ਕਿੱਕਲੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਿੱਕਲੀ : ਪੰਜਾਬੀ ਲੋਕ-ਗੀਤਾਂ ਦਾ ਇੱਕ ਰੂਪ ਕਿੱਕਲੀ ਹੈ । ਕਿੱਕਲੀ ਸ਼ਬਦ ਦੀ ਵਿਉਤਪਤੀ ‘ ਕਿਲਕਿਲਾ’ ਸ਼ਬਦ ਤੋਂ ਮੰਨੀ ਜਾਂਦੀ ਹੈ । ਕੋਸ਼ਗਤ ਅਰਥਾਂ ਅਨੁਸਾਰ ਕਿਲਕਿਲਾ ਅਨੰਦ ਭਾਵਾਂ ਵਾਲੀ ਧੁਨੀ ਹੈ । ਪੋਠੋਹਾਰ ( ਪਾਕਿਸਤਾਨ ) ਵਿੱਚ ਇਸ ਨੂੰ ਕਿਰਕਿਲੀ ਵੀ ਕਿਹਾ ਜਾਂਦਾ ਹੈ । ਇਹ ਨਿੱਕੀਆਂ ਕੁੜੀਆਂ ਦਾ ਹਰਮਨ ਪਿਆਰਾ ਨਾਚ ਹੈ । ਇਸ ਨਾਚ ਸਮੇਂ ਕੁੜੀਆਂ ਕਿੱਕਲੀ ਦੇ ਗੀਤ ਵੀ ਗਾਉਂਦੀਆਂ ਹਨ । ਇਸ ਨੂੰ ਕੁੜੀਆਂ ਦਾ ਨਾਚ-ਗੀਤ ਵੀ ਕਿਹਾ ਜਾਂਦਾ ਹੈ । ਇਸ ਨੂੰ ਲੋਕ-ਨਾਚ ਵਿੱਚ ਵੀ ਸ਼ਾਮਲ ਕਰ ਲਿਆ ਜਾਂਦਾ ਹੈ । ਕਿੱਕਲੀ ਕੁੜੀਆਂ ਦੇ ਮਨੋਰੰਜਨ ਦਾ ਉੱਤਮ ਸਾਧਨ ਹੈ । ਇਸ ਨਾਲ ਸਰੀਰ ਵਿੱਚ ਚੁਸਤੀ ਤੇ ਨਰੋਆਪਨ ਆਉਂਦਾ ਹੈ । ਮਨ-ਪਰਚਾਵੇ ਲਈ ਇਹ ਖੇਡ-ਗੀਤ ਬਣ ਜਾਂਦਾ ਹੈ ।

        ਵਿਹਲੇ ਵੇਲੇ ਜਾਂ ਆਥਣ ਵੇਲੇ ਸਾਂਝੀ ਥਾਂ `ਤੇ ਜਾਂ ਆਪਣੇ ਘਰ ਵਿੱਚ ਵਿਹੜਿਆਂ ਵਿੱਚ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਹਨ । ਫਿਰ ਇਹ ਨਾਚ ਕੁੜੀਆਂ ਦੋ-ਦੋ ਜੋਟਿਆਂ ਵਿੱਚ ਨੱਚਦੀਆਂ ਹਨ । ਦੋ ਕੁੜੀਆਂ ਆਹਮੋ- ਸਾਮ੍ਹਣੇ ਖੜ੍ਹੋ ਕੇ ਇੱਕ ਦੂਜੇ ਦਾ ਹੱਥ ਆਪਣੀਆਂ ਬਾਹਵਾਂ ਦੀ ਸੰਗਲੀ ਜਿਹੀ ਬਣਾ ਕੇ ਫੜ ਲੈਂਦੀਆਂ ਹਨ । ਫਿਰ ਪੈਰਾਂ ਦੇ ਪੱਬਾਂ ਨੂੰ ਜੋੜ ਲੈਂਦੀਆਂ ਹਨ । ਆਪਣੇ ਸਰੀਰ ਦਾ ਭਾਰ ਪੱਬਾਂ `ਤੇ ਪਾ ਕੇ ਜ਼ੋਰ ਨਾਲ ਭੰਬੀਰੀ ਵਾਂਗ ਘੁੰਮਦੀਆਂ ਹਨ । ਘੁੰਮਦਿਆਂ ਹੋਇਆਂ , ਉਹ ਆਪਣਾ ਸਾਰਾ ਸਰੀਰਕ ਭਾਰ ਪਿਛਾਂਹ ਨੂੰ ਰੱਖਦੀਆਂ ਹਨ ਅਤੇ ਸਰੀਰ ਦੇ ਉਪਰਲੇ ਅੱਧੇ ਹਿੱਸੇ ਨੂੰ ਪਿੱਛੇ ਵੱਲ ਕੱਸ ਕੇ ਰੱਖਦੀਆਂ ਹਨ । ਨਾਲ ਹੀ ਨਾਲ ਕਿੱਕਲੀ ਦਾ ਗੀਤ ਗਾਉਂਦੀਆਂ ਹਨ । ਦੋਵੇਂ ਕੁੜੀਆਂ ਇੱਕ ਦੂਜੇ ਨਾਲ ਪੂਰੇ ਤਾਲ ਮੇਚ ਕੇ ਘੁੰਮਦੀਆਂ ਹਨ ਤੇ ਝਟਕੇ ਮਾਰ-ਮਾਰ ਉਛਲਦੀਆਂ ਹਨ । ਘੁੰਮਣ ਵੇਲੇ ਪੈਰਾਂ ਦੀ ਤਾਲ ਤੇ ਪਕੜ ( ਜਕੜ ) ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ । ਹਵਾ ਦੇ ਵਿੱਚ ਇੱਕ ਰੁਮਾਂਚਿਕ-ਦ੍ਰਿਸ਼ ਬਣ ਜਾਂਦਾ ਹੈ । ਕੰਵਲ- ਫੁੱਲ ਬਣੀਆਂ ਕੁੜੀਆਂ ਘੁੰਮ-ਘੁੰਮ ਹਫ਼ ਜਾਂਦੀਆਂ ਹਨ ਤੇ ਇੱਕ ਕਿੱਕਲੀ-ਗੀਤ ਤੋਂ ਬਾਅਦ ਹੋਰ ਗੀਤ ਗਾਉਣ ਲੱਗ ਜਾਂਦੀਆਂ ਹਨ । ਦੋਵਾਂ ਕੁੜੀਆਂ `ਚ ਕੌਣ ਥੱਕੂ , ਆਪਸੀ ਮੁਕਾਬਲਾ ਦਿਲਚਸਪੀ ਪੈਦਾ ਕਰ ਦਿੰਦਾ ਹੈ । ਘੁੰਮਦੀਆਂ ਕੁੜੀਆਂ ਦੀਆਂ ਚੁੰਨੀਆਂ , ਵਾਲ , ਗੁੱਤਾਂ ਤੇ ਵਸਤਰ ਮਾਹੌਲ ਵਿੱਚ ਉੱਡ-ਉੱਡ ਮਨਮੋਹਕ ਦ੍ਰਿਸ਼ ਸਿਰਜ ਦਿੰਦੇ ਹਨ । ਕਈ ਵੇਰ ਕੁੜੀਆਂ ਦੀਆਂ ਪਾਈਆਂ ਵੰਗਾਂ ਸੰਗੀਤਿਕ ਤਰੰਗਾਂ ਪੈਦਾ ਕਰ ਦਿੰਦੀਆਂ ਹਨ । ਜਦੋਂ ਬਹੁਤ ਸਾਰੀਆਂ ਕੁੜੀਆਂ ਜੋਟੇ ਬਣਾ ਕੇ ਕਿੱਕਲੀ ਪਾ ਰਹੀਆਂ ਹੋਣ ਤਾਂ ਵੇਖਣ ਲਈ ਬਹੁਤ ਹੀ ਆਲੌਕਿਕ ਦ੍ਰਿਸ਼ ਹੁੰਦਾ ਹੈ । ਅਲ੍ਹੜ ਤੇ ਮਸੂਮ ਬਾਲੜੀਆਂ ਆਪਣੇ ਸੁਪਨਿਆਂ ਦੀ ਦੁਨੀਆ ਵਿੱਚ ਗੁਆਚ ਜਾਂਦੀਆਂ ਹਨ । ਕਲਪਨਾ ਦੇ ਅੰਬਰਾਂ ਦਾ ਅਨੰਦ ਮਾਣ ਕੇ ਖ਼ੁਸ਼ ਹੁੰਦੀਆਂ ਹਨ । ਇਸ ਨਾਚ-ਗੀਤ ਵਿੱਚ ਕੋਈ ਖ਼ਰਚ ਨਹੀਂ ਹੁੰਦਾ ਤੇ ਨਾ ਹੀ ਕੋਈ ਉਚੇਚਾ ਪ੍ਰਬੰਧ ਕਰਨਾ ਪੈਂਦਾ ਹੈ । ਕੁੜੀਆਂ ਦੇ ਸਰੀਰ ਦੇ ਪੱਠਿਆਂ ਦੀ ਵਰਜਿਸ਼ ਹੋ ਜਾਂਦੀ ਹੈ ।

