ਉਪਾਖ਼ਿਆਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਪਾਖ਼ਿਆਨ : ‘ ਉਪਾਖ਼ਿਆਨ` ਸ਼ਬਦ ਉਪ ਅਤੇ ਆਖ਼ਿਆਨ ( ਉਪ + ਆਖ਼ਿਆਨ ) ਤੋਂ ਬਣਿਆ ਹੈ । ‘ ਆਖ਼ਿਆਨ` ਵਿੱਚ ਕਿਸੇ ਲੰਮੀ ਅਥਵਾ ਦੀਰਘ ਕਥਾ ਦਾ ਵਰਣਨ ਹੁੰਦਾ ਹੈ ਜਦ ਕਿ ਉਪਾਖ਼ਿਆਨ ਵਿੱਚ ਕਿਸੇ ਛੋਟੀ ਸਹਾਇਕ ਕਥਾ ਦਾ ਬਿਆਨ ਹੁੰਦਾ ਹੈ । ਉਪਾਖ਼ਿਆਨ ਵਾਸਤੇ ਦੋਹਰਾ ਅਤੇ ਚੌਪਈ ਛੰਦ ਸਭ ਤੋਂ ਵਧੇਰੇ ਉਚਿਤ ਮੰਨੇ ਗਏ ਹਨ । ‘ ਉਪਾਖ਼ਿਆਨ` ਦੀ ਪਰੰਪਰਾ ਪ੍ਰਾਚੀਨ ਭਾਰਤੀ ਸੰਸਕ੍ਰਿਤ ਸਾਹਿਤ ਵਿੱਚ ਵੇਖਣ ਨੂੰ ਮਿਲਦੀ ਹੈ । ਵੇਦਾਂ ਅਤੇ ਉਪਨਿਸ਼ਦਾਂ ਵਿੱਚ ਵੀ ‘ ਆਖ਼ਿਆਨ` ਮਿਲਦੇ ਹਨ । ਆਧੁਨਿਕ ਕਹਾਣੀ ਦੇ ਪੁਰਾਤਨ ਸਰੂਪ ਨੂੰ ਸੰਸਕ੍ਰਿਤ ਸਾਹਿਤ ਵਿੱਚ ਆਏ ‘ ਆਖ਼ਿਆਨ` ਅਤੇ ‘ ਉਪਾਖ਼ਿਆਨ` ਦੀ ਪ੍ਰਾਚੀਨ ਪਰੰਪਰਾ ਵਿੱਚੋਂ ਖੋਜਿਆ ਜਾ ਸਕਦਾ ਹੈ । ਉਦਾਹਰਨ ਲਈ ਰਿਗਵੇਦ ਦੇ ਯਮ-ਯਮੀ , ਪੁਰਰਵਾ- ਉਰਵਸ਼ੀ , ਸਰਮਾ ਅਤੇ ਪਣੀਗਣ ਜਿਹੇ ਲਕਸ਼ਣਾਂ , ਸੰਵਾਦਾਂ , ਬ੍ਰਾਹਮਣਾਂ ਦੇ ਸੋਪਰਣੀ-ਕਾਦਰਵ ਜਿਹੇ ਰੂਪਾਤਮਿਕ ਨਿਆਂ-ਆਖ਼ਿਆਨਾਂ , ਉਪਨਿਸ਼ਦਾਂ ਦੇ ਸੰਤਕੁਮਾਰ-ਨਾਰਦ ਜਿਹੇ ਬ੍ਰਹਮ ਰਿਸ਼ੀਆਂ ਦੀਆਂ ਭਾਵਮੂਲਕ ਅਧਿਆਤਮਿਕ ਵਿਆਖਿਆਵਾਂ , ਮਹਾਂਭਾਰਤ ਦੇ ਗੰਗਾ ਅਵਤਰਨ , ਸਿੰਗ , ਨਹੁਸ਼ , ਯਯਾਤੀ , ਸ਼ਕੁੰਤਲਾ , ਨਲ ਆਦਿ ਜਿਹੇ ਉਪਾਖ਼ਿਆਨਾਂ ਵਿੱਚੋਂ ਕਹਾਣੀ ਦੇ ਸਰੂਪ ਨੂੰ ਲੱਭਿਆ ਜਾ ਸਕਦਾ ਹੈ । ਇਹ ‘ ਉਪਾਖ਼ਿਆਨ` ਲਿਖਣ ਦੀ ਪ੍ਰੇਰਨਾ ਦਾ ਆਧਾਰ ਧਾਰਮਿਕ , ਆਚਾਰ , ਅਧਿਆਤਮਿਕ ਤੱਤ- ਚਿੰਤਨ , ਨੀਤੀ ਅਤੇ ਕਰਤੱਵ ਪਾਲਣ ਦੀ ਸਿੱਖਿਆ ਦੇਣਾ ਹੈ । ਇਸ ਤਰ੍ਹਾਂ ਦੀ ਕਹਾਣੀ ਵਿੱਚ ਗੂੜ੍ਹ-ਅਰਥ ਯੁਕਤ ਰੂਪਕਾਂ ਅਤੇ ਵਰਣਨ-ਪ੍ਰਧਾਨ ਚਰਿੱਤਰਾਂ ਨੂੰ ਵੇਖਿਆ ਜਾ ਸਕਦਾ ਹੈ । ਇਕੱਲੇ ਰਿਗਵੇਦ ਵਿੱਚ 30 ਆਖ਼ਿਆਨ ਮਿਲਦੇ ਹਨ । ਰਮਾਇਣ ਨੂੰ ਵੀ ਆਖ਼ਿਆਨ ਸਾਹਿਤ ਦੇ ਅੰਤਰਗਤ ਰੱਖਿਆ ਜਾ ਸਕਦਾ ਹੈ । ਪੁਰਾਣਾਂ ਵਿੱਚ ਵੀ ਆਖ਼ਿਆਨਾਂ ਦਾ ਵਰਣਨ ਮਿਲਦਾ ਹੈ । ‘ ਉਪਾਖ਼ਿਆਨ` ਦਾ ਸਮਾਨਾਰਥਕ ਸ਼ਬਦ ਸੰਸਕ੍ਰਿਤ ਸਾਹਿਤ ਵਿੱਚ ‘ ਆਖਯਾਕੀ` ਹੈ । ਇੱਥੇ ਇਹ ਲਘੂ ਕਥਾ ਦੇ ਅਰਥਾਂ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ । ਪੰਚਤੰਤਰ ਅਤੇ ਹਿਤੋਪਦੇਸ਼ ਗ੍ਰੰਥਾਂ ਵਿੱਚ ਆਈਆਂ ਲਘੂ ਕਥਾਵਾਂ ਨੂੰ ਵੀ ‘ ਉਪਾਖ਼ਿਆਨ` ਦੀ ਸੰਗਿਆ ਦਿੱਤੀ ਜਾ ਸਕਦੀ ਹੈ । ਪੰਜਾਬੀ ਸਾਹਿਤ ਵਿੱਚ ਉਪਾਖ਼ਿਆਨ ਲਿਖਣ ਦੀ ਪਰੰਪਰਾ ਨਹੀਂ ਰਹੀ । ਗੁਰਮੁਖੀ ਲਿਪੀ ਵਿੱਚ ਲਿਖੇ ਗਏ ਬ੍ਰਜਭਾਸ਼ੀ ਸਾਹਿਤ ਵਿੱਚ ਆਖ਼ਿਆਨ ਲਿਖਣ ਦੀ ਪਰੰਪਰਾ ਮਿਲਦੀ ਹੈ । ਰਾਸ਼ਟਰ ਨਾਇਕ ਗੁਰੂ ਗੋਬਿੰਦ ਸਿੰਘ ਦੇ ਸਮੇਂ ਅਨੰਦਪੁਰ ਵਿਖੇ ਸਾਹਿਤਕਾਰਾਂ ਵੱਲੋਂ ਆਖ਼ਿਆਨਾਂ ਦੀ ਰਚਨਾ ਕੀਤੀ ਗਈ । ਦਸਮ ਗ੍ਰੰਥ ਵਿੱਚ ‘ ਚਰਿਤ੍ਰੋ ਪਾਖ਼ਿਆਨ` ਦੀ ਰਚਨਾ ਸ਼ਾਮਲ ਹੈ । ਇਸ ਵਿੱਚ ਵਿੱਚ ਸ਼ਾਮਲ ਉਪਾਖ਼ਿਆਨਾਂ ਦਾ ਵਰਣਿਤ ਵਿਸ਼ਾ ਇਸਤਰੀ-ਚਰਿੱਤਰ ਹੈ ਅਤੇ ਇਸ ਵਿੱਚ ਪੌਰਾਣਿਕ , ਇਤਿਹਾਸਿਕ , ਲੋਕ-ਜੀਵਨ ਨਾਲ ਸੰਬੰਧਿਤ ਲਗਪਗ 404 ਚਰਿੱਤਰ ਸੰਕਲਿਤ ਹਨ ।

