ਲਾਗ–ਇਨ/ਨਵਾਂ ਖਾਤਾ |
+
-
 
ਕਸ਼ਮੀਰ

ਸ਼ਮੀਰ: ਧਰਤੀ ਉਤੇ ਜੰਨਤ ਜਾਂ ਸਵਰਗ ਹੋਣ ਦਾ ਗੌਰਵ ਪ੍ਰਾਪਤ ਕਰਨ ਵਾਲਾ ਕਸ਼ਮੀਰ ਪ੍ਰਦੇਸ਼ ਭਾਰਤ ਦੇ ਉੱਤਰ ਵਿਚ ਇਕ ਰਮਣੀਕ ਪਹਾੜੀ ਖੇਤਰ ਹੈ। ਭਾਰਤ ਨੂੰ ਆਜ਼ਾਦੀ ਪ੍ਰਾਪਤ ਹੋਣ ਤਕ ਇਹ ਮਹਾਰਾਜਾ ਹਰੀ ਸਿੰਘ ਡੋਗਰੇ ਅਧੀਨ ਸੀ , ਪਰ ਕਬਾਇਲੀਆਂ ਦੇ ਹਮਲੇ ਕਾਰਣ ਉਸ ਕੋਲੋਂ ਇਸ ਨੂੰ ਸੁਤੰਤਰ ਰਿਆਸਤ ਵਜੋਂ ਕਾਇਮ ਰਖਣਾ ਔਖਾ ਹੋ ਗਿਆ। ਜਦੋਂ ਪੰਜਾਹ ਹਜ਼ਾਰ ਵਰਗਮੀਲ ਤਕ ਦਾ ਇਲਾਕਾ ਹਮਲਾਵਰਾਂ ਨੇ ਕਬਜ਼ੇ ਵਿਚ ਲੈ ਲਿਆ ਤਾਂ ਰਾਜੇ ਨੇ ਭਾਰਤ ਸਰਕਾਰ ਦੀ ਮਦਦ ਮੰਗੀ। ਭਾਰਤੀ ਫ਼ੌਜਾਂ ਨੇ ਕਬਾਇਲੀਆਂ ਦੀ ਪੇਸ਼ਕਦਮੀ ਰੋਕ ਦਿੱਤੀ ਅਤੇ ਬਾਦ ਵਿਚ ਹੋਈ ਲਾਮ- ਬੰਦੀ ਕਾਰਣ ਅਜੇ ਤਕ ਮਾਮਲਾ ਲਟਕ ਰਿਹਾ ਹੈ।

            ਸੰਨ 1952 ਈ. ਵਿਚ ਕਸ਼ਮੀਰ ਰਿਆਸਤ ਦੀ ਸੁਤੰਤਰ ਰਾਜ-ਸੱਤਾ ਖ਼ਤਮ ਕਰ ਦਿੱਤੀ ਗਈ ਅਤੇ ਸੰਨ 1957 ਈ. ਵਿਚ ਇਸ ਨੂੰ ਭਾਰਤੀ ਸੰਵਿਧਾਨ ਅਧੀਨ ਲਿਆ ਕੇ ਇਸ ਰਿਆਸਤ ਦਾ ਨਾਂ ‘ਜੰਮੂ ਅਤੇ ਕਸ਼ਮੀਰ’ ਰਖਿਆ ਗਿਆ ਅਤੇ ਇਸ ਨੂੰ ਹੋਰਨਾਂ ਪ੍ਰਾਂਤਾਂ ਨਾਲੋਂ ਵਖਰਾ ਦਰਜਾ ਦਿੱਤਾ ਗਿਆ।