        ਕਿੱਕਲੀ ਦੇ ਗੀਤਾਂ ਦੀ ਲੈਅ ਵਗਦੇ ਝਰਨੇ ਵਰਗੀ ਹੁੰਦੀ ਹੈ । ਛੋਟੀ ਬਹਿਰ ਦੇ ਇਹ ਗੀਤ ਛੰਦ-ਬੱਧ ਹੋਣ ਕਾਰਨ , ਲਹਿਰਾਂ ਦੀ ਘੁੰਮਣ-ਘੇਰੀ ਬਣ ਜਾਂਦੇ ਹਨ । ਇਹਨਾਂ ਦੀ ਸੰਗੀਤਿਕਤਾ ਵਿਸ਼ੇਸ਼ ਲੱਛਣ ਹੈ । ਕਿੱਕਲੀ ਦੇ ਗੀਤਾਂ ਵਿੱਚ ਮਾਪਿਆਂ , ਭਰਾ , ਭਰਜਾਈ ਤੇ ਹੋਰ ਨੇੜਲੇ ਰਿਸ਼ਤੇਦਾਰਾਂ ਪ੍ਰਤਿ ਪਿਆਰ ਦਾ ਪ੍ਰਗਟਾਵਾ ਹੁੰਦਾ ਹੈ । ਭਰਾ-ਭਾਬੋ ਲਈ ਸ਼ੁਭ ਇੱਛਾਵਾਂ ਰੂਪਮਾਨ ਹੁੰਦੀਆਂ ਹਨ । ਲੜਕੀਆਂ ਦੇ ਵਲਵਲੇ ਤੇ ਜਜ਼ਬੇ ਉੱਛਲ ਰਹੇ ਹੁੰਦੇ ਹਨ । ਕਿੱਕਲੀ ਅਰੰਭ ਕਰਨ ਲਈ ਕੁੜੀਆਂ ਅਕਸਰ ਇਸ ਗੀਤ ਤੋਂ ਸ਼ੁਰੂ ਕਰਦੀਆਂ ਹਨ :

ਕਿੱਕਲੀ ਕਲੀਰ ਦੀ , ਪੱਗ ਮੇਰੇ ਵੀਰ ਦੀ

ਦੁਪੱਟਾ ਮੇਰੇ ਭਾਈ ਦਾ , ਫਿੱਟੇ ਮੂੰਹ ਜਵਾਈ ਦਾ

ਗਈ ਸਾਂ ਮੈਂ ਗੰਗਾ , ਚੜ੍ਹਾ ਲਿਆਈ ਵੰਗਾਂ ।

ਸਮਾਨੀ ਮੇਰਾ ਘੱਗਰਾ , ਮੈਂ ਕਿਹੜੀ ਕਿੱਲੀ ਟੰਗਾਂ ।

                  ਨੀਂ ਮੈਂ ਏਸ ਕਿੱਲੀ ਟੰਗਾਂ , ਨੀਂ ਮੈਂ ਓਸ ਕਿੱਲੀ ਟੰਗਾਂ ।

        ਕਿੱਕਲੀ ਪਾਉਂਦੇ ਸਮੇਂ ਹੱਥਾਂ ਦੀ ਪਕੜ ਅਤੇ ਪੱਬਾਂ ਉੱਤੇ ਭਾਰ ਰੱਖਣਾ ਜ਼ਰੂਰੀ ਹੁੰਦਾ ਹੈ , ਤਦੇ ਕੁੜੀਆਂ ਦਾ ਜੋਟਾ ਘੁੰਮਣ-ਘੇਰੀ ਬਣਾਉਣ ਵਿੱਚ ਕਾਮਯਾਬ ਹੋ ਸਕਦਾ ਹੈ । ਇਸ ਲਈ ਲਗਪਗ ਬਾਰਾਂ ਤੇਰਾਂ ਸਾਲ ਦੀ ਉਮਰ ਤੋਂ ਵੱਧ ਵਾਲੀਆਂ ਲੜਕੀਆਂ ਹੀ ਇਸ ਨਾਚ ਦਾ ਅਭਿਆਸ ਕਰ ਸਕਦੀਆਂ ਹਨ ।

        ਭੰਬੀਰੀ ਵਾਂਗ ਘੁੰਮਦੀਆਂ ਦੀ ਚਾਲ ਜਦੋਂ ਹੋਰ ਤਿੱਖੀ ਹੋ ਜਾਂਦੀ ਹੈ ਤਾਂ ਗੀਤ ਦੀ ਚਾਲ ਵੀ ਵਧੇਰੇ ਤੇਜ਼ੀ ਨਾਲ ਬਦਲਣ ਲੱਗਦੀ ਹੈ । ਬੇਸੁੱਧ ਹੋ ਕੇ ਨੱਚਦੀਆਂ ਰਹਿੰਦੀਆਂ ਹਨ :

ਚਾਰ ਚੁਰਾਸੀ , ਘੁਮਰ ਘਾਸੀ ,

ਨੌਂ ਸੌ ਘੋੜਾ , ਨੌਂ ਸੌ ਹਾਥੀ

ਨੌਂ ਸੌ ਫੁੱਲ ਗੁਲਾਬ ਦਾ

ਮੁੰਡੇ ਖੇਡਣ ਗੁੱਲੀ ਡੰਡਾ

ਕੁੜੀਆਂ ਕਿੱਕਲੀ ਪਾਂਦੀਆਂ

ਮੁੰਡੇ ਕਰਦੇ ਖੇਤੀ ਪੱਤੀ

                  ਕੁੜੀਆਂ ਘਰ ਵਸਾਂਦੀਆਂ ।

ਕਿੱਕਲੀ ਦੀਆਂ ਕੁਝ ਹੋਰ ਵੰਨਗੀਆਂ :

ਤੋ ਵੇ ਤੋਤੜਿਆ , ਤੋਤਾ ਸਿਕੰਦਰ ਦਾ

ਪਾਣੀ ਪੀਵੇ ਸਮੁੰਦਰ ਦਾ

ਕੰਮ ਕਰੇ ਦੁਪਹਿਰਾਂ ਦਾ

ਚਿੱਟੀ ਚਾਦਰ ਕਾਕੇ ਦੀ

ਕਾਲੀਆਂ ਵਾਲੇ ਕਾਕੇ ਦੀ

ਕਾਕੜਾ ਖਿਡਾਨੀ ਆਂ

ਚਾਰ ਛੱਲੇ ਪਾਨੀ ਆਂ

ਇੱਕ ਛੱਲਾ ਰਹਿ ਗਿਆ

ਸਿਪਾਹੀ ਫੜ ਕੇ ਲੈ ਗਿਆ ।

ਕਿੱਕਲੀ ਪਾਵਣ ਆਈਆਂ

ਬਦਾਮ ਖਾਵਣ ਆਈਆਂ

ਬਦਾਮ ਦੀ ਗਿਰੀ ਮਿੱਠੀ

ਮੈਂ ਵੀਰ ਦੀ ਕੁੜੀ ਡਿੱਠੀ

ਮੇਰੇ ਵੀਰ ਦੀ ਕੁੜੀ ਕਾਲੀ

ਮੈਨੂੰ ਆ ਗਈ ਭਵਾਲੀ

ਥਾਲੀ ਥਾਲੀ ਥਾਲੀ

                  ਥਾਲੀ ਘੁੰਗਰਾਂ ਵਾਲੀ ।

ਕਿੱਕਲੀਆਂ ਦੀਆਂ ਹੋਰ ਅਰੰਭਿਕ ਟੂਕਾਂ :

ਪਿੱਤਲ ਦੀ ਪਰਾਤ ਪਾਣੀ ਗੰਗ ਦਾ

ਮੈਂ ਬਿਗ਼ਾਨੀ ਧੀ , ਮੁੰਡਾ ਸੰਗਦਾ ।

ਅੰਬੋ ਨੀਂ ਅੰਬੋ , ਮੇਰੇ ਸੱਤ ਭਰਾ ਮੰਗੇ

ਇੱਕ ਭਰਾ ਕੁਆਰਾ , ਨੀ ਉਹ ਗੇਂਦ ਖੇਡਣ ਵਾਲਾ ।

ਐਸ ਗਲੀ ਮੈਂ ਆਵਾਂ ਜਾਵਾਂ , ਐਸ ਗਲੀ ਲਸੂੜਾ

ਭਾਬੋ ਮੰਗੇ ਮੁੰਦਰੀਆਂ , ਨਨਾਣ ਮੰਗੇ ਚੂੜਾ

                  ਨੀ ਇਹ ਲਾਲ ਲਸੂੜਾ ।

        ਕਿੱਕਲੀ ਦੀ ਹਰਮਨਪਿਆਰਤਾ ਨੂੰ ਸਮਝਦੇ ਹੋਏ ਲੇਖਕਾਂ ਨੇ ਨਵੇਂ ਅਰਥਾਂ ਵਾਲੀਆਂ ਕਿੱਕਲੀਆਂ ਲਿਖੀਆਂ ਹਨ । ਵੇਖੋ ਪੁਸਤਕ ‘ ਕਿੱਕਲੀ ਕਲੀਰ ਦੀ’ ਮਾਨ ਸਿੰਘ ਹਕੀਰ , ਜਿਸ ਵਿੱਚ 23 ਕਾਵਿ-ਰਚਨਾਵਾਂ ਕਿੱਕਲੀ ਬਾਰੇ ਹੀ ਹਨ । ਨਮੂਨੇ ਵਜੋਂ :

ਕਿੱਕਲੀ ਕਲਾਈ ਦੀ

ਸੁੱਖ ਮੰਗਾਂ ਭਾਈ ਦੀ

ਤਾਏ ਅਤੇ ਤਾਈ ਦੀ

ਭਾਪੇ ਅਤੇ ਝਾਈ ਦੀ

ਘਰ ਪਰਿਵਾਰ ਦੀ

                  ਸਾਰੇ ਸੰਸਾਰ ਦੀ ।

        ਕਿੱਕਲੀ ਦੇ ਗੀਤ ਨੂੰ ਨਵੇਂ ਅਰਥ ਪ੍ਰਦਾਨ ਕਰਨ ਵਾਲੀ ਕਿੱਕਲੀ ਦੇ ਕੁਝ ਅੰਸ਼ :

ਕਿੱਕਲੀ ਕਲੀਰ ਦੀ

ਸੁਣ ਗੱਲ ਵੀਰ ਜੀ

ਵਿੱਦਿਆ ਦੀ ਰੋਸ਼ਨੀ

ਨੇਰ੍ਹਿਆਂ ਨੂੰ ਚੀਰ ਦੀ

ਮੇਰੇ ਸੁਹਣੇ ਵੀਰਿਆ

ਸਕੂਲ ਪੜ੍ਹਨ ਜਾਈਂ ਤੂੰ

ਵਿੱਦਿਆ ਦੀ ਪੌੜੀ `ਤੇ

ਪੈਰ ਜਾ ਟਿਕਾਈ ਤੂੰ

ਕਰ ਕੇ ਪੜ੍ਹਾਈ ਵੀਰੇ

                  ਬੀਬਾ ਅਖਵਾਈਂ ਤੂੰ ।

ਪੰਜਾਬ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਸਥਾਨਿਕ ਰੰਗਣ ਵਾਲੇ ਹੋਰ ਵੀ ਅਨੇਕਾਂ ਕਿੱਕਲੀ ਦੇ ਗੀਤ ਮਿਲਦੇ ਹਨ ।


ਲੇਖਕ : ਮਨਮੋਹਨ ਸਿੰਘ ਦਾਉਂ, ਅਮਨਦੀਪ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਿੱਕਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਕਲੀ ( ਨਾਂ , ਇ ) ਹੱਥਾਂ ਦੇ ਪਹੁੰਚੇ ਵਿੱਚ ਪਹੁੰਚਾ ਘੁੱਟ ਕੇ ਅਤੇ ਪੈਰ ਮਿਲਾ ਕੇ ਚੱਕਰ ਲਗਾਂਦੇ ਹੋਏ ਗੀਤ ਗਾਉਣ ਵਾਲੀ ਕੁੜੀਆਂ ਦੀ ਖੇਡ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਿੱਕਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਕਲੀ [ ਨਾਂਇ ] ਇੱਕ ਖੇਡ ਜਿਸ ਵਿੱਚ ਲੜਕੀਆਂ ਹੱਥਾਂ ਵਿੱਚ ਹੱਥ ਪਾ ਕੇ ਅਤੇ ਪੈਰ ਮਿਲ਼ਾ ਕੇ ਬੜੀ ਤੇਜ਼ੀ ਨਾਲ਼ ਘੁੰਮਦੀਆਂ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿਕਲੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

                  ਕਿਕਲੀ : ਵੇਖੋ ‘ ਲੋਕ– ਨਾਚ’

ਲੋਕ– ਨਾਚ : ਲੋਕ– ਨਾਚ ਜਾਂ ਲੋਕ– ਨ੍ਰਿਤ ਤੋਂ ਮੁਰਾਦ ਕੁਦਰਤੀ ਤੇ ਸੁਭਾਵਿਕ ਨਾਚ ਹੈ । ਲੋਕ– ਜੀਵਨ ਵਿਚ ਆਇਆ ਜਜ਼ਬੇ ਦਾ ਹੜ੍ਹ ਲੋਕ– ਗੀਤਾਂ ਤੇ ਲੋਕ– ਨਾਚਾਂ ਵਿਚੋਂ ਦੀ ਵਗ ਨਿਕਲਦਾ ਹੈ । ਕਲਾਤਮਕਤਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ , ਸਗੋਂ ਲੋਕੀ ਨਾਚ ਨੂੰ ਸੁਭਾਵਿਕ ਤੇ ਮਸਤ ਰੰਗ ਵਿਚ ਨੱਚਦੇ ਹਨ । ਜਦੋਂ ਆਦਮੀ ਹਾਲੀਂ ਜੰਗਲਾਂ ਵਿਚ ਪਸ਼ੂਆਂ ਵਾਲਾ ਅਸੱਭਯ ਜੀਵਨ ਬਤੀਤ ਕਰ ਰਿਹਾ ਸੀ , ਲੋਕ– ਨਾਚ ਉਸ ਵੇਲੇ ਵੀ ਉਸ ਦੇ ਨਾਲ ਰਿਹਾ ।

                  ‘ ਲੋਕ– ਨਾਚ’ ਲੋਕ– ਜੀਵਨ ਦੇ ਕਿਸੇ ਅਨੁਭਵ ਦੀ ਤਾਲ ਰਾਹੀਂ ਅਭਿਵਿਅੰਜਨਾ ਹੈ । ਸਾਧਾਰਣ ਤੌਰ ਤੇ ਲੋਕ– ਨਾਚ ਸਮੂਹਿਕ ਰੂਪ ਵਿਚ ਨੱਚੇ ਜਾਂਦੇ ਹਨ ।

                  ਪੰਜਾਬ ਦੇ ਲੋਕੀ ਵਿਆਹਾਂ , ਸ਼ਾਦੀਆਂ , ਮੇਲਿਆਂ , ਮੁਸਾਹਬਿਆਂ ’ ਤੇ ਜੋ ਨਾਚ ਨੱਚਦੇ ਹਨ , ਉਨ੍ਹਾਂ ਵਿਚੋਂ ਸਭ ਤੋਂ ਵਧੇਰੇ ਪ੍ਰਸਿੱਧ ਭੰਗੜਾ ਹੈ । ਕਿੱਕਲੀ , ਗਿੱਧਾ , ਲੁੱਡੀ , ਝੁੰਮਰ ਆਦਿਕ ਪੰਜਾਬ ਦੇ ਹੋਰ ਲੋਕ– ਨਾਚ ਹਨ ।

                  ਲੋਕ– ਨਾਚ ਵਿਚ ਮਨੁੱਖੀ ਜੀਵਨ ਦੇ ਲੌਕਿਕ ਪੱਖ ਅਤੇ ਇਸ ਦੇ ਕਈ ਸੂਖ਼ਮ ਭਾਵਾਂ ਨੂੰ ਪ੍ਰਗਟ ਕੀਤਾ ਹੁੰਦਾ ਹੈ । ਲੋਕ– ਨਾਚ ਨੂੰ ਸ਼ਾਸਤ੍ਰੀ ਨਾਚ ਦਾ ਪਿਤਾਮਾ ਆਖਿਆ ਜਾ ਸਕਦਾ ਹੈ ।

                  ਹੁਣ ਪੰਜਾਬ ਦੇ ਹੇਠਾਂ ਲਿਖੇ ਪ੍ਰਸਿੱਧ ਲੋਕ– ਨਾਚਾਂ ਬਾਰੇ ਵਿਚਾਰ ਕਰਦੇ ਹਾਂ :

                  ( 1 ) ਭੰਗੜਾ : ਇਸ ਨਾਚ ਵਿਚ ਢੋਲਚੀ ਵਿਚਕਾਰ ਹੁੰਦਾ ਹੈ ਤੇ ਉਸ ਨੇ ਜਦੋਂ ਢੋਲ ਉੱਤੇ ਡੱਗਾ ਲਾਇਆ , ਭੰਗੜੇ ਵਾਲੇ ਮੈਦਾਨ ਵਿਚ ਨਿੱਤਰ ਆਏ ਅਤੇ ਜਿਵੇਂ ਜਿਵੇਂ ਢੋਲ ਦਾ ਤਾਲ ਬਦਲਿਆ , ਨਾਚਿਆਂ ਦੀਆਂ ਹਰਕਤਾਂ ਵਿਚ ਤਬਦੀਲੀ ਆਉਂਦੀ ਗਈ । ਭੰਗੜੇ ਵਿਚ ਆਮ ਤੌਰ ਤੇ ਕੌਈ ਢੋਲਾ ਗਾਇਆ ਜਾਂਦਾ ਹੈ । ਪਹਿਲਾਂ ਕਿੰਨਾ ਚਿਰ ਭੰਗੜਾ ਪਾਉਣ ਵਾਲੇ ਚੁੱਪ ਚਾਪ ਢੋਲ ਦੇ ਡਗੇ ਨਾਲ ਤਾਲ ਮਿਲਾ ਕੇ ਨੱਚਦੇ ਰਹਿੰਦੇ ਹਨ ਤੇ ਕਝੁ ਚਿਰ ਮਗਰੋਂ ਭੰਗੜੇ ਦੇ ਪਿੜ ਵਿਚੋਂ ਇਕ ਜੁਆਨ ਢੋਲਚੀ ਦੇ ਕੋਲ ਜਾ ਕੇ ਤੇ ਕੰਨ ਉੱਤੇ ਇਕ ਹੱਥ ਰੱਖ ਕੇ ਕਿਸੇ ਲੋਕ– ਗੀਤ ਦਾ ਬੋਲ ਛੁੰਹਦਾ ਹੈ । ਵਿਸਾਖੀ ਦੇ ਮਾਘੀ ਦੇ ਮੇਲਿਆਂ ਉੱਤੇ ਭੰਗੜੇ ਬੜੇ ਉਤਸ਼ਾਹ ਨਾਲ ਪਾਏ ਜਾਂਦੇ ਹਨ । ਇਹ ਨਾਚ ਸਿੱਖਾਂ , ਹਿੰਦੂਆਂ , ਮੁਸਲਮਾਨਾਂ ਤੇ ਈਸਾਈਆਂ , ਸਭ ਦਾ ਸਾਂਝਾ ਨਾਚ ਹੈ । ਹੁਣ ਇਹ ਲੋਕ– ਨਾਚ ਸ਼ਹਿਰੀ ਹਲਕਿਆਂ ਵਿਚ ਹੋਣ ਵਾਲੇ ਅਨੇਕ ਸਮਾਗਮਾਂ ਦਾ ਅੰਗ ਬਣਦਾ ਜਾ ਰਿਹਾ ਹੈ । ਭਾਰਤ ਸਰਕਾਰ ਵੱਲੋਂ , ਗਣਤੰਤਰ ਦਿਵਸ ਵਿਚ ਸ਼ਾਮਲ ਹੋਣ ਲਈ ਪੰਜਾਬ ਦੀਆਂ ਭੰਗੜੇ ਦੀਆਂ ਟੀਮਾਂ ਨੂੰ ਖ਼ਾਸ ਤੌਰ ਤੇ ਸੱਦਾ ਦਿੱਤਾ ਜਾਂਦਾ ਹੈ ।

                  ( 2 ) ਗਿੱਧਾ : ਪੰਜਾਬ ਦੀਆਂ ਮੁਟਿਆਰਾਂ ( ਕਈ ਵਾਰ ਗੱਭਰੂ ) ਰਲ ਕੇ ਇਕਸਾਰ ਤਾਲਮਈ ਤਾੜੀ ਨਾਲ ਗੀਤ ਗਾਉਂਦੀਆਂ ਤੇ ਬੋਲੀਆਂ ਪਾਉਂਦੀਆਂ ਹਨ । ਇਨ੍ਹਾਂ ਤਾੜੀਆਂ ਨੂੰ ਹੀ ਗਿੱਧਾ ਆਖਿਆ ਜਾਂਦਾ ਹੈ । ਪਰ ਸਿਰਫ਼ ਤਾੜੀਆਂ ਹੀ ਗਿੱਧਾ ਨਹੀਂ , ਇਸ ਵਿਚ ਕਈ ਵਾਰ ਭੰਗੜੇ ਵਾਂਗ ਪਿੜ ਬੱਝ ਜਾਂਦਾ ਹੈ । ਇਕ ਜਣੀ ਬੋਲੀ ਪਾਉਦੀ ਹੈ ਤੇ ਇਕ ਦੋ ਪਿੜ ਵਿਚਕਾਰ ਨੱਚਣ ਲਈ ਤਿਆਰ ਹੁੰਦੀਆਂ ਹਨ । ਬੋਲੀ ਦੇ ਅੰਤਿਮ ਟੱਪੇ ਉੱਤੇ ਪਿੜ ਮੱਲੀ ਖਲੋਤੀਆਂ ਔਰਤਾਂ ਤਾੜੀਆਂ ਸ਼ੁਰੂ ਕਰ ਦਿੰਦੀਆਂ ਹਨ ਤੇ ਵਿਚਕਾਰ ਖਲੋਤੀਆਂ ਇਕ ਦੋ ਨੱਚਣ ਲੱਗ ਪੈਂਦੀਆਂ ਹਨ । ਕਈ ਵਾਰ ਢੋਲਕੀ ਜਾਂ ਗੜਵੇ ਤੇ ਚੱਪਣ ਖੜਕਾ ਕੇ ਗਿੱਧੇ ਦੇ ਤਾਲ ਨੂੰ ਉਭਾਰਿਆ ਜਾਂਦਾ ਹੈ । ਨੱਚਣ ਵਾਲੀਆਂ ਇਕ ਦੋ ਔਰਤਾਂ ਕਈ ਵਾਰ ਚੁਟਕੀਆਂ ਵਜਾ ਵਜਾ ਕੇ ਮੂੰਹ ਨਾਲ ਰੂੰ ਪਿੰਜ ਪਿੰਜ ਕੇ ਇਕ ਖ਼ਾਸ ਰੋਮਾਂਚਿਕ ਰੰਗ ਬੰਨ੍ਹ ਦਿੰਦੀਆਂ ਹਨ ।

