ਕਪੂਰ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਪੂਰ ਸਿੰਘ . ਨਵਾਬ. ਸੰਮਤ ੧੭੯੭ ਵਿੱਚ ਸੂਬਾ ਲਹੌਰ ਨੇ ਸਬੇਗ ਸਿੰਘ ਵਕੀਲ ਦੀ ਰਾਹੀਂ ਨਵਾਬੀ ਖਿਤਾਬ , ਇੱਕ ਲੱਖ ਦੀ ਜਾਗੀਰ ਅਤੇ ਵਡਮੁੱਲਾ ਖਿਲਤ ਅਮ੍ਰਿਤਸਰ ਖ਼ਾਲਸੇ ਨੂੰ ਭੇਜਿਆ , ਤਾਕਿ ਪਰਸਪਰ ਮੇਲ ਹੋ ਜਾਵੇ , ਪਰ ਅਧਰਮੀ ਜਾਲਿਮਾਂ ਦੀ ਬਖ਼ਸ਼ਿਸ਼ ਕਿਸੇ ਸਿੰਘ ਨੇ ਲੈਣੀ ਪਸੰਦ ਨਾ ਕੀਤੀ. ਸਬੇਗ ਸਿੰਘ ਦੇ ਬਾਰ ਬਾਰ ਕਹਿਣ ਤੋਂ ਪੰਥ ਨੇ ਕਪੂਰ ਸਿੰਘ ਵਿਰਕ ਜੱਟ ਫ਼ੈਜੁੱਲਾਪੁਰੀਏ ਨੂੰ , ਜੋ ਉਸ ਵੇਲੇ ਦੀਵਾਨ ਵਿੱਚ ਪੱਖਾ ਕਰ ਰਿਹਾ ਸੀ , ਨਵਾਬ ਪਦਵੀ ਦਿੱਤੀ. ਇਹ ਧਰਮਵੀਰ ਪੰਥ ਦੀ ਵਡੀ ਸੇਵਾ ਕਰਦਾ ਰਿਹਾ , ਅਤੇ ਕਰਣੀ ਵਾਲੇ ਸਿੰਘਾਂ ਵਿੱਚ ਇਸ ਦੀ ਗਿਣਤੀ ਹੋਈ.

ਕਪੂਰ ਸਿੰਘ ਦਾ ਦੇਹਾਂਤ ਸੰਮਤ ੧੮੧੧ ( ਸਨ ੧੭੫੩ ) ਵਿੱਚ ਅਮ੍ਰਿਤਸਰ ਹੋਇਆ , ਸਸਕਾਰ ਬਾਬਾ ਅਟਲ ਜੀ ਦੇ ਦੇਹਰੇ ਪਾਸ ਕੀਤਾ ਗਿਆ. ਦੇਖੋ , ਕਪੂਰਥਲਾ

