ਲਾਗ–ਇਨ/ਨਵਾਂ ਖਾਤਾ |
+
-
 
ਕਾਫ਼ੀ

ਕਾਫ਼ੀ: ‘ਕਾਫ਼ੀ’ ਕੀ ਹੈ ? ਇਸ ਬਾਰੇ ਵਿਦਵਾਨਾਂ ਵਿਚ ਮਤ -ਏਕਤਾ ਨਹੀਂ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨਕੋਸ਼’ ਵਿਚ ਇਸ ਬਾਰੇ ਦਸਦਿਆਂ ਦੋ ਮੁੱਖ ਸਥਾਪਨਾਵਾਂ ਕੀਤੀਆਂ ਹਨ। ਪਹਿਲੀ ਇਹ ਕਿ ਇਹ ਕਾਫ਼ੀ ਠਾਟ ਦੀ ਸੰਪੂਰਣ ਰਾਗਿਨੀ ਹੈ। ਇਸ ਨੂੰ ਗਾਂਧਾਰ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ। ਨਿਸ਼ਾਦ ਕੋਮਲ ਅਤੇ ਬਾਕੀ ਸਾਰੇ ਸ਼ੁੱਧ ਸੁਰ ਹਨ। ਪੰਚਮ ਵਾਦੀ ਅਤੇ ਸ਼ੜਜ ਸੰਵਾਦੀ ਹੈ। ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ। ਕਈਆਂ ਨੇ ਕਾਫ਼ੀ ਨੂੰ ਧਮਾਰ ਨਾਉਂ ਦਿੱਤਾ ਹੈ।... ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਫ਼ੀ ਵਖਰੀ ਨਹੀਂ ਲਿਖੀ, ਕਿੰਤੂ ਆਸਾ , ਤਿਲਿੰਗ, ਸੂਹੀ ਅਤੇ ਮਾਰੂ ਨਾਲ ਮਿਲਾ ਕੇ ਲਿਖੀ ਗਈ ਹੈ। ਦੂਜੀ ਇਹ ਕਿ ਇਹ ਗੀਤ ਦੀ ਇਕ ਧਾਰਣਾ ਹੈ। ਅਰਬੀ ਵਿਚ ‘ਕਾਫ਼ੀ’ ਦਾ ਅਰਥ ਹੈ ਪਿਛੇ ਚਲਣ ਵਾਲਾ, ਅਨੁਚਰ, ਅਨੁਗਾਮੀ। ਛੰਦ ਦਾ ਉਹ ਪਦ , ਜੋ ਸਥਾਈ (ਰਹਾਉ) ਹੋਵੇ, ਜਿਸ ਪਿੱਛੇ ਹੋਰ ਤੁਕਾਂ ਗਾਉਣ ਸਮੇਂ ਜੋੜੀਆਂ ਜਾਣ , ਅਤੇ ਜੋ ਮੁੜ ਮੁੜ ਗੀਤ ਦੇ ਤਾਲ ਵਿਸ਼੍ਰਾਮ ਪੁਰ ਆਵੇ, ਸੋ ‘ਕਾਫ਼ੀ’ ਹੈ। ਇਹ ਛੰਦ ਦੀ ਖ਼ਾਸ ਜਾਤਿ ਨਹੀਂ, ਸੂਫ਼ੀ ਫ਼ਕੀਰ ਜੋ ਪ੍ਰੇਮ-ਰਸ ਭਰੇ ਪਦ ਗਾਇਆ ਕਰਦੇ ਸਨ ਅਤੇ ਜਿਨ੍ਹਾਂ ਪਿਛੇ ਸਾਰੀ ਮੰਡਲੀ ਮੁਖੀਏ ਦੇ ਕਹੇ ਪਦ ਨੂੰ ਦੁਹਰਾਉਂਦੀ ਹੈ, ਉਹ ‘ਕਾਫ਼ੀ’ ਨਾਮ ਤੋਂ ਪ੍ਰਸਿੱਧ ਹਨ।

            ‘ਕਾਫ਼ੀ’ ਵਾਸਤੇ ਕੋਈ ਛੰਦ ਨਿਸਚਿਤ ਨਹੀਂ ਅਤੇ ਨ ਹੀ ਇਹ ਖ਼ੁਦ ਕੋਈ ਛੰਦ ਹੈ। ਇਸ ਨੂੰ ਚੌਪਈ, ਤਾਟੰਕ ਆਦਿ ਛੰਦਾਂ ਵਿਚ ਲਿਖਿਆ ਜਾ ਸਕਦਾ ਹੈ।

            ਡਾ. ਮੋਹਨ ਸਿੰਘ ਨੇ ‘ਸ਼ਾਹ ਹੁਸੈਨ ’ ਨਾਮਕ ਪੁਸਤਕ ਵਿਚ ਕਾਫ਼ੀ ਨੂੰ ‘ਰਾਗਨੀ’ ਮੰਨਿਆ ਹੈ ਅਤੇ ਗੁਰਬਾਣੀ ਦੇ ਚਉਪਦਿਆਂ ਨੂੰ ਵੀ ਕਾਫ਼ੀ ਕਹਿਣੋਂ ਸੰਕੋਚ ਨਹੀਂ ਕੀਤਾ। ਪਰ ਪਿ੍ਰੰਸੀਪਲ ਤੇਜਾ ਸਿੰਘ ਨੇ ‘ਸਾਹਿਤ ਦਰਸ਼ਨ’ ਵਿਚ ਇਸ ਨੂੰ ਛੰਦ ਜਾਂ ਕਾਵਿ-ਰੂਪ ਕਿਹਾ ਹੈ।

