ਉਮਰ ਖ਼ੱਯਾਮ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਮਰ ਖ਼ੱਯਾਮ : ਫ਼ਾਰਸੀ ਸਾਹਿਤ ਸ਼ਖ਼ਸੀਅਤਾਂ ਵਿੱਚ ਉਮਰ ਖ਼ੱਯਾਮ ਆਪਣੀਆਂ ਕਿਰਤਾਂ ਵਿਸ਼ੇਸ਼ ਕਰ ਕੇ ਆਪਣੀਆਂ ਰੁਬਾਈਆਂ ਸਦਕਾ ਜਗਤ ਪ੍ਰਸਿੱਧ ਹੋਇਆ । ਖ਼ੱਯਾਮ ਦਾ ਨਾਂ ਉਮਰ , ਲਕਬ ਗ਼ਯਾਸੁੱਦੀਨ ਅਬੁਲਫ਼ਤਹ ਅਤੇ ਤਖ਼ੱਲਸ ਖ਼ੱਯਾਮ ਸੀਪਿਤਾ ਦਾ ਨਾਂ ਇਬਰਾਹੀਮ ਸੀ । ਇਹ ਬਹੁਤ ਵਿਚਿੱਤਰ ਗੱਲ ਹੈ ਕਿ ਇਸ ਮਸ਼ਹੂਰ ਹਸਤੀ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੈ । ਵਿਭਿੰਨ ਸੋਮਿਆਂ ਤੋਂ ਜਿੰਨੇ ਕੁ ਤੱਥਾਂ ਦਾ ਪਤਾ ਲੱਗਦਾ ਹੈ ਉਸ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਖ਼ੱਯਾਮ ਦਾ ਜਨਮ 11ਵੀਂ ਸਦੀ ਈਸਵੀ ( ਪੰਜਵੀਂ ਸਦੀ ਹਿਜਰੀ ) ਦੇ ਮੁਢਲੇ ਸਾਲਾਂ ਵਿੱਚ ਉੱਤਰ-ਪੂਰਬੀ ਈਰਾਨ ਦੇ ਇਤਿਹਾਸਿਕ ਨੈਸ਼ਾਪੁਰ ਜਾਂ ਲਾਗਲੇ ਇਲਾਕਿਆਂ ਵਿੱਚ ਹੋਇਆ ਸੀ । ਉਸ ਦੇ ਤਖ਼ੱਲਸ ਖ਼ੱਯਾਮ ਬਾਰੇ ਵੀ ਕਈ ਮੱਤ ਹਨ । ਖ਼ੁਦ ਉਸ ਨੇ ਆਪਣੀ ਰਚਨਾ ‘ ਅਲਜਬਰਾ` ਵਿੱਚ ਆਪਣੇ ਨਾਂ ਨਾਲ ਅਲਖ਼ੱਯਾਮੀ ਵੀ ਲਿਖਿਆ ਹੈ । ਖ਼ੱਯਾਮ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ‘ ਖ਼ੈਮਾ ਜਾਂ ਟੈਂਟ ਸਿਊਂਣ ਵਾਲਾ` ਹੈ । ਇਸ ਤੋਂ ਵਿਦਵਾਨਾਂ ਨੇ ਇਹ ਮੱਤ ਬਣਾਇਆ ਹੈ ਕਿ ਉਸ ਦੇ ਪੁਰਖਿਆਂ ਦਾ ਕਿੱਤਾ ਟੈਂਟ ਸਿਊਂਣਾ ਰਿਹਾ ਹੋਵੇਗਾ । ਉਂਞ ਅਰਬੀ ਵਿੱਚ ਖ਼ੱਯਾਮ ਦਾ ਇੱਕ ਦੂਜਾ ਅਰਥ ‘ ਛੰਦ ਅਤੇ ਪਿੰਗਲ ਦਾ ਮਾਹਿਰ ਕਵੀ` ਵੀ ਹੈ । ਜੇ ਇਸ ਨੂੰ ਮੁੱਖ ਰੱਖਿਆ ਜਾਵੇ ਤਾਂ ਟੈਂਟ ਸਿਊਂਣ ਨਾਲ ਉਸ ਦੇ ਪਰਿਵਾਰ ਦਾ ਕੋਈ ਸਰੋਕਾਰ ਨਹੀਂ ਰਹਿੰਦਾ ।

