ਲਾਗ–ਇਨ/ਨਵਾਂ ਖਾਤਾ |
+
-
 
ਕਾਮ

ਕਾਮ: ਦਾ ਅਰਥ ਹੈ ਇੱਛਾ , ਤ੍ਰਿਸ਼ਨਾ , ਹਵਸ ਜਾਂ ਸਰੀਰਿਕ ਸੁੱਖ ਦੀ ਵਾਸਨਾ। ਇਹ ਪੰਜ ਮੁੱਖ ਪਾਪਾਂ ਜਾਂ ਗੁਨਾਹ ਵਾਲੀਆਂ ਪ੍ਰਵਿਰਤੀਆਂ ਵਿਚੋਂ ਇਕ ਹੈ। ਆਮ ਵਰਤੋਂ ਵਿਚ ਇਹ ਸ਼ਬਦ ਕਾਮੁਕਤਾ ਦੇ ਮਨੋਵੇਗ ਲਈ ਵਰਤਿਆ ਜਾਂਦਾ ਹੈ ਅਤੇ ਇਸੇ ਅਰਥ ਵਿਚ ਇਹ ਸਿੱਖ ਧਰਮ ਵਿਚ ਇਕ ਬੁਰਾਈ ਵਜੋਂ ਸਮਝਿਆ ਜਾਂਦਾ ਹੈ। ਬ੍ਰਾਹਮਣੀ ਸਾਹਿਤ ਵਿਚ ਕਾਮ ਨੂੰ ਹਮੇਸ਼ਾਂ ਹੀ ਘਿਰਨਾ ਨਾਲ ਨਹੀਂ ਵੇਖਿਆ ਗਿਆ। ਹਿੰਦੂ ਦੇਵਤਿਆਂ ਦੀ ਲੜੀ ਵਿਚ ਕਾਮ ਇਕ ਦੇਵਤਾ (ਕਾਮ ਦੇਵਤਾ) ਹੈ। ਇਸ ਦੀ ਤੁਲਨਾ ਯੂਨਾਨੀ ਮਿਥਿਹਾਸ ਵਿਚ ਈਰੋਜ਼ ਅਤੇ ਰੋਮਨਾਂ ਦੇ ਕਿਊਪਿਡ ਨਾਲ ਕੀਤੀ ਜਾ ਸਕਦੀ ਹੈ। ਇੰਝ ਇਸ ਰੂਪ ਵਿਚ ਇਹ ਧਾਰਮਿਕ ਜੀਵਨ ਦਾ ਵਿਰੋਧੀ ਨਹੀਂ ਹੈ। ਕਾਮ (ਇੱਛਾਵਾਂ ਦੀ ਸੰਤੁਸ਼ਟੀ) ਹਿੰਦੂ ਧਰਮ ਵਿਚ ਜੀਵਨ ਦੇ ਚਾਰ ਉਦੇਸ਼ਾਂ (ਪੁਰਸ਼ਾਰਥਾਂ) ਵਿਚੋਂ ਇਕ ਹੈ, ਬਾਕੀ ਤਿੰਨ ਹਨ ਅਰਥ (ਧਨ ਦੀ ਪ੍ਰਾਪਤੀ), ਧਰਮ (ਫ਼ਰਜ਼ ਦੀ ਅਦਾਇਗੀ) ਅਤੇ ਮੋਕਸ਼ (ਮੁਕਤੀ)। ਜੈਨ ਧਰਮ ਅਤੇ ਬੁੱਧ ਧਰਮ, ਜਿਹੜੇ ਬ੍ਰਾਹਮਣੀ ਕਰਮਕਾਂਡ ਅਤੇ ਵਹਿਮਾਂ ਭਰਮਾਂ ਦੇ ਵਿਰੋਧੀ ਲਹਿਰ ਵਜੋਂ ਹੋਂਦ ਵਿਚ ਆਏ, ਕਾਮ ਨੂੰ ਭੈਅ ਦੀ ਨਜ਼ਰ ਨਾਲ ਦੇਖਦੇ ਹਨ। ਜੈਨ ਅਤੇ ਬੁੱਧ ਧਰਮ ਦੇ ਮੁਨੀਆਂ ਅਤੇ ਸ਼੍ਰਮਣਾ ਅਤੇ ਸਾਂਖ ਪ੍ਰਣਾਲੀ ਦੇ ਯੋਗੀਆਂ ਅਨੁਸਾਰ ਅੰਤਿਮ ਉਦੇਸ਼ (ਮੁਕਤੀ) ਪ੍ਰਾਪਤ ਕਰਨ ਲਈ ਕਾਮ ਦਾ ਦਮਨ ਕੀਤਾ ਜਾਣਾ ਜ਼ਰੂਰੀ ਸੀ। ਸਿੱਟੇ ਵਜੋਂ ਉਨ੍ਹਾਂ ਨੇ ਬ੍ਰਹਮਚਰਯ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ।