            ਸਪੱਸ਼ਟ ਹੈ ਕਿ ਅਜੇ ਤਕ ‘ਕਾਫ਼ੀ’ ਨੂੰ ਠੀਕ ਢੰਗ ਨਾਲ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਿਆ। ਅਸਲ ਵਿਚ ‘ਕਾਫ਼ੀ’ ਇਕ ਪ੍ਰਕਾਰ ਦਾ ਰੂਹਾਨੀ ਗੀਤ ਹੈ ਜੋ ਸੂਫ਼ੀ ਫ਼ਕੀਰਾਂ ਦੀਆਂ ਮਜਲਸਾਂ ਵਿਚ ਇਸ ਤਰ੍ਹਾਂ ਗਾਇਆ ਜਾਂਦਾ ਹੈ ਜਿਸ ਤਰ੍ਹਾਂ ਸਿੱਖ ਧਰਮ ਦੇ ਦੀਵਾਨਾਂ ਵਿਚ ਚਉਪਦੇ ਅਥਵਾ ਸ਼ਬਦ ਅਤੇ ਵੈਸ਼ਣਵ ਜਾਂ ਸਗੁਣ ਭਗਤਾਂ ਦੀਆਂ ਮੰਡਲੀਆਂ ਵਿਚ ਬਿਸਨਪਦੇ ਗਾਏ ਜਾਂਦੇ ਹਨ। ‘ਕਾਫ਼ੀ’ ਨੂੰ ਵਿਕਾਸ ਦੀਆਂ ਅਨੇਕ ਮੰਜ਼ਲਾਂ ਵਿਚੋਂ ਲਿੰਘਣਾ ਪਿਆ ਹੈ। ਇਸ ਲਈ ਸ਼ੁਰੂ ਵਿਚ, ਸੰਭਵ ਹੈ, ਇਹ ਗਾਉਣ ਦੀ ਕੋਈ ਤਰਜ਼ ਰਹੀ ਹੋਵੇ ਅਤੇ ਜੋ ਕਾਲਾਂਤਰ ਵਿਚ ਵਿਸ਼ੇਸ਼ ਰਾਗਿਨੀ ਵਜੋਂ ਪ੍ਰਚਲਿਤ ਵੀ ਹੋ ਗਈ ਹੋਵੇ।

            ਗੁਰੂ ਗ੍ਰੰਥ ਸਾਹਿਬ ਵਿਚ ਪਹਿਲੇ , ਤੀਜੇ , ਚੌਥੇ, ਪੰਜਵੇਂ ਅਤੇ ਨੌਵੇਂ ਗੁਰੂਆਂ ਦੀ ਲਿਖੀਆਂ ਕਾਫ਼ੀਆਂ ਮਿਲਦੀਆਂ ਹਨ। ਇਨ੍ਹਾਂ ਦਾ ਮੁੱਖ ਵਿਸ਼ਾ ਹੈ ਸੰਸਾਰਿਕਤਾ ਦਾ ਮੋਹ ਤਿਆਗਣਾ, ਹਉਮੈ ਤੋਂ ਬਚਣਾ ਆਦਿ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6237,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/9/2015 12:00:00 AM
ਹਵਾਲੇ/ਟਿੱਪਣੀਆਂ: noreference

ਕਾਫ਼ੀ

ਕਾਫ਼ੀ: ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਅਗਵਾਈ ਦੇਣ ਵਾਲਾ, ਗਿਆਨ ਦੇਣ ਵਾਲਾ, ਲੋੜ ਪੂਰੀ ਕਰਨ ਵਾਲਾ। ਕਾਵਿ ਸ਼ਾਸਤਰ ਵਿਚ ਇਹ ਗੀਤ ਜਾਂ ਸ਼ਬਦ ਦਾ ਸਥਾਈ ਪਦਾ ਹੈ ਅਤੇ ਅਰਬੀ ਭਾਸ਼ਾ ਅਤੇ ਭਾਰਤੀ ਸਾਹਿਤ ਵਿਚ ਇਹ ਕਾਵਿ ਰੂਪ ਹੈ। ਪੰਜਾਬੀ ਸਾਹਿਤ ਵਿਚ ਸਭ ਤੋਂ ਪਹਿਲਾਂ ਇਸ ਕਾਵਿ ਰੂਪ ਦੀ ਵਰਤੋਂ ਗੁਰੂ ਨਾਨਕ ਦੇਵ ਜੀ ਨੇ ਕੀਤੀ ਅਤੇ ਫਿਰ ਇਸਨੂੰ ਸੂਫ਼ੀ ਕਵੀਆਂ ਅਤੇ ਹੋਰਾਂ ਨੇ ਅਪਣਾਇਆ ਸੀ। ਕਾਫ਼ੀ ਨੂੰ ਰਾਗਿਨੀ ਅਤੇ ਛੰਦ ਵੀ ਕਿਹਾ ਗਿਆ ਹੈ ਭਾਵੇਂ ਕਿ ਇਸ ਉੱਤੇ ਮੱਤ-ਭੇਦ ਵੀ ਹਨ। ਸਿੱਖ ਧਰਮ ਗ੍ਰੰਥ , ਸ੍ਰੀ ਗੁਰੂ ਗ੍ਰੰਥ ਸਾਹਿਬ , ਵਿਚ ਕਾਫ਼ੀਆਂ ਨੂੰ ਕਿਸੇ ਇਕ ਰਾਗ ਦੇ ਅਧੀਨ ਨਹੀਂ ਰੱਖਿਆ ਗਿਆ; ਇਹ ਆਸਾ , ਤਿਲੰਗ, ਸੂਹੀ ਅਤੇ ਮਾਰੂ ਰਾਗਾਂ ਵਿਚ ਆਉਂਦੀਆਂ ਹਨ। ਇਸ ਤਰ੍ਹਾਂ ਵੱਖ-ਵੱਖ ‘ਰਾਗਾਂ’ ਅਤੇ ਵੱਖ-ਵੱਖ ‘ਘਰੁ` ਵਿਚ ਇਹਨਾਂ ਦੀ ਥਾਂ ਨਿਰਧਾਰਿਤ ਕੀਤੀ ਗਈ ਹੈ: ਆਸਾ ਰਾਗ ਵਿਚ ਘਰੁ ਅੱਠ ਨਾਲ , ਸੂਹੀ ਰਾਗ ਵਿਚ ਘਰੁ ਦਸਵੇਂ ਨਾਲ, ਮਾਰੂ ਰਾਗ ਵਿਚ ਇਹ ਘਰੁ ਦੋ ਨਾਲ ਸੰਬੰਧਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਯੋਗਦਾਨ ਪਾਉਣ ਵਾਲੇ ਗੁਰੂ ਅੰਗਦ ਦੇਵ ਜੀ ਤੋਂ ਬਿਨਾਂ ਬਾਕੀ ਸਾਰੇ ਪੰਜ ਗੁਰੂ ਸਾਹਿਬਾਨ ਨੇ ਕਾਫ਼ੀਆਂ ਦੀ ਰਚਨਾ ਕੀਤੀ ਹੈ। ਇਹਨਾਂ ਕਾਫ਼ੀਆਂ ਦਾ ਮੁੱਖ ਵਿਸ਼ਾ ਇਸ ਅਸਥਾਈ ਜਗਤ ਬਾਰੇ ਅਪ੍ਰਤੱਖ ਸੁਝਾਵਾਂ ਰਾਹੀਂ ਇਹ ਸਮਝਾਉਂਦਾ ਹੈ ਕਿ ਇਸ ਦ੍ਰਿਸ਼ਟਮਾਨ ਜਗਤ ਨਾਲ ਮੋਹ ਨਹੀਂ ਰੱਖਣਾ ਚਾਹੀਦਾ। ਦੁਨਿਆਵੀ ਵਸਤੂਆਂ ਨਾਲ ਲਗਾਉ ਅਤੇ ਸੰਬੰਧ ਆਤਮਾ ਨੂੰ ਬੰਧਨ ਵੱਲ ਲੈ ਜਾਂਦੇ ਹਨ। ਜਨਮ, ਮੌਤ ਅਤੇ ਮੁੜ ਜਨਮ ਦੇ ਚੱਕਰ ਨੂੰ ਤੋੜ ਕੇ ਅਤੇ ਮੁਕਤੀ ਪ੍ਰਾਪਤ ਕਰਨ ਜਾਂ ਪਰਮ-ਸੱਤਾ ਨਾਲ ਮੇਲ ਹਾਸਲ ਕਰਨ ਲਈ ਮਨੁੱਖ ਨੂੰ ਹਉਮੈ ਦਾ ਨਾਸ ਕਰਕੇ ਪਰਮਾਤਮਾ ਦੇ ਭਾਣੇ ਅੱਗੇ ਝੁਕਣਾ ਜ਼ਰੂਰੀ ਹੈ। ਨਾ ਤਾਂ ਦੁਨਿਆਵੀ ਪਦਾਰਥਾਂ ਦਾ ਸੰਗ੍ਰਹਿ ਅਤੇ ਨਾ ਹੀ ਹੋਰ ਕਿਸੇ ਕਿਸਮ ਦੀ ਦੁਨਿਆਵੀ ਪਦਵੀ ਦੈਵੀ ਦਰਬਾਰ ਵਿਚ ਕੋਈ ਸਹਾਇਤਾ ਕਰ ਸਕਦੇ ਹਨ। ਉੱਥੇ ਕੇਵਲ ਚੰਗੇ ਅਤੇ ਨੇਕ ਕਰਮ ਹੀ ਮਨੁੱਖ ਦੇ ਪਰਮਾਤਮਾ ਪ੍ਰਤੀ ਪ੍ਰੇਮ ਦਾ ਸੰਕੇਤ ਸਮਝੇ ਜਾਂਦੇ ਹਨ।