      ਆਖ਼ਿਆਨਾਂ ਦੀ ਸਿੱਖਿਆ ਮਾਨਵ ਸਮਾਜ ਦੇ ਸਮੂਹਿਕ ਕਲਿਆਣ ਅਤੇ ਵਿਸ਼ਵ-ਮੰਗਲ ਦੀ ਸਮ੍ਰਿਧੀ ਵਾਸਤੇ ਹੁੰਦੀ ਹੈ । ਭਾਰਤੀ ਸੰਸਕ੍ਰਿਤੀ ਦੇ ਅਨੁਸਾਰ ਮਨੁੱਖ ਅਤੇ ਦੇਵਤੇ ਦੋਨੋਂ ਪਰਸਪਰ ਜੁੜੇ ਹੋਏ ਹਨ । ਮਨੁੱਖ ਯੱਗ ਦੁਆਰਾ ਦੇਵਤਿਆਂ ਲਈ ਆਹੂਤੀ ਦਿੰਦਾ ਹੈ । ਦੇਵਤੇ ਪ੍ਰਸੰਨ ਹੋ ਕੇ ਉਸ ਦੀ ਅਭਿਲਾਸ਼ਾ ਪੂਰਨ ਕਰਦੇ ਹਨ । ਆਪਣੀ ਮਿਹਰ ਅਤੇ ਫਲ ਦੀ ਵਰਖਾ ਆਪਣੇ ਪ੍ਰਸੰਸਕਾਂ ਉਪਰ ਕਰਦੇ ਹਨ । ਇੰਦਰ ਅਤੇ ਅਸ਼ਿਵਨ ਵਾਲਾ ਆਖ਼ਿਆਨ ਇਸ ਦੀ ਉਦਾਹਰਨ ਹੈ ।