      ਗੁਰੂ ਸਾਹਿਬਾਨ ਨੇ ਬ੍ਰਾਹਮਣੀ ਵਹਿਮ ਭਰਮ ਅਤੇ ਦੂਸਰੇ ਧਰਮਾਂ ਦੀਆਂ ਆਪਣੇ ਆਪ ਨੂੰ ਕਸ਼ਟ ਦੇਣ ਵਾਲੀਆਂ ਤਪੱਸਿਆਵਾਂ ਦਾ ਖੰਡਨ ਕੀਤਾ ਹੈ। ਫਿਰ ਵੀ ਉਹਨਾਂ ਨੇ ਚਾਰ ਪੁਰਸ਼ਾਰਥਾਂ ਨੂੰ ਮੰਨਿਆ ਹੈ, ਜਿਨ੍ਹਾਂ ਵੱਲ ਗੁਰਬਾਣੀ ਵਿਚ ਚਾਰ ਪਦਾਰਥਾਂ ਜਾਂ ਚਾਰ ਮਨੁੱਖੀ ਉਦੇਸ਼ਾਂ ਵਜੋਂ ਸੰਕੇਤ ਕੀਤਾ ਗਿਆ ਹੈ। ਭਾਵੇਂ ਸਿੱਖ ਧਰਮ ਵਿਚ ਕਾਮ ਦਾ ਅਰਥ ਬੇਰੋਕ ਸਰੀਰਿਕ ਵਾਸਨਾਵਾਂ ਦੀ ਪੂਰਤੀ ਨਹੀਂ ਹੈ ਪਰੰਤੂ ਇਹ ਇਕ ਭਾਵਨਾ ਹੈ ਜਿਸ ਨੂੰ ਬਾਕੀ ਹੋਰ ਭਾਵਨਾਵਾਂ ਅਤੇ ਇੱਛਾਵਾਂ ਵਾਂਗ ਹੀ ਕੰਟਰੋਲ ਕਰਨ ਦੀ ਲੋੜ ਹੈ। ਕਾਮ ਵੱਲ ਬੇਰੋਕ ਪ੍ਰਵਿਰਤੀ ਖ਼ਾਸ ਕਰਕੇ ਵਿਆਹ ਤੋਂ ਬਾਹਰੇ ਲਿੰਗੀ ਸੰਬੰਧਾਂ ਦੀ ਸਿੱਖ ਰਹਿਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਇਹ ਇਕ ਤਬਾਹਕੁੰਨ ਬੁਰਾਈ ਅਤੇ ਇਕ ਬੱਜਰ ਪਾਪ ਹੈ ।ਗੁਰੂ ਅਰਜਨ ਦੇਵ ਜੀ ਦੇ ਬਚਨ ਹਨ: “ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ॥ ਚਿਤ ਹਰਣੰ ਤ੍ਰੈ ਲੋਕ ਗੰਮੰ ਜਪ ਤਪ ਸੀਲ ਬਿਦਾਰਣਹ॥ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ॥”(ਗੁ.ਗ੍ਰੰ.1358)। ਗੁਰੂ ਤੇਗ਼ ਬਹਾਦਰ ਜੀ ਦਾ ਕਥਨ ਹੈ: “ਪਾਪੀ ਹੀਐ ਮੈ ਕਾਮੁ ਬਸਾਇ॥ ਮਨੁ ਚੰਚਲੁ ਯਾ ਤੇ ਗਹਿਓ ਨਾ ਜਾਇ॥ਰਹਾਉ॥ ਜੋਗੀ ਜੰਗਮ ਅਰੁ ਸੰਨਿਆਸ॥ ਸਭ ਹੀ ਪਰਿ ਡਾਰੀ ਇਹ ਫਾਸ॥1॥ ਜਿਹਿ ਜਿਹਿ ਹਰਿ ਕੋ ਨਾਮੁ ਸਮਾਰਿ॥ ਤੇ ਭਵ ਸਾਗਰ ਉਤਰੇ ਪਾਰਿ॥2॥”(ਗੁ. ਗ੍ਰੰ. 1186)। ਭਾਈ ਗੁਰਦਾਸ ਇਕ ਆਦਰਸ਼ ਸਿੱਖ ਉਸਨੂੰ ਕਹਿੰਦੇ ਹਨ ਜੋ ਆਪਣੀ ਪਤਨੀ ਲਈ ਵਫ਼ਾਦਾਰ ਹੈ ਅਤੇ ਜਿਸਦਾ ਆਦਰਸ਼ ਹੈ “ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ” (ਵਾਰਾਂ, XXIX.11)। ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਹੈ: “ਨਿਜੁ ਨਾਰੀ ਕੇ ਸਾਥੁ ਨੇਹੁ ਤੁਮ ਨਿਤ ਬਡਈਓ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ।” ਸਿੱਖ ਰਹਿਤਨਾਮੇ ਵੀ ਵਿਆਹ ਤੋਂ ਬਾਹਰ ਕਾਮੁਕ ਸੰਬੰਧਾਂ ਦੀ ਸਖ਼ਤੀ ਨਾਲ ਮਨਾਹੀ ਕਰਦੇ ਹਨ।

      ਗੁਰੂ ਸਾਹਿਬਾਨ ਸਵੈ-ਸੰਜਮ ਅਤੇ ਸੰਕੋਚ ਦੀ ਗੱਲ ਕਰਦੇ ਹੋਏ ਕਾਮ ਦੇ ਪੂਰਨ ਤੌਰ ਤੇ ਖ਼ਾਤਮੇ ਲਈ ਨਹੀਂ ਕਹਿੰਦੇ: ਇਸ ਨੂੰ ਠੀਕ ਰਾਹ ਪਾਉਣ ਅਤੇ ਪਵਿੱਤਰ ਕਰਨ ਲਈ ਉਹ ਦੋ ਤਰੀਕੇ ਦੱਸਦੇ ਹਨ। ਇਕ, ਉਹ ਗ੍ਰਹਿਸਤ ਜਾਂ ਵਿਆਹੁਤਾ ਜੀਵਨ ਨੂੰ ਸਭ ਤੋਂ ਆਦਰਸ਼ ਮੰਨਦੇ ਹਨ ਅਤੇ ਦੂਜੇ , ਪਰਮਾਤਮਾ ਪ੍ਰਤੀ ਪਿਆਰ ਅਤੇ ਉਸਦੇ ਨਾਮ ਵਿਚ ਲਿਵ ਲਾਉਣ ਨੂੰ ਉਹ ਅਧਿਆਤਮਿਕ ਅਨੁਸ਼ਾਸਨ ਦੇ ਜ਼ਰੂਰੀ ਨਿਯਮ ਮੰਨਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ: “ਸਾਚ ਕਹੁ ਸੁਣ ਲੇਹੁ ਸਭੇ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ”। ਸਿੱਖ ਧਰਮ ਗ੍ਰੰਥ ਵਿਚ ਇਕ ਸ਼ਰਧਾਲੂ ਆਪਣੇ ਪਤੀ ਦੇ ਪਿਆਰ ਵਿਚ ਡੁੱਬੀ ਪਤਨੀ ਦੇ ਬਿੰਬ ਰਾਹੀਂ ਦਰਸਾਇਆ ਗਿਆ ਹੈ। ਇਹ ਪਤਨੀ (ਸ਼ਰਧਾਲੂ) ਆਪਣੇ ਕੰਤ (ਪਰਮਾਤਮਾ) ਤੋਂ ਵਿਛੜੀ ਹੋਈ ਹੈ ਅਤੇ ਉਸ ਨਾਲ ਮਿਲਾਪ ਦੀ ਉਡੀਕ ਕਰਦੀ, ਵਿਰਲਾਪ ਅਤੇ ਅਰਦਾਸ ਕਰਦੀ ਹੈ। ਅਜਿਹੀ ਸੱਚੀ ਸ਼ਰਧਾ ਹੀ ਮਨੁੱਖ ਦੀਆਂ ਭਟਕਾਉਣ ਵਾਲੀਆਂ ਵਾਸਨਾਵਾਂ ਨੂੰ ਨੱਥੀ ਰੱਖਦੀ ਹੈ। ਗੁਰੂ ਅਰਜਨ ਦੇਵ ਜੀ ਦੇ ਅਨੁਸਾਰ ਉਹ ਮਨੁੱਖ ਜਿਸ ਨੇ ਪਰਮਾਤਮਾਂ ਦੇ ਚਰਨਾਂ ਦਾ ਪ੍ਰੇਮ ਹਿਰਦੇ ਵਿਚ ਪੈਦਾ ਕਰ ਲਿਆ ਹੈ ਉਹ ਤਾਂ ਕਹਿੰਦਾ ਹੈ, “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ”॥(ਗੁ.ਗ੍ਰੰ. 534)

ਲੇਖਕ : ਲ.ਮ.ਜ. ਅਤੇ ਅਨੁ.: ਗ.ਨ.ਸ.,     ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4901,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ:

1.     ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਮ੍ਰਿਤਸਰ, 1964

2.     ਸ਼ੇਰ ਸਿੰਘ, ਦ ਫ਼ਿਲਾਸਫ਼ੀ ਆਫ਼ ਸਿਖਿਜ਼ਮ, ਲਾਹੌਰ, 1944

3.     ਅਵਤਾਰ ਸਿੰਘ, ਐਥਿਕਸ ਆਫ਼ ਦ ਸਿਖਸ, ਪਟਿਆਲਾ, 1970

4.     ਨ੍ਰਿਪਿੰਦਰ ਸਿੰਘ, ਦ ਸਿੱਖ ਮਾਰਲ ਟ੍ਰੈਡੀਸ਼ਨ, ਦਿੱਲੀ, 1990


ਕਾਮ

ਕਾਮ (ਸੰ.। ਸੰਸਕ੍ਰਿਤਕਮੑ ’ ਧਾਤੂ=ਇਛਾ ਕਰਨੀ ਤੋਂ ਬਣਦਾ ਹੈ) ਇਸਤ੍ਰੀ ਪੁਰਖ ਦੇ ਪ੍ਯਾਰ ਦਾ ਦੇਵਤਾ। ਪ੍ਯਾਰ ਜੋ ਤ੍ਰੀਮਤ ਤੇ ਮਰਦ ਵਿਚ ਹੁੰਦਾ ਹੈ। ਉਹ ਪ੍ਰਬਲ ਮਨੋਵੇਗ ਜੋ ਨਰ ਨੂੰ ਮਦੀਨ ਤੇ ਮਦੀਨ ਨੂੰ ਨਰ ਦੀ ਖਿੱਚ ਵਿੱਚ ਆਪੇ ਤੋਂ ਬੇਵੱਸ ਤੱਕ ਕਰ ਦੇਂਦਾ ਹੈ। ਯਥਾ-‘ਕਾਮੁਪੁਛੈ ਜਾਤਿ’ ਕਾਮ ਜਾਤ ਹੀ ਨਹੀਂ ਪੁਛਦਾ।

ਦੇਖੋ, ‘ਕਾਮ ਹਾਰ ’, ‘ਕਾਮਿ’

੨. ਕਾਮਨਾ

੩. (ਦੇਖੋ, ਕੰਮ) ਕੰਮ। ਯਥਾ-‘ਕਾਮ ਪਰੇ ਹਰਿ ਸਿਮਰੀਐ’।

੪. ਮੁਹਾਵਰੇ ਵਿਚ ਫਾਇਦਾ, ਲਾਭ , ਮਤਲਬ ਅਰਥ ਵਿਚ ਬੀ ਵਰਤਦੇ ਹਨ। ਯਥਾ-‘ਅਵਰਿ ਕਾਜ ਤੇਰੈ ਕਿਤੈ ਨ ਕਾਮ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4901,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕਾਮੁ

ਕਾਮੁ. ਦੇਖੋ, ਕਾਮ. “ਊਤਮ ਕਾਮੁ ਜਪੀਐ ਹਰਿਨਾਮੁ.” (ਆਸਾ ਛੰਤ ਮ: ੪) ੨ ਮਨੋਜ. ਮਦਨ. “ਕਾਮੁ ਕ੍ਰੋਧੁ ਅਹੰਕਾਰੁ ਤਜਾਏ.” (ਮਾਰੂ ਸੋਲਹੇ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4908,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਾਮੂ

