ਉੱਤਰ-ਆਧੁਨਿਕਤਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉੱਤਰ-ਆਧੁਨਿਕਤਾ : ਆਧੁਨਿਕਤਾ ਵਾਂਗ ਉੱਤਰ-ਆਧੁਨਿਕਤਾ ਵੀ ਪੱਛਮੀ ਸਮਾਜ ਤੇ ਚਿੰਤਨ ਦੀ ਉਪਜ ਹੈ । ਉੱਤਰ-ਆਧੁਨਿਕ ਪਦ ਇੱਕੋ ਵੇਲੇ ਏਨੇ ਜ਼ਿਆਦਾ ਅਨੁਸ਼ਾਸਨਾਂ ਤੇ ਖੇਤਰਾਂ ਵਿੱਚ ਇਸਤੇਮਾਲ ਹੋ ਰਿਹਾ ਹੈ ਕਿ ਇਸ ਨੂੰ ਕਿਸੇ ਇੱਕ ਸਰਬਸੰਪੰਨ ਪਰਿਭਾਸ਼ਾ ਵਿੱਚ ਬੰਨ੍ਹਣਾ ਅਤਿ ਕਠਨ ਕਾਰਜ ਹੈ । ਉੱਤਰ-ਆਧੁਨਿਕਤਾ ਇੱਕ ਨਵੇਂ ਇਤਿਹਾਸਿਕ ਕਾਲ-ਖੰਡ ਤੇ ਯੁੱਗ-ਬੋਧ ਦਾ ਸੂਚਕ ਹੈ ਜਿਸਦੇ ਨਿਰਮਾਣ ਪਿੱਛੇ ਸੂਚਨਾ ਤਕਨਾਲੋਜੀ ਤੇ ਇਲੈਕਟ੍ਰਾਨਿਕ ਮੀਡੀਆ ਦੇ ਖੇਤਰ ਵਿੱਚ ਵਾਪਰੀਆਂ ਤੇਜ਼ ਰਫ਼ਤਾਰ ਤਬਦੀਲੀਆਂ ਹਨ । ਉੱਤਰ-ਆਧੁਨਿਕਤਾ ਨਾਲ ਲੱਗਾ ਅਗੇਤਰ ‘ ਉੱਤਰ’ ਲਗਾਤਾਰਤਾ ਤੇ ‘ ਨਿਖੇੜ’ ਦੋਹਾਂ ਦਾ ਹੀ ਸੂਚਕ ਹੈ । ਇਸ ਤਰ੍ਹਾਂ ਉੱਤਰ-ਆਧੁਨਿਕਤਾ , ਆਧੁਨਿਕਤਾ ਤੋਂ ਅਗਲੇਰੀ ਸਮਾਜਿਕ , ਆਰਥਿਕ , ਸੱਭਿਆਚਾਰਿਕ ਸਥਿਤੀ ਹੈ ਤੇ ਇਹ ਉਸ ਨਾਲੋਂ ਵੱਖਰੀ ਵੀ ਹੈ । ਡੇਨੀਅਲ ਬੈੱਲ ਇਸ ਨਵੇਂ ਸਮਾਜ ਨੂੰ ਉੱਤਰ- ਉਦਯੋਗਿਕ ਸਮਾਜ ਦਾ ਨਾਂ ਦਿੰਦਾ ਹੈ । ਉਸ ਦਾ ਮੱਤ ਹੈ ਕਿ ਆਧੁਨਿਕ ਅਰਥਾਤ ਉਦਯੋਗਿਕ ਸਮਾਜ ਦਾ ਸੰਬੰਧ ਵਸਤਾਂ ਦੇ ਉਤਪਾਦਨ ਨਾਲ ਸੀ ਅਤੇ ਇਸਦਾ ਕੇਂਦਰੀ ਸਿਧਾਂਤ ਆਰਥਿਕ ਪ੍ਰਗਤੀ ਸੀ । ਉੱਤਰ-ਉਦਯੋਗਿਕ ਸਮਾਜ ਦਾ ਸੰਬੰਧ ਸੂਚਨਾ ਦੀ ਪੈਦਾਵਾਰ ਨਾਲ ਹੈ ਜਿਸਦਾ ਪ੍ਰਤੀਕ ਕੰਪਿਊਟਰ ਹੈ । ਉੱਤਰ-ਆਧੁਨਿਕਤਾਵਾਦ ਇਸ ਨਵੀਂ ਸਮਾਜਿਕ ਅਵਸਥਾ ਦਾ ਕਲਾਤਮਿਕ ਤੇ ਦਾਰਸ਼ਨਿਕ ਖੇਤਰਾਂ ਵਿੱਚ ਪ੍ਰਗਟਾਵਾ ਹੈ ।

        ਉੱਤਰ-ਆਧੁਨਿਕਤਾ ਦੇ ਅਰੰਭ ਬਾਰੇ ਵੀ ਵਿਦਵਾਨ ਇੱਕ ਮੱਤ ਨਹੀਂ ਹਨ । ਉੱਤਰ-ਆਧੁਨਿਕ ਪਦ ਦਾ ਪਹਿਲੀ ਵਾਰ ਪ੍ਰਯੋਗ ਜਰਮਨ ਦਾਰਸ਼ਨਿਕ ਰੁਡੋਲਫ਼ ਪੈਨਵਿਟਜ਼ ਨੇ ਕੀਤਾ । ਸਮਝਿਆ ਜਾਂਦਾ ਹੈ , ਉਸ ਨੇ ਇਸ ਪਦ ਨੂੰ ਪੱਛਮੀ ਸੱਭਿਆਚਾਰ ਦੇ ‘ ਨਿਖੇਧਵਾਦ ਨੂੰ ਵਰਣਨ ਕਰਨ ਹਿਤ ਪ੍ਰਯੋਗ ਵਿੱਚ ਲਿਆਂਦਾ । ਇਤਿਹਾਸਕਾਰ ਟਾਯਨਬੀ ਦਾ ਮੱਤ ਹੈ ਕਿ ਆਧੁਨਿਕਤਾ ਦਾ ਅੰਤ ਪਹਿਲੇ ਵਿਸ਼ਵ ਯੁੱਧ ( 1914-18 ) ਦੇ ਦਰਮਿਆਨ ਹੋ ਜਾਂਦਾ ਹੈ ਤੇ ਉੱਤਰ-ਆਧੁਨਿਕਤਾ ਦੋ ਵਿਸ਼ਵ ਯੁੱਧਾਂ ( 1918 ਤੇ 1939 ) ਦੇ ਵਿਚਲੇ ਸਾਲਾਂ ਦੌਰਾਨ ਆਪਣਾ ਸਰੂਪ ਗ੍ਰਹਿਣ ਕਰਦੀ ਹੈ । ਫੈਡਰੀਕੋ ਦੀ ਓਨਿਸ ਇਸ ਦੀ ਵਰਤੋਂ 1934 ਵਿੱਚ 1905 ਤੋਂ 1914 ਤੱਕ ਦੀ ਸਪੇਨੀ ਲੈਟਿਨ ਅਮਰੀਕਨ ਕਵਿਤਾ ਨੂੰ ਦਰਸਾਉਣ ਹਿਤ ਕਰਦਾ ਹੈ । 1950 ਵਿਆਂ , 1960 ਵਿਆਂ ਵਿੱਚ ਇਹ ਕਲਾਤਮਿਕ ਆਧੁਨਿਕਤਾਵਾਦ ਵਿਰੁੱਧ ਇੱਕ ਪ੍ਰਕਿਰਿਆ ਵਜੋਂ ਉੱਭਰਦਾ ਹੈ । 1980 ਵਿਆਂ ਵਿੱਚ ਇਹ ਫ਼੍ਰਾਂਸੀਸੀ ਉੱਤਰ- ਸੰਰਚਨਾਵਾਦ ਨਾਲ ਕਦਮ ਮਿਲਾਉਂਦੇ ਹੋਏ ਤਰਕਵਾਦੀ ਦਰਸ਼ਨਾਂ ਦੀ ਤਿੱਖੀ ਪੜਚੋਲ ਵਜੋਂ ਉੱਭਰਦਾ ਹੈ । ਲਗਪਗ ਇਸੇ ਸਮੇਂ ਇਹ ਇੱਕ ਨਵੇਂ ਯੁੱਗ ਵਜੋਂ ਪ੍ਰਸਿੱਧ ਹੁੰਦਾ ਹੈ ।

      ਉੱਤਰ-ਆਧੁਨਿਕਤਾਵਾਦ ਇੱਕ ਦਾਰਸ਼ਨਿਕ ਪ੍ਰਵਰਗ ਦੇ ਤੌਰ ਤੇ ਉਸ ਸਭ ਕਾਸੇ ਦਾ ਵਿਰੋਧੀ ਹੈ ਜੋ ਆਧੁਨਿਕ ਚਿੰਤਨ ਤੇ ਸੱਭਿਅਤਾ ਨੇ ਪੈਦਾ ਕੀਤਾ । ਆਧੁਨਿਕ ਚਿੰਤਨ ਤੇ ਮੁਢਲਾ ਹਮਲਾ ਤਾਂ ਨੀਤਸ਼ੇ ਦੇ ਚਿੰਤਨ ਨਾਲ ਹੀ ਅਰੰਭ ਹੋ ਗਿਆ ਸੀ । ਉੱਤਰ-ਆਧੁਨਿਕ ਦੁਆਲੇ ਸਮਕਾਲੀਨ ਬਹਿਸਾਂ ਦਾ ਸ੍ਰੋਤ 1944 ਵਿੱਚ ਅਡੋਰਨੋ ਤੇ ਹੋਰਖਾਈਮਰ ਦੀ ਸਾਂਝੀ ਪੁਸਤਕ ਡਾਇਲੈਕਟਿਕਸ ਆਫ਼ ਇਨ ਲਾਈਟਨਮੈਂਟ ਵਿੱਚੋਂ ਲੱਭਿਆ ਜਾ ਸਕਦਾ ਹੈ । ਉਹਨਾਂ ਦਾ ਮੱਤ ਹੈ ਕਿ ਇਨਲਾਈਟਨਮੈਂਟ ਦਾ ਦਾਅਵਾ ਮਾਨਵਤਾ ਨੂੰ ਮੁਕਤੀ ਦਿਵਾਉਣਾ ਸੀ ਪਰ ਵਿਵਹਾਰ ਵਿੱਚ ਇਸਦਾ ਰਵੱਈਆ ਤਾਨਾਸ਼ਾਹ ਸਾਬਤ ਹੋਇਆ । ਉੱਤਰ- ਆਧੁਨਿਕ ਚਿੰਤਨ , ਆਧੁਨਿਕ ਸੋਚ ਪ੍ਰਬੰਧਾਂ ਤੇ ਦਰਸ਼ਨਾਂ ਵੱਲੋਂ ਪੇਸ਼ ਇਕ-ਪੱਖੀ ਤੇ ਸਰਬਵਿਆਪਕ ਵਿਆਖਿਆਵਾਂ ਦੀ ਉਚਿਤਤਾ ਤੇ ਗੰਭੀਰ ਪ੍ਰਸ਼ਨ ਉਠਾਉਂਦਾ ਹੈ । ਇਹ ਵਿਗਿਆਨਿਕ ਤਾਰਕਿਕਤਾ , ਰੇਖਕੀ ਪ੍ਰਗਤੀ , ਖ਼ੁਦਮੁਖ਼ਤਾਰ ਆਤਮ , ਏਕਤਾ , ਪ੍ਰਭੁਤਾ ਆਦਿ ਸਭ ਨੂੰ ਸਮੁੱਚਤਾਵਾਦੀ ਸਿਸਟਮ ਦੇ ਅੰਗ ਕਹਿੰਦਾ ਹੋਇਆ ਰੱਦ ਕਰਦਾ ਹੈ । ਫ਼੍ਰਾਂਸੀਸੀ ਚਿੰਤਕ ਲਿਓਤਾਰਦ ਨੇ ਅਤਿ ਵਿਕਸਿਤ ਪੱਛਮੀ ਦੇਸ਼ਾਂ ਵਿੱਚ ਸੂਚਨਾ ਤੇ ਤਕਨਾਲੋਜੀ ਦੀ ਕ੍ਰਾਂਤੀ ਦੇ ਸਿੱਟੇ ਵਜੋਂ ਗਿਆਨ ਦੀ ਬਦਲਦੀ ਸਥਿਤੀ ਵੱਲ ਇਸ਼ਾਰਾ ਕਰ ਕੇ ਉੱਤਰ-ਆਧੁਨਿਕਤਾ ਬਾਰੇ ਵਿਚਾਰ-ਚਰਚਾ ਨੂੰ ਅਰੰਭਿਆ ਹੈ । ਉਸ ਦਾ ਮੱਤ ਹੈ ਕਿ ਕੰਪਿਊਟਰ ਦੁਆਰਾ ਸਿਰਜਿਤ ਗਿਆਨ ਹੁਣ ਇੱਕ ਉਤਪਾਦਨ ਸ਼ਕਤੀ ਦਾ ਦਰਜਾ ਹਾਸਲ ਕਰ ਗਿਆ ਹੈ ਤੇ ਇਹ ਪੂਰੀ ਤਰ੍ਹਾਂ ਵਪਾਰਕ ਸ਼ਕਤੀਆਂ ਦੇ ਹੱਥਾਂ ਵਿੱਚ ਆ ਗਿਆ ਹੈ । ਲਿਓਤਾਰਦ ਆਧੁਨਿਕ ਦੌਰ ਦੇ ਮਹਾਂਬਿਰਤਾਂਤਾਂ ਪ੍ਰਤਿ ਵਿਸ਼ਵਾਸਹੀਣਤਾ ਜ਼ਾਹਰ ਕਰਦਾ ਹੈ ਜੋ ਵਿਸ਼ਵ ਦੀ ਸਮੁੱਚ ਵਿੱਚ ਵਿਆਖਿਆ ਕਰਦੇ ਹੋਏ ਮਾਨਵਤਾ ਨੂੰ ਮੁਕਤੀ ਦਿਵਾਉਣ ਦਾ ਦਾਅਵਾ ਜਤਾਉਂਦੇ ਹਨ । ਇਹਨਾਂ ਵਿੱਚ ਮਾਰਕਸਵਾਦ ਤੇ ਉਦਾਰਵਾਦ ਆਦਿ ਪ੍ਰਮੁਖ ਹਨ । ਉਸ ਦਾ ਮੱਤ ਹੈ ਕਿ ਮਹਾਂਬਿਰਤਾਂਤਾਂ ਦੀ ਏਕੀਕਰਨ ਤੇ ਸਮੁੱਚਤਾਵਾਦੀ ਪ੍ਰਕਿਰਤੀ ਨੇ ਵੱਖਰਤਾਵਾਂ , ਵੰਨ-ਸੁਵੰਨਤਾ ਤੇ ਅਲਪ-ਬਿਰਤਾਂਤਾਂ ਨੂੰ ਬੁਰੀ ਤਰ੍ਹਾਂ ਕੁਚਲਿਆ ਹੈ ।

      ਫਰੈਡਰਿਕ ਜੇਮਸਨ ਉੱਤਰ-ਆਧੁਨਿਕਤਾ ਨੂੰ ਪਿਛਲੇਰੇ ਪੂੰਜੀਵਾਦ ਜਾਂ ਬਹੁ-ਰਾਸ਼ਟਰਾਂ ਦੇ ਇੱਕ ਸੰਸਾਰ ਸਿਸਟਮ ਵਜੋਂ ਵੇਖਦਾ ਹੈ ਜੋ ਇੱਕ ਨਵੀਂ ਗਲੋਬਲ ਸਪੇਸ ਵਿੱਚ ਕਿਰਿਆਸ਼ੀਲ ਪਿਛਲੇਰੇ ਦੌਰ ਦੇ ਪੂੰਜੀਵਾਦ ਦੇ ਸੱਭਿਆ- ਚਾਰਿਕ ਸਰੂਪ ਨੂੰ ਦਰਸਾਉਂਦਾ ਹੈ । ਉੱਤਰ-ਆਧੁਨਿਕ ਸਮਾਜ ਨੂੰ ਮੀਡੀਆ ਸਮਾਜ ਵੀ ਕਿਹਾ ਜਾਂਦਾ ਹੈ ਜਿਸ ਵਿੱਚ ਮੀਡੀਆਕ੍ਰਿਤ ਬਿੰਬਾਂ ਤੇ ਚਿੰਨ੍ਹਾਂ ਦੀ ਸਰਦਾਰੀ ਹੈ । ਬੌਦਰੀਲਾਰਦ ਕਹਿੰਦਾ ਹੈ ਕਿ ਉੱਤਰ- ਆਧੁਨਿਕ ਸਮਾਜ ਵਿੱਚ ਵਾਸਤਵਿਕ ਯਥਾਰਥ ਮੀਡੀਆ ਪੇਸ਼ਕਾਰੀਆਂ ਦਾ ਗ਼ੁਲਾਮ ਬਣ ਕੇ ਰਹਿ ਗਿਆ ਹੈ ਜਿਸ ਕਰ ਕੇ ਯਥਾਰਥ ਦੀ ਥਾਹ ਪਾਉਣਾ ਮੁਸ਼ਕਲ ਹੋ ਗਿਆ ਹੈ ।

      ਉੱਤਰ-ਸੰਰਚਨਾਵਾਦ ਤੇ ਉੱਤਰ-ਆਧੁਨਿਕਤਾਵਾਦ ਗਹਿਰੀ ਤਰ੍ਹਾਂ ਅੰਤਰ-ਸੰਬੰਧਿਤ ਹਨ । ਦੋਹਾਂ ਦੀਆਂ ਦਾਰਸ਼ਨਿਕ ਮਨੌਤਾਂ ਲਗਪਗ ਸਾਂਝੀਆਂ ਹਨ । ਉੱਤਰ- ਆਧੁਨਿਕ ਚਿੰਤਨ ਨੂੰ ਉਭਾਰਨ ਵਾਲੇ ਦੈਰੀਦਾ , ਮਿਸ਼ੈਲ ਫੂਕੋ , ਦੇਲਿਊਜ਼ ਤੇ ਗੁਟਾਰੀ ਆਦਿ ਦਰਅਸਲ ਉੱਤਰ- ਸੰਰਚਨਾਵਾਦੀ ਹੀ ਹਨ । ਉੱਤਰ-ਸੰਰਚਨਾਵਾਦ ਨੇ ਸਾਰੇ ਸੰਕਲਪਾਂ , ਵਿਚਾਰਾਂ ਤੇ ਵਿਆਖਿਆਵਾਂ ਨੂੰ ਮਨੁੱਖੀ ਭਾਸ਼ਾਈ ਘਾੜਤਾਂ ਕਹਿੰਦੇ ਹੋਏ ਇਹਨਾਂ ਦੀ ਸਰਬ- ਵਿਆਪਕਤਾ ਤੇ ਪ੍ਰਸ਼ਨ ਉਠਾਏ । ਇਸ ਦਾ ਮੱਤ ਹੈ ਕਿ ਹਰ ਸਮੁੱਚਤਾਵਾਦੀ ਸਿਸਟਮ ਦੋ ਵਿਰੋਧੀ ਜੁੱਟਾਂ ਵਿੱਚੋਂ ਇੱਕ ਨੂੰ ਉੱਤਮ ਪੇਸ਼ ਕਰ ਕੇ ਦੂਸਰੇ ਨੂੰ ਦਬਾਅ ਦਿੰਦਾ ਹੈ ਜਾਂ ਹਾਸ਼ੀਏ ਤੇ ਧਕੇਲ ਦਿੰਦਾ ਹੈ । ਦਮਿਤ ਤੇ ਹਾਸ਼ੀਆਗਤ ਦੀ ਵਿਲੱਖਣਤਾ ਨੂੰ ਸਮਾਨਾਂਤਰ ਉਭਾਰਨ ਦੀ ਲੋੜ ਹੈ । ਇਸ ਲਈ ਉੱਤਰ-ਆਧੁਨਿਕ ਚਿੰਤਨ ਹਾਸ਼ੀਅਤ ਤੇ ਦਮਿਤ ਉਪ-ਸੱਭਿਆਚਾਰਾਂ , ਸੱਚਾਂ ਤੇ ਅਨੁਭਵਾਂ ਦੀ ਵੱਖਰਤਾ ਤੇ ਵਿਲੱਖਣਤਾ ਨੂੰ ਮਹੱਤਵ ਤੇ ਸਨਮਾਨ ਦੇਣ ਦੀ ਗੱਲ ਕਰਦਾ ਹੈ । ਉੱਤਰ-ਆਧੁਨਿਕ ਚਿੰਤਨ ਰਚਨਾ ਦੀ ਥਾਂ ਵਿਰਚਨਾ , ਏਕਤਾ ਦੀ ਥਾਂ ਅਨੇਕਤਾ , ਸਮਾਨੀਕਰਨ ਦੀ ਥਾਂ ਵੰਨ-ਸੁਵੰਨਤਾ , ਨਿਰਪੇਖ ਸੱਚ ਦੀ ਥਾਂ ਸਾਪੇਖ-ਸੱਚ ਨੂੰ ਮਹੱਤਵ ਪ੍ਰਦਾਨ ਕਰਦਾ ਹੈ ।

      ਇੱਕ ਕਲਾਤਮਿਕ ਪ੍ਰਵਰਗ ਦੇ ਤੌਰ ਤੇ ਉੱਤਰ- ਆਧੁਨਿਕਤਾ ਆਧੁਨਿਕ ਕਲਾ ਤੋਂ ਅਗਲੀ ਤੇ ਵੱਖਰੀ ਧਾਰਨਾ ਪੇਸ਼ ਕਰਦਾ ਹੈ । ਆਧੁਨਿਕ ਕਲਾ ਰਚਨਾ ਦੀ ਏਕਤਾ , ਸ਼ੁੱਧਤਾ ਤੇ ਖ਼ੁਦਮੁਖ਼ਤਾਰੀ ਤੇ ਜ਼ੋਰ ਦਿੰਦੀ ਸੀ ਜਦ ਕਿ ਉੱਤਰ-ਆਧੁਨਿਕ ਕਲਾ ਪੈਸਟੀਸ਼ ( ਮਿਸ਼ਰਿਤ ) ; ਅਸ਼ੁੱਧਤਾ ਤੇ ਹਾਈਬ੍ਰਿਡਿਟੀ ਤੇ ਜ਼ੋਰ ਦਿੰਦੀ ਹੈ । ਆਧੁਨਿਕ ਕਲਾ ਨਿਰਨੇ ਦੇਣ ਵੱਲ ਰੁਚਿਤ ਸੀ ਜਦ ਕਿ ਉੱਤਰ- ਆਧੁਨਿਕ ਕਲਾ ਪ੍ਰਸ਼ਨਾਂ ਤੇ ਪਰਿਪੇਖਾਂ ਨੂੰ ਉਭਾਰਨ ਵੱਲ ਰੁਚਿਤ ਹੈ । ਆਧੁਨਿਕਤਾ ਵਿਸ਼ੇਸ਼ ਨਿੱਜੀ ਅਨੁਭਵ ਨੂੰ ਗਹਿਰੀ ਅੰਤਰਮੁਖਤਾ ਨਾਲ ਪੇਸ਼ ਕਰਦੀ ਸੀ ਜਦ ਕਿ ਉੱਤਰ-ਆਧੁਨਿਕਤਾ ਨੇ ਸਤਹੀ ਤੇ ਉਪਭੋਗੀ ਅਨੁਭਵਾਂ ਨੂੰ ਉਭਾਰਿਆ । ਉੱਤਰ-ਆਧੁਨਿਕ ਕਲਾ ਵਿੱਚ ਰੋਜ਼ਮਰ੍ਹਾ ਜ਼ਿੰਦਗੀ ਅਤੇ ਕਲਾ , ਈਲੀਟ ਤੇ ਪਾਪੂਲਰ ਸੱਭਿਆਚਾਰ ਵਿਚਲੇ ਦਰਜੇਬੰਦਕ ਨਿਖੇੜ ਢਹਿ ਢੇਰੀ ਹੋਣੇ ਸ਼ੁਰੂ ਹੁੰਦੇ ਹਨ ।


ਲੇਖਕ : ਕੁਲਵੀਰ ਗੋਜਰਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.