ਓਮ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Om _ਓਮ : ਹਿੰਦੂਆਂ ਵਿਚ ਓਮ ਦਾ ਪਦ ਆਮ ਤੌਰ ਤੇ ਸਤਿਕਾਰਤ ਪਦ ਹੈ ਅਤੇ ਹਿੰਦੂ ਧਰਮ ਗ੍ਰ੍ਰੰਥਾਂ ਵਿਚ ਵਿਸ਼ੇਸ਼ ਅਹਿਮੀਅਤ ਰੱਖਦਾ ਹੈ । ਹਿੰਦੂ ਧਰਮ ਗ੍ਰੰਥਾਂ ਦਾ ਪਾਠ ਆਰੰਭ ਕਰਨ ਤੋਂ ਪਹਿਲਾਂ ਓਮ ਸ਼ਬਦ ਦਾ ਉਚਾਰਣ ਕੀਤਾ ਜਾਂਦਾ ਹੈ । ਮੈਕਡਾਨਲ ਦੀ ‘ ਏ ਪ੍ਰੈਕਟੀਕਲ ਸੰਸਕ੍ਰਿਤ ਡਿਕਸ਼ਨਰੀ’ ਵਿਚ ਦੱਸਿਆ ਗਿਆ ਹੈ ਕਿ ਓਮ ਪਵਿੱਤਰ ਧੁਨੀ ਅਥਵਾ ਅਖਰ ਹੈ ਜਿਸ ਦੀ ਵਰਤੋਂ ਦੇਵ ਉਸਤਤੀ ਅਥਵਾ ਮੰਗਲ ਲਈ ਕੀਤੀ ਜਾਂਦੀ ਹੈ , ਪ੍ਰਾਰਥਨਾ ਦੇ ਅਰੰਭ ਵਿਚ ਅਤੇ ਵੇਦ ਬਾਣੀ ਦੇ ਪਾਠ ਦੇ ਅਰੰਭ ਅਤੇ ਅੰਤ ਵਿਚ ਕੀਤੀ ਜਾਂਦੀ ਹੈ; ਅਤੇ ਆਦਰਪੂਰਨ ਨਮਸਕਾਰ ਦੇ ਤੌਰ ਤੇ ਇਹ ਕਈ ਰਹੱਸਮਈ ਅਨੁਮਾਨਾਂ ਦਾ ਵਿਸ਼ਾ ਹੈ । ਮੋਨੀਅਰ ਵਿਲੀਅਮ ਦੀ ਸੰਸਕ੍ਰਿਤ-ਅੰਗਰੇਜ਼ੀ ਡਿਕਸ਼ਨਰੀ ਵਿਚ ਕਿਹਾ ਗਿਆ ਹੈ ਕਿ ਓਮ ਪਵਿੱਤਰ ਉਚਾਰਣ ਹੈ ਜੋ ਵੇਦਾਂ ਦੇ ਪਾਠ ਦੇ ਸ਼ੁਰੂ ਅਤੇ ਅੰਤ ਵਿਚ ਜਾਂ ਕਿਸੇ ਪ੍ਰਾਰਥਨਾ ਤੋਂ ਪਹਿਲਾਂ ਉਚਾਰਿਆ ਜਾਂਦਾ ਹੈ । ਓਮ ਨੂੰ ਸ਼ਗਨ- ਪੂਰਨ ਨਮਸਕਾਰ ਦਾ ਇਕ ਛੋਟਾ ਜਿਹਾ ਭਾਗ ਵੀ ਸਮਝਿਆ ਜਾਂਦਾ ਹੈ ।   ਓਮ ਨਾਲ ਉੱਚੀ ਆਤਮਕ ਜਾਂ ਰਹੱਸਮਈ ਪ੍ਰਭਾਵਕਤਾ ਜੁੜੀ ਹੋਈ ਹੈ । ਲੇਕਿਨ  ਕਿਸੇ ਧਵਜ ਅਥਵਾ ਝੰਡੇ ਉਤੇ ਓਮ ਧਵਜ ਸ਼ਬਦ ਦੀ ਵਰਤੋਂ ਧਰਮ ਦਾ ਪ੍ਰਤੀਕ ਜਾਂ ਧਾਰਮਕ ਗੱਲ ਨਹੀਂ ਕਹੀ ਜਾ ਸਕਦੀ । ( ਜਗਦੇਵ ਸਿੰਘ ਸਿਧਾਂਤੀ ਬਨਾਮ ਪਰਤਾਪ ਸਿੰਘ ਦੌਲਤਾ-ਏ ਆਈ ਆਰ 1965 ਐਸ ਸੀ 183 ) ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 585, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਓਮ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਓਮ : ਵੇਖੋ ‘ ਓਅੰਕਾਰ’  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਓਮ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਓਮ : ਓਮ ਭਾਰਤ ਵਿਚ ਧਾਰਮਿਕ ਖੇਤਰ ਦਾ ਇਕ ਮਹੱਤਵਪੂਰਨ ਸੰਕਲਪ ਅਤੇ ਅਤਿਅੰਤ ਪਵਿੱਤਰ ਸ਼ਬਦ ਮੰਨਿਆ ਗਿਆ ਹੈ ਅਤੇ ਇਸ ਦਾ ਮੂਲ ਧਾਤੂ ' ਅਵ' ਹੈ ਜਿਸ ਨਾਲ ਪ੍ਰਤੇਯ ' ਮਨ' ਲਗਣ ਨਾਲ ਪੂਰਾ ਸ਼ਬਦ ' ਓਮ' ਬਣਦਾ ਹੈ । ਇਸ ਦੇ ਅਨੇਕਾਂ ਅਰਥ ਬਿਆਨ ਕੀਤੇ ਗਏ ਹਨ । ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ' ਓਮ' ਦੇ ਅਰਥ ' ਤ੍ਰਿਪਤ ਹੋਣਾ' , ' ਰੱਖਿਆ ਕਰਨਾ' , ' ਬਚਾਉਣਾ' ਆਦਿ ਹਨ । ਹੋਰ ਵਿਦਵਾਨਾਂ ਨੇ ਜਿਹੜੇ ਅਰਥ ਕੀਤੇ ਹਨ ਉਨ੍ਹਾਂ ਵਿਚੋਂ ਕੁਝ ਇਹ ਹਨ-ਗਤੀ , ਕ੍ਰਾਂਤੀ , ਪ੍ਰੀਤੀ , ਪ੍ਰਵੇਸ਼ , ਸਵਰਣ , ਸਮੱਰਥਾ , ਅਨੁਰੋਧ , ਕਿਰਿਆ , ਇੱਛਾ , ਰੌਸ਼ਨੀ , ਅਵਪਤੀ , ਅਲਿੰਗਨ , ਹਿੰਸਾ ਦਾਨ , ਭਾਗ , ਵਿਧੀ ਆਦਿ । ਓਮ ਨੂੰ ਦਰਸਾਉਣ ਲਈ ' ਪ੍ਰਣੇਵ ਅਤੇ ' ਉਦਗੀਥ' ਸ਼ਬਦ ਵੀ ਵਰਤੇ ਜਾਂਦੇ ਹਨ । ਵਿੰਟਰਨਿਟਜ਼ ਅਨੁਸਾਰ ਸ਼ਬਦ ' ਓਮ' ਇਬਰਾਨੀ ਦੇ ਸ਼ਬਦ ' ਆਮੀਨ' ਨਾਲ ਆਵਾਜ਼ ਅਤੇ ਅਰਥ ਦੋਹਾਂ ਪੱਖਾਂ ਤੋਂ ਕਾਫ਼ੀ ਮਿਲਦਾ ਜੁਲਦਾ ਹੈ । ਓਮ ਸ਼ਬਦ ਦੇ ਮੂਲ ਬਾਰੇ ਯਕੀਨੀ ਤੌਰ ਤੇ ਕੁੱਝ ਨਹੀਂ ਕਿਹਾ ਜਾ ਸਕਦਾ । ਹੋ ਸਕਦਾ ਹੈ ਕਿ ਇਸ ਦੀ ਵਰਤੋਂ ਆਮ ਲੋਕਾਂ ਅੰਦਰ ਮੌਜੂਦ ਹੋਵੇ । ਉਪਨਿਸ਼ਦਾਂ ਦੇ ਸਮੇਂ ਇਸ ਸ਼ਬਦ ਦੀ ਪਵਿੱਤਰਤਾ ਨੂੰ ਸਵੀਕਾਰ ਕੀਤਾ ਗਿਆ ।

