ਕੁਦਰਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਦਰਤ [ ਨਾਂਇ ] ਪ੍ਰਕਿਰਤੀ , ਸ੍ਰਿਸ਼ਟੀ , ਬ੍ਰਹਿਮੰਡ; ਰੱਬੀ ਤਾਕਤ , ਈਸ਼ਵਰੀ ਸ਼ਕਤੀ; ਤਾਕਤ , ਸ਼ਾਨ , ਮਹਿਮਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁਦਰਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਦਰਤ ਅ਼ ਸੰਗ੍ਯਾ— ਤ਼ਾਕ਼ਤ. ਸ਼ਕਤਿ. “ ਕੁਦਰਤਿ ਕਉਣ ਹਮਾਰੀ ? ” ( ਬਸੰ ਅ : ਮ : ੧ ) ੨ ਮਾਇਆ. ਕਰਤਾਰ ਦੀ ਰਚਨਾਸ਼ਕਤਿ. “ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ.” ( ਵਾਰ ਆਸਾ ) “ ਕੁਦਰਤਿ ਪਾਤਾਲੀ ਆਕਾਸੀ.” ( ਵਾਰ ਆਸਾ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4755, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁਦਰਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕੁਦਰਤ : ਅਰਬੀ ਮੂਲ ਦੇ ਇਸ ਸ਼ਬਦ ਦਾ ਅਰਥ ਹੈ ਸ਼ਕਤੀ , ਸਮਰਥਾ , ਤਾਕਤ । ਤੁਰਕੀ ( ਤੁਰਕਸ਼ ) ਭਾਸ਼ਾ ਵਿਚ ਇਸ ਨੂੰ ਪਰਮਾਤਮਾ ਦੀ ਸ਼ਕਤੀ ਅਥਵਾ ਸ੍ਰਿਸ਼ਟੀ ਲਈ ਵੀ ਵਰਤਿਆ ਗਿਆ ਹੈ । ‘ ਕੁਦਰਤ’ ਦੇ ਸੁਆਮੀ ਲਈ ‘ ਕਾਦਿਰ’ ਦੀ ਵਰਤੋਂ ਕੀਤੀ ਗਈ ਹੈ ।

                      ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਵਿਚੋਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਇਸ ਸ਼ਬਦ ਦੀ ਵਰਤੋਂ ਦਾਰਸ਼ਨਿਕ ਆਧਾਰ’ ਤੇ ਕਰਕੇ ਇਸ ਨੂੰ ਮਾਇਆ ਦਾ ਵਾਚਕ ਮੰਨਿਆ ਹੈ— ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ( ਗੁ.ਗ੍ਰੰ. 463 ) । ਇਥੇ ਸਾਂਖੑਯ-ਸ਼ਾਸਤ੍ਰ ਦੇ ਵਿਪਰੀਤ ਕੁਦਰਤ ( ‘ ਪ੍ਰਕ੍ਰਿਤੀ’ ) ਨੂੰ ਪ੍ਰਭੂ ਆਸ਼ਰਿਤ ਮੰਨਿਆ ਗਿਆ ਹੈ ।

                      ਗੁਰੂ ਨਾਨਕ ਦੇਵ ਜੀ ਨੇ ਇਸ ਸ਼ਬਦ ਦੀ ਵਰਤੋਂ ਸ੍ਰਿਸ਼ਟੀ ਲਈ ਕਰਦਿਆਂ ਕਿਹਾ ਹੈ ਕਿ ਪਰਮਾਤਮਾ ਸ੍ਰਿਸ਼ਟੀ ਦੀ ਰਚਨਾ ਕਰਕੇ ਫਿਰ ਉਸ ਵਿਚ ਆਪ ਹੀ ਵਸਿਆ ਹੋਇਆ ਹੈ— ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਜਾਈ ਲਖਿਆ ( ਗੁ.ਗ੍ਰੰ.469 ) ; ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ( ਗੁ.ਗ੍ਰੰ.143 ) ।

