ਉੱਚ ਕਾ ਪੀਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਚ ਕਾ ਪੀਰ . ਵਿ— ਉੱਚੀ ਪਦਵੀ ਦਾ ਗੁਰੂ. ਜਗਤ ਗੁਰੂ. ਗੁਰੂਆਂ ਦਾ ਗੁਰੂ । ੨ ਸੰਗ੍ਯਾ— ਗੁਰੂ ਗੋਬਿੰਦ ਸਿੰਘ ਸਾਹਿਬ. ਗ਼ਨੀ ਖ਼ਾਂ ਨਬੀ ਖ਼ਾਂ ਅਤੇ ਭਾਈ ਦਯਾ ਸਿੰਘ ਜੀ ਨੇ ਦਸ਼ਮੇਸ਼ ਦਾ ਇਹ ਦੋ ਅਰਥ ਬੋਧਕ ਨਾਉਂ ਮਾਛੀਵਾੜੇ ਤੋਂ ਜਾਣ ਸਮੇਂ ਸ਼ਾਹੀ ਫ਼ੌਜ ਨੂੰ ਦੱਸਿਆ ਸੀ , ਜਿਸ ਦਾ ਭਾਵ ਮੁਸਲਮਾਨਾਂ ਨੇ ਸਮਝਿਆ ਕਿ ਉੱਚ ਨਗਰ ਦੇ ਰਹਿਣ ਵਾਲੇ ਇਹ ਪੀਰ ਹਨ. “ ਨਗਰ ਉੱਚ ਕੋ ਬਾਸੀ ਭਾਖਤ ਦੀਰਘ ਪੀਰ ਰੀਤਿ ਲਖਯੰਤ.” ( ਗੁਪ੍ਰਸੂ ) ਦੇਖੋ , ਉੱਚ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3523, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-15, ਹਵਾਲੇ/ਟਿੱਪਣੀਆਂ: no

ਉੱਚ ਕਾ ਪੀਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਉੱਚ ਕਾ ਪੀਰ : ਇਹ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਨਾਮਾਂਤਰ ਹੈ । ਇਸ ਨਾਂ ਦਾ ਪਿਛੋਕੜ ਇਹ ਹੈ ਕਿ ਚਮਕੌਰ ਦੀ ਗੜ੍ਹੀ ਛਡਣ ਤੋਂ ਬਾਦ ਗੁਰੂ ਜੀ ਮਾਛੀਵਾੜੇ ਦੇ ਜੰਗਲ ਵਿਚ ਪਹੁੰਚੇ । ਮੁਗ਼ਲ ਫ਼ੌਜ ਨੇ ਮਾਛੀਵਾੜੇ ਦੇ ਇਲਾਕੇ ਨੂੰ ਘੇਰ ਲਿਆ । ਗੁਰੂ ਜੀ ਦੇ ਪੁਰਾਣੇ ਜਾਣਕਾਰ ਦੋ ਰੁਹੇਲੇ ਪਠਾਣ ਭਰਾਵਾਂ- ਨੱਬੀ ਖ਼ਾਂ ਅਤੇ ਗ਼ਨੀ ਖ਼ਾਂ - ਦੀ ਮਦਦ ਨਾਲ ਉਸ ਘੇਰੇ ਵਿਚੋਂ ਨਿਕਲਣ ਦੀ ਯੋਜਨਾ ਬਣਾਈ ਗਈ । ਸਿੱਖ ਇਤਿਹਾਸ ਅਨੁਸਾਰ ਉਨ੍ਹਾਂ ਪਠਾਣਾਂ ਨੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਤਿੰਨ ਸਿੱਖਾਂ ( ਭਾਈ ਧਰਮ ਸਿੰਘ , ਮਾਨ ਸਿੰਘ ਅਤੇ ਦਇਆ ਸਿੰਘ ) ਨੂੰ ਨੀਲੇ ਬਸਤ੍ਰ ਪਵਾਏ ਅਤੇ ਕੇਸ ਪਿਛੇ ਨੂੰ ਖੁਲ੍ਹੇ ਛਡਵਾ ਦਿੱਤੇ । ਗੁਰੂ ਜੀ ਨੂੰ ਪਾਲਕੀ ( ਕਿਤੇ ਕਿਤੇ ਪਲਿੰਘ ਵੀ ਲਿਖਿਆ ਹੈ ) ਵਿਚ ਬਿਠਾਇਆ ਗਿਆ । ਉਹ ਪਾਲਕੀ ਦੋ ਪਠਾਣ ਭਰਾਵਾਂ ਅਤੇ ਭਾਈ ਮਾਨ ਸਿੰਘ ਅਤੇ ਭਾਈ ਧਰਮ ਸਿੰਘ ਨੇ ਚੁੱਕੀ ਅਤੇ ਭਾਈ ਦਇਆ ਸਿੰਘ ਨੇ ਗੁਰੂ ਜੀ ਨੂੰ ਚੌਰ ਕਰਨ ਦਾ ਕੰਮ ਸੰਭਾਲਿਆ । ਰਾਹੀਆਂ ਨੂੰ ਉਹ ਕਹਿੰਦੇ ਜਾਂਦੇ ਕਿ ਇਸ ਵਿਚ ‘ ਉੱਚ ਕਾ ਪੀਰ’ ਸਵਾਰ ਹੈ । ਇਸ ਉਕਤੀ ਦਾ ਭਾਵ ਹੈ ਕਿ ਪਾਲਕੀ ਵਿਚ ਸਵਾਰ ( ਗੁਰੂ ਜੀ ) ਉੱਚ-ਸ਼ਰੀਫ ਦੇ ਸੱਯਦ ਫ਼ਕੀਰ ਹਨ ।