      ਖ਼ੱਯਾਮ ਨੇ ਹਕੀਮ ਅਬ ਅਲੀ ਸੀਨਾ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ ਜਿਹੜਾ ਆਪਣੇ ਯੁੱਗ ਦਾ ਮਸ਼ਹੂਰ ਅਤੇ ਮਹਾਨ ਫ਼ਲਸਫ਼ੀ ( ਚਿੰਤਕ ) ਗਿਣਿਆ ਜਾਂਦਾ ਹੈ । ਕੁਰਾਨ , ਹਦੀਸ ਅਤੇ ਫ਼ਿਕਹ ਦੀ ਸਿੱਖਿਆ ਉਸ ਨੇ ਇਮਾਮ ਮੁੱਵਫ਼ਿਕ ਤੋਂ ਪ੍ਰਾਪਤ ਕੀਤੀ ਸੀ । ਜਾਮਿਉੱਤਵਾਰੀਖ਼ ਦੇ ਲੇਖਕ ਰਸ਼ੀਦੁੱਦੀਨ ਦੇ ਕਥਨ ਅਨੁਸਾਰ ਬਾਤਿਨੀ ਫ਼ਿਰਕੇ ਦਾ ਆਗੂ ਹਸਨ ਬਿਨ ਸਬਾਹ ਅਤੇ ਪ੍ਰਸਿੱਧ ਰਾਜਨੀਤਿਕ ਅਤੇ ਰਾਜਨੀਤੀ ਵਿਦਵਾਨ , ਨਿਜ਼ਾਮੁਲਮੁਲਕ ਮਦਰਸੇ ਵਿੱਚ ਉਸ ਦੇ ਜਮਾਤੀ ਸਨ । ਰਸ਼ੀਦੁੱਦੀਨ ਨੇ ਇਹ ਵੀ ਦੱਸਿਆ ਹੈ ਕਿ ਮਦਰਸੇ ਦੀ ਸਿੱਖਿਆ ਪ੍ਰਾਪਤੀ ਸਮੇਂ ਹੀ ਉਹਨਾਂ ਨੇ ਇੱਕ ਦੂਜੇ ਨਾਲ ਇਹ ਵਚਨ ਕੀਤਾ ਸੀ ਕਿ ਉਹਨਾਂ ਵਿੱਚੋਂ ਜਿਹੜਾ ਵੀ ਕਿਸੇ ਚੰਗੇ ਅਹੁਦੇ ਤੇ ਪਹੁੰਚੇਗਾ , ਉਹ ਬਾਕੀ ਦੋਵੇਂ ਜਮਾਤੀਆਂ ਦੀ ਸਹਾਇਤਾ ਕਰੇਗਾ , ਭਾਵੇਂ ਇਤਿਹਾਸਿਕ ਤੱਥਾਂ ਦੀ ਘੋਖ ਤੋਂ ਇਹਨਾਂ ਦੇ ਜਮਾਤੀ ਹੋਣ ਦਾ ਪੱਕਾ ਸਬੂਤ ਨਹੀਂ ਮਿਲਦਾ ।