ਲੇਖਕ : ਧ.ਸ. ਅਤੇ ਅਨੁ.: ਪ.ਵ.ਸ.,     ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6237,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ:

1.     ਕਾਨ੍ਹ ਸਿੰਘ, ਭਾਈ, ਗੁਰੁਸ਼ਬਦ ਰਤਨਾਕਰ ਮਹਾਨਕੋਸ਼, ਪਟਿਆਲਾ, 1981

2.     ਪੰਜਾਬੀ ਸਾਹਿਤ ਕੋਸ਼, ਪਟਿਆਲਾ, 1971


ਕਾਫੀ

ਕਾਫੀ (ਸੰ.। ਹਿੰਦੀ) ਹਿੰਦੀ ਵਿਚ ਰਾਗਨੀ ਦਾ ਨਾਮ ਦੱਸਦੇ ਹਨ ਜੋ ਸੰਪੂਰਨ ਹੈ, ਪਰੰਤੂ ਪੰਜਾਬੀ ਵਿਚ ਇਹ ਇਕ ਪ੍ਰਬੰਧਕ ਚਾਲ ਹੈ, ਜੋ ਕਵੀ ਲੋਕ ਰਚਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੂਹੀ, ਤਿਲੰਗ, ਆਸਾ ਆਦ ਰਾਗਾਂ ਦੇ ਨਾਲ ਕਾਫੀ ਲਿਖ੍ਯਾ ਹੈ ਤੇ ਗੇਣਤੀ ਵਿਚ ਬੀ ਨਹੀਂ ਆਇਆ। ਇਸ ਤੋਂ ਬੀ ਛੰਦ ਦੀ ਚਾਲ ਸਹੀ ਹੁੰਦੀ ਹੈ। ਬਾਣੀ ਬਿਉਰਾ ਵਿਚ ਦਸਿਆ ਹੈ ਕਿ ਸਿੰਧੜੇ ਨੂੰ ਕਈ ਕਾਫੀ ਕਹਿੰਦੇ ਹਨ, ਪਰ ਓਥੇ ਹੀ ਮੁਕਾਬਲਾ ਕਰਕੇ ਦੱਸਿਆ ਹੈ ਕਿ ਇਹ ਸਿੰਧੜਾ ਨਹੀਂ ਹੈ*

----------

* ਦੇਖੋ , ਬਾਣੀ ਬਿਉਰਾ ਕ੍ਰਿਤ ਡਾਕਟਰ ਚਰਨ ਸਿੰਘ ਜੀ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6237,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕਾਫੀ

ਕਾਫੀ. ਅ਼ ਵਿ—ਕਫ਼ਾਯਤ (ਸਰਫਾ) ਕਰਨ ਵਾਲਾ. ਸੰਜਮੀ। ੨ ਸੰਗ੍ਯਾ—ਕਰਤਾਰ। ੩ ਇੱਕ ਰਾਗਿਣੀ, ਜੋ ਕਾਫੀ ਠਾਟ ਦੀ ਸੰਪੂਰਣ ਰਾਗਿਣੀ ਹੈ. ਇਸ ਨੂੰ ਗਾਂਧਾਰ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ. ਨਿ੄੠ਦ ਕੋਮਲ ਅਤੇ ਬਾਕੀ ਸਾਰੇ ਸ਼ੁੱਧ ਸੁਰ ਹਨ. ਪੰਚਮ ਵਾਦੀ ਅਤੇ ੄ੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ. ਕਈਆਂ ਨੇ ਕਾਫੀ ਨੂੰ ਧਮਾਰ ਨਾਉਂ ਦਿੱਤਾ ਹੈ.