              ' ਓਮ' ਸ਼ਬਦ ਦਾ ਮਾਤ੍ਰਿਕ ਵਿਸ਼ਲੇਸ਼ਣ ਕਰਦਿਆਂ ਇਸ ਨੂੰ ਤਿੰਨ , ਸਾਢੇ ਤਿੰਨ , ਚਾਰ , ਸਾਢੇ ਚਾਰ ਅਤੇ ਕਈ ਵਾਰ ਇਸ ਤੋਂ ਵੱਧ ਮਾਤਰਾ ਦਾ ਵੀ ਮੰਨਿਆ ਜਾਂਦਾ ਹੈ ਪਰ ਮੁੱਖ ਵੰਡ ਤਿੰਨ ਮਾਤਰਾ ਦੀ ਹੀ ਹੈ । ਇਸ ਅਨੁਸਾਰ ' ਓਮ' ਨੂੰ ਉਕਾਰ , ਅਕਾਰ , ਅਤੇ ਮਕਾਰ ਭਾਗਾਂ ਵਿਚ ਵੰਡ ਕੇ ਬ੍ਰਹਮਾ , ਵਿਸ਼ਨੂੰ ਤੇ ਮਹੇਸ਼ ਤਿੰਨ ਦੇਵਤਿਆਂ ਜਾਂ ਤਿੰਨ ਸ਼ਕਤੀਆਂ ਨਾਲ ਸੰਕੇਤਕ ਕੀਤਾ ਗਿਆ ਹੈ ।

