ਕਰਤਾਰ ਸਿੰਘ ਬਲੱਗਣ (5.10.1904 ਤੋਂ 7.12.1969) ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਰਤਾਰ ਸਿੰਘ ਬਲੱਗਣ ਮਾਤਾ ਲੱਛਮੀ ਦੇਵੀ ਤੇ ਪਿਤਾ ਸਰਦਾਰ ਮਿਹਰ ਸਿੰਘ ਦੇ ਘਰ ਪਿੰਡ ਬਲੱਗਣ , ਜ਼ਿਲ੍ਹਾ ਸਿਆਲਕੋਟ ਵਿਚ ਪੈਦਾ ਹੋਏ । ਦੇਸ਼ ਵੰਡ ਤੋਂ ਪਹਿਲਾਂ ਉਹ ਇੱਟਾਂ ਦੇ ਭੱਠੇ ਤੇ ਮੁਨੀਮੀ ਅਤੇ ਆੜ੍ਹਤ ਦਾ ਕਾਰੋਬਾਰ ਕਰਦੇ ਸਨ , ਮਗਰੋਂ ਅੰਮ੍ਰਿਤਸਰ ਵਿਖੇ ਸੁਤੰਤਰ ਸਾਹਿਤ ਰਚਨਾ ਅਤੇ ਪੱਤਰਕਾਰੀ ਕਰਨ ਲੱਗੇ । ਉਹ ਫਿਲਮ ਕਲਾ ਤੇ ਕਵਿਤਾ ਮੈਗਜ਼ੀਨ ਵੀ ਚਲਾਉਂਦੇ ਰਹੇ । ਉਹ ਸਟੇਜੀ ਸ਼ਾਇਰੀ ਦੇ ਉਸਤਾਦ ਮੁਹੰਮਦ ਰਮਜ਼ਾਨ ਹਮਦਮ ਦੇ ਸ਼ਾਗਿਰਦ ਸਨ । ਉਨ੍ਹਾਂ ਦੇ ਸਟੇਜ ਦੇ ਧਨੀ ਹੋਣ ਬਾਰੇ ਗੁਰਦੇਵ ਸਿੰਘ ਮਾਨ ਲਿਖਦੇ ਹਨ ਬਲੱਗਣ ਸਦਾ ਹੀ ਸਟੇਜ ਤੋਂ ਸਤਿਕਾਰਿਆ ਜਾਂਦਾ ਸੀ । ਮੈਂ ਉਸ ਨੂੰ ਕਿਸੇ ਸਟੇਜ ਤੇ ਵੀ ਫਿੱਕਾ ਰਹਿੰਦਾ ਨਹੀਂ ਦੇਖਿਆ । ਜਿਹੜੇ ਕਵੀ ਆਖਰੀ ਦਮ ਤਕ ਸਟੇਜ ਦੇ ਧਨੀ ਰਹੇ ਉਨ੍ਹਾਂ ਵਿਚੋਂ ਇਕ ਤੀਰ ਸੀ ਤੇ ਦੂਜਾ ਸੀ ਬਲੱਗਣ । ਵਰਨਾ ਆਮ ਕਵੀ ਤਾਂ ਆਖਰੀ ਉਮਰ ਵਿਚ ਆਪਣਾ ਵੱਜਕਾ ਗੁਆ ਹੀ ਬੈਠੇ ਹਨ । ਉਨ੍ਹਾਂ ਦੀਆਂ ਪੁਸਤਕਾਂ ਦੇ ਨਾਂ ਇਸ ਪ੍ਰਕਾਰ ਹਨ ਬਰਖਾ ( 1946 ) , ਆਰਤੀ ( 1963 ) , ਸ਼ਹੀਦੀ ਖੁਮਾਰੀਆਂ ( 1975 ਵਿਚ ਤਰਲੋਚਨ ਸਿੰਘ ਨੇ ਸੰਪਾਦਤ ਕੀਤੀ ) ਬਲੱਗਣ ਦੀ ਦੇਣ ਕਵਿਤਾ ਮੈਗਜ਼ੀਨ ਨੂੰ ਚਲਾਉਣਾ ਵੀ ਸੀ ਅਤੇ ਇਕ ਤਰ੍ਹਾਂ ਨਾਲ ਕਵਿਤਾ ਮੈਗਜ਼ੀਨ ਦਾ ਦਫਤਰ ਕਵੀਆਂ ਦਾ ਮੱਕਾ ਸੀ । ਇੱਥੇ ਕਵਿਤਾ ਦੀ ਲਹਿਰ ਉਠਦੀ ਸੀ । ਉਨ੍ਹਾਂ ਦੀ ਕਵਿਤਾ ਵਿਚ ਅਮਨ ਦਾ ਸੰਦੇਸ਼ ਵੀ ਸੀ , ਵਿਛੋੜੇ ਦਾ ਦਰਦ ਵੀ ਸੀ , ਦਿਲ ਨੂੰ ਛੁਹ ਜਾਣ ਵਾਲੇ ਗੀਤ ਵੀ ਸਨ ਅਤੇ ਉਚੀ ਉਡਾਰੀ ਵਾਲੀ ਨਜ਼ਮ ਵੀ ਸੀ । ਅਮਨ ਲਹਿਰ ਦੇ ਸਮੇਂ ਉਨ੍ਹਾਂ ਦੁਆਰਾ ਰਚਿਤ ਗੀਤ ਲੋਕ ਗੀਤ ਵਾਂਗ ਪਰਵਾਨ ਪਿਆ :