                  ਗਿੱਧੇ ਵਿਚ ਲਗਭਗ ਹਰ ਤਰ੍ਹਾਂ ਦੇ ਲੋਕ– ਗੀਤ ਗਾਏ ਜਾਂਦੇ ਹਨ । ਵਿਆਹਾਂ , ਸ਼ਾਦੀਆਂ , ਮੰਗਣੇ– ਮੰਗਣੀਆਂ , ਆਦਿ ਦੇ ਸ਼ੁਭ ਅਵਸਰਾਂ ਉੱਤੇ ਤੇ ਸਾਵਦ ਦੇ ਮਹੀਨੇ ਤੀਆਂ ਦੇ ਦਿਨੀਂ ਬਹੁਤ ਗਿੱਧਾ ਪਾਇਆ ਜਾਂਦਾ ਹੈ । ਔਰਤਾਂ ਇਸ ਵਿਚ ਵਧੇਰੇ ਭਾਗ ਲੈਂਦੀਆਂ ਹਨ । ਕਈ ਵਾਰ ਨੌਜਵਾਨ ਮਰਦ ਆਪਣਾ ਵੱਖਰਾ ਪਿੜ ਬਣਾ ਕੇ ਗਿੱਧਾ ਪਾਉਂਦੇ ਹਨ । ਗਿੱਧਾ ਸਾਰੇ ਪੰਜਾਬੀਆਂ ਦੀ ਸਾਂਝ ਤੇ ਪਰਸਪਰ ਪਿਆਰ ਤੇ ਸਨੇਹ ਦਾ ਪ੍ਰਤੀਕ ਹੈ । ਗਿੱਧੇ ਦੇ ਪਿੜ ਵਿਚ ਹਿੰਦੂ , ਸਿੱਖ , ਮੁਸਲਮਾਨ ਤੇ ਈਸਾਈ ਦਾ ਭਿੰਨ– ਭੇਦ ਮਿਟ ਜਾਂਦਾ ਹੈ । ਇੰਜ ਇਹ ਲੋਕ– ਨਾਚ ਸਾਡੇ ਵਿਚ ਮਨੁੱਖੀ ਸਾਂਝ ਉਤਪੰਨ ਕਰਨ ਵਾਲਾ ਹੈ ।

                  ( 3 ) ਝੁੰਮਰ ਤੇ ਸੰਮੀ : ਝੁੰਮਰ ਇਕ ਅਤਿ ਪੁਰਾਣਾ ਅਰਥਾਤ ਚਿਰਾਂ ਤੋਂ ਟੁਰਿਆਂ ਆ ਰਿਹਾ ਲੋਕ– ਨਾਚ ਹੈ । ਝੁੰਮਰ ਨੱਚਣ ਵਾਲੇ ਇਕ ਘੇਰੇ ਵਿਚ ਨੱਚਦੇ ਹਨ ਤੇ ਢੋਲ ਵਾਲਾ ਉਨ੍ਹਾਂ ਦੇ ਐਨ ਵਿਚਕਾਰ ਖਲੋ ਕੇ ਢੋਲ ਵਜਾਉਂਦਾ ਹੈ । ਸੰਮੀ ਔਰਤਾਂ ਦਾ ਨਾਚ ਹੈ ਤੇ ਝੁੰਮਰ ਨਾਲੋਂ ਇਹ ਇਸ ਗੱਲ ਵਿਚ ਭਿੰਨ ਹੈ ਕਿ ਜਿੱਥੇ ਝੁੰਮਰੀਆਂ ਦੇ ਵਿਚਕਾਰ ਢੋਲਚੀ ਹੁੰਦਾ ਹੈ , ਇੱਥੇ ਕੋਈ ਢੋਲਚੀ ਨਹੀਂ ਹੁੰਦਾ ।

                  ਝੁੰਮਰਰ ਤੇ ਸੰਮੀ ਦੋਵੇਂ ਖੁਸ਼ੀਆਂ ਦੇ ਲੋਕ– ਨਾਚ ਹਨ । ਝੁੰਮਰ ਨੱਚਣ ਵਾਲੇ ਗੱਭਰੂ ਭਰਾਈ ( ਢੋਲਚੀ ) ਨੂੰ ਸਦਵਾ ਲੈਂਦੇ ਹਨ । ਭਰਾਈ ਇਕ ਖੁੱਲ੍ਹੀ ਮੋਕਲੀ ਥਾਂ ਵੇਖ ਕੇ ਪਿੜ ਮਲ ਖਲੋਂਦਾ ਹੈ ਤੇ ਝੁੰਮਰੀਆਂ ਨੂੰ ਉਤਸ਼ਾਹਿਤ ਕਰਨ ਲਈ ਢੋਲ ਉੱਤੇ ਡੱਗਾ ਮਾਰਨਾ ਸ਼ੁਰੂ ਕਰ ਦਿੰਦਾ ਹੈ । ਇਹ ਤਾਲਾ ਸੁਣਕੇ ਗੱਭਰੂ ਪਿੜ ਵਿਚ ਆਉਣ ਲਈ ਤਿਆਰ ਹੋ ਜਾਂਦੇ ਹਨ । ਦੂਜਾ ਤਾਲ ਬਦਲਦਾ ਹੈ ਤਾਂ ਝੁੰਮਰ ਨੱਚਣ ਵਾਲੇ ਭਰਾਈ ਦੇ ਦੁਆਲੇ ਝੁਰਮਟ ਪਾ ਲੈਂਦੇ ਹਨ ਤੇ ਤਾਲ ਦੇ ਮੁਤਾਬਕ ਹੱਥਾਂ ਪੈਰਾਂ ਨੂੰ ਇਕ ਖ਼ਾਸ ਅਦਾ ਨਾਲ ਹਿਲਾਉਣਾ ਸ਼ੁਰੂ ਕਰ ਦਿੰਦੇ ਹਨ । ਹੱਥ ਹੇਠਾਂ ਤੋਂ ਚੁੱਕ ਕੇ ਦੋ ਵਾਰ ਉਹ ਛਾਤੀ ਅੱਗੇ ਮੁੱਠੀਆਂ ਜਿਹੀਆਂ ਮੀਟ ਕੇ ਮਟਕਾਉਂਦੇ ਹਨ , ਫਿਰ ਦੋਵੇਂ ਬਾਹਵਾਂ ਸਿਰ ਤੋਂ ਉਤਾਂਹ ਕੱਢ ਕੇ ਇਕ ਵਾਰ ਲਹਿਰਾਉਣ ਪਿੱਛੋਂ ਮੁੜ ਹੱਥ ਛਾਤੀ ਉੱਤੇ ਵਾਪਸ ਲਿਆ ਕੇ ਪਹਿਲੇ ਦੀ ਤਰ੍ਹਾਂ ਕੇਵਲ ਇਕ ਵਾਰ ਮਟਕਾਉਂਦੇ ਹਨ । ਹੱਥ ਮਟਕਾਉਣ ਪਿੱਛੋਂ ਬਾਹਵਾਂ ਫਿਰ ਆਪਣੇ ਅਸਲੀ ਟਿਕਾਣੇ ਉੱਤੇ ਹੀ ਸੁੱਟ ਦਿੱਤੀਆਂ ਜਾਂਦੀਆਂ ਹਨ । ਝੁੰਮਰ ਵਿਚ ਉਹ ਬਾਰ ਬਾਰ ਇਸੇ ਤਰ੍ਹਾਂ ਕਰਦੇ ਹੋਏ ਨੱਚਦੇ ਰਹਿੰਦੇ ਹਨ । ਝੁੰਮਰ ਨਾਚ ਨੱਚਣ ਵਾਲੇ ਨੂੰ ਝੁੰਮਰੀ ਆਖਦੇ ਹਨ । ਝੁੰਮਰ ਨਾਚ ਨੂੰ ਵੇਖਣ ਲਈ ਆਲੇ ਦੁਆਲੇ ਤੋਂ ਦਰਸ਼ਕਾਂ ਦੀ ਭੀੜ ਆ ਜੁੜਦੀ ਹੈ । ਕਈ ਵਾਰ ਭਰਾਈ ਕਿਸੇ ਲੋਕ ਗੀਤ ਦੀ ਪਹਿਲੀ ਤੁਕ ਮੂੰਹੋਂ ਕੱਢਦਾ ਹੈ ਤੇ ਝੁੰਮਰੀ ਉਸ ਗੀਤ ਦੀਆਂ ਤੁਕਾਂ ਰਲ ਕੇ ਗਾਉਂਦੇ ਅਤੇ ਨਾਲੋਂ ਨਾਲੋਂ ਨੱਚਦੇ ਵੀ ਰਹਿੰਦੇ ਹਨ । ਝੁੰਮਰੀਆਂ ਵਿਚੋਂ ਜਦੋਂ ਵੀ ਕੋਈ ਚਾਹੇ ਨਾਚ ਛੱਡ ਕੇ ਦਰਸ਼ਕਾਂ ਵਿਚ ਆ ਬੈਠਦਾ ਹੈ ਤੇ ਬੈਠੇ ਹੋਏ ਮਰਦਾਂ ਵਿਚੋਂ ਕੋਈ ਵੀ ਮਰਦ ਦਿਲ ਦੀ ਇੱਛਾ ਉੱਤੇ ਨਾਚ ਵਿਚ ਸ਼ਾਮਲ ਹੋ ਸਕਦਾ ਹੈ । ‘ ਧਮਾਲ’ ਦੇ ‘ ਚੀਣਾ ਛੜਨਾ’ ਝੁੰਮਰ ਦੇ ਖ਼ਾਸ ਤਾਲ ਹਨ । ਝੁੰਮਰ ਨਾਚ ਨਾਲ ਗਾਇਆ ਜਾਣ ਵਾਲਾ ਇਕ ਝੁੰਮਰ ਗੀਤ ਪੇਸ਼ ਹੈ :

                                    ਵੇ ਯਾਰ ਕੰਗਣਾਂ ਦੇ ਨਾਲ

                                    ਊਹਾ ਗੱਲ ਹੋ ਕੰਗਣਾਂ ਦੇ ਨਾਲ

                                    ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ , ਯਾਰ!

