ਲਾਗ–ਇਨ/ਨਵਾਂ ਖਾਤਾ |
+
-
 
ਉਲਟ-ਜੀਭੀ ਵਿਅੰਜਨ

ਉਲਟ-ਜੀਭੀ ਵਿਅੰਜਨ: ਇਸ ਸੰਕਲਪ ਦੀ ਵਰਤੋਂ ਉਚਾਰਨੀ ਧੁਨੀ ਵਿਗਿਆਨ ਵਿਚ ਸਥਾਨ ਦੇ ਅਧਾਰ ’ਤੇ ਵਿਅੰਜਨ ਧੁਨੀਆਂ ਦੀ ਵਰਗ-ਵੰਡ ਲਈ ਕੀਤੀ ਜਾਂਦੀ ਹੈ। ਉਲਟ-ਜੀਭੀ ਧੁਨੀਆਂ ਦੇ ਉਚਾਰਨ ਵੇਲੇ ਜੀਭ ਦੀ ਨੋਕ ਪੁੱਠੀ ਹੋ ਕੇ ਸਖ਼ਤ ਤਾਲੂ ਨਾਲ ਲਗਦੀ ਹੈ। ਇਸ ਸਥਿਤੀ ਵਿਚ ਸਖ਼ਤ ਤਾਲੂ ਉਚਾਰਨ ਸਥਾਨ ਹੈ ਅਤੇ ਜੀਭ ਦੀ ਨੋਕ ਉਚਾਰਕ ਹੈ। ਉਚਾਰਨ ਵਿਧੀ ਦੇ ਅਧਾਰ ’ਤੇ ਉਲਟ-ਜੀਭੀ ਧੁਨੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : (i) ਡੱਕਵੀਆਂ ਉਲਟ-ਜੀਭੀ ਧੁਨੀਆਂ ਅਤੇ (ii) ਅਡੱਕਵੀਆਂ ਉਲਟ-ਜੀਭੀ ਧੁਨੀਆਂ। ਡੱਕਵੀਆਂ ਉਲਟ-ਜੀਭੀ ਧੁਨੀਆਂ ਦੇ ਉਚਾਰਨ ਵੇਲੇ ਜੀਭ ਦੀ ਨੋਕ ਸਖ਼ਤ ਤਾਲੂ ਨਾਲ ਪੁੱਠੀ ਹੋ ਕੇ ਜੁੜੀ ਹੋਈ ਹੁੰਦੀ ਹੈ ਅਤੇ ਹਵਾ ਦਾ ਦਬਾ ਇਨ੍ਹਾਂ ਦੇ ਪਿਛਲੇ ਪਾਸੇ ਰੁਕਿਆ ਹੋਇਆ ਹੁੰਦਾ ਹੈ। ਜਦੋਂ ਇਹ ਆਪਣੇ ਸਥਾਨ ਤੋਂ ਅਲੱਗ ਹੁੰਦੇ ਹਨ ਤਾਂ ਹਵਾ ਦਾ ਦਬਾ ਬਾਹਰ ਵੱਲ ਨਿਕਲ ਜਾਂਦਾ ਹੈ। ਹਵਾ ਦੇ ਦਬਾ ਦੇ ਬਾਹਰ ਨਿਕਲ ਜਾਣ ਨਾਲ ਇਹ ਧੁਨੀਆਂ ਪੈਦਾ ਹੁੰਦੀਆਂ ਹਨ। ਪੰਜਾਬੀ ਵਿਚ (ਟ, ਠ ਤੇ ਡ) ਇਸ ਸਥਿਤੀ ਵਿਚੋਂ ਪੈਦਾ ਹੋਣ ਵਾਲੀਆਂ ਤਿੰਨ ਡੱਕਵੀਆਂ ਉਲਟ-ਜੀਭੀ ਧੁਨੀਆਂ ਹਨ। ਅਡੱਕਵੀਆਂ ਉਲਟ-ਜੀਭੀ ਧੁਨੀਆਂ ਦੇ ਉਚਾਰਨ ਵੇਲੇ ਹਵਾ ਦਾ ਦਬਾ ਰੁਕਦਾ ਨਹੀਂ। ਪੰਜਾਬੀ ਦੀਆਂ ਅਡੱਕਵੀਆਂ ਉਲਟ-ਜੀਭੀ ਧੁਨੀਆਂ ਨੂੰ ਉਚਾਰਨ ਵਿਧੀ ਦੇ ਅਧਾਰ ’ਤੇ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : (i) ਨਾਸਕੀ, (ii) ਫ਼ਾਰਸੀਵਕ ਅਤੇ (iii) ਫਲੈਪ। ਨਾਸਕੀ ਉਲਟ-ਜੀਭੀ ਧੁਨੀਆਂ ਦੇ ਉਚਾਰਨ ਵੇਲੇ ਹਵਾ ਦਾ ਦਬਾ ਮੂੰਹ ਦੀ ਥਾਂ ਨੱਕ ਵਿਚੋਂ ਬਾਹਰ ਵੱਲ ਵਹਿ ਜਾਂਦਾ ਹੈ। ਪੰਜਾਬੀ ਵਿਚ ਇਸ ਵਰਗ ਦੀ ਇਕ ਧੁਨੀ (ਣ) ਹੈ। ਫ਼ਾਰਸੀਵਕ ਧੁਨੀਆਂ ਦੇ ਉਚਾਰਨ ਵੇਲੇ ਹਵਾ ਦਾ ਦਬਾ ਜੀਭ ਦੇ ਪਾਸਿਆਂ ਤੋਂ ਬਾਹਰ ਨਿਕਲ ਜਾਂਦਾ ਹੈ। ਪੰਜਾਬੀ ਵਿਚ ਇਸ ਵਰਗ ਦੀ ਇਕ ਧੁਨੀ (ਲ਼) ਹੈ। (ਇਸ ਧੁਨੀ ਸਬੰਧੀ ਇਥੇ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਕੋਈ ਨਵੀਂ ਧੁਨੀ ਨਹੀਂ ਸਗੋਂ ਗੁਰਮੁਖੀ ਲਿਪੀ ਵਿਚ (ਲ) ਅਤੇ (ਲ਼) ਧੁਨੀਆਂ ਵਿਚ ਵਖਰੇਵਾਂ ਅੰਕਿਤ ਕਰਨ ਲਈ ਇਸ ਲਿਪੀ ਚਿੰਨ੍ਹ ਦਾ ਪ੍ਰਯੋਗ ਕੀਤਾ ਜਾਂਦਾ ਹੈ। ਫਲੈਪ ਧੁਨੀਆਂ ਦੇ ਉਚਾਰਨ ਵੇਲੇ ਜੀਭ ਦੀ ਇਕ ਨੋਕ ਪੁੱਠੀ ਹੋ ਕੇ ਤਾਲੂ ਨਾਲ ਲਗਦੀ ਹੈ ਅਤੇ ਹਵਾ ਦਾ ਦਬਾ ਬਾਹਰ ਨਿਕਲ ਜਾਂਦਾ ਹੈ। ਪੰਜਾਬੀ ਵਿਚ (ੜ) ਇਸ ਵਰਗ ਦੀ ਧੁਨੀ ਹੈ।

ਲੇਖਕ : ਬਲਦੇਵ ਸਿੰਘ ਚੀਮਾ,     ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 657,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/21/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