ਕਾਮੂ (1913–1960): ਨੋਬਲ ਇਨਾਮ ਵਿਜੇਤਾ ਫ਼੍ਰਾਂਸੀਸੀ ਨਾਵਲਕਾਰ,ਨਿਬੰਧਕਾਰ ਅਤੇ ਨਾਟਕਕਾਰ ਐਲਬਰਟ ਕਾਮੂ (Albert Camus) ਰੱਬ ਵਿਹੂਣੇ ਸੰਸਾਰ ਵਿੱਚ ਜੀਵਨ ਦੇ ਅਰਥਾਂ, ਕਦਰਾਂ-ਕੀਮਤਾਂ ਲਈ ਮਨੁੱਖ ਦੀ ਭਟਕਣ ਜਿਹੀਆਂ ਦਾਰਸ਼ਨਿਕ ਸਮੱਸਿਆਵਾਂ ਨੂੰ ਬੜੀ ਗੰਭੀਰਤਾ ਨਾਲ ਪੇਸ਼ ਕਰਨ ਵਾਲਾ ਆਧੁਨਿਕ ਯੁੱਗ ਦਾ ਇੱਕ ਪ੍ਰਸਿੱਧ ਚਿੰਤਕ ਅਤੇ ਸਾਹਿਤਕਾਰ ਹੋਇਆ ਹੈ। ਕਾਮੂ ਦੀਆਂ ਲਿਖਤਾਂ ਨੇ ਆਧੁਨਿਕ ਯੁੱਗ ਦੇ ਹਰੇਕ ਲੇਖਕ ਨੂੰ ਪ੍ਰਭਾਵਿਤ ਕੀਤਾ ਹੈ। ਅਸਤਿਤਵਵਾਦ ਦੇ ਮੁੱਖ ਬੁਲਾਰਿਆਂ ਵਿੱਚੋਂ ਕਾਮੂ ਪ੍ਰਮੁੱਖ ਸੀ।

     ਕਾਮੂ ਦਾ ਨਾਂ ਅਕਸਰ ਦੋ ਹੋਰ ਫ਼੍ਰਾਂਸੀਸੀ ਲੇਖਕਾਂ, ਆਂਦਰੇ ਮਾਲਰਕਸ ਅਤੇ ਜਾਂ ਪਾਲ ਸਾਰਤਰ ਨਾਲ ਜੋੜ ਕੇ ਲਿਆ ਜਾਂਦਾ ਹੈ, ਕਿਉਂਕਿ ਇਹਨਾਂ ਤਿੰਨਾਂ ਨੇ ਰਲ ਕੇ ਨਾਵਲ ਨੂੰ ਬੁਰਜੂਆ ਜਕੜ ਵਿੱਚੋਂ ਮੁਕਤ ਕਰਵਾਇਆ ਸੀ। ਉਸ ਨੇ ਆਪਣੇ ਨਾਵਲਾਂ ਵਿੱਚ ਮਨੋ-ਵਿਸ਼ਲੇਸ਼ਣ ਦੀ ਥਾਂ ਦਾਰਸ਼ਨਿਕ ਸਮੱਸਿਆਵਾਂ ਨੂੰ ਪ੍ਰਮੁੱਖਤਾ ਦਿੱਤੀ। ਕਾਮੂ ਨੇ ਊਲ-ਜਲੂਲ (ਅਬਸਰਡ) ਦਾ ਸੰਕਲਪ ਉਸਾਰਿਆ ਅਤੇ ਉਸ ਦੀਆਂ ਲਿਖਤਾਂ ਇਸ ਸੰਕਲਪ ਦੀ ਹੀ ਵਿਆਖਿਆ ਹਨ। ਮਨੁੱਖ ਅਕਲ ਅਤੇ ਸੋਚ ਨਾਲ ਪ੍ਰਸੰਨ ਹੋਣ ਦਾ ਯਤਨ ਕਰਦਾ ਹੈ, ਜਦੋਂ ਕਿ ਸੰਸਾਰ ਤਰਕ-ਵਿਹੂਣਾ ਹੈ ਅਤੇ ਮੌਤ ਸਭ ਪ੍ਰਕਾਰ ਦੇ ਮਨੁੱਖੀ ਯਤਨਾਂ ਦੀ ਖਿੱਲੀ ਉਡਾਉਂਦੀ ਹੈ। ਕਾਮੂ ਨੇ ਇਹ ਵੀ ਕਿਹਾ ਕਿ ਮਨੁੱਖ ਸੰਸਾਰ ਦੀ ਊਲ-ਜਲੂਲ ਸਥਿਤੀ ਨੂੰ ਪ੍ਰਵਾਨ ਕਰਨ ਦੀ ਥਾਂ ਇਸ ਵਿਰੁੱਧ ਜੂਝੇ। ਇਹ ਵਿਰੋਧ ਰਾਜਨੀਤਿਕ ਨਹੀਂ, ਮਾਨਵੀ ਕਦਰਾਂ-ਕੀਮਤਾਂ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ।