                                    ਕੰਗਣਾਂ ਦੇ ਨਾਲ ।

                                    ਕੰਗਣਾਂ ਦੇ ਨਾਲ ਮੇਰੀਆਂ ਅੱਲੀਆਂ ,

                                    ਛਣਕਾਰ ਪੌਂਦਾ ਵਿਚ ਗੱਲੀਆਂ ,

                                    ਵੇ ਯਾਰ ਕੰਗਣਾਂ ਦੇ ਨਾਲ

                                    ਊਹਾ ਗੱਲ ਹੋ ਕੰਗਣਾਂ ਦੇ ਨਾਲ

                                    ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ , ਯਾਰ!

                                    ਕੰਗਣਾਂ ਦੇ ਨਾਲ

                                    ਕੰਗਣਾਂ ਦੇ ਨਾਲ ਮੇਰੇ ਬੀੜੇ ,

                                    ਜੱਟੀ ਧੋ ਧੋ ਵਾਲ ਨਪੀੜੇ ,

                                    ਵੇ ਯਾਰ ਕੰਗਣਾਂ ਦੇ ਨਾਲ ,

                                    ਊਹਾ ਗੱਲ ਹੋ ਕੰਗਣਾਂ ਦੇ ਨਾਲ

                                    ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ , ਯਾਰ! ਕੰਗਣਾਂ ਦੇ ਨਾਲ ।

                                    ਕੰਗਣਾਂ ਦੇ ਨਾਲ ਮੇਰਾ ਢੋਲਣਾ ,

                                    ਕੂੜੇ ਸੱਜਣਾਂ ਨਾਲ ਕੀ ਬੋਲਣਾ ,

                                    ਵੇ ਯਾਰ ਕੰਗਣਾਂ ਦੇ ਨਾਲ

                                    ਊਹਾ ਗੱਲ ਹੋ ਕੰਗਣਾਂ ਦੇ ਨਾਲ

                                    ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ , ਯਾਰ! ਕੰਗਣਾਂ ਦੇ ਨਾਲ ।

                  ( 4 ) ਲੁੱਡੀ : ਲੁੱਡੀ ਪੱਛਮੀ ( ਪਾਕਿਸਤਾਨ ) ਦਾ ਇਕ ਲੋਕ– ਨਾਚ ਹੈ । ਇਸ ਵਿਚ ਨੱਚਣ ਵਾਲੇ ਕੋਈ ਗੀਤ ਨਹੀਂ ਗਾਉਂਦੇ , ਬਸ ਨੱਚਦੇ ਹੀ ਰਹਿੰਦੇ ਹਨ । ਬਾਹਵਾਂ ਲਹਿਰਾ ਲਹਿਰਾ ਕੇ ਸ਼ਰੀਰ ਦੇ ਲਗਭਗ ਹਰ ਅੰਗ ਨੂੰ ਹਰਕਤ ਦਿੱਤੀ ਜਾਂਦੀ ਹੈ ਤੇ ਲੁੱਡੀ ਨੱਚਣ ਵਾਲੇ ਘੰਟਿਆਂ ਬੱਧੀ ਇਕ ਨਸ਼ੇ ਤੇ ਮਸਤੀ ਵਿਚ ਰਹਿੰਦੇ ਹਨ ਤੇ ਬਸ ਨੱਚਦੇ ਰਹਿੰਦੇ ਹਨ ।

                  ਭੰਗੜੇ ਵਾਲੇ ਲੁੱਡੀ ਦੇ ਪਿੜ ਦੇ ਵਿਕਾਰ ਵੀ ਢੋਲਚੀ ਹੁੰਦਾ ਹੈ । ਇਹ ਢੋਲ ਵਜਾਉਣਾ ਸ਼ੁਰੂ ਕਰਦਾ ਹੈ ਤਾਂ ਨੱਚਣ ਵਾਲੇ ਵਾਰੀ ਵਾਰੀ ਪੈਰ ਉਪਰ ਚੁੱਕਦੇ ਹਨ ਤੇ ਬਾਹਵਾਂ ਸਿਰ ਤੋਂ ਉੱਚੀਆਂ ਲੈ ਜਾ ਕੇ ਲਹਿਰਾਉਂਦੇ ਹਨ । ਇਨ੍ਹਾਂ ਵਿਚੋਂ ਇਕੱਲਾ ਇਕੱਲਾ ਇਕ ਅੱਡੀ ਦੇ ਭਾਰ ਬੈਠ ਕੇ ਭੁਆਟਣੀਆਂ ਲੈਂਦਾ ਹੈ ਤੇ ਇਹ ਇੰਜ ਢੋਲਚੀ ਦੇ ਦੁਆਲੇ ਘੂਕਦੇ ਰਹਿੰਦੇ ਹਨ । ਲੁੱਡੀ ਰਸਦੀ ਹੈ ਤਾਂ ‘ ਸ਼ੂੰ ਸ਼ੂੰ’ ਦੀ ਆਵਾਜ਼ ਨਾਲ ਨੱਚਣ ਵਾਲੇ ਇਕ ਰੰਗ ਬੰਨ੍ਹ ਦਿੰਦੇ ਹਨ । ਲੁੱਡੀ ਮਰਦਾਂ ਦਾ ਨਾਚ ਹੈ । ਔਰਤਾਂ ਇਸ ਵਿਚ ਸ਼ਾਮਲ ਨਹੀਂ ਹੁੰਦੀਆਂ । ਮਿੰਟਗੁਮਰੀ , ਸਰਗੋਧਾ , ਲਾਇਲਪੁਰ , ਗੁਜਰਾਂਵਾਲਾ ਤੇ ਗੁਜਰਾਤ ਦੇ ਜ਼ਿਲ੍ਹਿਆਂ ਵਿਚ ਇਹ ਲੋਕ– ਨਾਚ ਬੜਾ ਸਰਬ– ਪ੍ਰਿਯ ਤੇ ਪ੍ਰਸਿੱਧ ਹੈ ।

                  ( 5 ) ਕਿਕਲੀ : ਇਹ ਅੱਲ੍ਹੜ ਤੇ ਮਾਸੂਮ ਬਾਲੜੀਆਂ ਦਾ ਨਾਚ ਹੈ । ਬਚਪਨ , ਜਵਾਨੀ ਵਿਚ ਪੈਰ ਧਰਨ ਤੋਂ ਪਹਿਲਾਂ ਗੀਤਾਂ ਨਾਲ ਥਰਕਣ ਲੱਗ ਪੈਂਦਾ ਹੈ । ਘੂਕਦੀਆਂ ਕੁੜੀਆਂ ਦੀਆਂ ਚੁੰਨੀਆਂ ਹਵਾ ਵਿਚ ਲਹਿਰਾਉਣ ਲੱਗ ਪੈਂਦੀਆਂ , ਉਨ੍ਹਾਂ ਦੀਆਂ ਗੁੱਤਾਂ ਦੇ ਬੰਬਲ ਨੱਚ ਉਠਦੇ ਹਨ ਤੇ ਉਨ੍ਹਾਂ ਦੀਆਂ ਚੂੜੀਆਂ ਉਨ੍ਹਾਂ ਦੇ ਹਾਸਿਆਂ ਨਾਲ ਇਕ– ਸੁਰ ਹੋ ਕੇ ਇਕ ਸੁਖਾਵਾਂ ਸੰਗੀਤ ਉਤਪੰਨ ਕਰਨ ਲੱਗ ਪੈਂਦੀਆਂ ਹਨ । ਕੁੜੀਆਂ ਗਾਉਂਦੀਆਂ ਹਨ :