      ਇੱਕ ਜੋਤਸ਼ੀ ਤੱਤ-ਗਿਆਨੀ ਅਤੇ ਗਣਿਤ ਦੇ ਮਾਹਿਰ ਵਿਦਵਾਨ ਦੇ ਤੌਰ ਤੇ ਖ਼ੱਯਾਮ ਦੀ ਪ੍ਰਸਿੱਧੀ ਬਹੁਤ ਛੋਟੀ ਉਮਰ ਵਿੱਚ ਹੀ ਦੂਰ-ਦੂਰ ਤੱਕ ਫੈਲ ਚੁੱਕੀ ਸੀ । ਇਹੀ ਕਾਰਨ ਹੈ ਕਿ ਸਲਜੂਕੀ ਸੁਲਤਾਨ ਮਲਿਕ ਸ਼ਾਹ ਨੇ 1074 ( 467 ਹਿਜਰੀ ) ਵਿੱਚ ਜੰਤਰੀ ਦੇ ਸੁਧਾਰ ਲਈ ਜਿਹੜੇ ਤਿੰਨ ਵਿਗਿਆਨੀਆਂ ਨੂੰ ਆਪਣੀ ਨਵ-ਉਸਾਰੀ ਰਸਦਗਾਹ ( ਪ੍ਰਯੋਗਸ਼ਾਲਾ ) ਲਈ ਨਿਯੁਕਤ ਕੀਤਾ ਉਹਨਾਂ ਵਿੱਚ ਅਬੁਲਮੁਜ਼ੱਫ਼ਰ ਅਸਿਫ਼ਜ਼ਾਰੀ ਅਤੇ ਮੈਮੂਲ ਬਿਨ ਨਜੀਬ ਵਾਸਤੀ ਦੇ ਨਾਲ ਖ਼ੱਯਾਮ ਵੀ ਸ਼ਾਮਲ ਸੀ । ਇਬਨੁਲਅਸੀਰ ਅਨੁਸਾਰ ਪ੍ਰਯੋਗਸ਼ਾਲਾ , ਜਿਸ ਤੇ ਬੇਹਿਸਾਬ ਧਨ ਲੱਗਾ ਸੀ , ਵਿੱਚ ਜਿਹੜੀ ਜੰਤਰੀ ਤਿਆਰੀ ਹੋਈ , ਉਹ ਖ਼ੱਯਾਮ ਦੀ ਹੀ ਤਿਆਰ ਕੀਤੀ ਹੋਈ ਸੀ । ਮਲਿਕ ਸ਼ਾਹ ਤੋਂ ਛੁੱਟ ਬੁਖ਼ਾਰਾ ਦਾ ਸੁਲਤਾਨ ਸ਼ਮਸੁਲਮੁਲਕ ਵੀ ਉਸ ਦਾ ਸਰਪ੍ਰਸਤ ਅਤੇ ਕਦਰਦਾਨ ਸੀ ਭਾਵੇਂ ਇੱਕ ਹੋਰ ਸਲਜੂਕੀ ਸੰਜਰ ਖ਼ੱਯਾਮ ਪ੍ਰਤਿ ਬਹੁਤਾ ਉਦਾਰ ਨਹੀਂ ਸੀ । ਦੱਸਿਆ ਗਿਆ ਹੈ ਕਿ ਖ਼ੱਯਾਮ ਨੇ ਖ਼ੁਰਾਸਾਨ ਅਤੇ ਇਰਾਕ ਦੇ ਸਫ਼ਰ ਕੀਤੇ ਸਨ । ਇਹ ਵੀ ਕਿਹਾ ਜਾਂਦਾ ਹੈ ਕਿ ਉਹ ਹੱਜ ਕਰਨ ਲਈ ਮੱਕਾ ਵੀ ਗਿਆ ਸੀ ।

        ਖ਼ੱਯਾਮ ਦੇ ਜਨਮ ਵਾਂਗ ਉਸ ਦੀ ਮੌਤ ਦੀ ਠੀਕ ਮਿਤੀ ਬਾਰੇ ਵੀ ਯਕੀਨੀ ਸੂਚਨਾ ਉਪਲਬਧ ਨਹੀਂ ਹੈ । ਪਰ ਜੇ ਉਸ ਦੇ ਸਮਕਾਲੀ ਨਿਜ਼ਾਮੀ ਅਰੂਜ਼ੀ ਦੀ ਗੱਲ ਤੇ ਵਿਸ਼ਵਾਸ ਕੀਤਾ ਜਾਵੇ ਕਿ 1037 ( 530 ਹਿਜਰੀ ) ਵਿੱਚ ਜਦ ਉਹ ਮੁਲਾਕਾਤ ਦੇ ਇਰਾਦੇ ਨਾਲ ਨੈਸ਼ਾਪੁਰ ਗਿਆ ਤਾਂ ਉਸ ਨੂੰ ਦੱਸਿਆ ਗਿਆ ਸੀ ਕਿ ਖ਼ੱਯਾਮ ਦੀ ਮੌਤ ਨੂੰ 4 ਸਾਲ ਹੋ ਚੁੱਕੇ ਹਨ । ਇਸ ਹਿਸਾਬ ਨਾਲ ਖ਼ੱਯਾਮ ਦੀ ਮੌਤ ਦਾ ਵਰ੍ਹਾ 1132 ( 526 ਹਿਜਰੀ ) ਨਿਸ਼ਚਿਤ ਹੁੰਦਾ ਹੈ । ਖ਼ੱਯਾਮ ਦਾ ਮਜ਼ਾਰ ਨੈਸ਼ਾਪੁਰ ਵਿਖੇ ਹੈ । ਪਹਿਲਾਂ ਸਧਾਰਨ ਜਿਹਾ ਬਣਿਆ ਹੋਇਆ ਸੀ ਪਰ ਉਹਦੀ 1000ਵੀਂ ਬਰਸੀ ਦੇ ਮੌਕੇ `ਤੇ ਈਰਾਨ ਦੀ ਸਰਕਾਰ ਵੱਲੋਂ ਇਸ ਨੂੰ ਸੰਗਮਰਮਰ ਨਾਲ ਸਜਾ ਦਿੱਤਾ ਗਿਆ ਹੈ ।