ਮੁੜ ਆ ਲਾਮਾਂ ਤੋਂ

ਸਾਨੂੰ ਘਰੇ ਬੜਾ ਰੁਜ਼ਗਾਰ , ਮੁੜ ਆ. . . . ।

ਉਨ੍ਹਾਂ ਦੇ ਗੀਤ ਦਿਲ ਨੂੰ ਛੁਹ ਜਾਣ ਵਾਲੇ ਸਨ । ਰੋਮਾਂਟਿਕ ਭਾਵਾਂ ਵਾਲੇ ਗੀਤ ਦੇ ਬੋਲ ਇਸ ਪ੍ਰਕਾਰ ਹਨ :

ਮੇਰੇ ਹਾਸੇ ਕਰਨ ਦਲੀਲਾਂ , ਨੀ ਸ਼ਰਮਾਕਲ ਢੋਲਾ ਬੋਲੇ ਨਾ ।

ਮੇਰੇ ਚਾਵਾਂ ਊਂਧੀ ਪਾਈ ਨੀ , ਉਹ ਬਹਿ ਕੇ ਦੁਖ ਸੁਖ ਫੋਲੇ ਨਾ ।

ਚੋਰੀ ਚੋਰੀ ਘੁੰਡ " ਚੋਂ ਤੱਕਾਂ

ਉਹਦੇ ਮਨ ਵਿਚ ਚੋਰ ਵਸੇਂਦਾ ਨੀ

ਉਹ ਚੁੱਪ ਦਾ ਜੰਦਰਾ ਖੋਹਲੇ ਨਾ -

  ਸ਼ਰਮਾਕਲ ਢੋਲਾ . . .

ਕਰਤਾਰ ਸਿੰਘ ਬਲੱਗਣ ਦੇ ਗਜ਼ਲ ਦੇ ਸ਼ਿਅਰਾਂ ਵਿਚ ਵੀ ਖਿਆਲ ਦੀ ਸੂਖ਼ਮਤਾ ਦੇਖਣਯੋਗ ਸੀ :

ਜੇ ਕੰਨ ਪੜਵਾ ਕੇ ਵੀ ਸੱਜਣਾ ਦੇ ਦਿਲ ਦਾ ਤਖਤ ਮਿਲ ਜਾਏ

ਤਾਂ ਫਿਰ ਤਖਤਾਂ ਲਈ ਜਾ ਕੇ ਹਜ਼ਾਰੇ ਕੌਣ ਵੇਹੰਦਾ ਏ ।

ਹੀਰ ਦੇ ਨਾਲ ਹੀ ਉਹ ਦਿਆਂ ਮਹਿਲਾਂ ' ਚ ਰੌਣਕ ਸੀ

ਹੁਣ ਭਲਾ ਚੂਚਕ ਦੇ ਖਾਲੀ ਚੁਬਾਰੇ , ਕੌਣ ਵੇਂਹਦਾ ਏ ।

ਨਿਸਚੇ ਹੀ ਕਰਤਾਰ ਸਿੰਘ ਬਲੱਗਣ ਨਜ਼ਮ , ਗ਼ਜ਼ਲ ਅਤੇ ਲੰਮੀ ਛੰਦਬੱਧ ਕਵਿਤਾ ਦਾ ਸ਼ਾਹ ਸਵਾਰ ਸੀ । ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਵਾਰ ਵਾਰ ਸੁਣੀਆਂ ਜਾਂਦੀਆਂ ਸਨ ।


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 570, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.