     ਕਾਮੂ ਦਾ ਜਨਮ ਅਲਜੀਰੀਆ ਵਿੱਚ, ਜਿਹੜਾ ਉਸ ਸਮੇਂ ਫ਼੍ਰਾਂਸ ਅਧੀਨ ਸੀ, ਮੋਨ-ਡੋਵੀ ਦੇ ਸਥਾਨ ਤੇ 7 ਨਵੰਬਰ 1913 ਨੂੰ ਹੋਇਆ। ਉਸ ਦਾ ਪਿਤਾ ਫ਼੍ਰਾਂਸੀਸੀ ਸੀ, ਜਿਹੜਾ ਲੜਾਈ ਦੇ ਮੋਰਚੇ ਤੇ 1914 ਵਿੱਚ ਮਾਰਿਆ ਗਿਆ ਸੀ ਅਤੇ ਉਸ ਦੀ ਮਾਂ ਸਪੈਨਿਸ਼ ਸੀ। ਕਾਮੂ ਦਾ ਬਚਪਨ ਗ਼ਰੀਬੀ ਵਿੱਚ ਗੁਜ਼ਰਿਆ ਅਤੇ ਉਸ ਦੀ ਪੜ੍ਹਾਈ ਵਜ਼ੀਫ਼ਿਆਂ ਨਾਲ ਪੂਰੀ ਹੋਈ। ਉਹ ਫ਼ਿਲਾਸਫ਼ੀ ਦੇ ਵਿਸ਼ੇ ਵਿੱਚ ਬੜਾ ਹੁਸ਼ਿਆਰ ਸੀ ਅਤੇ ਖੇਡਾਂ ਤੇ ਨਾਟਕ ਉਸ ਦੇ ਹੋਰ ਰੁਝੇਵੇਂ ਸਨ। ਵਿਦਿਆਰਥੀ ਹੁੰਦਿਆਂ ਹੀ ਉਸ ਨੇ ਰੰਗ-ਮੰਚ ਸਿਰਜਿਆ, ਨਿਰਦੇਸ਼ਨ ਕੀਤਾ ਅਤੇ ਅਦਾਕਾਰੀ ਕੀਤੀ। ਸਿਹਤ ਦੇ ਪੱਖੋਂ ਉਹ ਅਧਿਆਪਕ ਦੇ ਕਿੱਤੇ ਲਈ ਅਯੋਗ ਸਮਝਿਆ ਗਿਆ। ਉਸ ਨੇ ਕਈ ਕੰਮ ਕੀਤੇ ਅਤੇ ਅੰਤ ਨੂੰ 1938 ਵਿੱਚ ਉਹ ਇੱਕ ਪੱਤਰਕਾਰ ਬਣਿਆ। ਉਸ ਦੇ ਮੁਢਲੇ ਲੇਖਣ ਤੋਂ ਹੀ ਉਸ ਦੇ ਦਾਰਸ਼ਨਿਕ ਵਿਚਾਰਾਂ ਦੇ ਝਾਉਲੇ ਪੈਣ ਲੱਗ ਪਏ ਸਨ।

     ਸਤੰਬਰ 1939 ਵਿੱਚ ਪਹਿਲਾ ਵਿਸ਼ਵ ਯੁੱਧ ਛਿੜ ਗਿਆ। ਸਿਹਤ ਕਾਰਨ ਕਾਮੂ ਫ਼ੌਜ ਵਿੱਚ ਭਰਤੀ ਨਹੀਂ ਸੀ ਹੋ ਸਕਦਾ। ਉਹ ਪੈਰਿਸ ਰਹਿਣ ਲੱਗ ਪਿਆ ਅਤੇ 1942 ਵਿੱਚ ਉਸ ਨੇ ਆਪਣਾ ਪਹਿਲਾ ਨਾਵਲ ਦਾ ਸਟਰੇਂਜਰ ਛਪਵਾਇਆ। ਇਸ ਨਾਵਲ ਦਾ ਨਾਇਕ, ਇੱਕ ਜਵਾਨ ਕਲਰਕ, ਹਰੇਕ ਵਰਤ-ਵਰਤਾਰੇ ਲਈ ਅਜਨਬੀ ਹੈ। ਪੁਸਤਕ ਦੇ ਅਰੰਭ ਵਿੱਚ ਉਸ ਨੂੰ ਆਪਣੀ ਮਾਂ ਦੇ ਮਰਨ ਉੱਤੇ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ। ਉਸ ਦਾ ਕੋਈ ਜੀਵਨ-ਉਦੇਸ਼ ਨਹੀਂ, ਉਹ ਕਿਸੇ ਵੀ ਲੜਕੀ ਨਾਲ ਇਸ ਕਰ ਕੇ ਵਿਆਹ ਕਰਵਾ ਲਵੇਗਾ ਕਿਉਂਕਿ ਉਸ ਕੋਲ ਵਿਆਹ ਨਾ ਕਰਵਾਉਣ ਦਾ ਕੋਈ ਤਰਕ ਨਹੀਂ ਹੈ। ਉਹ ਅਣਚਾਹੇ ਹੀ ਇੱਕ ਅਰਬੀ ਦਾ ਕਤਲ ਕਰ ਦਿੰਦਾ ਹੈ ਅਤੇ ਨਾਵਲ ਦਾ ਦੂਜਾ ਭਾਗ ਉਸ ਉੱਤੇ ਮੁਕੱਦਮੇ ਨਾਲ ਸੰਬੰਧਿਤ ਹੈ, ਜਿਸ ਕਰ ਕੇ ਉਸ ਨੂੰ ਮੌਤ ਦੀ ਸਜ਼ਾ ਹੁੰਦੀ ਹੈ। ਉਸ ਨੂੰ ਸਮਝ ਹੀ ਨਹੀਂ ਆਉਂਦਾ ਕਿ ਉਸ ਨੇ ਅਰਬੀ ਨੂੰ ਕਿਉਂ ਮਾਰਿਆ। ਉਹ ਜੋ ਮਹਿਸੂਸ ਕਰਦਾ ਹੈ, ਉਹ ਦੱਸਦਾ ਹੈ, ਇਹਨਾਂ ਕਾਰਨਾਂ ਕਰ ਕੇ ਹੀ ਉਹ ਅਜਨਬੀ ਹੈ। ਸਮੁੱਚੀ ਸਥਿਤੀ ਊਲ- ਜਲੂਲ ਨੂੰ ਦ੍ਰਿੜ੍ਹ ਕਰਦੀ ਹੈ। ਇਸ ਨਾਵਲ ਦਾ ਪ੍ਰਭਾਵ ਇਸ ਦੇ ਪ੍ਰਭਾਵਹੀਣ ਅਤੇ ਰੋਚਕਤਾਹੀਣ ਹੋਣ ਕਾਰਨ ਹੈ।

