ ਉਪਭਾਸ਼ਾਵਾਂ ਨਿਸ਼ਚਿਤ ਕਰਨ ਲਈ ਪਹਿਲਾਂ ਹਰ ਭਾਸ਼ਾ ਦੇ ਵਿਸ਼ੇਸ਼ ਲੱਛਣ ਨਿਸ਼ਚਿਤ ਕੀਤੇ ਜਾਂਦੇ ਹਨ। ਫੇਰ ਵੱਖ-ਵੱਖ ਇਲਾਕਿਆਂ ਦੀ ਬੋਲੀ ਦਾ ਵਿਸ਼ਲੇਸ਼ਣ ਕਰ ਕੇ ਇਹ ਵੇਖਿਆ ਜਾਂਦਾ ਹੈ ਕਿ ਭਾਸ਼ਾ ਦੇ ਵਿਸ਼ੇਸ਼ ਲੱਛਣਾਂ ਵਿੱਚੋਂ ਕਿਹੜੇ-ਕਿਹੜੇ ਇਸ ਬੋਲੀ ਵਿੱਚ ਮਿਲਦੇ ਹਨ। ਜਿਸ ਇਲਾਕੇ ਦੀ ਬੋਲੀ ਵਿੱਚ ਮੁੱਖ ਭਾਸ਼ਾ ਦੇ ਸਾਰੇ ਵਿਸ਼ੇਸ਼ ਲੱਛਣ ਮਿਲਣ ਜਾਂ ਇਹਨਾਂ ਵਿੱਚੋਂ ਬਹੁਤੇ ਲੱਛਣ ਮੌਜੂਦ ਹੋਣ, ਉਸ ਬੋਲੀ ਨੂੰ ਸੰਬੰਧਿਤ ਭਾਸ਼ਾ ਦੀ ਉਪਭਾਸ਼ਾ ਮੰਨਿਆ ਜਾ ਸਕਦਾ ਹੈ।

    ਕੋਈ ਭਾਸ਼ਾ ਭਾਸ਼ਾ-ਵਿਗਿਆਨਿਕ ਕਾਰਨਾਂ ਕਰ ਕੇ ਉਪਭਾਸ਼ਾ ਦਾ ਦਰਜਾ ਨਹੀਂ ਰੱਖਦੀ ਸਗੋਂ ਇਸ ਦੇ ਲਈ ਰਾਜਨੀਤਿਕ ਜਾਂ ਸੱਭਿਆਚਾਰਿਕ ਕਾਰਨ ਜ਼ੁੰਮੇਵਾਰ ਹੁੰਦੇ ਹਨ। ਖੇਤਰੀ ਰੂਪਾਂਤਰ ਤਾਂ ਵਰਤੋਂ ਕਰਨ ਵਾਲੇ ਬੁਲਾਰਿਆਂ ਅਨੁਸਾਰ ਹੁੰਦੇ ਹਨ, ਜਿਵੇਂ ਮਲਵਈ, ਪੁਆਧੀ, ਮਾਝੀ, ਦੁਆਬੀ, ਮੁਲਤਾਨੀ ਆਦਿ ਪੰਜਾਬੀ ਭਾਸ਼ਾ ਦੇ ਕੁਝ ਕੁ ਖੇਤਰੀ ਰੂਪਾਂਤਰ ਜਾਂ ਉਪਭਾਸ਼ਾਵਾਂ ਹਨ। ਬਾਰ੍ਹਵੀਂ ਸਦੀ ਵਿੱਚ ਫ਼ਰੀਦ ਕਾਲ ਸਮੇਂ ਮੁਲਤਾਨੀ ਭਾਵ ਲਹਿੰਦੀ ਉਪਭਾਸ਼ਾ ਪੰਜਾਬੀ ਦੇ ਟਕਸਾਲੀ ਰੂਪ ਵਜੋਂ ਵਰਤੀ ਜਾਂਦੀ ਸੀ। ਉਨ੍ਹੀਵੀਂ ਸਦੀ ਵਿੱਚ ਅੰਗਰੇਜ਼ਾਂ ਨੇ ਮਲਵਈ ਭਾਵ ਲੁਧਿਆਣਵੀ ਉਪਭਾਸ਼ਾ ਨੂੰ ਟਕਸਾਲੀ ਰੂਪ ਦੇਣ ਦਾ ਯਤਨ ਕੀਤਾ। ਅੱਜ-ਕੱਲ੍ਹ ਮਾਝੀ ਰੂਪ ਹੀ ਪੰਜਾਬੀ ਦਾ ਟਕਸਾਲੀ (ਮਿਆਰੀ) ਰੂਪ ਹੈ। ਮਾਝੀ, ਦੁਆਬੀ, ਮਲਵਈ, ਪੁਆਧੀ ਭਾਰਤੀ ਪੰਜਾਬ ਦੀ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ।

ਲੇਖਕ : ਗੁਰਪਾਲ ਸਿੰਘ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 8266,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/17/2014 12:00:00 AM
ਹਵਾਲੇ/ਟਿੱਪਣੀਆਂ: null

ਵਿਚਾਰ / ਸੁਝਾਅ