            ‘ਕਸ਼ਮੀਰ’ ਨਾਂ ਦਾ ਸੰਬੰਧ ਕਸ਼ੑਯਪ ਪ੍ਰਜਾਪਤਿ ਨਾਲ ਜੋੜਿਆ ਜਾਂਦਾ ਹੈ। ਪੁਰਾਤਨ ਕਾਲ ਤੋਂ ਇਸ ਖੇਤਰ ਵਿਚ ਭਾਰਤੀ ਸੰਸਕ੍ਰਿਤੀ ਦਾ ਗੌਰਵ ਬਣਿਆ ਆ ਰਿਹਾ ਹੈ। ਸੰਨ 740 ਈ. ਤਕ ਇਥੇ ਕਨੌਜ ਦੇ ਰਾਜੇ ਯਸ਼ੋਵਰਧਨ ਦਾ ਰਾਜ ਸੀ ਜਿਸ ਨੇ ਮਾਰਤੰਡ ਦਾ ਸੂਰਜ-ਮੰਦਿਰ ਬਣਵਾਇਆ। ਕਾਲਾਂਤਰ ਵਿਚ ਯਸ਼ੋਵਰਧਨ ਨਾਲ ਭਿਆਨਕ ਯੁੱਧ ਕਰਕੇ ਲਲਿਤਾਦਿਤੑਯ ਨੇ ਕਸ਼ਮੀਰ ਨੂੰ ਜਿਤ ਲਿਆ। ਇਸ ਦੇ ਰਾਜ- ਕਾਲ ਵਿਚ ਕਸ਼ਮੀਰ ਵਿਚ ਬਹੁਤ ਵਿਕਾਸ ਹੋਇਆ। ਤੇਰ੍ਹਵੀਂ ਸਦੀ ਤੋਂ ਇਸ ਖੇਤਰ ਵਿਚ ਮੁਸਲਮਾਨਾਂ ਦਾ ਦਾਬਾ ਬਹੁਤ ਵਧ ਗਿਆ। ਅਕਬਰ ਬਾਦਸ਼ਾਹ ਨੇ ਸੰਨ 1587 ਈ. ਵਿਚ ਇਸ ਨੂੰ ਜਿਤ ਕੇ ਮੁਗ਼ਲ ਹਕੂਮਤ ਵਿਚ ਸ਼ਾਮਲ ਕਰ ਲਿਆ। ਜਹਾਂਗੀਰ ਇਸ ਦੀ ਸੁੰਦਰਤਾ ਅਤੇ ਰਮਣੀਕਤਾ ਉਤੇ ਮੋਹਿਤ ਸੀ। ਔਰੰਗਜ਼ੇਬ ਤਕ ਇਹ ਇਲਾਕਾ ਮੁਗ਼ਲ ਹਕੂਮਤ ਦੇ ਅਧੀਨ ਰਿਹਾ ਪਰ ਬਾਦ ਵਿਚ ਕੇਂਦਰੀ ਸੱਤਾ ਦੇ ਕਮਜ਼ੋਰ ਹੋ ਜਾਣ ਨਾਲ ਇਥੇ ਅਧਿਕਤਰ ਅਸ਼ਾਂਤੀ ਹੀ ਰਹੀ। ਸੰਨ 1819 ਈ. ਵਿਚ ਇਸ ਉਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਕਬਜ਼ਾ ਕਰਕੇ ਲਾਹੌਰ ਦਰਬਾਰ ਦੇ ਅਧੀਨ ਕੀਤਾ। ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਇਸ ਤੱਥ ਵਲ ਸੰਕੇਤ ਕੀਤਾ ਹੈ— ਮੁਲਤਾਨ ਕਸ਼ਮੀਰ ਪਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਿਵਾ ਗਿਆ

            ਅੰਗ੍ਰੇਜ਼ਾਂ ਨਾਲ ਹੋਈ ਲੜਾਈ ਵਿਚ ਜਦੋਂ ਸਿੱਖ ਫ਼ੌਜਾਂ ਹਾਰ ਗਈਆਂ ਤਾਂ ਰਾਜਾ ਗੁਲਾਬ ਸਿੰਘ ਨੇ, ਜੋ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨ ਮੰਤਰੀ ਧਿਆਨ ਸਿੰਘ ਦਾ ਵੱਡਾ ਭਰਾ ਸੀ ਅਤੇ ਖ਼ੁਦ ਵੀ ਲਾਹੌਰ ਦਰਬਾਰ ਵਿਚ ਚੰਗੀ ਪਦਵੀ ਉਤੇ ਸੀ, ਅੰਗ੍ਰੇਜ਼ ਸਰਕਾਰ ਲਈ ਕੀਤੀ ਸੇਵਾ ਦੇ ਸ਼ੁਕਰਾਨੇ ਵਜੋਂ ਕੇਵਲ 75 ਲੱਖ ਰੁਪਏ ਬਦਲੇ ਕਸ਼ਮੀਰ ਨੂੰ ਖ਼ਰੀਦ ਲਿਆ। ਉਦੋਂ ਤੋਂ ਲੈ ਕੇ ਦੇਸ਼ ਦੀ ਵੰਡ ਤੋਂ ਕੁਝ ਬਾਦ ਤਕ ਇਸ ਉਤੇ ਡੋਗਰਾ ਪਰਿਵਾਰ ਦਾ ਅਧਿਕਾਰ ਰਿਹਾ। ਇਸ ਦਾ ਆਖ਼ਰੀ ਮਹਾਰਾਜਾ ਡਾ. ਕਰਨ ਸਿੰਘ ਸੀ। ਇਸ ਖੇਤਰ ਵਿਚ ਪੁਰਾਣੀ ਸੰਸਕ੍ਰਿਤੀ ਦੇ ਅਵਸ਼ੇਸ਼ ਤੋਂ ਇਲਾਵਾ ਹੋਰ ਵੀ ਕਈ ਮਹੱਤਵਪੂਰਣ ਸਥਾਨ ਹਨ।