              ਭਾਰਤੀ ਧਾਰਮਿਕ ਅਤੇ ਦਾਰਸ਼ਨਿਕ ਗ੍ਰੰਥਾਂ ਵਿਚ ' ਓਮ' ਦੀ ਮਹੱਤਤਾ ਦਾ ਜ਼ਿਕਰ ਮਿਲਦਾ ਹੈ । ਵੇਦਾਂ ਆਦਿ ਧਰਮ ਪੁਸਤਕਾਂ ਦੇ ਆਰੰਭ ਅਤੇ ਅਖ਼ੀਰ ਵਿਚ ਅਰਦਾਸ ਜਾਂ ਕਿਸੇ ਪਵਿੱਤਰ ਧਰਮ-ਕਾਰਜ ਦੇ ਆਰੰਭ ਵਿਚ ਇਸ ਸ਼ਬਦ ਨੂੰ ਪਵਿੱਤਰ ਸਮਝ ਕੇ ਪ੍ਰਯੋਗ ਕੀਤਾ ਜਾਂਦਾ ਹੈ । ਇਹ ਇਕ ਆਮ ਵਿਸ਼ਵਾਸ ਹੈ ਕਿ ਹਜ਼ਾਰ ਵਾਰ ਇਸ ਦਾ ਜਾਪ ਕਰਨ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ।

              ' ਓਮ' ਤੋਂ ਸਾਰੀਆਂ ਮੁਢਲੀਆਂ ਆਵਾਜ਼ਾਂ ਨਿਕਲਦੀਆਂ ਹਨ ਤੇ ਬੀਜ ਮੰਤਰ ਬਣਦੇ ਹਨ । ਇਹ ਇਕ ਸ਼ਕਤੀਸ਼ਾਲੀ ਨਾਦ ਤੱਤ ਮੰਨਿਆ ਜਾਂਦਾ ਹੈ ।  

