ਕਾਜ਼ੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਜ਼ੀ [ ਨਾਂਪੁ ] ਇਸਲਾਮੀ ਸ਼ਰ੍ਹੀਅਤ ਅਨੁਸਾਰ ਫ਼ੈਸਲਾ ਕਰਨ ਵਾਲ਼ਾ ਵਿਅਕਤੀ , ਮੁਗ਼ਲ ਕਾਲ ਦਾ ਇੱਕ ਨਿਆਂਕਾਰ ਅਧਿਕਾਰੀ , ਜੱਜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2732, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਜ਼ੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Kazi _ ਕਾਜ਼ੀ : ਮੁਸਲਮਾਨੀ ਕਾਨੂੰਨ ਵਿਚ ਜੱਜ ਦੇ ਫ਼ਰਜ਼ ਅਦਾ ਕਰ ਵਾਲੇ ਵਿਅਕਤੀ ਨੂੰ ਕਾਜ਼ੀ ਕਿਹਾ ਜਾਂਦਾ ਹੈ । ਕੁਰਾਨ ਸ਼ਰੀਫ਼ ਵਿਚ ਦਰਜ ਅਸੂਲਾਂ ਦੇ ਮੁਤਾਬਕ ਨਿਆਂ ਕਰਨਾ ਉਸ ਦਾ ਕੰਮ ਹੁੰਦਾ ਸੀ । ਬਰਤਾਨਵੀ ਹਕੂਮਤ ਕਾਇਮ ਹੋਣ ਨਾਲ ਕਾਜ਼ੀ ਦੇ ਨਿਆਂਇਕ ਕੰਮ ਖ਼ਤਮ ਹੋ ਗਏ ਪਰ ਉਹ ਮੁਸਲਮਾਨੀ ਕਾਨੂੰਨ ਬਾਰੇ ਅਦਾਲਤਾਂ ਨੂੰ ਸਲਾਹ ਦੇਣ ਦਾ ਕੰਮ ਕਰਦਾ ਸੀ । ਅਜ ਕੱਲ ਕਾਜ਼ੀ ਦਾ ਮਤਲਬ ਸਰਕਾਰ ਦੁਆਰਾ ਮਾਨਤਾ-ਪ੍ਰਾਪਤ ਉਹ ਵਿਅਕਤੀ ਹੈ ਜੋ ਵਿਆਹ ਦੀਆਂ ਲਿਖਤਾਂ ਤਿਆਰ ਕਰਦਾ ਅਤੇ ਉਨ੍ਹਾਂ ਦੀ ਤਸਦੀਕ ਕਰਦਾ ਹੈ ਅਤੇ ਕਈ ਥਾਵਾਂ ਤੇ ਕਾਨੂੰਨੀ ਦਸਤਾਵੇਜ਼ ਦੀ ਤਸਦੀਕ ਅਤੇ ਰਜਿਸਟਰੀ-ਕਰਣ ਦਾ ਕੰਮ ਵੀ ਉਹੀ ਹੀ ਕਰਦਾ ਹੈ । ਮੁਸਲਮਾਨੀ ਕਾਨੂੰਨ ਵਿਚ ਕਾਜ਼ੀ ਦਾ ਅਹੁਦਾ ਜੱਦੀ ਨਹੀਂ ਗਿਣਿਆ ਜਾਂਦਾ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਾਜ਼ੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਜ਼ੀ : ਇਹ ਇਸਲਾਮੀ ਰਾਜਾਂ ਵਿਚ ਨਿਆਂ ਵਿਭਾਗ ਦਾ ਮੁੱਖ ਅਧਿਕਾਰੀ ਹੁੰਦਾ ਹੈ । ਆਰੰਭ ਵਿਚ ਨਿਆਂ ਵਿਭਾਗ ਦੀ ਦੇਖ ਰੇਖ ਖਲੀਫੇ ਦੇ ਅਧੀਨ ਹੁੰਦੀ ਸੀ ਜੋ ਪੂਰੇ ਇਸਲਾਮੀ ਰਾਜ ਦਾ ਹੁਕਮ ਹੁੰਦਾ ਹੈ । ਦੂਸਰੇ ਖਲੀਫ਼ਾ ਹਜ਼ਰਤ ਉਮਰ ( 634-644 ਈ. ) ਨੇ ਕਈ ਲੋਕਾਂ ਨੂੰ ਕਾਜ਼ੀ ਨਿਯੁਕਤ ਕੀਤਾ ਕਿਉਂਕਿ ਰਾਜ ਦੇ ਪਸਾਰ ਕਾਰਨ ਉਸ ਵਲੋਂ ਨਿਆਂ ਵਿਭਾਗ ਵੀ ਨਾਲ-ਨਾਲ ਸੰਭਾਲਣਾ ਔਖਾ ਹੋ ਗਿਆ ਸੀ । ਅਬੂ ਮੂਸਾ ਦੀ ਕੂਫ਼ੇ ਦੀ ਕਾਜ਼ੀ ਵਜੋਂ ਨਿਯੁਕਤੀ ਸਮੇਂ ਹਜ਼ਰਤ ਉਮਰ ਨੇ ਇਕ ਪੱਤਰ ਲਿਖਿਆ ਜਿਸ ਨੂੰ ਕਜ਼ਾ ਵਿਭਾਗ ( ਜਿਸ ਦਾ ਸਬੰਧ ਕਾਜ਼ੀਆਂ ਨਾਲ ਹੁੰਦਾ ਸੀ ) ਦੇ ਆਦੇਸ਼ਾਂ ਅਤੇ ਕਾਰਜ਼ਾਂ ਦਾ ਪੂਰਨ ਵਿਧਾਨ ਸਮਝਣਾ ਚਾਹੀਦਾ ਹੈ । ਇਸ ਪੱਤਰ ਵਿਚ ਬਚਨ ਦਾ ਪਾਲਣ ਕਰਨ , ਨਿਆਂ ਦਾ ਨਿਰਾਦਰ ਨਾ ਕਰਨ , ਪੱਖਪਾਤ ਨਾ ਕਰਨ ਅਤੇ ਸ਼ਕਤੀਹੀਨ ਲੋਕਾਂ ਨੂੰ ਸਹਾਰਾ ਦੇਣ ਤੇ ਬਹੁਤ ਜ਼ੋਰ ਦਿੱਤਾ ਗਿਆ ਸੀ । ਕਾਜ਼ੀ ਲਈ ਇਹ ਵੀ ਆਦੇਸ਼ ਸੀ ਕਿ ਇਹ ਦੰਢ ਦੇਣ ਤੋਂ ਪਿਛੋਂ ਉਸ ਉਪਰ ਠੰਢੇ ਦਿਲ ਨਾਲ ਵਿਚਾਰ ਕਰਕੇ ਅਤੇ ਜੇ ਇਨਸਾਫ਼ ਕਿਸੇ ਹੋਰ ਢੰਗ ਨਾਲ ਹੋ ਸਕਦਾ ਪ੍ਰਤੀਤ ਹੋਵੇ ਤਾਂ ਉਹ ਢੰਗ ਅਪਣਾਉਣ ਤੋਂ ਸੰਕੋਚ ਨਾ ਕੀਤਾ ਜਾਵੇ । ਕੋੜਿਆਂ ਦੀ ਸਜ਼ਾ ਭੁਗਤ ਚੁੱਕੇ ਅਤੇ ਗਵਾਹੀ ਵਿਚ ਝੂਠਾ ਸਿੱਧ ਹੋ ਚੁੱਕੇ ਵਿਅਕਤੀ ਦੀ ਗਵਾਹੀ ਪ੍ਰਵਾਨ ਕਰਨ ਦੀ ਮਨਾਹੀ ਸੀ ।