            ਸ਼੍ਰੀਨਗਰ ਇਸ ਦੀ ਗਰਮੀਆਂ ਦੀ ਰਾਜਧਾਨੀ ਹੈ। ਇਹ ਨਗਰ ਜੇਹਲਮ ਨਦੀ ਦੇ ਦੋਹਾਂ ਪਾਸੇ ਵਸਿਆ ਹੈ। ਇਥੇ ਦੁਨੀਆਂ ਦੇ ਦੂਰ-ਦੁਰਾਡੇ ਦੇਸ਼ਾਂ ਤੋਂ ਲੋਕ ਸੈਰ ਕਰਨ ਅਤੇ ਕੁਦਰਤੀ ਨਜ਼ਾਰੇ ਦੇਖਣ ਲਈ ਆਉਂਦੇ ਹਨ। ਲਕੜੀ ਅਤੇ ਉੱਨ ਤੋਂ ਬਣਾਈਆਂ ਜਾਣ ਵਾਲੀਆਂ ਵਸਤੂਆਂ ਇਥੋਂ ਅਨੇਕ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਹਨ।

        ‘ਜੰਮੂ ਕਸ਼ਮੀਰ ਦੀ ਸਿੱਖ ਤਵਾਰੀਖ’ (ਕ੍ਰਿਤ ਜਸਬੀਰ ਸਿੰਘ ਸਰਨਾ) ਅਨੁਸਾਰ ਜੰਮੂ ਅਤੇ ਕਸ਼ਮੀਰ ਪ੍ਰਦੇਸ਼ ਵਿਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਚਰਣ ਪਾਏ ਸਨ। ਉਨ੍ਹਾਂ ਦੇ ਆਗਮਨ ਨਾਲ ਸੰਬੰਧਿਤ ਇਸ ਪ੍ਰਦੇਸ਼ ਵਿਚ ਹੇਠ ਲਿਖੇ ਦਸ ਗੁਰੂ-ਧਾਮ ਹਨ, ਜਿਨ੍ਹਾਂ ਦੀ ਵਿਵਸਥਾ ਸਰਕਾਰੀ ਸਰਪ੍ਰਸਤੀ ਅਧੀਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕਰਦੀਆਂ ਹਨ :

(1)   ਗੁਰਦੁਆਰਾ ਪੱਥਰ ਸਾਹਿਬ, ਲੇਹ-ਲੱਦਾਖ;

(2)   ਗੁਰਦੁਆਰਾ ਨਾਨਕਸਰ, ਮਟਨ;

(3)   ਗੁਰਦੁਆਰਾ ਨਾਨਕ ਅਸਥਾਨ , ਅਨੰਤਨਾਗ;

(4)   ਗੁਰਦੁਆਰਾ ਸ਼ਾਹ ਜੀ ਮਰਗ , ਪੁਲਵਾਮਾ;

(5)   ਗੁਰਦੁਆਰਾ ਛੇਵੀਂ ਪਾਤਸ਼ਾਹੀ, ਕਾਠੀ ਦਰਵਾਜ਼ਾ, ਸ਼੍ਰੀਨਗਰ;

(6)  ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਾਰਾਮੂਲਾ;

(7)   ਗੁਰਦੁਆਰਾ ਥੜ੍ਹਾ ਸਾਹਿਬ, ਕਲਮਪੁਰਾ;

(8)   ਗੁਰਦੁਆਰਾ ਪਰਮਪੀਲਾਂ, ਉੜੀ;