     ਜਰਮਨਾਂ ਦੇ ਫ਼੍ਰਾਂਸ ਉੱਤੇ ਕਬਜ਼ੇ ਕਾਰਨ ਉਸ ਨੂੰ ਕੋਈ ਕੰਮ ਨਾ ਮਿਲਿਆ, ਇਸੇ ਕਰ ਕੇ ਉਸ ਨੇ ਅਲਜੀਰੀਆ ਵਾਪਸ ਜਾਣ ਦਾ ਨਿਰਣਾ ਲਿਆ ਹੈ। ਅਲਜੀਰੀਆ ਵਿੱਚ ਉਸ ਨੇ 1941 ਵਿੱਚ ਆਪਣਾ ਅਗਲਾ ਨਾਵਲ ਦਾ ਮਿੱਥ ਆਫ਼ ਸਿਸੀਫਸ ਸੰਪੂਰਨ ਕਰ ਕੇ 1942 ਵਿੱਚ ਛਪਵਾਇਆ। ਇਹ ਨਾਵਲ ਊਲ-ਜਲੂਲ ਦੇ ਵਿਸ਼ੇ ਤੇ ਇੱਕ ਪ੍ਰਕਾਰ ਦਾ ਦਾਰਸ਼ਨਿਕ ਨਿਬੰਧ ਹੈ, ਜਿਹੜਾ ਸਿਸੀਫਸ ਦੀ ਮਿੱਥਕ ਕਥਾ ਉੱਤੇ ਆਧਾਰਿਤ ਹੈ, ਜਿਸ ਅਨੁਸਾਰ ਸਿਸੀਫਸ ਨੂੰ ਇੱਕ ਪੱਥਰ ਪਹਾੜੀ ਉਪਰ ਰੋੜ੍ਹਨ ਦਾ ਦੰਡ ਮਿਲਿਆ ਹੋਇਆ ਹੈ ਅਤੇ ਜਿਉਂ ਹੀ ਉਹ ਪੱਥਰ ਉਪਰ ਲੈ ਕੇ ਜਾਂਦਾ ਹੈ, ਤਿਉਂ ਹੀ ਪੱਥਰ ਰੁੜ੍ਹ ਕੇ ਥੱਲੇ ਆ ਜਾਂਦਾ ਹੈ। ਇਵੇਂ ਸਿਸੀਫਸ ਮਾਨਵ ਜਾਤੀ ਦਾ ਪ੍ਰਤੀਕ ਹੈ ਅਤੇ ਸਿਸੀਫਸ ਦੇ ਨਿਰੰਤਰ ਯਤਨ ਉਸ ਨੂੰ ਤ੍ਰਾਸਦਿਕ ਮਹਾਨਤਾ ਪ੍ਰਦਾਨ ਕਰਦੇ ਹਨ।

     1942 ਵਿੱਚ ਕਾਮੂ ਫ਼੍ਰਾਂਸ ਮੁੜ ਆਇਆ ਅਤੇ ਉਸ ਨੇ ਜਰਮਨ ਵਿਰੋਧੀ ਫਰੰਟ ਦਾ ਨਿਰਮਾਣ ਕਰਨ ਲਈ ਗੁਪਤ ਪੱਤਰਕਾਰੀ ਵਿੱਚ ਪ੍ਰਵੇਸ਼ ਕੀਤਾ। ਫ਼੍ਰਾਂਸ ਵਿੱਚ ਉਹ ਬਾਗ਼ੀ ਕੰਬੈਟ ਨਾਂ ਦੇ ਰਸਾਲੇ ਦਾ ਤਿੰਨ ਸਾਲ ਸੰਪਾਦਕ ਰਿਹਾ। ਇਸੇ ਦੌਰਾਨ ਉਸ ਦੇ ਪਹਿਲੇ ਦੋ ਨਾਟਕ ਕਰਾਸ ਪਰਪੱਜ਼ ਅਤੇ ਕੈਲੀਗੁਲਾ ਪੇਸ਼ ਕੀਤੇ ਗਏ। 1947 ਵਿੱਚ ਕਾਮੂ ਨੇ ਆਪਣਾ ਦਾ ਪਲੇਗ ਛਪਵਾਇਆ, ਜਿਸ ਵਿੱਚ ਉਸ ਨੇ ਅਲਜੀਰੀਆ ਵਿੱਚ ਫੈਲੀ ਪਲੇਗ ਨੂੰ ਆਧਾਰ ਬਣਾ ਕੇ ਊਲ-ਜਲੂਲ ਦੇ ਸੰਕਲਪ ਨੂੰ ਵਿਸਤਾਰ ਦਿੱਤਾ। ਕਾਮੂ ਨੇ ਇਸ ਨਾਵਲ ਰਾਹੀਂ ਪੈਗ਼ਾਮ ਦਿੱਤਾ ਕਿ ਮਨੁੱਖ ਜੱਦੋ-ਜਹਿਦ ਕੀਤੇ ਬਿਨਾਂ ਨਹੀਂ ਰਹਿ ਸਕਦਾ, ਭਾਵੇਂ ਉਹ ਹਰ ਵਾਰ ਹਾਰੇ ਪਰ ਉਸ ਨੂੰ ਜੱਦੋ-ਜਹਿਦ ਕਰਨੀ ਚਾਹੀਦੀ ਹੈ। ਇਹ ਨਾਵਲ ਬਦੀ ਵਿਰੁੱਧ ਨਿਰੰਤਰ ਜੱਦੋ- ਜਹਿਦ ਦਾ ਪ੍ਰਤੀਕ ਹੈ।

