ਉਪੇਂਦਰ ਨਾਥ ਅਸ਼ਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਪੇਂਦਰ ਨਾਥ ਅਸ਼ਕ ( 1910– 1996 ) : ਪੰਜਾਬ ਦੇ ਹਿੰਦੀ ਲੇਖਕਾਂ `ਚੋਂ ਸਭ ਤੋਂ ਵੱਧ ਸਾਹਿਤ-ਰੂਪਾਂ ਵਿੱਚ ਲਿਖਣ ਵਾਲਾ ਉਪੇਂਦਰ ਨਾਥ ਅਸ਼ਕ ਹੈ । ਅਸ਼ਕ ਦਾ ਜਨਮ 24 ਦਸੰਬਰ 1910 ਨੂੰ ਜਲੰਧਰ ਵਿਖੇ ਪੰਡਤ ਮਾਧੋਰਾਮ ਅਤੇ ਮਾਤਾ ਮਮਤਾ ਦੇ ਘਰ ਹੋਇਆ । 86 ਸਾਲ ਦੀ ਲੰਮੀ , ਪੱਕੀ , ਸੰਘਰਸ਼ਸ਼ੀਲ ਉਮਰ `ਚ ਉਪੇਂਦਰ ਨਾਥ ਅਸ਼ਕ ਨੇ ਇੱਕ ਸੌ ਤੋਂ ਵੱਧ ਪੁਸਤਕਾਂ ਹਿੰਦੀ ਪਾਠਕਾਂ ਨੂੰ ਪ੍ਰਦਾਨ ਕੀਤੀਆਂ ।

      ਅਸ਼ਕ ਨੇ ਡੀ.ਏ.ਵੀ. ਕਾਲਜ `ਚੋਂ ਬੀ.ਏ. ਪਾਸ ਕੀਤੀ ਅਤੇ ਲਾਹੌਰ ਤੋਂ ਵਕਾਲਤ ਦੀ ਡਿਗਰੀ ਪ੍ਰਾਪਤ ਕੀਤੀ ਪਰੰਤੂ ਸਾਹਿਤ ਪ੍ਰਤਿ ਵਧੇਰੇ ਰੁਝਾਨ ਸਦਕਾ ਪ੍ਰੈਕਟਿਸ ਨਹੀਂ ਕੀਤੀ ।

      ਮੁਢਲੇ ਤੌਰ ਤੇ ਅਸ਼ਕ ਇੱਕ ਕਵੀ ਸੀ ਪਰ ਉਸ ਦੀ ਪਹਿਲੀ ਛਪੀ ਪੁਸਤਕ ਏਕ ਰਾਤ ਕਾ ਨਰਕ ਇੱਕ ਨਾਵਲ ਸੀ । ਸਿਤਾਰੋਂ ਕੇ ਖੇਲ , ਗਿਰਤੀ ਦੀਵਾਰੇਂ , ਗਰਮ ਰਾਖ਼ , ਬੜੀ ਬੜੀ ਆਂਖੇਂ , ਪੱਥਰ ਅਲ ਪੱਥਰ ਦੇ ਨਾਲ ਹੀ ਅਸ਼ਕ ਨੇ ਸ਼ਹਿਰ ਮੇਂ ਘੂਮਤਾ ਆਈਨਾ , ਚੇਤਨ , ਏਕ ਨਨ੍ਹੀ ਕੰਦੀਲ , ਬਾਂਧੋ ਨਾ ਨਾਂਵ , ਨਿਮਿਸ਼ਾ , ਚੰਦ੍ਰਾ ਦੇ ਨਾਂ ਵੀ ਆਧੁਨਿਕ ਹਿੰਦੀ ਨਾਵਲ ਦੇ ਇਤਿਹਾਸ ਵਿੱਚ ਦਰਜ ਹਨ । ਛੋਟੇ ਬੜੇ ਲੋਗ , ਧੌਲਾ ਘਾਟ ਕੀ ਛਾਯਾ ਮੇਂ ਅਤੇ ਨੀਲਾ ਮੁਝੇ ਮਾਫ਼ ਕਰ ਦੋ ਨਾਵਲ ਵੀ ਪਾਠਕਾਂ ਵੱਲੋਂ ਸਲਾਹੇ ਗਏ ਹਨ । ਗੂੰਜਦਾ ਪੰਜਾਬ , ਪੰਜਾਬੀ ਸੱਭਿਆਚਾਰ , ਮੇਲੇ-ਤਿਓਹਾਰ , ਰਹੁ-ਰੀਤਾਂ ਉਪੇਂਦਰ ਨਾਥ ਅਸ਼ਕ ਦੇ ਨਾਵਲਾਂ ਦੀ ਵਿਸ਼ੇਸ਼ਤਾ ਹੈ । ਹੱਡ ਬੀਤੀ ਨੂੰ ਦਿਲਚਸਪ ਕਿੱਸਾ ਬਣਾ ਕੇ ਕਲਾ ਨਾਲ ਨਾਵਲ `ਚ ਢਾਲਣਾ ਅਸ਼ਕ ਦੀ ਖ਼ੂਬੀ ਰਹੀ ਹੈ । ਪੰਜਾਬ ਦੇ ਲੋਕ-ਗੀਤ , ਸਿਠਣੀਆਂ , ਬੁਝਾਰਤਾਂ ਅਸ਼ਕ ਦੇ ਨਾਵਲਾਂ ਵਿੱਚ ਗੁੰਦੀਆਂ ਹੋਈਆਂ ਹਨ ।

      ਨਾਵਲ ਵਾਂਗ ਕਹਾਣੀ ਦੇ ਖੇਤਰ `ਚ ਵੀ ਅਸ਼ਕ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ । ਪਿੰਜਰਾ , ਜੁਦਾਈ ਕੀ ਸ਼ਾਮ ਕਾ ਗੀਤ , ਕਾਲੇ ਸਾਹਬ , ਬੈਂਗਨ ਕਾ ਪੌਧਾ , ਪਲੰਗ , ਕਹਾਣੀ ਲੇਖਕਾ ਔਰ ਜੇਹਲਮ ਕੇ ਸਾਤ ਪੁਲ ਤੱਕ ਕਥਾ ਸੰਸਾਰ ਵਿੱਚ ਅਸ਼ਕ ਨੇ ਇੱਕ ਮੋੜ ਸਥਾਪਿਤ ਕੀਤਾ । ਬਿਸ਼ਨਿਆਂ , ਦੋ ਧਾਰਾ , ਆਕਾਸ਼ ਚਾਰੀ , ਰੋਬਦਾਬ , ਵਾਸਨਾ ਕੇ ਸਵਰ ਜਿਹੇ ਕਹਾਣੀ ਸੰਗ੍ਰਹਿਆਂ ਤੋਂ ਬਾਅਦ ਅਸ਼ਕ ਦੇ ਉਬਾਲ ਔਰ ਅਨਯ ਕਹਾਣੀਆਂ , ਪਲੰਗ , ਚਾਚਾ ਰਾਮ ਦਿੱਤਾ , ਦੂਰਦਰਸ਼ੀ ਲੋਗ ਜਿਹੇ ਸੰਗ੍ਰਹਿ ਛਪੇ ਹਨ । ਮੇਰੀ ਸ੍ਰੇਸ਼ਠ ਕਹਾਣੀਆਂ , ਲੋਕ ਪ੍ਰਿਯ ਕਹਾਣੀਆਂ , ਮੇਰੀ ਚਰਚਿਤ ਕਹਾਣੀਆਂ ਅਸ਼ਕ ਦੇ ਕੁਝ ਹੋਰ ਸੰਕਲਨ ਹਨ ਜਿਨ੍ਹਾਂ ਦਾ ਮੁਲਾਂਕਣ ਪਾਠਕ੍ਰਮਾਂ `ਚ ਕੀਤਾ ਜਾਂਦਾ ਹੈ । ਅਸ਼ਕ ਨੇ ਲੰਮੀਆਂ ਤੇ ਛੋਟੀਆਂ , ਚਰਚਿਤ ਤੇ ਅਸਰਦਾਰ , ਵਿਵਾਦ ਪੈਦਾ ਕਰਦੀਆਂ ਬਹੁਤ ਕਹਾਣੀਆਂ ਲਿਖੀਆਂ । ਸਮਾਜਿਕ ਦੰਭ ਅਤੇ ਦੋਗਲੀ ਪ੍ਰਵਿਰਤੀ ਨੂੰ ਉਸ ਨੇ ਆਪਣੇ ਪਾਤਰਾਂ ਰਾਹੀਂ ਬਖ਼ੂਬੀ ਨੰਗਾ ਕੀਤਾ ਹੈ ।