(9)  ਗੁਰਦੁਆਰਾ ਛੇਵੀਂ ਪਾਤਸ਼ਾਹੀ, ਕਠਾਈ; ਅਤੇ

(10)     ਗੁਰਦੁਆਰਾ ਛੇਵੀਂ ਪਾਤਸ਼ਾਹੀ, ਨਲੂਛੀ

            ਇਨ੍ਹਾਂ ਗੁਰਦੁਆਰਿਆਂ ਸੰਬੰਧੀ ਅਧਿਕ ਵਿਸਤਾਰ ਇਨ੍ਹਾਂ ਦੇ ਨਗਰਾਂ ਵਾਲੇ ਇੰਦਰਾਜਾਂ ਵਿਚ ਵੇਖੋ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2717,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/9/2015 12:00:00 AM
ਹਵਾਲੇ/ਟਿੱਪਣੀਆਂ: noreference

ਕਸ਼ਮੀਰ

ਕਸ਼ਮੀਰ. ਸੰ. ਕਸ਼੝੢ਰ. ਭਾਰਤ ਦੇ ਉੱਤਰ ਪੱਛਮ ਇੱਕ ਮਨੋਹਰ ਦੇਸ਼ , ਜਿਸ ਦਾ ਰਕਬਾ ੮੪੨੫੮ ਵਰਗ ਮੀਲ ਹੈ ਵਸੋਂ ੩੨੨੦੫੧੮ ਹੈ. ਕਸ਼ਮੀਰ ਦੇ ਉਤੱਰ ਹਿਮਾਲਯ ਦੀ ਧਾਰਾ , ਦੱਖਣ ਜੇਹਲਮ ਗੁਜਰਾਤ ਆਦਿ, ਪੱਛਮ ਹਜ਼ਾਰਾ ਅਤੇ ਰਾਵਲਪਿੰਡੀ ਅਰ ਪੂਰਵ ਤਿੱਬਤਰਾਜ ਹੈ.

ਕਸ਼ਮੀਰ ਦਾ ਰਾਜਾ ਲਲਿਤਾਦਿਤ੍ਯ ਵਡਾ ਪ੍ਰਤਾਪੀ ਹੋਇਆ ਹੈ, ਜਿਸ ਨੇ ਕਨੌਜ ਦੇ ਰਾਜਾ ਯਸ਼ੋਵਰਧਨ ਨੂੰ ਸਨ ੭੪੦ ਵਿੱਚ ਜਿੱਤਕੇ ਆਪਣਾ ਰਾਜ ਦੂਰ ਤੀਕ ਫੈਲਾਇਆ. ਯਸ਼ੋਵਰਧਨ ਦਾ ਬਣਵਾਇਆ ਮਾਰਤੰਡ (ਸੂਯ੗) ਮੰਦਿਰ ਜਗਤਪ੍ਰਸਿੱਧ ਸੀ, ਜਿਸ ਦੇ ਹੁਣ ਖੰਡਹਰ ਦਿਖਾਈ ਦਿੰਦੇ ਹਨ.

ਈਸਵੀ ਚੌਧਵੀਂ ਸਦੀ ਵਿੱਚ ਕਸ਼ਮੀਰ ਦੇ ਬਹੁਤ ਲੋਕ ਮੁਸਲਮਾਨ ਕੀਤੇ ਗਏ.