      ਖ਼ੱਯਾਮ ਬਾਰੇ ਉਸ ਦੇ ਸਮਕਾਲੀਆਂ ਦਾ ਆਖਣਾ ਸੀ ਕਿ ਉਹ ਗਿਆਨ ਦਾ ਪ੍ਰਸਾਰ ਕਰਨ ਵਿੱਚ ਬਹੁਤ ਕੰਜੂਸ ਸੀ ਅਰਥਾਤ ਜਿੰਨੇ ਗਿਆਨ ਵਿਗਿਆਨ ਦਾ ਉਹ ਮਾਲਕ ਸੀ ਉਸ ਵਿੱਚੋਂ ਬਹੁਤ ਘੱਟ ਉਸ ਨੇ ਲਿਖਤ ਵਿੱਚ ਲਿਆਂਦਾ ਹੈ । ਇਸ ਦੇ ਬਾਵਜੂਦ ਉਸ ਦੀਆਂ ਰਚੀਆਂ ਪੁਸਤਕਾਂ ਦੀ ਗਿਣਤੀ 15 ਹੈ । ਸੱਯਦ ਸੁਲੇਮਾਨ ਨਕਵੀ ਦੀ ਖ਼ੱਯਾਮ ਬਾਰੇ ਲਿਖੀ ਪੁਸਤਕ ਵਿੱਚ ਇਹਨਾਂ ਦਾ ਵੇਰਵਾ ਦਰਜ ਕੀਤਾ ਗਿਆ ਹੈ । ਇਹ ਰੇਖਾ-ਗਣਿਤ , ਬੀਜ ਗਣਿਤ , ਭੌਤਿਕ ਗਿਆਨ , ਜੋਤਸ਼ ਗਿਆਨ , ਫ਼ਿਕਹ ਅਤੇ ਫ਼ਲਸਫ਼ਾ ਆਦਿ ਵਿਸ਼ਿਆਂ ਨਾਲ ਸੰਬੰਧਿਤ ਹਨ ਅਤੇ ਇਹਨਾਂ ਨੂੰ ਇਹਨਾਂ ਵਿਸ਼ਿਆਂ ਵਿੱਚ ਬੁਨਿਆਦੀ ਦਰਜਾ ਪ੍ਰਾਪਤ ਹੈ । ਸਾਹਿਤ ਦੇ ਖੇਤਰ ਵਿੱਚ ਰੁਬਾਈਆਂ ਤੋਂ ਛੁੱਟ ਉਸ ਦਾ ਅਰਬੀ ਕਾਵਿ-ਸੰਗ੍ਰਹਿ ਅਤੇ ਪੱਤਰ-ਸੰਗ੍ਰਹਿ ਉਸ ਦੀਆਂ ਰਚਨਾਵਾਂ ਵਿੱਚ ਸ਼ਾਮਲ ਹਨ ।

