ਲਾਗ–ਇਨ/ਨਵਾਂ ਖਾਤਾ |
+
-
 
ਉਪਵਾਕ

ਉਪਵਾਕ: ਇਸ ਸੰਕਲਪ ਦੀ ਵਰਤੋਂ ਵਿਆਕਰਨਕ ਇਕਾਈਆਂ ਦੀ ਸਥਾਪਤੀ ਵੇਲੇ ਕੀਤੀ ਜਾਂਦੀ ਹੈ। ਵਿਆਕਰਨਕ ਅਧਿਅਨ ਦੀ ਵੱਡੀ ਤੋਂ ਵੱਡੀ ਇਕਾਈ ਵਾਕ ਹੈ ਅਤੇ ਛੋਟੀ ਤੋਂ ਛੋਟੀ ਇਕਾਈ ਭਾਵੰਸ਼\ਸ਼ਬਦ ਹੈ। ਉਪਵਾਕ ਦਾ ਸਥਾਨ ਵਾਕ ਤੋਂ ਪਿਛੋਂ ਅਤੇ ਵਾਕੰਸ਼ ਤੋਂ ਪਹਿਲਾਂ ਹੈ। ਵਾਕੰਸ਼ ਇਕ ਅਜਿਹੀ ਇਕਾਈ ਹੈ ਜੋ ਵਾਕ ਵਿਚ ਸ਼ਬਦ ਵਰਗਾ ਕਾਰਜ ਕਰਦੀ ਹੈ ਅਤੇ ਉਪਵਾਕ, ਵਾਕ ਵਰਗਾ ਕਾਰਜ ਕਰਦੀ ਹੈ। ਉਪਵਾਕ ਦੀ ਬਣਤਰ ਵਿਚ ਵਾਕ ਵਾਲੇ ਤੱਤ ਉਦੇਸ਼ ਅਤੇ ਵਿਧੇ ਦੋਵੇਂ ਹੀ ਵਿਚਰਦੇ ਹਨ। ਪਰੰਪਰਾਵਾਦੀ ਵਿਆਕਰਨਕਾਰ ਉਪਵਾਕ ਨੂੰ ਅੱਗੇ ਦੋ ਭਾਗਾਂ ਵਿਚ ਵੰਡਦੇ ਹਨ : (i) ਸਵਾਧੀਨ ਉਪਵਾਕ ਅਤੇ (ii) ਪਰਾਧੀਨ ਉਪਵਾਕ। ਸਵਾਧੀਨ ਉਪਵਾਕ ਦੇ ਲੱਛਣ ਸਧਾਰਨ ਵਾਕ ਵਾਲੇ ਹੀ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਸਾਵੀਆਂ ਬਣਤਰਾਂ ਵਿਚ ਕੀਤੀ ਜਾਂਦੀ ਹੈ ਜਿਵੇ : ‘ਮੁੰਡਾ ਬੋਲਦਾ ਰਿਹਾ ਤੇ ਕੁੜੀ ਸੁਣਦੀ ਰਹੀ’, ਵਾਕ ਵਿਚ ਦੋ ਉਪਵਾਕ ਹਨ। ਇਸ ਸਾਵੀਂ ਬਣਤਰ ਵਿਚ ਇਨ੍ਹਾਂ ਦੋਹਾਂ ਦਾ ਵਿਚਰਨ ਵਾਕਾਂ ਦੇ ਤੁਲ ਹੈ। ਇਨ੍ਹਾਂ ਬਣਤਰਾਂ ਤੋਂ ਬਾਹਰ ਇਨ੍ਹਾਂ ਉਪਵਾਕਾਂ ਨੂੰ ਸੁਤੰਤਰ ਸਧਾਰਨ ਵਾਕਾਂ ਵਜੋਂ ਵਰਤਿਆ ਜਾ ਸਕਦਾ ਹੈ ਜਿਵੇਂ : (ੳ) ਮੁੰਡਾ ਬੋਲਦਾ ਰਿਹਾ (ਅ) ਕੁੜੀ ਸੁਣਦੀ ਰਹੀ। ਦੂਜੇ ਪਾਸੇ ਅਸਾਵੀਂਆਂ ਵਾਕਾਤਮਕ ਬਣਤਰਾਂ ਵਿਚ ਦੋਵੇਂ ਪਰਕਾਰ ਦੇ ਉਪਵਾਕਾਂ ਦੀ ਵਰਤੋਂ ਹੁੰਦੀ ਹੈ। ਇਨ੍ਹਾਂ ਬਣਤਰਾਂ ਵਿਚ ਘੱਟੋ-ਘੱਟ ਇਕ ਸਵਾਧੀਨ ਅਤੇ ਇਕ ਪਰਾਧੀਨ ਉਪਵਾਕਾਂ ਦੀ ਵਰਤੋਂ ਹੁੰਦੀ ਹੈ ਜਿਵੇਂ : ‘ਜੋ ਗੱਜਦੇ ਹਨ ਉਹ ਵੱਸਦੇ ਨਹੀਂ’। ‘ਜੋ ਗੱਜਦੇ ਹਨ’ ਪਰਾਧੀਨ ਉਪਵਾਕ ਹੈ ਅਤੇ ਇਹ ਉਪਵਾਕ ਸੁਤੰਤਰ ਤੌਰ ’ਤੇ ਸਧਾਰਨ ਵਾਕ ਵਜੋਂ ਵਿਚਰਨ ਦੇ ਸਮਰੱਥ ਨਹੀਂ, ਦੂਜੇ ਪਾਸੇ ‘ਉਹ ਵੱਸਦੇ ਨਹੀਂ’ ਸਵਾਧੀਨ ਉਪਵਾਕ ਹੈ, ਜੋ ਸੁਤੰਤਰ ਤੌਰ ’ਤੇ ਸਧਾਰਨ ਵਾਕ ਵਜੋਂ ਵਿਚਰਨ ਦੇ ਸਮਰੱਥ ਹੈ। ਕੁੱਝ ਵਿਆਕਰਨਕਾਰਾਂ ਨੇ ਉਪਵਾਕ ਦੀ ਬਣਤਰ ਵਿਚ ਵਿਚਰਨ ਵਾਲੇ ਕਿਰਿਆ ਵਾਕੰਸ਼ ਦੇ ਰੂਪ ਦੇ ਅਧਾਰ ’ਤੇ ਉਪਵਾਕਾਂ ਦੀ ਵੰਡ ਕੀਤੀ ਹੈ। ਉਪਵਾਕਾਂ ਦੀ ਬਣਤਰ ਵਿਚ ਵਿਚਰਨ ਵਾਲੇ ਕਿਰਿਆ ਵਾਕੰਸ਼ ਦੋ ਪਰਕਾਰ ਦੇ ਹੁੰਦੇ ਹਨ ਜਿਵੇਂ : ਕਾਲਕੀ (Finite) ਅਤੇ ਅਕਾਲਕੀ (Non-Finite)। ਕਾਲਕੀ ਕਿਰਿਆ ਵਾਕੰਸ਼ਾਂ ਦੁਆਰਾ ਹੋਂਦ ਵਿਚ ਆਉਣ ਵਾਲੇ ਉਪਵਾਕਾਂ ਨੂੰ ਕਾਲਕੀ ਉਪਵਾਕ ਕਿਹਾ ਜਾਂਦਾ ਹੈ। ਇਸ ਪਰਕਾਰ ਦੇ ਉਪਵਾਕ ਸੁਤੰਤਰ ਤੌਰ ’ਤੇ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ ਜਦੋਂ ਕਿ ਅਕਾਲਕੀ ਕਿਰਿਆ ਵਾਕੰਸ਼ਾਂ ਦੁਆਰਾ ਹੋਂਦ ਵਿਚ ਆਉਣ ਵਾਲੇ ਉਪਵਾਕਾਂ ਨੂੰ ਅਕਾਲਕੀ ਉਪਵਾਕ ਕਿਹਾ ਜਾਂਦਾ ਹੈ। ਅਕਾਲਕੀ ਉਪਵਾਕ ਸੁਤੰਤਰ ਤੌਰ ’ਤੇ ਵਿਚਰਨ ਦੀ ਸਮਰੱਥਾ ਨਹੀਂ ਰੱਖਦੇ ਅਤੇ ਇਨ੍ਹਾਂ ਦਾ ਵਿਚਰਨ ਕਾਲਕੀ ਉਪਵਾਕਾਂ ਤੋਂ ਬਿਨਾ ਸੰਭਵ ਨਹੀਂ ਹੁੰਦਾ ਜਿਵੇਂ : ‘ਮੌਤ ਦਾ ਦ੍ਰਿਸ਼ ਵੇਖ ਕੇ, ਉਹ ਡਰ ਗਿਆ’ ਵਿਚ ਪਹਿਲਾ ਉਪਵਾਕ ਅਕਾਲਕੀ ਹੈ ਅਤੇ ਦੂਜਾ ਉਪਵਾਕ ਕਾਲਕੀ ਹੈ। ਕਾਰਜ ਦੇ ਅਧਾਰ ਤੇ ਇਕ ਮਿਸ਼ਰਤ ਵਾਕਾਤਮਕ ਬਣਤਰ ਵਿਚ ਇਕ ਉਪਵਾਕ ਇਕ ਵਾਕੰਸ਼ ਵਰਗਾ ਕਾਰਜ ਕਰਦਾ ਹੈ। ਇਸ ਅਧਾਰ ’ਤੇ ਉਪਵਾਕਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : (i) ਨਾਂਵ ਉਪਵਾਕ, (ii) ਵਿਸ਼ੇਸ਼ਣ ਉਪਵਾਕ ਅਤੇ (iii) ਕਿਰਿਆ ਵਿਸ਼ੇਸ਼ਣ ਉਪਵਾਕ। ਇਸੇ ਅਧਾਰ ਤੇ ਉਪਵਾਕ ਨੂੰ ਕਰਤਾ ਉਪਵਾਕ, ਕਰਮ ਉਪਵਾਕ, ਕਿਰਿਆਵੀ ਉਪਵਾਕ ਅਤੇ ਕਿਰਿਆ ਵਿਸ਼ੇਸ਼ਣੀ ਉਪਵਾਕਾਂ ਵਿਚ ਵੰਡਿਆ ਜਾਂਦਾ ਹੈ।

ਲੇਖਕ : ਬਲਦੇਵ ਸਿੰਘ ਚੀਮਾ,     ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 2690,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/21/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