                                    ਕਿੱਕਲੀ ਕਲੀਰ ਦੀ , ਪੱਗ ਮੇਰੇ ਵੀਰ ਦੀ ,

                                    ਦੁਪੱਟਾ ਮੇਰੇ ਭਾਈ ਦਾ , ਫਿੱਟੇ ਮੂੰਹ ਜਵਾਈ ਦਾ ।

                  ਦੋ– ਦੋ ਕੁੜੀਆਂ ਇਕ ਦੂਜੀ ਨਾਲ ਹੱਥਾਂ ਦੀਆਂ ਕਲੰਘੜੀਆਂ ਪਾ ਕੇ ਤੇ ਆਪਣਾ ਭਾਰ ਪਿਛਾਹਾਂ ਨੂੰ ਸੁੱਟ ਕੇ ਤੇ ਪੈਰਾਂ ਨਾਲ ਪੈਰ ਜੋੜ ਕੇ ਇਕ ਚੱਕਰ ਵਿਚ ਘੂਕਣ ਲੱਗ ਪੈਂਦੀਆਂ ਹਨ । ਇਹੋ ਕਿੱਕਲੀ ਦਾ ਨਾਚ ਹੈ ।

                  ਪੰਜਾਬੀ ਲੋਕ– ਨਾਚਾਂ ਨੂੰ ਜੀਉਂਦਾ ਜੀਵਨ ਹੈ , ਖ਼ੁਸ਼ੀ ਤੇ ਜੋਸ਼ ਦੇ ਹੜ੍ਹ ਹਨ , ਰਸ ਤੇ ਹੁਲਾਸ ਦੇ ਦਰਿਆ ਹਨ ਕਿਉਂਕਿ ਇਨ੍ਹਾਂ ਦੇ ਨੱਚਣ ਵਾਲੇ ਜਬ੍ਹੇ ਵਾਲੇ ਜੀਉਂਦੇ ਜਾਗਦੇ , ਜੋਸ਼ੀਲੇ ਤੇ ਸੂਰਬੀਰ ਲੋਕ ਹਨ ਅਤੇ ਰਸਿਕ ਪ੍ਰੀਤਾਂ ਨੂੰ ਤੋੜ ਤਕ ਨਿਭਾਉਣ ਵਾਲੇ ਬੰਦੇ ਹਨ ।                                                                                                                    


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 35, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਕਿੱਕਲੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਿੱਕਲੀ : ਕਿੱਕਲੀ ਪੰਜਾਬ ਦੀਆਂ ਨਿੱਕੀਆਂ ਬੱਚੀਆਂ ਦੀ ਖੇਡ ਹੈ । ਅਸਲ ਵਿਚ ਇਸ ਨੂੰ ਨਿੱਕੀਆਂ ਕੁੜੀਆਂ ਦਾ ਨਾਚ ਹੀ ਕਹਿਣਾ ਚਾਹੀਦਾ ਹੈ । ਖੁਸ਼ੀ ਦੀ ਮੌਜ ਵਿਚ ਆ ਕੇ ਕੁੜੀਆਂ ਖੇਡਦੀਆਂ– ਖੇਡਦੀਆਂ ਇਕ ਦੂਜੇ ਦੇ ਹੱਥ ਫੜ ਕੇ ਕਿੱਕਲੀ ਮੁਟਿਆਰਾਂ ਵੀ ਕਿੱਕਲੀ ਪਾਉਂਦੀਆਂ ਹਨ । ਇਸ ਵਿਚ ਦੋ ਕੁੜੀਆਂ ਇਕ ਦੂਜੀ ਦੇ ਆਹਮਣੇ– ਸਾਹਮਣੇ ਖੜ੍ਹ ਕੇ ਇਕ ਦੂਜੀ ਦੇ ਹੱਥ ( ਸੱਜੇ ਨਾਲ ਸੱਜਾ ਤੇ ਖੱਬੇ ਨਾਲ ਖੱਬਾ ) ਘੁੱਟ ਕੇ ਫੜ ਲੈਂਦੀਆਂ ਹਨ ਤੇ ਕਈ ਵਾਰੀ ਹੱਥਾਂ ਦੀ ਕੰਘੀ ਵੀ ਪਾਂ ਲੈਂਦੀਆਂ ਹਨ ਤੇ ਫਿਰ ਆਪਣੇ ਦੋਹਾਂ ਪੈਰਾਂ ਨੂੰ ਜੋੜ ਕੇ ਪੈਰ ਇਕ ਦੂਜੀ ਦੇ ਪੈਰਾਂ ਕੋਲ ਕਰਕੇ ਆਪਣਾ ਸਾਰਾ ਭਾਰ ਪਿੱਛੇ ਨੂੰ ਸੁੱਟ ਲੈਂਦੀਆਂ ਹਨ । ਇਸ ਤਰ੍ਹਾਂ ਬਾਹਾਂ ਪੂਰੀ ਤਰ੍ਹਾਂ ਖਿੱਚੀਆਂ ਜਾਂਦੀਆਂ ਹਨ । ਫਿਰ ਬਾਹਾਂ ਦਾ ਸਹਾਰਾ ਲੈ ਕੇ ਦੋਵੇਂ ਕੁੜੀਆਂ ਇਕੱਠੀਆਂ ਹੀ ਸਰੀਰ ਨੂੰ ਇਕ ਤਾਲ ਉਤੇ ਸੱਜੇ ਪਾਸੇ ਵੱਲ ਘੁੰਮਾਦੀਆਂ ਹੋਈਆਂ ਐਸਾ ਹੁਲਾਰਾ ਲੈਂਦੀਆਂ ਹਨ ਕਿ ਵੇਖਣ ਵਾਲੇ ਨੂੰ ਉਨ੍ਹਾਂ ਦੇ ਸਰੀਰ ਇਕ ਘੁੰਮਦੇ ਲਾਟੂ ਵਾਂਗ ਨਜ਼ਰ ਆਉਂਦੇ ਹਨ । ਇਸ ਤਰ੍ਹਾਂ ਤੇਜ਼ ਰਫ਼ਤਾਰ ਵਿਚ ਭੰਬੀਰੀ ਵਾਂਗ ਘੁੰਮਦੀਆਂ ਹੋਈਆਂ ਨਾਲ– ਨਾਲ ਗੀਤ ਗਾਉਂਦੀਆਂ ਹਨ ਪਰ ਕਿੱਕਲੀ ਦੀ ਰਫ਼ਤਾਰ ਤੇਜ਼ ਹੋਣ ਨਾਲ ਗੀਤ ਦੀ ਰਫ਼ਤਾਰ ਵੀ ਤੇਜ਼ ਹੁੰਦੀ ਜਾਂਦੀ ਹੈ । ਗੀਤ ਦੇ ਨਾਲ– ਨਾਲ ਕਈ ਕੁੜੀਆਂ ਵਾਰੀ– ਵਾਰੀ ਆਪਣੇ ਹੱਥ ਨੂੰ ਕਦੇ ਸੱਜੇ ਤੇ ਕਦੇ ਖੱਬੇ ਹੱਥ ਨੂੰ ਛੱਡ ਕੇ ਰਿਦਮ ਨਾਲ ਉਤੇ ਵੱਲ ਵੀ ਉਲਰਦੀਆਂ ਹਨ । ਕਿੱਕਲੀ ਦੇ ਗੀਤਾਂ ਵਿਚ ਮੁਖ ਪਾਤਰ ਭਰਾ ਹੀ ਹੁੰਦਾ ਹੈ । ਕੁੜੀਆਂ ਦੇ ਗੀਤਾਂ ਵਿਚੋਂ ਦੀ ਖੁਸ਼ਹਾਲੀ ਤਰੱਕੀ ਅਤੇ ਵੀਰ ਦਾ ਵਿਆਹ ਆਦਿ ਦੋ ਵਿਸ਼ਿਆਂ ਵਿਚੋਂ ਭੈਣ ਦਾ ਵੀਰ ਨਾਲ ਅਤੁੱਟ ਪਿਆਰ ਪਰਗਟ ਹੁੰਦਾ ਹੈ ਜਿਵੇਂ : – –

                                    ਕਿਕਲੀ ਕਲੀਰ ਦੀ , ਪੱਗ ਮੇਰੇ ਦੀ

                                    ਦੁੱਪਟਾ ਮੇਰੇ ਭਾਈ ਦਾ , ਫਿੱਟੇ ਮੂੰਹ ਜਵਾਈ ਦਾ ।

                                                        ...........