      ਇਹ ਗੱਲ ਬਹੁਤ ਅਦਭੁਤ ਲੱਗਦੀ ਹੈ ਪਰੰਤੂ ਹਕੀਕਤ ਇਹੀ ਹੈ ਕਿ ਖ਼ੱਯਾਮ ਦੇ ਜੀਵਨ ਕਾਲ ਵਿੱਚ ਇੱਕ ਸ਼ਾਇਰ ਦੇ ਤੌਰ ਤੇ ਉਸ ਨੂੰ ਬਹੁਤ ਘੱਟ ਲੋਕ ਜਾਣਦੇ ਸਨ ਸਗੋਂ ਉਸ ਦੀ ਫ਼ਿਲਾਸਫ਼ੀ , ਜੋਤਸ਼ੀ , ਗਣਿਤ-ਵਿਗਿਆਨੀ ਅਤੇ ਭੌਤਿਕ-ਵਿਗਿਆਨੀ ਦੀ ਪ੍ਰਤਿਭਾ ਐਡੀ ਵੱਡੀ ਅਤੇ ਉੱਚੀ ਸੀ ਕਿ ਉਸ ਦੀਆਂ ਰੁਬਾਈਆਂ ਤੇ ਕਿਸੇ ਦਾ ਧਿਆਨ ਘੱਟ ਗਿਆ ਹੋਵੇਗਾ । ਖ਼ੁਦ ਖ਼ੱਯਾਮ ਬਾਰੇ ਵੀ ਲਿਖਿਆ ਗਿਆ ਹੈ ਕਿ ਉਹ ਆਪਣੀਆਂ ਰੁਬਾਈਆਂ ਨੂੰ ਕੋਈ ਮਹੱਤਤਾ ਨਹੀਂ ਦਿੰਦਾ ਸੀ । ਉਸ ਨੂੰ ਸ਼ੰਕਾ ਸੀ ਕਿ ਇੱਕ ਸ਼ਾਇਰ ਵਜੋਂ ਉਸ ਦੀ ਪਹਿਚਾਣ , ਇੱਕ ਫ਼ਲਸਫ਼ੀ ਅਤੇ ਵਿਗਿਆਨੀ ਦੀ ਉਸ ਦੀ ਛਵੀ ਨੂੰ ਖੋਰਾ ਲਾਵੇਗੀ । ਰੁਬਾਈ ਤਾਂ ਉਹ ਕੇਵਲ ਇਹਨਾਂ ਵਿਸ਼ਿਆਂ ਤੇ ਕੰਮ ਕਰਦੇ ਹੋਏ ਪੈਦਾ ਹੋਈ ਥਕਾਵਟ ਨੂੰ ਉਤਾਰਨ ਲਈ ਸ਼ੁਗ਼ਲ ਵਜੋਂ ਵਿਚਕਾਰਲੇ ਖ਼ਾਲੀ ਪਲਾਂ ਵਿੱਚ ਲਿਖਦਾ ਸੀ । ਪਰੰਤੂ ਅੱਜ ਖ਼ੱਯਾਮ ਦੀ ਸਾਰੀ ਸ਼ੁਹਰਤ ਉਸ ਦੀਆਂ ਰੁਬਾਈਆਂ ਸਦਕੇ ਹੀ ਹੈ । ਉਸ ਦੀਆਂ ਰੁਬਾਈਆਂ ਨੂੰ ਲੋਕਾਂ ਸਾਮ੍ਹਣੇ ਲਿਆਉਣ ਦਾ ਸਿਹਰਾ ਯੂਰਪੀ ਵਿਦਵਾਨ ਫ਼ਿਟਜ ਜੇਰਾਲਡ ( Fitz Gerald– 1809– 83 ) ਦੇ ਸਿਰ ਹੈ ਜਿਸ ਨੇ ਪਹਿਲੀ ਵਾਰੀ ਇਹਨਾਂ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰ ਕੇ ਪ੍ਰਕਾਸ਼ਿਤ ਕੀਤਾ ਸੀ । ਇਸ ਪਿੱਛੋਂ ਤਾਂ ਪਤਾ ਨਹੀਂ ਕਿੰਨੇ ਅਨੁਵਾਦ ਯੂਰਪੀ ਭਾਸ਼ਾਵਾਂ ਵਿੱਚ ਹੋ ਚੁੱਕੇ ਹਨ ਅਤੇ ਜੇ ਇਹ ਕਿਹਾ ਜਾਵੇ ਕਿ ਫ਼ਾਰਸੀ ਸ਼ਾਇਰਾਂ ਵਿੱਚੋਂ ਖ਼ੱਯਾਮ ਪੱਛਮੀ ਦੁਨੀਆ ਦਾ ਸਭ ਤੋਂ ਹਰਮਨਪਿਆਰਾ ਸ਼ਾਇਰ ਹੈ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ ।