      ਸੰਸਕ੍ਰਿਤ ਸਾਹਿਤ ਵਿੱਚ ਸਾਹਿਤ ਰੂਪਾਂ ਨੂੰ ਉਹਨਾਂ ਦੀ ਬਣਤਰ ਦੇ ਆਧਾਰ ਉਪਰ ਅਨੇਕਾਂ ਰੂਪਾਂ ਵਿੱਚ ਵਿਭਾਜਿਤ ਕੀਤਾ ਗਿਆ ਹੈ । ਉਦਾਹਰਨ ਲਈ ਕਵੀ ਬਾਣ ਦੇ ਹਰਸ਼ਚਰਿਤ ਨੂੰ ਆਖਿਯਾਕਾ ( ਉਪਾਖ਼ਿਆਨ ) ਅਤੇ ਕਾਦੰਬਰੀ ਨੂੰ ਕਥਾ ਦਾ ਨਾਂ ਦਿੱਤਾ ਹੈ । ਉਪਾਖ਼ਿਆਨ ਦੀ ਕਥਾ ਨੀਤੀ-ਪ੍ਰਧਾਨ ਅਤੇ ਉਪਦੇਸ਼ਾਤਮਿਕ ਹੁੰਦੀ ਹੈ ।


ਲੇਖਕ : ਸੁਦਰਸ਼ਨ ਗਾਸੋ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

good


Rajwinder Singh, ( 2015/06/27 12:00AM)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.