ਬਾਦਸ਼ਾਹ ਅਕਬਰ ਨੇ ਕਸ਼ਮੀਰ ਨੂੰ ਸਨ ੧੫੮੭ ਵਿੱਚ ਮੁਗਲ ਰਾਜ ਨਾਲ ਮਿਲਾ ਲਿਆ. ਜਹਾਂਗੀਰ ਨੇ ਇਸ ਦੀ ਸੁੰਦਰਤਾ ਲਈ ਅਨੇਕ ਜਤਨ ਕੀਤੇ. ਔਰੰਗਜ਼ੇਬ ਪਿੱਛੋਂ ਢੇਰ ਚਿਰ ਕਸ਼ਮੀਰ ਵਿੱਚ ਰੌਲਾ ਹੀ ਰਿਹਾ. ਅਠਾਰਵੀਂ ਸਦੀ ਦੇ ਅੱਧ ਵਿੱਚ ਇਹ ਸੂਬਾ ਦਿੱਲੀ ਤੋਂ ਸੁਤੰਤ੍ਰ ਹੋ ਗਿਆ. ਅੰਤ ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੧੯ (੫ ਸਾਉਣ ਸੰਮਤ ੧੮੭੬) ਨੂੰ ਇਸ ਪੁਰ ਕਬਜ਼ਾ ਕੀਤਾ ਸੀ. ਅੰਗ੍ਰੇਜ਼ਾਂ ਤੋਂ ਸਿੱਖ ਯੁੱਧ ਪਿੱਛੋਂ ਇਹ ਮੁਲਕ ਰਾਜਾ ਗੁਲਾਬ ਸਿੰਘ ਨੇ ਸਨ ੧੮੪੬ ਵਿੱਚ ਖਰੀਦ ਲਿਆ1, ਹੁਣ ਇਹ ਦੇਸ਼ ਜੰਮੂ ਰਿਆਸਤ ਵਿੱਚ ਸ਼ਾਮਿਲ ਹੈ. ਇਸ ਦੀ ਰਾਜਧਾਨੀ ਸ਼੍ਰੀਨਗਰ ਹੈ, ਇਸ ਦੀ ਸਮੁੰਦਰ ਤੋਂ ਬਲੰਦੀ ੫੨੭੬ ਫੁੱਟ ਹੈ. ਕਸ਼ਮੀਰ ਦਾ ਕੇਸਰ ਅਤੇ ਦੁਸ਼ਾਲੇ ਆਦਿਕ ਬਹੁਤ ਪ੍ਰਸਿੱਧ ਹਨ. ਇਸ ਥਾਂ ਕਾਠ ਦੀ ਚਿਤ੍ਰਾਈ ਦਾ ਕੰਮ ਮਨੋਹਰ ਬਣਦਾ ਹੈ, ਅਤੇ ਮੇਵੇ ਰਸਦਾਇਕ ਹੁੰਦੇ ਹਨ. ਕਲ੍ਹਣ ਕਵਿ ਨੇ ਰਾਜਤਰੰਗਿਣੀ ਵਿੱਚ ਕਸ਼ਮੀਰ ਦਾ ਇਤਿਹਾਸ ਉੱਤਮ ਰੀਤਿ ਨਾਲ ਲਿਖਿਆ ਹੈ.

ਕਸ਼ਮੀਰ ਵਿੱਚ ਇਤਨੇ ਅਸਥਾਨ ਸਤਿਗੁਰਾਂ ਦੇ ਚਰਨਾਂ ਨਾਲ ਪਵਿਤ੍ਰ ਹੋਏ ਹਨ:—

੧ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਨਗਰ ਜਿਸ ਵੇਲੇ ਪਧਾਰੇ ਹਨ, ਤਦ ਹਰੀ ਪਰਬਤ ਤੇ ਵਿਰਾਜੇ ਸਨ. ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਪੁਰਾਣੇ ਸਿੱਖਾਂ ਤੋਂ ਠੀਕ ਥਾਂ ਮਾਲੂਮ ਕਰਕੇ ਹਰੀ ਪਰਬਤ ਦੇ ਕਿਲੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਯਾ ਅਤੇ ਸੇਵਾ ਲਈ ਗਰੰਥੀ ਮੁਕੱਰਰ ਕੀਤਾ, ਜੋ ਵਰਤਮਾਨ ਸਮੇਂ ਭੀ ਰਿਆਸਤ ਵਲੋਂ ਹੈ। ਮਹਾਰਾਜਾ ਗੁਲਾਬ ਸਿੰਘ ਨੇ ਗੁਰਦਾਵਾਰੇ ਦੇ ਪਾਸ ਇੱਕ ਹਿੰਦੂ ਮੰਦਿਰ ਭੀ ਬਣਾ ਦਿੱਤਾ ਹੈ.

ਮਟਨ ਤੀਰਥ ਜੋ ਗਯਾ ਤੁੱਲ ਮੰਨਿਆ ਗਿਆ ਹੈ. ਜਿਸ ਦਾ ਨਿਰਮਲ ਜਲ ਅਖੰਡ ਵਗਦਾ ਰਹਿਂਦਾ ਹੈ, ਉਸ ਦੇ ਕਿਨਾਰੇ ਵਿਰਾਜ ਕੇ ਯਾਤ੍ਰੂਆਂ ਨੂੰ ਪਰਮਾਰਥ ਉਪਦੇਸ਼ ਦਿੱਤਾ. ਗੁਲਮਰਗ ਤੋਂ ਉੱਪਰ ਇੱਕ ਪਹਾੜੀ ਹੈ, ਜਿੱਥੇ ਸੁੰਦਰ ਤਲਾਉ ਹੈ, ਉੱਥੇ ਭੀ ਚਰਨ ਪਾਏ ਹਨ.