੨ ਫੂਲਵੰਸ਼ ਦੇ ਰਤਨ ਗੁਰਦਿੱਤੇ ਦਾ ਪੋਤਾ ਅਤੇ ਸੂਰਤੀਏ ਦਾ ਪੁਤ੍ਰ , ਜਿਸ ਨੇ ਆਪਣੇ ਨਾਉਂ ਕਪੂਰਗੜ੍ਹ ਵਸਾਇਆ , ਜੋ ਹੁਣ ਨਾਭੇ ਰਾਜ ਵਿੱਚ ਹੈ. ਇਸ ਦੇ ਸੰਤਾਨ ਨਹੀਂ ਸੀ , ਇਸ ਲਈ ਰਾਜ ਦਾ ਮਾਲਿਕ ਕਪੂਰ ਸਿੰਘ ਦਾ ਛੋਟਾ ਭਾਈ ਹਮੀਰ ਸਿੰਘ ਹੋਇਆ । ੩ ਦੇਖੋ , ਕਪੂਰਾ ੧.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਪੂਰ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਪੂਰ ਸਿੰਘ ( 1628-1708 ) : ਫ਼ਰੀਦਕੋਟ ਦੇ ਹਾਕਮ ਘਰਾਣੇ ਦਾ ਇਕ ਵਡੇਰਾ ਸੀ ਜਿਸ ਦਾ ਜਨਮ 1628 ਵਿਚ ਹੋਇਆ ਸੀ । ਇਸ ਦੇ ਪਿਤਾ ਦਾ ਨਾਂ ਲਾਲਾ ਸੀ । 1643 ਵਿਚ ਆਪਣੇ ਚਾਚੇ , ਭੱਲਣ , ਦੇ ਉੱਤਰਾਧਿਕਾਰੀ ਦੇ ਰੂਪ ਵਿਚ ਇਹ ਬਰਾੜ ਜੱਟਾਂ ਦਾ ਮੁਖੀ ਜਾਂ ਚੌਧਰੀ ਬਣਿਆ । ਇਹ ਇਕ ਬਹਾਦਰ ਅਤੇ ਯੋਗ ਵਿਅਕਤੀ ਸੀ । ਇਸ ਨੇ ਆਪਣੇ ਆਲੇ-ਦੁਆਲੇ ਦੇ ਇਲਾਕੇ ਵਿਚ ਭੱਟੀ ਅਤੇ ਹੋਰ ਕਬੀਲਿਆਂ ਉੱਪਰ ਕਈ ਜਿੱਤਾਂ ਹਾਸਲ ਕਰਕੇ ਉਹ ਇਲਾਕੇ ਆਪਣੇ ਕਬਜ਼ੇ ਅਧੀਨ ਕਰ ਲਏ ਸਨ । ਇਹ ਪਹਿਲਾਂ ਪੰਜ ਗਰਾਂਈਆਂ ਵਿਖੇ ਰਹਿੰਦੇ ਸੀ ਪਰ ਛੇਤੀ ਪਿੱਛੋਂ ਹੀ ਇਸ ਨੇ ਸਾਰਲੀਵਾਲਾ ਦੀ ਨੀਂਹ ਰੱਖ ਦਿੱਤੀ ਸੀ । ਬਗਿਆਣੇ ਨਜ਼ਦੀਕ ਸਥਿਤ ਇਹ ਸਥਾਨ ਅੱਜ-ਕੱਲ੍ਹ ਉਜੜਿਆ ਹੋਇਆ ਹੈ । ਛੇਤੀ ਹੀ ਇਸ ਨੇ ਸਾਰਲੀਵਾਲਾ ਨੂੰ ਤਿਆਗ ਕੇ ਇਕ ਨਵੇਂ ਨਗਰ ਦੀ ਮੋੜ੍ਹੀ ਗੱਡੀ ਸੀ । ਇਸ ਨਗਰ ਦਾ ਨਾਂ ਇਸ ਦੇ ਆਪਣੇ ਨਾਂ ਕਰਕੇ ਕੋਟ ਕਪੂਰਾ ਪਿਆ । ਇਸ ਨਗਰ ਦੀ ਨੀਂਹ ਇਸ ਨੇ 1661 ਵਿਚ ਭਾਈ ਭਗਤੂ ਦੀ ਸਲਾਹ ਉੱਪਰ ਰੱਖੀ ਸੀ । ਭਾਈ ਭਗਤੂ ਕੈਥਲ ਪਰਵਾਰ ਦੇ ਵਡੇਰੇ ਅਤੇ ਧਰਮਾਤਮਾ ਪੁਰਸ਼ ਸਨ । ਕਪੂਰ ਸਿੰਘ ਦੇ ਉਦਾਰ ਅਤੇ ਇਨਸਾਫ਼ ਪਸੰਦ ਸੁਭਾਅ ਕਾਰਨ ਇਸ ਨੂੰ ਚੰਗੀ ਪ੍ਰਸਿੱਧੀ ਪ੍ਰਾਪਤ ਹੋਈ ਸੀ । ਇਸ ਕਾਰਨ ਬਹੁਤ ਸਾਰੇ ਲੋਕ ਇੱਥੇ ਆਣ ਕੇ ਵੱਸ ਗਏ ਸਨ । ਛੇਤੀ ਹੀ ਇਹ ਸਥਾਨ ਬਹੁਤ ਮਹੱਤਵਪੂਰਨ ਬਣ ਗਿਆ ਸੀ । ਜਦੋਂ ਗੁਰੂ ਹਰਿਰਾਇ ਅਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਚਾਰ ਕਰਦੇ ਹੋਏ ਇਸ ਇਲਾਕੇ ਵਿਚੋਂ ਲੰਘੇ ਸਨ ਤਾਂ ਇਸ ਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸੀ । ਇਹ ਕਿਹਾ ਜਾਂਦਾ ਹੈ ਕਿ ਇਸ ਨੇ ਦਸਮ ਪਾਤਸ਼ਾਹ ਦੇ ਹੱਥੋਂ ਖੰਡੇ ਦੀ ਪਾਹੁਲ ਗ੍ਰਹਿਣ ਕੀਤੀ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਇਕ ਕਿਰਪਾਨ ਅਤੇ ਢਾਲ ਸੁਗਾਤ ਵਜੋਂ ਦਿੱਤੀਆਂ ਸਨ । ਇਹ ਵਸਤਾਂ ਇਸ ਦੇ ਪਰਵਾਰ ਨੇ ਅੱਜ ਤਕ ਸੰਭਾਲ ਕੇ ਰੱਖੀਆਂ ਹੋਈਆਂ ਹਨ ।

          1708 ਵਿਚ , ਅੱਸੀ ਸਾਲ ਦੀ ਉਮਰ ਵਿਚ , ਕਪੂਰ ਸਿੰਘ ਨੂੰ ਇਸ ਦੇ ਇਕ ਪੁਰਾਣੇ ਦੁਸ਼ਮਣ ਈਸਾ ਖ਼ਾਨ ਨਾਂ ਦੇ ਇਕ ਮੰਝ ਰਾਜਪੂਤ , ਜਿਸ ਨਾਲ ਇਸ ਦਾ ਇਕ ਪੁਰਾਣਾ ਝਗੜਾ ਚੱਲ ਰਿਹਾ ਸੀ , ਨੇ ਧੋਖੇ ਨਾਲ ਕਤਲ ਕਰ ਦਿੱਤਾ ਸੀ । ਕਪੂਰ ਸਿੰਘ ਦੇ ਪੁੱਤਰਾਂ-ਸੁੱਖੀਆ , ਸੇਮਾ ਅਤੇ ਮੁਖੀਆ- ਨੇ ਬਦਲੇ ਵਜੋਂ ਈਸਾ ਖ਼ਾਨ ਦਾ ਕਤਲ ਕਰ ਦਿੱਤਾ ਸੀ ।


ਲੇਖਕ : ਸ.ਸ.ਭ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.