ਇਸ ਤਰ੍ਹਾਂ : – –

                  ਹੇਠ ਵਰਗੇ ਦਰਿਆ ਉਪਰ ਮੈਂ ਖਲੀ

                  ਵੀਰ ਲਵਾਇਆ ਬਾਗ ਖਿੜ ਪਈ ਚੰਬ੍ਹਾ ਕਲੀ

                  ਚੰਬ੍ਹਾ ਨਾ ਤੋੜ ਵੀਰਾ ਮਾਰੂਗਾ ,

                  ਵੀਰ ਮੇਰਾ ਸਰਦਾਰ ਬਹਿੰਦਾ ਕੁਰਸੀ ਤੇ

                  ਭਾਬੋ ਮੇਰੀ ਪਰਾਧਨ ਬਹਿੰਦੀ ਪੀੜ੍ਹੇ ਤੇ

                                    ..............

                  ਦਿੱਲੀ ਪਿਸੋਰ ਦਾ ।

                  ਉਖਲੀ ’ ਚ ਡੇਲੇ ਵੀਰ ਮੇਰਾ ਖੇਲ੍ਹੇ ।

                  ਉਖਲੀ ’ ਚ ਦੋਣਾ ਵੀਰ ਮੇਰਾ ਸੋਹਣਾ

                  ਕਿੱਕਲੀ ਦਾ ਇਕ ਹੋਰ ਮਸ਼ਹੂਰ ਗੀਤ , ਜੋ ਪੰਜਾਬ ਦੇ ਹਰ

                  ਹਿੱਸੇ ਵਿਚ ਹਰ ਬਾਲੜੀ ਦੇ ਮੂੰਹ ਤੋਂ ਸੁਣਿਆ ਜਾ ਸਕਦਾ ਹੈ– –

                                    ਅੰਬੇ ਨੀ ਅੰਬੇ ਮੇਰੇ ਸੱਤ ਭਰਾ ਮੰਗੇ , ਇਕ ਭਰਾ ਕੁਆਰਾ

                                    ਉਹ ਡੈਮਸ ਖੇਡਣ ਵਾਲਾ ਉਹ ਡੈਮਸ ਕਿਥੇ ਖੇਲੇ ਉਹ ਲਾਹੌਰ ਸ਼ਹਿਰ ਖੇਡੇ ।

                                    ਉਹ ਲਾਹੌਰ ਸ਼ਹਿਰ ਖੇਡੇ ।

                                    ਲਾਹੌਰ ਸ਼ਹਿਰ ਉੱਚਾ ਮੈ ਧੰਨ ਪਕਾਵਾਂ ਸੁੱਚਾ

                                    ਮੇਰੇ ਮੰਨ ਨੂੰ ਲਗੇ ਮੋਤੀ , ਮੈਂ ਬਾਗ਼ਾ ਵਿਚ ਖਲੋਤੀ

                                    ਗਈ ਸਾਂ ਮੈ ਗੰਗਾ , ਚੜ੍ਹਾ ਲਿਆਈ ਵੰਗਾਂ

                                    ਸੱਸ ਨੂੰ ਦਿਖਾਉਣ ਲੱਗੀ ਸਹੁਰੇ ਕੋਲੋਂ ਸੰਗਾਂ

                                    ਅਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿੱਲੀ ਟੰਗਾ ,

                                    ਨੀ ਮੈਂ ਓਜ ਕਿੱਲੀ ਟੰਗਾਂ ਨੀ ਮੈਂ ਏਸ ਕਿੱਲੀ ਟੰਗਾਂ ।

                  ਇਸ ਤਰ੍ਹਾਂ ਹੋਰ ਵੀ ਕਈ ਗੀਤ ਕਿੱਕਲੀ ਵਿਚ ਨਿੱਕੀਆਂ ਕੁੜੀਆਂ ਗਾਉਂਦੀਆਂ ਹਨ ਪਰ ਕਈ ਗੀਤ ਕਿਸੇ ਖਾਸ ਖੇਤਰ ਵਿਚ ਹੀ ਬਹੁਤ ਪਰਸਿੱਧ ਹੁੰਦੇ ਹਨ ਜਿਵੇ : – –

                  ਪਿੱਤਲ ਦੀ ਪਰਾਤ ਪਾਣੀ ਗੰਗਦਾ ,

                  ਮੈਂ ਬਗਾਨੀ ਧੀ ਮੁੰਡਾ ਸੰਗਦਾ ।

                  ਸੋਨੇ ਦਾ ਤਵੀਤ ਕੁੰਡਾ ਵੱਲ ਕਰ ,

                  ਮੈਂ ਬਗਾਨੀ ਧੀ ਵੇ ਤੂੰ ਗੱਲ ਕਰ ।

                  ਗਾਗਰ ਭਰੀ ਅਨਾਰਾਂ ਦੀ

                  ਵੀਰ ਮੇਰਾ ਵਿਆਹੁਣ ਚਲਿਆ ,

                  ਜੰਝ ਗਈ ਸਰਦਾਰਾਂ ਦੀ – – – ਆਦਿ ।

                  ਚੱਕਰ ਵਿਚ ਘੁੰਮਣਾ , ਛੋਟੀ ਉਮਰ ਦੇ ਬੱਚਿਆਂ ਲਈ ਇਕ ਖ਼ਾਸ ਮਹੱਤਵ ਰਖਦਾ ਹੈ । ਛੋਟੇ ਬੱਚੇ ਲਾਟੂ ਨੂੰ ਘੁੰਮਦਾ ਦੇਖ ਕੇ ਜਾਂ ਭੰਬੀਰੀ ਨੂੰ ਹੱਥਾਂ ਨਾਲ ਘੁੰਮਾ ਕੇ ਇਕ ਖਾਸ ਆਨੰਦ ਮਾਣਦੇ ਹਨ ।

                  ਇਸ ਤਰ੍ਹਾਂ ਜਦੋ ਕਿਤੇ ਖੇਡਦੀਆਂ ਬਚੀਆਂ ਵਿਚੋਂ ਇਕ ਜੋਟੀ ਕਿੱਕਲੀ ਪਾਉਣ ਲੱਗ ਜਾਂਦੀ ਹੈ ਤਾਂ ਥੋੜ੍ਹੇ ਚਿਰ ਵਿਚ ਹੀ ਉਹ ਥਾਂ ਕਈ ਜੋਟੀਆਂ ਦੀ ਕਿੱਕਲੀ ਦਾ ਅਖਾੜਾ ਬਣ ਜਾਂਦਾ ਹੈ । ਕਈ ਵਾਰੀ ਛੋਟੇ ਛੋਟੇ ਮੁੰਡੇ ਤੇ ਕੁੜੀਆਂ ਮਿਲ ਕੇ ਵੀ ਕਿੱਕਲੀ ਪਾਉਂਦੇ ਹਨ । ਤੀਆਂ ਦੇ ਤਿਉਹਾਰ ਸਮੇਂ ਸੱਜ ਵਿਆਹੀਆਂ ਮੁਟਿਆਰਾਂ ਵੀ ਪੀਘਾਂ ਛੱਡ ਕੇ ਮਸਤੀ ਵਿਚ ਝੂਮਦੀਆਂ ਕਿੱਕਲੀ ਪਾਉਣ ਲਗ ਜਾਂਦੀਆਂ ਹਨ ।

                  ਹ. ਪੁ. – – ਪੰਜਾਬ ਐਮ. ਐਸ. ਰੰਧਾਵਾ; ਦੀਨਾ ਕਾਂਗੜ ( ਸਰਵੇ ਪੁਸਤਕ ) – ਭਾਸ਼ਾ ਵਿਭਾ; ਡੇਹਰਾ ਬਾਬਾ ਨਾਨਕ ( ਸਰਵੇ ਪੁਸਤਕ ) – ਭਾਸ਼ਾ ਵਿਭਾਗ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 35, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.