      ਨਾਟਕਕਾਰ ਅਸ਼ਕ ਦਾ ਦਬਦਬਾ ਪੰਜਾਬ `ਚ ਅਤੇ ਪੂਰੇ ਦੇਸ਼ `ਚ ਵੀ ਮੰਨਿਆ ਜਾਂਦਾ ਰਿਹਾ ਕਿਉਂਕਿ ਉਸ ਨੇ ਰੇਡੀਓ ਲਈ , ਕੋਰਸ ਲਈ , ਪਾਠਕ ਲਈ ਅਤੇ ਰੰਗ-ਮੰਚ ਲਈ ਕਈ ਦਰਜਨ ਨਾਟਕਾਂ , ਇਕਾਂਗੀਆਂ ਦੀ ਰਚਨਾ ਕੀਤੀ । 1937 `ਚ ਜੈ ਪਰਾਜਯ ਤੋਂ ਬਾਅਦ ਸਵਰਗ ਦੀ ਝਲਕ , ਛਠਾ ਬੇਟਾ , ਪੈਂਤਰੇ , ਕੈਦ ਔਰ ਓਡਾਣ , ਭੰਵਰ , ਅੰਜੋ ਦੀਦੀ ਨਾਟਕ ਚਰਚਿਤ ਰਹੇ । ਅਲੱਗ ਅਲੱਗ ਰਾਸਤੇ ( ਬਦਲਿਆ ਰੂਪ ) , ਲੋਟਾ ਹੂਆ ਦਿਨ , ਬੜੇ ਖਿਲਾੜ੍ਹੀ , ਸਾਤ ਪੁਲ ਜਿਹੇ ਨਾਟਕਾਂ ਤੋਂ ਅੱਡ ਇਕਾਂਗੀ ਸੰਸਾਰ `ਚ ਚਰਵਾਹੇ , ਦੇਵਤਾਓ ਕੀ ਛਾਇਆ ਮੇਂ , ਪਰਦਾ ਉਠਾਓ ਪਰਦਾ ਗਿਰਾਓ , ਅੰਧੀ ਗਲੀ , ਸਾਹਬ ਕੋ ਜ਼ੁਕਾਮ ਹੈ , ਪੱਕਾ ਗਾਨਾ , ਸੂਖੀ ਡਾਲੀ ਜਿਹੇ ਇਕਾਂਗੀ ਸੰਕਲਨਾਂ ਤੋਂ ਲੈ ਕੇ ਨਏ ਰੰਗ ਏਕਾਂਕੀ , ਲਕਸ਼ਮੀ ਕਾ ਸਵਾਗਤ , ਸ੍ਰੇਸ਼ਟ ਏਕਾਂਕੀ , ਤੁਫ਼ਾਨ ਸੇ ਪਹਿਲੇ , ਅੰਧੀ ਗਲੀ , ਮੁਖੜਾ ਬਦਲ ਗਿਆ ਨਾਮੀ ਰਚਨਾਵਾਂ ਵਿੱਚ ਪਰਿਵਾਰਿਕ , ਸਮਾਜਿਕ , ਰਾਜਨੀਤਿਕ ਤੇ ਆਰਥਿਕ ਵਿਅੰਗ ਸਿਰਜੇ ਗਏ ਹਨ ।

      ਉਪੇਂਦਰ ਨਾਥ ਅਸ਼ਕ ਭਾਵੁਕ ਪਰ ਖੁੱਲ੍ਹੀ , ਖਰ੍ਹਵੀ ਗੱਲ ਕਰਨ ਵਾਲੇ ਸਾਹਿਤਕਾਰਾਂ `ਚੋਂ ਸੀ । ਸੰਕੇਤ ਦਾ ਉਹ ਪ੍ਰਧਾਨ ਸੰਪਾਦਕ ਸੀ । ਕਮਲੇਸ਼ਵਰ ਅਤੇ ਮਾਰਕੰਡੇ ਉਸ ਨਾਲ ਸੰਪਾਦਕ ਵਜੋਂ ਕੰਮ ਕਰਦੇ ਸਨ ।