ਆਰੋਹੀ—੄ ਰ ਗਾ ਮ ਪ ਧ ਨਾ ੄.

ਅਵਰੋਹੀ—੄ ਨਾ ਧ ਪ ਮ ਗਾ ਰ ੄.

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਾਫੀ ਵੱਖਰੀ ਨਹੀਂ ਲਿਖੀ, ਕਿੰਤੂ ਆਸਾ , ਤਿਲੰਗ, ਸੂਹੀ ਅਤੇ ਮਾਰੂ ਨਾਲ ਮਿਲਾਕੇ ਲਿਖੀ ਗਈ ਹੈ.

ਗੀਤ ਦੀ ਇੱਕ ਧਾਰਣਾ. ਅ਼ਰਬੀ ਵਿੱਚ “ਕ਼ਾਫ਼ੀ” ਦਾ ਅਰਥ ਹੈ ਪਿੱਛੇ ਚੱਲਣ ਵਾਲਾ. ਅਨੁਚਰ. ਅਨੁਗਾਮੀ. ਛੰਦ ਦਾ ਉਹ ਪਦ , ਜੋ ੎ਥਾਈ (ਰਹਾਉ) ਹੋਵੇ, ਜਿਸ ਪਿੱਛੇ ਹੋਰ ਤੁਕਾਂ ਗਾਉਣ ਸਮੇਂ ਜੋੜੀਆਂ ਜਾਣ, ਅਤੇ ਜੋ ਮੁੜ ਮੁੜ ਗੀਤ ਦੇ ਤਾਲ ਵਿਸ਼੍ਰਾਮ ਪੁਰ ਆਵੇ, ਸੋ “ਕ਼ਾਫ਼ੀ” ਹੈ. ਇਹ ਛੰਦ ਦੀ ਖਾਸ ਜਾਤਿ ਨਹੀਂ ਹੈ. ਸੂਫ਼ੀ ਫ਼ਕ਼ੀਰ ਜੋ ਪ੍ਰੇਮਰਸ ਭਰੇ ਪਦ ਗਾਇਆ ਕਰਦੇ ਹਨ, ਅਤੇ ਜਿਨ੍ਹਾਂ ਪਿੱਛੇ ਸਾਰੀ ਮੰਡਲੀ ਮੁਖੀਏ ਦੇ ਕਹੇ ਪਦ ਨੂੰ ਦੁਹਰਾਉਂਦੀ ਹੈ, ਉਹ ਕ਼ਾਫ਼ੀ ਨਾਮ ਤੋਂ ਪ੍ਰਸਿੱਧ ਹਨ. ਦੇਖੋ, ਮੀਆਂ ਬਖ਼ਸ਼ ਦੀ ਕ਼ਾਫ਼ੀ:—

ਮਿਠੜੀ ਪੌਨ ਮੋਰ ਮਨ ਭਾਵੇ,

ਕੋਇਲ ਮਸ੍ਤ ਅਵਾਜ਼ ਸੁਨਾਵੇ,

ਕੈਸੇ ਗੀਤ ਪਪੀਹਾ ਗਾਵੇ,

ਝਿਮ ਝਿਮ ਮੇਘ ਮਲਾਰੇ.xxx

ਇਸ ਧਾਰਣਾ ਵਿੱਚ ਤਿੰਨ ਪਦ ਸੋਲਾਂ ਸੋਲਾਂ ਮਾਤ੍ਰਾ ਦੇ ਹਨ, ਅੰਤ ਦਾ ਰਹਾਉ (ਕ਼ਾਫ਼ੀ) ੧੨ ਮਾਤ੍ਰਾ ਦਾ ਹੈ.

(ਅ) ਬੁਲ੍ਹੇਸ਼ਾਹ ਫ਼ਕ਼ੀਰ ਦੀਆਂ ਕ਼ਾਫ਼ੀਆਂ ਭੀ ਪੰਜਾਬ ਵਿੱਚ ਬਹੁਤ ਪ੍ਰਸਿੱਧ ਹਨ, ਜੋ ਬਹੁਤ ਚੌਪਈ ਦਾ ਰੂਪ (ਸੋਲਾਂ ਮਾਤ੍ਰਾ ਦੀਆਂ) ਹਨ, ਯਥਾ:—

ਉਠ ਜਾਗ ਘੁਰਾੜੇ ਮਾਰ ਨਹੀਂ,—

ਤੂੰ ਏਸ ਜਹਾਨੋ ਜਾਵੇਂਗੀ,

ਫਿਰ ਕਦਮ ਨ ਏਥੇ ਪਾਂਵੇਂਗੀ,

ਇਹ ਜੋਬਨ ਰੂਪ ਲੁਟਾਂਵੇਗੀ,

ਤੂੰ ਰਹਿਣਾ ਵਿੱਚ ਸੰਸਾਰ ਨਹੀਂ.—

ਮਁ੣ਹ ਆਈ ਬਾਤ ਨ ਰਹਿੰਦੀ ਹੈ,—

ਉਹ ਸ਼ੌਹ ਅਸਾਥੋਂ ਵੱਖ ਨਹੀਂ,

ਬਿਨ ਸ਼ੌਹ ਤੋਂ ਦੂਜਾ ਕੱਖ ਨਹੀਂ,

ਪਰ ਦੇਖਣ ਵਾਲੀ ਅੱਖ ਨਹੀ,

ਇਹ ਜਾਨ ਪਈ ਦੁਖ ਸਹਿੰਦੀ ਹੈ.—

(ੲ) ਕਈਆਂ ਨੇ “ਤਾਟੰਕ” ਛੰਦ ਦੀ ਚਾਲ ਨੂੰ ਹੀ “ਕ਼ਾਫ਼ੀ” ਦਾ ਸਰੂਪ ਦੱਸਿਆ ਹੈ, ਪਰ ਇਹ ਸਹੀ ਨਹੀਂ, ਕਿਉਂਕਿ ਕ਼ਾਫ਼ੀ ਖਾਸ ਛੰਦ ਨਹੀਂ ਹੈ ਕਿੰਤੂ ਗਾਉਣ ਦਾ ਇੱਕ ਢੰਗ ਹੈ। ੫ ਅ਼ਰਬ ਮਿਸਰ ਆਦਿਕ ਵਿੱਚ ਹੋਣ ਵਾਲਾ ਇੱਕ ਪੌਦਾ, ਜਿਸ ਨੂੰ ਮਕੋਯ ਜੇਹੇ ਫਲ ਲਗਦੇ ਹਨ. ਇਨ੍ਹਾਂ ਫਲਾਂ ਨੂੰ ਭੁੰਨਕੇ, ਆਟਾ ਬਣਾ ਲੈਂਦੇ ਹਨ. ਅਤੇ ਉਸ ਚੂਰਣ ਨੂੰ ਚਾਯ (ਚਾਹ) ਦੀ ਤਰਾਂ ਉਬਾਲਕੇ ਪੀਂਦੇ ਹਨ. ਕਾਹਵਾ. Coffee ਕਾਫ਼ੀ ਦੀ ਤਾਸੀਰ ਗਰਮ ਖ਼ੁਸ਼ਕ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6256,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਾਫ਼ੀ