੩ ਹਰਮੁਖ ਗੰਗਾ , ਜੋ ਸ਼੍ਰੀ ਨਗਰ ਅਤੇ ਬਾਰਾਂਮੂਲਾ ਦੇ ਮੱਧ ਜੇਹਲਮ ਪਾਰ ਹੈ, ਉਸ ਥਾਂ ਭੀ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ.

੪ ਕਲਿਆਨ ਸਰ , ਜਿੱਥੇ ਜਲ ਦਾ ਨਿਰਮਲ ਸੋਮਾ ਹੈ, ਜਗਤਗੁਰੂ ਨੇ ਆਪਣੇ ਚਰਣਾ ਨਾਲ ਪਵਿਤ੍ਰ ਕੀਤਾ ਹੈ. ਇੱਥੇ ਭਾਈ ਮੋਹਰ ਸਿੰਘ ਜੀ ਪੁਣਛ ਵਾਲਿਆਂ ਨੇ ਗੁਰੁਦ੍ਵਾਰਾ ਬਣਵਾ ਦਿੱਤਾ ਹੈ. ਇਹ ਥਾਂ ਕਸ਼ਮੀਰ ਦੀ ਪੱਕੀ ਸੜਕ ਦੇ ੩੮ ਵੇਂ ਮੀਲ ਤੋਂ ਸੱਜੇ ਪਾਸੇ ਸੱਤ ਮੀਲ ਦੀ ਵਿੱਥ ਤੇ ਹੈ.

  ੫ ਦੁਮੇਲ ਪੜਾਉ ਤੋਂ ਤਿੰਨ ਮੀਲ ਤੇ ਕਿਸਨਗੰਗਾ ਅਤੇ ਜੇਹਲਮ ਦੇ ਸੰਗਮ ਦੇ ਸਾਹਮਣੇ, ਨਲੂਛੀ ਪਿੰਡ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰਾਜਣ ਦਾ ਅਸਥਾਨ ਹੈ. ਇਥੇ ਗੁਰੁਦ੍ਵਾਰਾ ਬਣਿਆ ਹੋਇਆ ਹੈ, ਹਰ ਐਤਵਾਰ ਅਤੇ ਵੈਸਾਖੀ ਨੂੰ ਮੇਲਾ ਹੁੰਦਾ ਹੈ.

੬ ਬਾਰਾਂਮੂਲੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰਾਜਣ ਦਾ ਪਵਿੱਤ੍ਰ ਅਸਥਾਨ ਹੈ. ਦੇਖੋ, ਬਾਰਾਂਮੂਲਾ.

੭ ਸ਼੍ਰੀ ਨਗਰ ਦੇ ਕਾਠੀ ਦਰਵਾਜੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਮਾਈ ਭਾਗਭਰੀ ਨੂੰ ਕ੍ਰਿਤਾਰਥ ਕਰਨ ਆਏ ਇੱਥੇ ਵਿਰਾਜੇ ਸਨ. ਦੇਖੋ, ਭਾਗਭਰੀ.

੮ ਇਨ੍ਹਾਂ ਤੋਂ ਬਿਨਾ ਹੋਰ ਭੀ ਕਈ ਪਿੰਡਾਂ ਵਿੱਚ ਗੁਰੂ ਸਾਹਿਬਾਂ ਦੇ ਵਿਰਾਜਣ ਦੇ ਥਾਂ “ਥੜਾ ਸਾਹਿਬ” ਨਾਉਂ ਤੋਂ ਪ੍ਰਸਿੱਧ ਹਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2872,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਸ਼ਮੀਰ

ਕਸ਼ਮੀਰ [ਨਿਪੁ] ਉੱਤਰੀ ਭਾਰਤ ਦੇ ਜੰਮੂ ਕਸ਼ਮੀਰ ਰਾਜ ਦਾ ਇੱਕ ਅੰਗ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3022,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