                      ਜਦੋਂ ਉਹ ਸਾਰੇ ਫ਼ੌਜੀ ਘੇਰੇ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਸ਼ਕ ਕਾਰਣ ਰੋਕ ਲਿਆ ਗਿਆ ਪਰ ਬਾਦ ਵਿਚ ਗੁਰੂ ਜੀ ਦੇ ਉਸਤਾਦ ਕਾਜ਼ੀ ਪੀਰ ਮੁਹੰਮਦ ਵਲੋਂ ਤਸੱਲੀ ਕਰਵਾਏ ਜਾਣ ’ ਤੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨਹੀਂ ਹਨ , ਗੁਰੂ ਜੀ ਮੁਗ਼ਲ ਫ਼ੌਜ ਦੇ ਘੇਰੇ ਵਿਚੋਂ ਸਹੀ ਸਲਾਮਤ ਬਾਹਰ ਨਿਕਲ ਗਏ । ਉਸ ਦਿਨ ਤੋਂ ਗੁਰੂ ਜੀ ਦਾ ਇਹ ਵੀ ਇਕ ਨਾਮਾਂਤਰ ਪ੍ਰਚਲਿਤ ਹੋ ਗਿਆ ।

                      ਉੱਚ-ਸ਼ਰੀਫ ਸਤਲੁਜ ਨਦੀ ਦੇ ਦੱਖਣੀ ਕੰਢੇ’ ਤੇ ਵਸਿਆ ਇਕ ਕਸਬਾ ਹੈ ਜੋ ਬਹਾਵਲਪੁਰ ( ਪਾਕਿਸਤਾਨ ) ਤੋਂ ਲਗਭਗ 60 ਕਿ.ਮੀ. ਦੂਰ ਹੈ । ਇਸ ਦਾ ਪਹਿਲਾ ਨਾਂ ਦੇਵਗੜ੍ਹ ਸੀ ਜੋ ਰਾਜਾ ਦੇਵ ਸਿੰਘ ਦੇ ਨਾਂ’ ਤੇ ਪਿਆ ਸੀ । ਬਾਰ੍ਹਵੀਂ ਸਦੀ ਦੇ ਅੰਤ ਵਿਚ ਸੱਯਦ ਜਲਾਲੁੱਦੀਨ ਬੁਖ਼ਾਰੀ ਨੇ ਦੇਵਗੜ੍ਹ ਉਤੇ ਹਮਲਾ ਕੀਤਾ । ਰਾਜਾ ਹਾਰ ਖਾ ਕੇ ਮਾਰਵਾੜ ਨੂੰ ਭਜ ਗਿਆ । ਬੁਖ਼ਾਰੀ ਨੇ ਕਸਬੇ ਨੂੰ ਖ਼ੂਬ ਲੁਟਿਆ ਅਤੇ ਰਾਜੇ ਦੀ ਪੁੱਤਰੀ ਸੁੰਦਰਪਰੀ ਨਾਲ ਵਿਆਹ ਕਰਕੇ ਉਥੇ ਇਕ ਉੱਚੀ ਥਾਂ’ ਤੇ ਕਿਲ੍ਹਾ ਉਸਾਰਿਆ । ਉਸ ਕਿਲ੍ਹੇ ਦੇ ਉੱਚੇ ਹੋਣ ਦੀ ਵਿਸ਼ੇਸ਼ਤਾ ਦੇ ਆਧਾਰ’ ਤੇ ਇਸ ਕਸਬੇ ਦਾ ਨਾਂ ਵੀ ਦੇਵਗੜ੍ਹ ਦੀ ਥਾਂ ‘ ਉੱਚ’ ਪ੍ਰਚਲਿਤ ਹੋ ਗਿਆ । ਇਸ ਕਸਬੇ ਉਤੇ ਸੱਯਦਾਂ ਦੇ ਕਬਜ਼ੇ ਕਾਰਣ ਬਹੁਤ ਸਾਰੇ ਮੰਨੇ-ਪ੍ਰਮੰਨੇ ਸੱਯਦ , ਪੀਰ , ਫ਼ਕੀਰ ਇਥੇ ਆ ਵਸੇ । ਫਲਸਰੂਪ , ਇਸ ਕਸਬੇ ਨੂੰ ਆਦਰ ਨਾਲ ‘ ਉੱਚ-ਸ਼ਰੀਫ਼’ ਕਿਹਾ ਜਾਣ ਲਗਿਆ । ਇਥੋਂ ਦੇ ਸੱਯਦ-ਪੀਰ ਆਮ ਤੌਰ ਤੇ ਨੀਲੇ ਬਸਤ੍ਰ ਪਾਉਂਦੇ ਸਨ ਅਤੇ ਕੇਸ ਪਿਛੇ ਨੂੰ ਖੁਲ੍ਹੇ ਛਡਦੇ ਸਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਉੱਚ ਕਾ ਪੀਰ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉੱਚ ਕਾ ਪੀਰ :   ਇਹ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਨਾਮਾਂਤਰ ਹੈ । ਇਸ ਨਾਂ ਦਾ ਪਿਛੋਕੜ ਇਹ ਹੈ ਕਿ ਚਮਕੌਰ ਦੀ ਗੜੀ ਛੱਡਣ ਤੋਂ ਬਾਦ ਗੁਰੂ ਜੀ ਮਾਛੀਵਾੜੇ ਦੇ ਇਲਾਕੇ ਨੂੰ ਘੇਰ ਲਿਆ । ਆਪਣੇ ਪੁਰਾਣੇ ਜਾਣਕਰ ਦੋ ਰੁਹੇਲੇ ਪਠਾਣ ਭਾਰਾਵਾਂ---ਨੱਬੀ ਖ਼ਾਂ ਅਤੇ ਗ਼ਨੀ ਖ਼ਾਂ---ਦੀ ਮੱਦਦ ਨਾਲ ਉਸ ਘੇਰੇ ਵਿਚੋਂ ਨਿਕਲਣ ਦੀ ਯੋਜਨਾ ਬਣਾਈ ਗਈ । ਸਿੱਖ ਇਤਿਹਾਸ ਅਨੁਸਾਰ ਉਨ੍ਹਾਂ ਪਠਾਣਾਂ ਨੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਤਿੰਨ ਸਿੱਖਾਂ ( ਭਾਈ ਧਰਮ ਸਿੰਘ , ਮਾਨ ਸਿੰਘ ਅਤੇ ਦਇਆ ਸਿੰਘ ) ਨੂੰ ਨੀਲੇ ਬਸਤ੍ਰ ਪਵਾਏ ਅਤੇ ਕੇਸ ਪਿਛੇ ਖੁਲ੍ਹੇ ਛਡਵਾ ਦਿੱਤੇ । ਗੁਰੂ ਜੀ ਨੂੰ ਪਾਲਕੀ ( ਕਿਤੇ ਕਿਤੇ ਪਲੰਘ ਵੀ ਲਿਖਿਆ ਹੈ ) ਵਿਚ ਬਿਠਾਇਆ ਗਿਆ । ਉਹ ਪਾਲਕੀ ਦੋ ਪਠਾਣ ਭਰਾਵਾਂ ਅਤੇ ਭਾਈ ਦਇਆ ਸਿੰਘ ਨੇ ਗੁਰੂ ਜੀ ਨੂੰ ਚੌਰ ਕਰਨ ਦਾ ਕੰਮ ਸੰਭਾਲਿਆ । ਰਾਹੀਆਂ ਨੂੰ ਉਹ ਕਹਿੰਦੇ ਜਾਂਦੇ ਕਿ ਇਸ ਵਿਚ ‘ ਉਚ ਕਾ ਪੀਰ ’ ਸਵਾਰ ਹੈ । ਇਸ ਉਕਤੀ ਦੇ ਦੋ ਭਾਵ ਸਨ । ਇਕ ਇਹ ਕਿ ਪਾਲਕੀ ਵਿਚ ਸਵਾਰ ( ਗੁਰੂ ਜੀ ) ਉੱਚ ਸ਼ਰੀਫ ਦੇ ਸੱਯਦ ਫ਼ਕੀਰ ਹਨ ਅਤੇ ਦੂਜਾ ਗੁਰੂ ਜੀ ਸ੍ਰਸ਼ੇਠ ਮਹਾਪੁਰਸ਼ ਹਨ । ਜਦੋਂ ਉਹ ਸਾਰੇ ਫੌਜੀ ਘੇਰੇ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਸ਼ਕ ਕਾਰਣ ਰੋਕ ਲਿਆ ਗਿਆ ਪਰ ਬਾਦ ਵਿਚ ਗੁਰੂ ਜੀ ਦੇ ਉਸਤਾਦ ਕਾਜ਼ੀ ਪੀਰ ਮੁਹੰਮਦ ਵਲੋਂ ਤਸੱਲੀ ਕਰਵਾਏ ਜਾਣ ’ ਤੇ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ ਹਨ , ਗੁਰੂ ਜੀ ਮੁਗ਼ਲ ਫ਼ੌਜ ਦੇ ਘੇਰੇ ਵਿਚੋਂ ਸਹੀ ਸਲਾਮਤ ਬਹਾਰ ਨਿਕਲ ਗਏ । ਉਸ ਦਿਨ ਤੋਂ ਗੁਰੂ ਜੀ ਦਾ ਇਹ ਵੀ ਇਕ ਨਾਮਾਂਤਰ ਪ੍ਰਚਲਿਤ ਹੋ ਗਿਆ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-26, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.