            ' ਓਮ' ਸ਼ਬਦ ਦਾ ਪ੍ਰਯੋਗ ਰਿਗਵੇਦ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਉਥੇ ਇਸ ਨੂੰ ਰੱਖਿਅਕ , ਮਿੱਤਰ , ਸਹਾਇਕ ਅਤੇ ਮਿਹਰਬਾਨ ਕਿਹਾ ਗਿਆ ਹੈ । ਯਜੁਰਵੇਦ ਵਿਚ ਇਸ ਨੂੰ ਸਰਵੋਤਮ ਅਤੇ ਆਕਾਸ਼ ਵਾਂਗ ਅਸੀਮ ਕਿਹਾ ਗਿਆ ਹੈ । ਬ੍ਰਾਹਮਣਾਂ ਵਿਚ ' ਓਮ' ਦੀਆਂ ਤਿੰਨ ਮਾਤਰਾਵਾਂ ਨੂੰ ਵੱਖ ਵੱਖ ਅਰਥਾਂ ਵਿਚ ਵੰਡ ਕੇ ਬਿਆਨ ਕੀਤਾ ਗਿਆ ਹੈ ।

              ਉਪਨਿਸ਼ਦਾਂ ਵਿਚ ' ਓਮ' ਨੂੰ ਰਹੱਸਮਈ ਰੂਪ ਵਿਚ ਕਲਪਦਿਆਂ ਧਾਰਮਿਕ ਸਾਧਨਾਂ ਦਾ ਮਾਧਿਅਮ ਅਤੇ ਦੈਵੀ ਸ਼ਕਤੀ ਨਾਲ ਭਰਪੂਰ ਗੰਭੀਰ ਚਿੰਤਨ ਕਰਨ ਯੋਗ ਸਮਝਿਆ ਗਿਆ ਹੈ । ਛਾਂਦੋਗਿਯ ਉਪਨਿਸ਼ਦ ਅਨੁਸਾਰ ਸਾਰੇ ਜੀਵਾਂ ਦਾ ਸਾਰ ਧਰਤੀ ਹੈ । ਧਰਤੀ ਦਾ ਸਾਰ ਪਾਣੀ , ਪਾਣੀ ਦਾ ਸਾਰ ਬਨਸਪਤੀ , ਬਨਸਪਤੀ ਦਾ ਸਾਰ ਮਨੁੱਖ , ਮਨੁੱਖ ਦਾ ਸਾਰ ਉਸ ਦੀ ਭਾਸ਼ਾ , ਭਾਸ਼ਾ ਦਾ ਸਾਰ ਰਿਗਵੇਦ , ਰਿਗਵੇਦ ਦਾ ਸਾਰ ਸਮਵੇਦ , ਸਾਮਵੇਦ ਦਾ ਸਾਰ ਉਦਗੀਣ ਅਰਥਾਤ ' ਓਮ' ਹੈ ਜੋ ਸਾਰੇ ਸਾਰਾਂ ਤੋਂ ਉੱਤਮ ਹੈ । ਮਾਂਡੂਕ ਅਨੁਸਾਰ ' ਓਮ' ਇਕ ਕਮਾਨ ਹੈ ਜਿਸ ਵਿਚੋਂ ਆਤਮਾ ਦਾ ਤੀਰ ਨਿਕਲ ਕੇ ਬ੍ਰਹਮ ਰੂਪੀ ਨਿਸ਼ਾਨੇ ਵਿਚ ਜਾ ਸਮਾਉਂਦਾ ਹੈ ।

              ਇਹ ਹਿੰਦੂ ਧਰਮ ਵਿਚ ਵਿਸ਼ਾਲ , ਗਹਿਰ ਤੇ ਗੰਭੀਰ ਸੰਕਲਪ ਹੈ । ਗੁਰਬਾਣੀ ਵਿਚ ' ਓਮ' ਨੂੰ ਓਨਮ , ਓਅੰਕਾਰ ਰੂਪਾਂ ਵਿਚ ਵੀ ਵਰਤਿਆ ਗਿਆ ਹੈ ।


ਲੇਖਕ : ਡਾ. ਜਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 23, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-12-03-49, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. 21; ਐਨ. ਰਿ. ਐਥਿ 9: 490

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.