     ਕਾਮੂ ਦਾ ਅਗਲਾ ਮਹੱਤਵਪੂਰਨ ਨਾਵਲ ਦਾ ਰੈਬਲ (1951) ਸੀ। ਇਹ ਰਚਨਾ ਵੀ ਇੱਕ ਲੰਮਾ ਦਾਰਸ਼ਨਿਕ ਨਿਬੰਧ ਹੀ ਹੈ, ਜਿਸ ਵਿੱਚ ਰਾਜਨੀਤਿਕ ਅਤੇ ਦਾਰਸ਼ਨਿਕ ਖੇਤਰ ਵਿੱਚ ਵਿਦਰੋਹ ਕਰਨ ਸੰਬੰਧੀ ਤਰਕ ਉਸਾਰਿਆ ਗਿਆ ਹੈ। ਉਹ ਕੁਝ ਚਿਰ ਲਈ 1930 ਵਿੱਚ ਕਮਿਊ- ਨਿਸਟ ਪਾਰਟੀ ਦਾ ਮੈਂਬਰ ਰਿਹਾ ਸੀ। ਇਸ ਨਾਵਲ ਵਿੱਚ ਉਸ ਨੇ ਖੱਬੇ-ਪੱਖੀਆਂ ਅਤੇ ਸੱਜੇ-ਪੱਖੀਆਂ ਦੋਹਾਂ ਤੋਂ ਸੁਤੰਤਰਤਾ ਦੀ ਵਕਾਲਤ ਕੀਤੀ ਹੈ। ਕਾਮੂ ਮਨੁੱਖ ਨੂੰ ਪ੍ਰੇਰਦਾ ਹੈ ਕਿ ਉਹ ਵਿਸ਼ਵ ਦੀ ਅਬਸਰਡਿਟੀ ਦਾ ਵਿਰੋਧ ਕਰੇ। ਉਹ ਵਿਰੋਧ ਅਤੇ ਕ੍ਰਾਂਤੀ ਵਿਚਕਾਰ ਨਿਖੇੜਾ ਕਰਦਿਆਂ ਵਿਰੋਧ ਦੀ ਵਕਾਲਤ ਕਰਦਾ ਹੈ। ਇਹ ਰਚਨਾ ਕਮਿਊਨਿਸਟ ਵਿਚਾਰਧਾਰਾ ਪ੍ਰਤਿ ਕਾਮੂ ਦੇ ਦ੍ਰਿਸ਼ਟੀਕੋਣ ਨੂੰ ਸਪਸ਼ਟ ਕਰਦੀ ਹੈ। ਕੁਝ ਅਰਸਾ ਕਾਮੂ ਰੰਗ-ਮੰਚ ਪ੍ਰਤਿ ਵੀ ਸਮਰਪਿਤ ਰਿਹਾ ਅਤੇ ਉਸ ਦੀ ਅਗਲੀ ਮਹੱਤਵਪੂਰਨ ਰਚਨਾ ਦਾ ਫਾਲ 1956 ਵਿੱਚ ਛਪੀ। ਇਹ ਨਾਵਲ ਇੱਕ ਵਕੀਲ ਦੀ ਇੱਕ-ਵਚਨੀ ਹੈ, ਜਿਹੜੀ ਜੀਵਨ ਦੇ ਵਿਭਿੰਨ ਪੱਖਾਂ ਉੱਤੇ ਵਿਅੰਗ ਕਰਦੀ ਹੈ। ਇਹ ਵਕੀਲ ਇੱਕ ਇਸਤਰੀ ਨੂੰ ਆਤਮਘਾਤ ਕਰਨ ਤੋਂ ਰੋਕ ਸਕਣ ਵਿੱਚ ਅਸਫਲਤਾ ਨੂੰ ਆਪਣਾ ਪਤਨ ਸਮਝਦਾ ਹੈ ਅਤੇ ਉਸ ਲਈ ਸਾਰਾ ਸੰਸਾਰ ਹੀ ਦੁਖਮਈ ਅਤੇ ਨਿਰਾਸ਼ਾਮਈ ਵਿਹਾਰ ਦਾ ਅਖਾੜਾ ਬਣ ਜਾਂਦਾ ਹੈ।

     1957 ਵਿੱਚ ਕਾਮੂ ਨੂੰ ਨੋਬਲ ਇਨਾਮ ਲਈ ਚੁਣਿਆ ਗਿਆ। ਇਸ ਸਾਲ ਉਸ ਨੇ ਆਪਣੀਆਂ ਕਹਾਣੀਆਂ ਦੀ ਪੁਸਤਕ ਐਗਜ਼ਾਈਲ ਐਂਡ ਦਾ ਕਿੰਗਡਮ ਛਪਵਾਈ। ਉਹ ਆਪਣੇ ਅਗਲੇਰੇ ਨਾਵਲ ਲਈ ਸਮਗਰੀ ਜੁਟਾ ਰਿਹਾ ਸੀ ਅਤੇ ਪੈਰਿਸ ਦੇ ਇੱਕ ਪ੍ਰਸਿੱਧ ਥੀਏਟਰ ਦਾ ਡਾਇਰੈਕਟਰ ਬਣਨ ਦੀ ਤਿਆਰੀ ਕਰ ਰਿਹਾ ਸੀ ਕਿ 46 ਸਾਲ ਦੀ ਉਮਰ ਵਿੱਚ ਪੈਰਿਸ ਵਿੱਚ 4 ਜਨਵਰੀ 1960 ਨੂੰ ਇੱਕ ਕਾਰ ਹਾਦਸੇ ਵਿੱਚ ਉਸ ਦਾ ਦਿਹਾਂਤ ਹੋ ਗਿਆ। ਉਸ ਦਾ ਮਰਨਾ ਸੰਸਾਰ ਭਰ ਲਈ ਇੱਕ ਵੱਡਾ ਘਾਟਾ ਸੀ, ਕਿਉਂਕਿ ਉਸ ਨੇ ਅਜੇ ਪ੍ਰੋੜ੍ਹ ਰਚਨਾਵਾਂ ਸਿਰਜਣੀਆਂ ਸਨ ਅਤੇ ਇੱਕ ਕਲਾਕਾਰ ਅਤੇ ਚਿੰਤਕ ਵਜੋਂ ਨਵੇਂ ਦਿਸਹੱਦੇ ਉਸਾਰਨੇ ਸਨ। ਉਸ ਦੀ ਨੋਟਬੁਕਸ ਦਾ ਪ੍ਰਕਾਸ਼ਨ ਉਸ ਦੀ ਮੌਤ ਮਗਰੋਂ ਹੋਇਆ। ਨਿਰਸੰਦੇਹ ਕਾਮੂ ਵਿਸ਼ਵ ਪੱਧਰ ਦਾ ਚਿੰਤਕ ਅਤੇ ਲੇਖਕ ਸੀ।