      ਸ਼ਾਇਰੀ ਵਿੱਚ ਰੁਬਾਈ ਨੂੰ ਇੱਕ ਅਤਿਅੰਤ ਕਠਨ ਵੰਨਗੀ ਸਮਝਿਆ ਜਾਂਦਾ ਹੈ ਕਿਉਂਜੋ ਇਸ ਵਿੱਚ ਵਜ਼ਨ ਅਤੇ ਬਹਿਰ ਆਦਿ ਦੀਆਂ ਪਾਬੰਦੀਆਂ ਬਹੁਤ ਕਰੜੀਆਂ ਹੁੰਦੀਆਂ ਹਨ । ਇਹਨਾਂ ਦਾ ਖ਼ਿਆਲ ਰੱਖਦੇ ਹੋਏ ਕੇਵਲ ਦੋ ਸ਼ਿਅਰਾਂ ਵਿੱਚ ਹੀ ਵਿਸ਼ੇ ਅਤੇ ਵਿਚਾਰ ਨੂੰ ਸਫਲਤਾ ਨਾਲ ਮੁਕੰਮਲ ਕਰਨਾ ਹਰੇਕ ਸ਼ਾਇਰ ਦੇ ਵੱਸ ਦੀ ਗੱਲ ਨਹੀਂ । ਇਸੇ ਕਰ ਕੇ ਰੁਬਾਈ ਲਿਖਣ ਵਾਲੇ ਸ਼ਾਇਰਾਂ ਦੀ ਗਿਣਤੀ ਫ਼ਾਰਸੀ ਵਿੱਚ ਵੀ ਬਹੁਤੀ ਨਹੀਂ । ਖ਼ੱਯਾਮ ਦੀਆਂ ਰੁਬਾਈਆਂ ਪ੍ਰਭਾਵ ਸੰਪੰਨ ਹਨ ।

      ਖ਼ੱਯਾਮ ਵੱਲੋਂ ਲਿਖੀਆਂ ਗਈਆਂ ਰੁਬਾਈਆਂ ਦੀ ਠੀਕ ਗਿਣਤੀ ਵੀ ਅਧਿਐਨਕਾਰਾਂ ਲਈ ਇੱਕ ਗੁੰਝਲਦਾਰ ਮਸਲਾ ਹੈ । ਪ੍ਰਾਚੀਨ ਗ੍ਰੰਥਾਂ ਵਿੱਚ ਉਸ ਦੀਆਂ ਚਾਰ-ਪੰਜ ਰੁਬਾਈਆਂ ਹੀ ਮਿਲਦੀਆਂ ਹਨ । ਬਾਅਦ ਵਿੱਚ ਛਪਣ ਵਾਲੀਆਂ ਪੁਸਤਕਾਂ ਵਿੱਚ ਰੁਬਾਈਆਂ ਦੀ ਗਿਣਤੀ ਵਧਦੀ ਗਈ ਹੈ । ਅੱਜ-ਕੱਲ੍ਹ 1200 ਤੋਂ ਉੱਪਰ ਰੁਬਾਈਆਂ ਖ਼ੱਯਾਮ ਦੇ ਨਾਂ ਨਾਲ ਛਪੀਆਂ ਮਿਲਦੀਆਂ ਹਨ ਪਰੰਤੂ ਮਾਹਿਰਾਂ ਦਾ ਵਿਚਾਰ ਹੈ ਕਿ ਇਹਨਾਂ ਵਿੱਚੋਂ 66 ਦੇ ਲਗਪਗ ਰੁਬਾਈਆਂ ਹੀ ਖ਼ੱਯਾਮ ਦੀਆਂ ਆਪਣੀਆਂ ਹਨ , ਬਾਕੀ ਦੂਜਿਆਂ ਸ਼ਾਇਰਾਂ ਵੱਲੋਂ ਲਿਖ ਕੇ ਉਹਨਾਂ ਵਿੱਚ ਰਲਾ ਦਿੱਤੀਆਂ ਗਈਆਂ ਹਨ ।