ਕਾਫ਼ੀ 1 [ਵਿਸ਼ੇ] ਬਹੁਤ, ਚੋਖਾ, ਬਥੇਰਾ 2 [ਨਾਂਇ] ਗਾਉਣ ਵਾਲ਼ਾ ਇੱਕ ਕਾਵਿ-ਰੂਪ 3 [ਨਾਂਇ] ਇੱਕ ਬੂਟਾ , ਇਸ ਦੇ ਬੀਜ ਜੋ ਭੁੰਨ ਕੇ ਅਤੇ ਚਾਹ ਵਾਂਗ ਉਬਾਲ਼ ਕੇ ਪੀਤੇ ਜਾਂਦੇ ਹਨ, ਇੱਕ ਪੀਣ ਵਾਲ਼ਾ ਪਦਾਰਥ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6563,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਾਫ਼ੀ

 

 

ਕਾਫ਼ੀ : ਕਾਫ਼ੀ ਇੱਕ ਕਾਵਿ-ਰੂਪ ਹੈ। ਇਸ ਅਧਿਆਤਮਿਕ ਸਰੋਦੀ ਕਾਵਿ ਰੂਪ ਬਾਰੇ ਪੰਜਾਬੀ ਵਿੱਚ ਬੜਾ ਮੱਤ-ਭੇਦ ਹੈ। ਕੁਝ ਵਿਦਵਾਨ ਕਾਫ਼ੀ ਨੂੰ ਰਾਗਣੀ ਮੰਨਦੇ ਹਨ, ਦੂਸਰੇ ਇਸ ਨੂੰ ਛੰਦ ਅਥਵਾ ਤਾਟੰਕ ਛੰਦ ਦੀ ਇੱਕ ਚਾਲ ਕਹਿੰਦੇ ਹਨ। ਬਹੁਤੀਆਂ ਕਾਫ਼ੀਆਂ ਭਿੰਨ- ਭਿੰਨ ਰਾਗਾਂ ਵਿੱਚ ਹੋਣ ਕਰ ਕੇ ਇਸ ਨੂੰ ਰਾਗਣੀ ਨਹੀਂ ਕਿਹਾ ਜਾ ਸਕਦਾ। ਕਾਫ਼ੀ ਦੀਆਂ ਮਿਥੀਆਂ ਮਾਤਰਾਂ ਜਾਂ ਬੱਝਵਾਂ ਰੂਪ-ਵਿਧਾਨ ਨਾ ਹੋਣ ਕਰ ਕੇ ਇਸ ਨੂੰ ਛੰਦ ਵੀ ਨਹੀਂ ਮੰਨਿਆ ਜਾ ਸਕਦਾ। ਕਾਫ਼ੀ ਇੱਕ ਸੁਤੰਤਰ ਕਾਵਿ-ਭੇਦ ਹੈ, ਜੋ ਲੋਕ-ਕਾਵਿ ਦੇ ਹੋਰ ਰੂਪਾਂ ਵਾਂਗ ਪਰੰਪਰਾ ਤੋਂ ਉਪਜਿਆ ਹੈ।

 

     ਕਾਫ਼ੀ ਅਰਬੀ ਦਾ ਸ਼ਬਦ ਹੈ, ਜਿਸਦੇ ਕਈ ਅਰਥਾਂ ਵਿੱਚੋਂ ਇੱਕ ਅਰਥ ਸਥਾਈ ਵਾਲੀ ਤੁਕ ਹੈ। ਕਾਫ਼ੀ ਵਿੱਚ ਸਥਾਈ ਤੁਕ ਲਾਜ਼ਮੀ ਤੱਤ ਮੰਨੀ ਜਾਂਦੀ ਹੈ। ਇਸੇ ਤੁਕ ਵਿੱਚੋਂ ਕਾਫ਼ੀ ਦਾ ਮੁੱਖ ਭਾਵ ਪ੍ਰਗਟ ਹੁੰਦਾ ਹੈ, ਜਿਸ ਕਰ ਕੇ ਇਹੋ ਤੁਕ ਕਾਫ਼ੀ ਦੀ ਮੂਲ-ਪਛਾਣ ਅਥਵਾ ਇਸਦੀ ਵਿਲੱਖਣਤਾ ਬਣ ਗਈ ਹੈ। ਇਸ ਸਥਾਈ ਵਾਲੀ ਤੁਕ ਦੇ ਵਾਰ-ਵਾਰ ਦੁਹਰਾਉਣ ਤੋਂ ਇਸਦਾ ਨਾਂ ਕਾਫ਼ੀ ਪੈ ਗਿਆ।