                  ਭਾਵੇ ਖ਼ਲੀਫ਼ਿਆਂ ਨੇ ਨਿਆਂ ਵਿਭਾਗ ਕਾਜ਼ੀਆਂ ਦੇ ਸਪੁਰਦ ਕਰ ਦਿੱਤਾ ਸੀ ਫਿਰ ਵੀ ਮਹੱਤਵਪੂਰਨ ਨਿਰਣੇ ਉਹ ਆਪ ਹੀ ਕਰਦੇ ਸਨ । ਖ਼ਲੀਫ਼ਿਆਂ ਦੇ ਕਾਲ ਵਿਚ ਕਾਜ਼ੀਆਂ ਨੂੰ ਕੇਵਲ ਫਰਿਆਦਾਂ ਦੇ ਫੈਸਲੇ ਕਰਨ ਦਾ ਅਧਿਕਾਰ ਸੀ ਪਰੰਤੂ ਹੌਲੀ-ਹੌਲੀ ਕਾਜ਼ੀਆਂ ਦੇ ਅਧਿਕਾਰ ਵਧਦੇ ਗਏ ਅਤੇ ਹੋਰ ਕਾਰਜ ਵੀ ਇਨ੍ਹਾਂ ਨੂੰ ਸਭਾਲੇ ਜਾਣ ਲਗੇ , ਇਥੋਂ ਤੱਕ ਕਿ ਜਨ-ਸਾਧਾਰਨ ਦੇ ਹਿਤਾਂ ਦੀ ਰਖਿਆ ਵੀ ਇਨ੍ਹਾਂ ਨੂੰ ਸੌਂਪ ਦਿੱਤੀ ਗਈ । ਪਾਗਲਾਂ , ਅੰਨ੍ਹਿਆਂ , ਦਰਿੱਦਰਾਂ ਅਤੇ ਮੂਰਖਾਂ ਦੀ ਧਨ-ਸੰਪਤੀ ਦੀ ਦੇਖ-ਭਾਲ , ਵਸੀਅਤਾਂ ਦੀ ਪਾਲਨਾ , ਵਕਫ਼ਾਂ ਦਾ ਪ੍ਰਬੰਧ , ਵਿਧਵਾਵਾਂ ਦੇ ਵਿਆਹ ਦੀ ਵਿਵਸਥਾ , ਰਸਤਿਆਂ ਅਤੇ ਘਰਾਂ ਦੀ ਦੇਖ-ਭਾਲ , ਦਸਤਾਵੇਜ਼ਾਂ ਦੀ ਜਾਂਚ ਪੜਤਾਲ , ਗਵਾਹਾਂ ਦੀ ਛਾਣ-ਬੀਣ , ਅਮੀਨਾਂ ਅਤੇ ਨਾਇਬਾਂ ਦੀ ਦੇਖ-ਰੇਖ ਕਾਜ਼ੀ ਦੇ ਸਪੁਰਤ ਰਹਿਣ ਲੱਗੀ । ਕਦੀ ਕਦੀ ਸੈਨਿਕ ਦਸਤੇ ਵੀ ਜੰਗ ਵਿਚ ਕਾਜ਼ੀ ਦੀ ਅਗਵਾਈ ਹੇਠ ਭੇਜੇ ਜਾਂਦੇ ਸਨ । ਭਾਰਤ ਵਿਚ ਵੀ ਦਿੱਲੀ ਦੇ ਸੁਲਤਾਨਾਂ ਅਤ ਮੁਗ਼ਲਾਂ ਦੇ ਰਾਜਕਾਲ ਵਿਚ ਕਾਜ਼ੀਆਂ ਦੇ ਸਪੁਰਤ ਲਗਭਗ ਇਹੋ ਕੰਮ ਸਨ ਅਤ ਸਰਬਉੱਚ ਕਾਜ਼ੀ , ਕਾਜ਼ੀ-ਉਲ-ਕੁਜ਼ਜ਼ਾਤਾ ਕਹਾਉਂਦਾ ਸੀ ।

                  ਹ. ਪੁ.– – ਹਿੰ. ਵਿ. ਕੋ. 2 : 441.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.