      ਖ਼ੱਯਾਮ ਦੀਆਂ ਰੁਬਾਈਆਂ ਦੀ ਭਾਸ਼ਾ ਬਹੁਤ ਸਰਲ ਅਤੇ ਸ਼ੈਲੀ ਅਤਿਅੰਤ ਪ੍ਰਤੱਖ ਹੈ । ਇਹਨਾਂ ਰੁਬਾਈਆਂ ਵਿੱਚ ਆਮ ਕਰ ਕੇ ਸੰਸਾਰ ਦੀ ਬੇਪ੍ਰਤੀਤੀ , ਜੀਵਨ ਨੂੰ ਖ਼ੁਸ਼ੀ ਨਾਲ ਅਤੇ ਖਿੜੇ-ਮੱਥੇ ਬਿਤਾਉਣ ਦੀ ਪ੍ਰੇਰਨਾ , ਸ਼ਰਾਬ ਦੀ ਪ੍ਰਸੰਸਾ , ( ਪਾਪਾਂ ਦਾ ) ਪਸ਼ਚਾਤਾਪ ਅਤੇ ਮਨੁੱਖ ਦਾ ਕੁਦਰਤ ਦੇ ਹੱਥ ਵਿੱਚ ਕੱਠਪੁਤਲੀ ਹੋਣਾ ਆਦਿ ਵਿਸ਼ੇ ਬਿਆਨ ਕੀਤੇ ਗਏ ਹਨ । ਖ਼ੱਯਾਮ ਦਾ ਵਿਚਾਰ ਹੈ ਕਿ ਇਹ ਸੰਸਾਰ ਦੁੱਖਾਂ ਤੇ ਮੁਸੀਬਤਾਂ ਦਾ ਘਰ ਹੈ । ਇਸ ਲਈ ਜਦੋਂ ਵੀ ਬੰਦੇ ਨੂੰ ਕੁਝ ਵਿਹਲ ਮਿਲੇ ਜਾਂ ਉਸ ਨੂੰ ਖ਼ੁਸ਼ੀ ਦੇ ਕੁਝ ਪਲ ਮਿਲਣ ਉਸ ਨੂੰ ਸਭ ਕੁਝ ਭੁਲਾ ਕੇ ਐਸ਼ ਵਿੱਚ ਡੁਬ ਜਾਣਾ ਚਾਹੀਦਾ ਹੈ । ਇਸ ਕੰਮ ਵਿੱਚ ਸ਼ਰਾਬ ਉਸ ਦੀ ਬਹੁਤ ਸਹਾਈ ਹੁੰਦੀ ਹੈ । ਸਬਰ , ਸੰਤੋਖ , ਸੁਹਿਰਦਤਾ ਅਤੇ ਪਾਕ ਨੇਕੀ ਨੂੰ ਖ਼ੱਯਾਮ ਆਪਣਾ ਜੀਵਨ ਸਿਧਾਂਤ ਮੰਨਦਾ ਹੈ । ਉਸ ਅਨੁਸਾਰ :

          ਰੋਜ਼ੇ ਕਿ ਗੁਜ਼ਸ਼ਤਾ ਅਸਤ ਅਜ਼ੂ ਯਾਦ ਮਕੁਨ

          ਫ਼ ਰਦਾ ਕਿ ਨਯਾਮਦਾ ਅਸਤ ਫ਼ਰਯਾਦ ਮਕੁਨ

          ਬ ਨਾਮਦਾਏ ਵ ਗੁਜ਼ਸ਼ਤਾ ਬੁਨਯਾਦ ਮਕੁਨ

          ਹ ਾਲੇ ਖ਼ੁਸ਼ ਬਾਸ਼ ਵ ਉਮਰ ਬਰਬਾਦ ਮਕੁਨ

        ਭਾਵ ਜਿਹੜਾ ਸਮਾਂ ਬੀਤ ਗਿਆ ਸੋ ਬੀਤ ਗਿਆ ਉਸ ਦੀ ਚਿੰਤਾ ਨਾ ਕਰ ਅਤੇ ਜਿਹੜਾ ਹਾਲੇ ਆਇਆ ਨਹੀਂ ਉਸ ਬਾਰੇ ਵੀ ਚਿੰਤਾ ਵਿਅਰਥ ਹੈ । ਆਪਣੇ ਕਰਮ- ਕਾਂਡ ਦਾ ਆਧਾਰ ਅਤੀਤ ਜਾਂ ਭਵਿੱਖ ਨੂੰ ਬਣਾਉਣਾ ਨਾਸਮਝੀ ਹੈ । ਹਾਲ ਦੀ ਘੜੀ ਤੈਨੂੰ ਜੋ ਕੁਝ ਪ੍ਰਾਪਤ ਹੈ ਉਸ ਦਾ ਅਨੰਦ ਮਾਣ ਅਤੇ ਆਪਣੇ ਜੀਵਨ ਨੂੰ ਬਰਬਾਦ ਨਾ ਕਰ ।


ਲੇਖਕ : ਤਾਰਿਕ ਕਿਫ਼ਾਇਤ ਉਲਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1721, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.