     ਸੂਫ਼ੀਆਂ ਦੀਆਂ ਮਜਲਸਾਂ ਵਿੱਚ ਕਾਫ਼ੀ ਗਾਉਣ ਦੀ ਪ੍ਰਥਾ ਰਹੀ ਹੈ। ਇਹਨਾਂ ਮਜਲਸਾਂ ਵਿੱਚ ਸਥਾਈ ਵਾਲੀ ਤੁਕ ਨੂੰ ਆਧਾਰ ਬਣਾ ਕੇ ਗਾਉਣ ਵਾਲੇ ਪਦੇ ਨਾਲ ਜੋੜ ਲਏ ਜਾਂਦੇ। ਇਹ ਪਦੇ ਉਸੇ ਵੇਲੇ ਵੀ ਘੜ ਲਏ ਜਾਂਦੇ। ਲੋਕ-ਗੀਤਾਂ ਵਾਂਗ ਇਹਨਾਂ ਪਦਿਆਂ ਦੀ ਵੀ ਨਾ ਤਾਂ ਗਿਣਤੀ ਨਿਸ਼ਚਿਤ ਹੁੰਦੀ ਅਤੇ ਨਾ ਹੀ ਮਾਤਰਾਵਾਂ ਤੇ ਸਤਰਾਂ ਬਾਰੇ ਕੋਈ ਬੰਦਸ਼। ਮਜਲਸ ਵਿੱਚ ਪ੍ਰਧਾਨ ਗਾਇਕ ਪ੍ਰੇਮ ਰੰਗ ਵਿੱਚ ਰੰਗੇ ਪਦੇ ਗਾਇਆ ਕਰਦਾ, ਉਸਦੇ ਪਿੱਛੇ ਸਾਰੀ ਮੰਡਲੀ ਸਥਾਈ ਦੀ ਤੁਕ ਨੂੰ ਰਲ ਕੇ ਗਾਉਂਦੀ। ਇਸ ਨਾਲ ਸੂਫ਼ੀਆਂ ਦੀਆਂ ਮਜਲਸਾਂ ਵਿੱਚ ਕਾਫ਼ੀ ਇੱਕ ਵੱਖਰੀ ਧਾਰਨਾ ਦਾ ਰੂਪ ਗ੍ਰਹਿਣ ਕਰ ਗਈ। ਇਸ ਦ੍ਰਿਸ਼ਟੀ ਤੋਂ ਕਾਫ਼ੀ ਗਾਉਣ ਦਾ ਇੱਕ ਢੰਗ ਵਿਸ਼ੇਸ਼ ਹੈ। ਤੇਜਾ ਸਿੰਘ ਅਨੁਸਾਰ :

     ਕਾਫ਼ੀ ਕੋਈ ਖ਼ਾਸ ਰਾਗ ਨਹੀਂ। ਨਾ ਹੀ ਕਾਫ਼ੀ ਛੰਦਾਬੰਦੀ ਦੀ ਕੋਈ ਜ਼ਾਤ ਹੈ। ਕਾਫ਼ੀ ਦਾ ਮਤਲਬ ਵਾਰ-ਵਾਰ ਆਉਣਾ ਹੈ। ਸ਼ੁਰੂ-ਸ਼ੁਰੂ ਵਿੱਚ ਗੀਤ ਕਾਫ਼ੀ ਫ਼ਕੀਰਾਂ ਨੇ ਵਰਤਿਆ। ਕਾਫ਼ੀ ਦੀ ਅੰਤਲੀ ਸੁਰ ਨੂੰ ਸਾਰੇ ਰਲ ਕੇ ਗਾਉਂਦੇ ਹਨ।

     ਕਾਫ਼ੀ ਨਿਰੋਲ ਦੇਸੀ ਕਾਵਿ-ਸ਼ੈਲੀ ਹੈ, ਜਿਸਦਾ ਪ੍ਰਯੋਗ ਗੁਰੂ ਸਾਹਿਬਾਨਾਂ ਅਤੇ ਸੂਫ਼ੀ ਕਵੀਆਂ ਨੇ ਅਧਿਆਤਮਿਕ ਰਹੱਸਵਾਦੀ ਭਾਵਾਂ ਦੇ ਪ੍ਰਗਟਾਅ ਲਈ ਕੀਤਾ। ਕਾਫ਼ੀ ਵਿੱਚ ਰਹੱਸਵਾਦੀ ਵਿਸ਼ੇ ਦਾ ਲੋਕ-ਬੋਲੀ ਵਿੱਚ ਪ੍ਰਗਟਾਅ, ਇਹਨਾਂ ਦਾ ਸੰਗੀਤਿਕ ਪੱਖ, ਲੋਕ-ਜੀਵਨ ਵਿੱਚੋਂ ਲਏ ਗਏ ਪ੍ਰਤੀਕ, ਲੋਕ-ਗੀਤਾਂ ਵਾਲੀਆਂ ਬਹਿਰਾਂ ਅਤੇ ਲੋਕ- ਕਾਵਿ ਰੂਪਾਂ ਦੀ ਵਰਤੋਂ ਇਹਨਾਂ ਨੂੰ ਲੋਕ-ਗੀਤਾਂ ਵਾਲੀ ਰੰਗਤ ਪ੍ਰਦਾਨ ਕਰਦੇ ਹਨ। ਲੋਕ-ਗੀਤਾਂ ਵਾਂਗ ਹੀ ਇਹ ਲੋਕ-ਪ੍ਰਿਆ ਹਨ।

     ਕਾਫ਼ੀ ਦਾ ਜਨਮ ਸਥਾਨ ਮੁਲਤਾਨ ਮੰਨਿਆ ਜਾਂਦਾ ਹੈ, ਜਿੱਥੇ ਸੂਫ਼ੀਆਂ ਦੀਆਂ ਮੁੱਢਲੀਆਂ ਮਜਲਸਾਂ ਲੱਗਦੀਆਂ ਰਹੀਆਂ। ਲਹਿੰਦੇ ਵਾਲੇ ਪਾਸੇ ਕਾਫ਼ੀ ਨੂੰ ਮੁਲਤਾਨੀ ਕਾਫ਼ੀ ਆਖਿਆ ਜਾਂਦਾ ਹੈ। ਮੁਲਤਾਨ, ਝੰਗ ਅਤੇ ਮਘਿਆਣਾ ਆਦਿ ਇਲਾਕਿਆਂ ਵਿੱਚ ਅੱਜ ਵੀ ਕਾਫ਼ੀ ਦੂਜੇ ਕਾਵਿ- ਰੂਪਾਂ ਨਾਲੋਂ ਵਧੇਰੇ ਪ੍ਰਚਲਿਤ ਹੈ। ਲਹਿੰਦੇ ਵਿੱਚ ਤਾਂ ਇਹ ਕਾਵਿ-ਰੂਪ ਲੋਕ ਪੱਧਰ ਤੇ ਏਨਾ ਵਿਕਸਿਤ ਹੋਇਆ ਕਿ ਕੰਮ ਵਿੱਚ ਰੁੱਝੇ ਹਾਲੀ, ਡੰਗਰ ਚਾਰਦੇ ਵਾਗੀ ਅਤੇ ਖੂਹਾਂ ਤੇ ਪਾਣੀ ਭਰਦੀਆਂ ਜਾਂ ਭੱਤਾ ਲੈ ਕੇ ਜਾਂਦੀਆਂ ਮੁਟਿਆਰਾਂ ਵੀ ਕਾਫ਼ੀਆਂ ਗੁਣਗੁਣਾਉਂਦੀਆਂ ਰਹਿੰਦੀਆਂ।