ਲੇਖਕ : ਹਰਗੁਣਜੀਤ ਕੌਰ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 4957,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/13/2014 12:00:00 AM
ਹਵਾਲੇ/ਟਿੱਪਣੀਆਂ: null

ਕਾਮ

ਕਾਮ. ਸੰ. ਕਮ੗. ਸੰਗ੍ਯਾ—ਕੰਮ. ਕਾਯ੗. “ਊਤਮ ਊਚਾ ਸਬਦ ਕਾਮ.” (ਬਸੰ ਮ: ੩) ੨ ਸੰ. ਕਾਮ (ਕਮੑ ਧਾ—ਚਾਹਨਾ. ਇੱਛਾ ਕਰਨਾ) ਕਾਮਦੇਵ. ਮਨੋਜ ਅਤੇ ਮੈਥੁਨ ਦੀ ਇੱਛਾ. ਵਿਦ੍ਵਾਨਾਂ ਨੇ ਕਾਮ ਅੱਠ ਪ੍ਰਕਾਰ ਦਾ ਲਿਖਿਆ ਹੈ, “ਸਿਮਰਣ, ਸ਼੍ਰਵਣ , ਕੇਲ ਅਰ ਦੇਖਨ, ਗੁਝ ਭਾਖਣ, ਸੰਕਲਪ ਸੁਕੀਨ। ਅਧਿਵਸਾਯੰ, ਕ੍ਰਿਯਾ ਨਿਵਰਤੈ, ਇਹ ਮੈਥੁਨ ਅਸ਼ਟਾਂਗ ਬਿਹੀਨ.” (ਗੁਪ੍ਰਸੂ) “ਕਾਮ ਕ੍ਰੋਧ ਕਰਿ ਅੰਧ.” (ਧਨਾ ਮ: ੫) ੩ ਇੱਛਾ. ਕਾਮਨਾ. “ਮੁਕਤਿਦਾਯਕ ਕਾਮ.” (ਜਾਪੁ) ੪ ਸੰਕਲਪ. ਫੁਰਣਾ. “ਤਿਆਗਹੁ ਮਨ ਕੇ ਸਗਲ ਕਾਮ.” (ਬਸੰ ਮ: ੫) ੫ ਕ੍ਰਿ੄ਨ ਜੀ ਦਾ ਪੁਤ੍ਰ ਪ੍ਰਦ੍ਯੁਮਨ, ਜਿਸਨੂੰ ਕਾਮ ਦਾ ਅਵਤਾਰ ਹੋਣ ਕਰਕੇ “ਕਾਮ” ਲਿਖਿਆ ਹੈ.

ਕਾਮਪਾਲ ਅਨੁਜਨਨੀ ਆਦਿ ਭਨੀਜੀਐ।

ਜਾਚਰ ਕਹਿਕੈ ਪੁਨ ਨਾਇਕ ਪਦ ਦੀਜੀਐ।

ਸਤ੍ਰੁ ਸਬਦ ਕੋ ਤਾਂਕੇ ਅੰਤ ਉਚਾਰੀਐ।

ਹੋ! ਸਕਲ ਤੁਪਕ ਕੇ ਨਾਮ ਸੁਮੰਤ੍ਰ ਵੀਚਾਰੀਐ।

(ਸਨਾਮਾ)

ਕਾਮ (ਪ੍ਰਦ੍ਯੁਮਨ) ਨੂੰ ਪਾਲਨ ਵਾਲਾ ਬਲਰਾਮ, ਉਸ ਦੇ ਅਨੁਜ (ਛੋਟੇ ਭਾਈ) ਕ੍ਰਿ੄ਨ ਜੀ ਦੀ ਇਸਤ੍ਰੀ ਯਮੁਨਾ, ਉਸ ਤੋਂ ਪੈਦਾ ਹੋਇਆ ਘਾਹ , ਉਸ ਨੂੰ ਚਰਣ ਵਾਲਾ ਮ੍ਰਿਗ, ਮ੍ਰਿਗਾਂ ਦਾ ਰਾਜਾ ਸ਼ੇਰ, ਉਸ ਦੀ ਵੈਰਣ ਬੰਦੂਕ। ੬ ਵੀਰਯ. ਸ਼ੁਕ੍ਰ. ਰੇਤ. ਮਨੀ. “ਤਾਂ ਉਸ ਨੂੰ ਦੇਖਕੇ ਉਸ ਦਾ ਕਾਮ ਗਿਰਿਆ.” (ਜਸਾ) ੭ ਵਿ—ਮਨੋਹਰ. ਦਿਲਕਸ਼. “ਕਾਮਨੈਨ ਸੁੰਦਰ ਬਦਨ.” (ਸਲੋਹ) ੮ ਕਾਰਾਮਦ. ਭਾਵ—ਲਾਭਦਾਇਕ. “ਅਵਰਿ ਕਾਜ ਤੇਰੈ ਕਿਤੈ ਨ ਕਾਮ.” (ਆਸਾ ਮ: ੫) ੯ ਫ਼ਾ ਸੰਗ੍ਯਾ—ਮੁਰਾਦ. ਪ੍ਰਯੋਜਨ। ੧੦ ਤਾਲੂਆ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5101,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਾਮ

ਕਾਮ [ਨਾਂਪੁ] ਇੱਛਾ , ਖਾਹਿਸ਼; ਭੋਗ ਦੀ ਇੱਛਿਆ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5350,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