      ਕਵਿਤਾ ਦੇ ਖੇਤਰ ਵਿੱਚ ਅਸ਼ਕ ਦੀਆਂ ਇੱਕ ਦਰਜਨ ਤੋਂ ਵੱਧ ਪੁਸਤਕਾਂ ਹਨ । 1937 `ਚ ਪ੍ਰਾਤ ਪ੍ਰਦੀਪ ਤੋਂ ਸ਼ੁਰੂ ਕਰ ਕੇ ਉਰਮੀਆਂ , ਬਰਗਦ ਕੀ ਬੇਟੀ , ਦੀਪ ਜਲੇਗਾ , ਚਾਂਦਨੀ ਔਰ ਅਜਗਰ , ਸੜਕੋਂ ਪੇ ਢਲੇ ਸਾਏ , ਖੋਜਾ ਹੂਆ ਪ੍ਰਭਾ ਮੰਡਲ , ਅਦ੍ਰਿਸ਼ ਨਦੀ , ਪੀਲੀ ਚੋਂਚ ਵਾਲੀ ਚਿੜੀਆਂ ਕੇ ਨਾਮ , ਸਵਰਗ ਲੋਕ ਤਲ ਪਰ ਹੈ , ਏਕ ਦਿਨ ਆਕਾਸ਼ ਨੇ ਕਹਾ ਅਤੇ ਆਧੁਨਿਕ ਕਵੀ ਸ਼ਾਮਲ ਹਨ । ਅਸ਼ਕ ਨੇ ਕੁਝ ਲਿਖਤਾਂ , ਪੁਸਤਕਾਂ ਦਾ ਅਨੁਵਾਦ ਵੀ ਕੀਤਾ । ਨਿਬੰਧਕਾਰ ਅਸ਼ਕ ਨੂੰ ਉਸ ਦੇ ਭਾਸ਼ਾ ਗਿਆਨ ਅਤੇ ਸ਼ੈਲੀ , ਸ਼ਿਲਪ ਲਈ ਵੀ ਯਾਦ ਕੀਤਾ ਜਾਂਦਾ ਹੈ । ਖੋਨੇ ਔਰ ਪਾਨੇ ਕੇ ਬੀਚ , ਉਸਤਾਦ ਦੀ ਜਗਹ ਖਾਲੀ ਹੈ , ਛੋਟੀ ਸੀ ਪਹਚਾਨ , ਕੁਛ ਦੂਸਰੋਂ ਕੇ ਲੀਏ ਨਾਮੀ ਰਚਨਾਵਾਂ ਵਿੱਚ ਹਾਸਰਸ , ਵਿਅੰਗ- ਕਟਾਖਸ਼ , ਅਤੇ ਚਿੰਤਨ ਵੀ ਸ਼ਾਮਲ ਹੈ ।

      ਸਾਕਸ਼ਾਤਕਾਰ ਔਰ ਵਿਚਾਰ , ਕਹਾਣੀ ਦੇ ਇਰਦ- ਗਿਰਦ , ਗਿਰਤੀ ਦੀਵਾਰੇਂ , ਦ੍ਰਿਸ਼ਟੀ ਪ੍ਰਤਿ ਦ੍ਰਿਸ਼ਟੀ , ਆਮਨੇ ਸਾਮਨੇ , ਹਮ ਕਹੇਂ ਆਪ ਕਹੇਂ , ਵਿਵਾਦੋਂ ਕੇ ਘੇਰੇ ਮੇਂ ਕੁਝ ਹੋਰ ਉਲੇਖਯੋਗ ਪੁਸਤਕਾਂ ਹਨ । ਅਸ਼ਕ ਦਾ ਵਿਚਾਰ ਅਤੇ ਉਸ ਦੀ ਸੋਚ ਸਪਸ਼ਟ ਸੀ । ਲਾਗ ਲਪੇਟ ਤੋਂ ਬਿਨਾਂ ਗੱਲ ਕਰਨ ਦੀ ਕਲਾ ਵੀ ਉਸ ਕੋਲ ਸੀ ।