     ਕਾਫ਼ੀ ਸੂਫ਼ੀ-ਕਾਵਿ ਦੀ ਸੰਚਾਰ-ਵਿਧੀ ਬਣਨ ਤੋਂ ਪਹਿਲਾਂ ਗੁਰਮਤਿ-ਕਾਵਿ ਵਿੱਚ ਮੌਜੂਦ ਸੀ। ਪੰਜਾਬੀ ਵਿੱਚ ਪਹਿਲਾ ਰੂਪ ਗੁਰੂ ਨਾਨਕ ਦੇਵ ਦੀਆਂ ਕਾਫ਼ੀਆਂ ਹਨ, ਜੋ ਆਸਾ, ਸੂਹੀ ਤੇ ਮਾਰੂ ਰਾਗਾਂ ਵਿੱਚ ਦਰਜ ਹਨ। ਕਾਫ਼ੀ ਰਚਨਾ ਵਿੱਚ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਅਤੇ ਗੁਰੂ ਤੇਗ਼ ਬਹਾਦਰ ਨੇ ਵੀ ਹਿੱਸਾ ਪਾਇਆ। ਇਹਨਾਂ ਕਾਫ਼ੀਆਂ ਵਿੱਚ ਮੁੱਖ ਰੂਪ ਵਿੱਚ ਸੰਸਾਰ ਦੀ ਨਾਸ਼ਮਾਨਤਾ, ਹਉਮੈ ਦਾ ਤਿਆਗ ਅਤੇ ਸੱਚ ਦੀ ਵਡਿਆਈ ਹੈ। ਇਸਦੇ ਬਾਵਜੂਦ ਇਹ ਕਾਵਿ-ਰੂਪ ਪੰਜਾਬੀ ਸੂਫ਼ੀ ਕਵੀਆਂ ਵੱਲੋਂ ਹੀ ਵਧੇਰੇ ਪ੍ਰਵਾਨ ਚੜ੍ਹਿਆ। ਸੂਫ਼ੀ ਕਵੀਆਂ ਨੇ ਆਪਣੇ ਰਹੱਸਮਈ ਵਿਚਾਰਾਂ ਨੂੰ ਮਸਤੀ ਭਰੇ ਗੀਤਾਂ ਦੇ ਰੂਪ ਵਿੱਚ ਵਜਦ ਵਿੱਚ ਆ ਕੇ ਮੰਡਲੀ ਵਿੱਚ ਗਾਇਆ। ਪੰਜਾਬੀ ਸੂਫ਼ੀ ਕਵੀਆਂ ਵਿੱਚੋਂ ਸਭ ਤੋਂ ਪਹਿਲਾਂ ਸ਼ਾਹ ਹੁਸੈਨ ਨੇ ਕਾਫ਼ੀਆਂ ਲਿਖੀਆਂ ਹਨ, ਜੋ ਆਸਾ, ਗਉੜੀ, ਮਾਝ, ਝੰਝੋਟੀ, ਜੈਜਾਵੰਤੀ ਆਦਿ ਕਈ ਰਾਗਾਂ ਵਿੱਚ ਲਿਖੀਆਂ ਮਿਲਦੀਆਂ ਹਨ। ਇਸ ਤੋਂ ਬਿਨਾਂ ਸ਼ਾਹ ਸ਼ਰਫ਼, ਸ਼ਾਹ ਹਬੀਬ, ਸ਼ਾਹ ਮੁਰਾਦ, ਬੁੱਲ੍ਹੇਸ਼ਾਹ, ਗ਼ੁਲਾਮ ਫ਼ਰੀਦ ਆਦਿ ਸੂਫ਼ੀ ਕਵੀਆਂ ਨੇ ਵੀ ਕਾਫ਼ੀਆਂ ਦਾ ਭੰਡਾਰਾ ਭਰਿਆ।

            ਕਾਫ਼ੀ ਦਾ ਮੂਲ ਵਿਸ਼ਾ ਇਸ਼ਕ ਹੈ। ਇਹਨਾਂ ਵਿੱਚ ਬਿਰਹਾ ਦਾ ਸਲ, ਪ੍ਰੇਮ ਦੀਆਂ ਖਿੱਚਾਂ, ਸੰਸਾਰਿਕ ਨਾਸ਼ਮਾਨਤਾ ਆਦਿ ਰਹੱਸਮਈ ਅਤੇ ਉੱਚੇ-ਸੁੱਚੇ ਵਿਚਾਰਾਂ ਨੂੰ ਬਿਆਨਿਆ ਹੁੰਦਾ ਹੈ। ਕਾਫ਼ੀ ਵਿੱਚ ਇਸ਼ਕ ਮਿਜਾਜ਼ੀ ਦੇ ਬੋਲਾਂ ਵਿੱਚ ਇਸ਼ਕ ਹਕੀਕੀ ਦੀਆਂ ਤਾਨਾਂ ਵਜਦੀਆਂ ਹਨ। ਪ੍ਰੀਤਮ ਨਾਲ ਮੇਲ ਦੀਆਂ ਘੜੀਆਂ ਦਾ ਸੁਆਦ ਅਤੇ ਵਿਯੋਗ ਦੀ ਪੀੜਾ ਦਾ ਬੇਬਾਕ ਵਰਣਨ ਹੁੰਦਾ ਹੈ। ਇਹਨਾਂ ਵਿਚਲਾ ਪ੍ਰੇਮ ਰੱਬ ਨਾਲ ਵੀ ਹੋ ਸਕਦਾ ਹੈ ਤੇ ਮੁਰਸ਼ਦ ਨਾਲ ਵੀ। ਸੰਸਾਰ ਦੇ ਝੂਠੇ ਪਿਆਰ ਨੂੰ ਤਿਆਗ ਕੇ ਹੀ ਸੱਚਾ ਪਿਆਰ ਕੀਤਾ ਜਾ ਸਕਦਾ ਹੈ। ਬੁੱਲ੍ਹੇਸ਼ਾਹ ਨੇ ਸਮਾਜਿਕ ਭ੍ਰਿਸ਼ਟਾਚਾਰ ਨੂੰ ਵੀ ਕਾਫ਼ੀ ਦੇ ਵਿਸ਼ਿਆਂ ਵਿੱਚ ਸ਼ਾਮਲ ਕਰ ਲਿਆ ਸੀ। ਨਾਲ ਹੀ ਗਿਲੇ, ਨਿਹੋਰੇ ਅਤੇ ਉਲਾਂਭੇ ਦਾ ਰੰਗ ਵੀ ਚੋਖਾ ਹੈ। ਇਹਨਾਂ ਕਾਫ਼ੀਆਂ ਵਿੱਚ ਸੂਫ਼ੀ ਵਿਚਾਰਧਾਰਾ ਦੀ ਵਿਆਖਿਆ ਵੀ ਹੁੰਦੀ ਚਲੀ ਜਾਂਦੀ ਹੈ :

ਆਪੁ ਨੂੰ ਪਛਾਣ ਬੰਦੇ।

ਜੇ ਤੁਧ ਆਪਣਾ ਆਪ ਪਛਾਤਾ,

ਸਾਹਿਬ ਦਾ ਮਿਲਣ ਆਸਾਨ ਬੰਦੇ।

ਉੱਚੀ ਮਾੜੀ ਸੁਇਨੇ ਦੀ ਸੇਜਾ,

ਹਰ ਬਿਨ ਜਾਣ ਮਸਾਣ ਬੰਦੇ।

ਇਥੇ ਰਹਿਣ ਕਿਸੇ ਦਾ ਨਾਹੀਂ,

ਕਾਹੇ ਨੂੰ ਤਾਣਹਿ ਤਾਣ ਬੰਦੇ।

ਕਹੈ ਹੁਸੈਨ ਫ਼ਕੀਰ ਰੱਬਾਣਾ,

          ਫ਼ਾਨੀ ਸਭ ਜਹਾਨ ਬੰਦੇ।

     ਕਾਫ਼ੀਆਂ ਦਾ ਬੁਨਿਆਦੀ ਤੱਤ ਰਾਗਾਤਮਿਕਤਾ ਅਤੇ ਲੈਅ ਹੈ। ਸੰਬੋਧਨਾਤਮਿਕ ਸ਼ਬਦ ਸਰਲ ਸੁਭਾਵਿਕ ਬੋਲੀ, ਘਰੇਲੂ ਪ੍ਰਤੀਕ, ਜਜ਼ਬੇ ਦਾ ਤੀਖਣ ਬਿਆਨ, ਸਰੋਦੀ ਹੂਕ, ਬਿਆਨ ਦੀ ਨਜ਼ਾਕਤ, ਭਾਵ ਸੂਖਮਤਾ ਆਦਿ ਸਾਰੀਆਂ ਵਿਸ਼ੇਸ਼ਤਾਈਆਂ ਰਲ ਕੇ ਕਾਫ਼ੀ ਨੂੰ ਵੱਖਰੀ ਪਛਾਣ ਬਖ਼ਸ਼ਦੀਆਂ ਹਨ। ਅਸਲ ਵਿੱਚ ਕਾਫ਼ੀ ਅਜਿਹਾ ਕਾਵਿ-ਰੂਪ ਹੈ, ਜਿਸ ਵਿੱਚ ਸਭ ਤੋਂ ਵੱਧ ਜਜ਼ਬੇ ਦੀ ਤੀਬਰਤਾ ਦੀ ਲੋੜ ਹੈ ਅਤੇ ਜਿਸ ਵਿੱਚ ਸਭ ਤੋਂ ਘੱਟ ਰੂਪਕ ਬੰਦਸ਼ ਹੈ। ਇਸ ਵਰਗੀ ਤੋਲ ਦੀ ਭਿੰਨਤਾ, ਵਿਸ਼ੇ ਵਿਭਿੰਨਤਾ ਤੇ ਜਜ਼ਬਿਆਂ ਦੀ ਬਹੁਰੰਗੀ ਤਸਵੀਰ ਹੋਰ ਕਿਸੇ ਕਾਵਿ-ਰੂਪ ਵਿੱਚ ਨਹੀਂ ਮਿਲਦੀ।

     ਬੁੱਲ੍ਹੇਸ਼ਾਹ ਤੋਂ ਮਗਰੋਂ ਕਾਫ਼ੀ ਰਚਨਾ ਇਕਦਮ ਮੱਧਮ ਪੈ ਗਈ, ਪਰ ਪੱਛਮੀ ਪੰਜਾਬ ਵਿੱਚ ਅੱਜ ਵੀ ਮੇਲਿਆਂ ਅਤੇ ਇਕੱਠਾਂ `ਤੇ ਕਾਫ਼ੀਆਂ ਦੀਆਂ ਮਹਿਫ਼ਲਾਂ ਲੱਗਦੀਆਂ ਹਨ। ਉੱਥੇ ਲੰਮਾ ਸਮਾਂ ਬੀਤ ਜਾਣ ਤੇ ਵੀ ਕਾਫ਼ੀ ਆਪਣੀ ਮੂਲ ਪਰੰਪਰਾ ਤਿਆਗ ਨਹੀਂ ਸਕੀ। ਇਸਦਾ ਪ੍ਰਧਾਨ ਵਿਸ਼ਾ ਇਸ਼ਕ ਹੀ ਰਿਹਾ ਹੈ ਅਤੇ ਬੋਲੀ ਲਹਿੰਦੇ ਪ੍ਰਭਾਵ ਵਾਲੀ ਪੰਜਾਬੀ। ਵਿਸ਼ੇ ਵਿਭਿੰਨਤਾ, ਤੋਲ ਦੀ ਭਿੰਨਤਾ ਅਤੇ ਬਹੁਰੰਗੀ ਭਾਵਾਂ ਕਾਰਨ ਕਾਫ਼ੀ ਦੇ ਰੂਪ ਵਿੱਚ ਲਚਕਤਾ ਜ਼ਰੂਰ ਆ ਗਈ ਹੈ।

ਲੇਖਕ : ਜਗਬੀਰ ਸਿੰਘ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 6580,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/19/2014 12:00:00 AM
ਹਵਾਲੇ/ਟਿੱਪਣੀਆਂ: null

ਵਿਚਾਰ / ਸੁਝਾਅ