      ਪ੍ਰਤਿਨਿਧ ਏਕਾਂਕੀ , ਨਏ ਰੰਗ ਏਕਾਂਕੀ , ਕਾਵਿ ਸੰਕਲਨ ਤੇ ਕਹਾਣੀਆਂ ਦੇ ਕਈ ਸੰਕਲਨ ਉਸ ਨੇ ਸੰਪਾਦਿਤ ਕਰ ਕੇ ਨੀਲਾਭ ਪ੍ਰਕਾਸ਼ਨ ਤੋਂ ਵੀ ਛਪਵਾਏ । ਅਸ਼ਕ ਦਾ ਬਹੁਤਾ ਸਾਹਿਤ ਨੀਲਾਭ ਪ੍ਰਕਾਸ਼ਨ ਤੋਂ ਹੀ ਛਪਿਆ , ਜਿਸ ਦਾ ਕੰਮ ਉਸ ਦੀ ਪਤਨੀ ਕੌਸ਼ਲਿਆ ਅਸ਼ਕ ਦੇਖਦੀ ਰਹੀ । ਚਿਹਰੇ ਅਨੇਕ , ਆਸਮਾਂ ਔਰ ਭੀ ਹੈ , ਜ਼ਿਆਦਾ ਆਪਣੀ ਕਮ ਪਰਾਈ , ਰੇਖਾਏਂ ਔਰ ਚਿੱਤਰ , ਪਰਤੋਂ ਕੇ ਆਰ ਪਾਰ , ਸ਼ਿਕਾਯਤੇਂ ਔਰ ਸ਼ਿਕਾਯਤ ਤੇ ਫਿਲਮੀ ਜੀਵਨ ਕੀ ਝਲਕੀਆਂ ਸਮੇਤ , ਅਸ਼ਕ ਦੀਆਂ ਪੁਸਤਕਾਂ ਕਈ ਦਿਸਹੱਦੇ ਮਾਪਦੀਆਂ ਹਨ । ਪ੍ਰੀਤ ਨਗਰ ਵਿੱਚ ਗੁਰਬਖਸ਼ ਸਿੰਘ ਦੇ ਸੱਦੇ ਤੇ ਉਰਦੂ ਤੇ ਪੰਜਾਬੀ ਪ੍ਰੀਤਲੜੀ ਦਾ ਕੰਮ ਵੇਖਦਿਆਂ ਅਸ਼ਕ ਨੇ ਬੜੀ ਬੜੀ ਆਂਖੇਂ , ਜਿਹਾ ਸਫਲ ਨਾਵਲ ਵੀ ਸਿਰਜਿਆ । ਪੰਜਾਬੀ ਜਨ-ਜੀਵਨ , ਪੇਂਡੂ ਤੇ ਸ਼ਹਿਰੀ ਪੰਜਾਬ , ਪੰਜਾਬੀ ਕਿਰਦਾਰ ਅਸ਼ਕ ਦੀਆਂ ਲਿਖਤਾਂ `ਚ ਮੂੰਹੋਂ ਬੋਲਦੇ ਹਨ । ਲਾਹੌਰ , ਜਲੰਧਰ , ਅੰਮ੍ਰਿਤਸਰ , ਦਿੱਲੀ , ਇਲਾਹਾਬਾਦ ਬਾਰੇ ਤਾਂ ਉਸ ਨੇ ਖੁੱਲ੍ਹ ਕੇ ਚਰਚਾ ਕੀਤੀ ਹੀ ਹੈ ।

      ਅਸ਼ਕ ਨੇ ਅਕਾਦਮੀ ਪੁਰਸਕਾਰ ( 1976 ) , ਸ਼ਿਰੋਮਣੀ ਲੇਖਕ ਪੁਰਸਕਾਰ ( 1976 ) , ਸੋਵੀਅਤ ਲੈਂਡ ਨਹਿਰੂ ਪੁਰਸਕਾਰ ( 1980 ) , ਐਫਰੋ ਏਸ਼ਿਆਈ-ਲੋਟਸ ਪੁਰਸਕਾਰ ( 1983 ) , ਰਾਸ਼ਟਰਪਤੀ ਵੱਲੋਂ ਪਦਮ ਭੂਸ਼ਨ , ਦਿੱਲੀ ਸਰਕਾਰ ਦਾ ਸਲਾਨਾ ਪੁਰਸਕਾਰ , ਸੰਗੀਤ ਨਾਟ ਅਕਾਦਮੀ ਸਨਮਾਨ ਤੇ ਅਕਾਦਮੀ ਫੈਲੋਸ਼ਿਪ ਪ੍ਰਾਪਤ ਕੀਤੇ ।


ਲੇਖਕ : ਯੋਗੇਸ਼ਵਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 964, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.