                      ਕੁਦਰਤ ਅਤਿਅੰਤ ਵਿਆਪਕ ਹੈ । ਇਸ ਦੇ ਕਲਾਵੇ ਵਿਚ ‘ ਕਾਦਿਰ’ ਨੂੰ ਛਡ ਕੇ ਹੋਰ ਸਭ ਕੁਝ ਸਮਾ ਜਾਂਦਾ ਹੈ । ਜੋ ਕੁਝ ਦਿਖਦਾ ਹੈ , ਸੁਣੀਂਦਾ ਹੈ , ਸਭ ਕਾਦਿਰ ਦੀ ਕੁਦਰਤ ਹੈ । ਪਾਤਾਲ ਤੋਂ ਲੈ ਕੇ ਆਕਾਸ਼ ਤਕ , ਸਾਰੇ ਦ੍ਰਿਸ਼ਟਮਾਨ ਆਕਾਰ ਕੁਦਰਤ ਹੈ । ਵੇਦ , ਪੁਰਾਣ , ਸਾਮੀ- ਧਰਮ ਪੁਸਤਕਾਂ ਅਤੇ ਉਨ੍ਹਾਂ ਵਿਚ ਅੰਕਿਤ ਸਾਰੇ ਵਿਚਾਰ ਕੁਦਰਤ ਹੈ । ਖਾਣ , ਪੀਣ ਦੇ ਸਾਰੇ ਸਾਧਨ ਕੁਦਰਤ ਹੈ , ਜਗਤ ਦੇ ਸਾਰੇ ਪ੍ਰੇਮ ਕੁਦਰਤ ’ ਤੇ ਆਧਾਰਿਤ ਹਨ । ਜਾਤਾਂ , ਵਸਤੂਆਂ , ਰੰਗ , ਜਗਤ ਦੇ ਜੀਵ ਸਭ ਪਰਮਾਤਮਾ ਦੀ ਕੁਦਰਤ ਦਾ ਹੀ ਸਿੱਟਾ ਹਨ । ਸੰਸਾਰ ਦੀਆਂ ਸਾਰੀਆਂ ਚੰਗਿਆਈਆਂ ਬੁਰਾਈਆਂ , ਮਾਨ ਅਪਮਾਨ ਸਭ ਕੁਦਰਤ ਦੀ ਸੀਮਾ ਵਿਚ ਹਨ । ਪੌਣ , ਪਾਣੀ , ਅਗਨੀ , ਧਰਤੀ ਅਤੇ ਮਿੱਟੀ ਆਦਿ ਸਭ ਕੁਦਰਤ ਦੇ ਹੀ ਪਰਿਣਾਮ ਹਨ— ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ਕੁਦਰਤਿ ਖਾਣਾ ਪੀਣਾ ਪੈਨ੍ਹਣੁ ਕੁਦਰਤਿ ਸਰਬ ਪਿਆਰੁ ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ( ਗੁ.ਗ੍ਰੰ.464 ) । ਗੁਰੂ ਨਾਨਕ ਦੇਵ ਜੀ ਨੇ ‘ ਆਸਾ ਕੀ ਵਾਰ ’ ਵਿਚ ਕੁਦਰਤ ਨੂੰ ਸੱਚਾ ਕਿਹਾ ਹੈ— ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ

                      ਇਥੇ ਸਪੱਸ਼ਟ ਕਰ ਦੇਣਾ ਉਚਿਤ ਹੋਵੇਗਾ ਕਿ ਇਥੇ ਗੁਰੂ ਜੀ ਦਾ ਕੁਦਰਤ ਨੂੰ ਸੱਚਾ ਕਹਿਣਾ ਵਿਵਹਾਰਿਕ ਰੂਪ ਵਿਚ ਹੈ , ਉਂਜ ਇਹ ਕੋਈ ਸੁਤੰਤਰ ਸੱਤਾ ਨਹੀਂ ਹੈ , ਨ ਹੀ ਨਿੱਤ ਅਤੇ ਅਨਾਦਿ ਹੈ । ਪਰਮਾਰਥਿਕ ਸਚ ਕੇਵਲ ਪਰਮਾਤਮਾ ਹੈ । ਕੁਦਰਤ ਦਾ ਸਿਰਜਕ ਪਰਮਾਤਮਾ ਹੈ— ਕੁਦਰਤਿ ਕਰਿ ਕੈ ਵਸਿਆ ਸੋਇ । ਇਸ ਲਈ ਕੁਦਰਤ ਵਿਵਹਾਰਿਕ ਰੂਪ ਵਿਚ ਸੱਚੀ ਹੈ , ਪਰਮਾਰਥਿਕ ਰੂਪ ਵਿਚ ਕੇਵਲ ਪਰਮਾਤਮਾ ਸੱਚਾ ਹੈ । ਉਸੇ ਦੇ ਭੈ ਵਿਚ ਕੁਦਰਤ ਦੇ ਸਾਰੇ ਅੰਸ਼ ਜਾਂ ਤੱਤ੍ਵ ਕਾਰਜ-ਸ਼ੀਲ ਹਨ । ‘ ਆਸਾ ਕੀ ਵਾਰ ’ ਵਿਚ ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਸਥਾਪਨਾ ਕੀਤੀ ਹੈ— ਭੈ ਵਿਚਿ ਪਵਣੁ ਵਹੈ ਸਦ ਵਾਉ ਭੈ ਵਿਚਿ ਚਲਹਿ ਲਖ ਦਰੀਆਉ ਭੈ ਵਿਚਿ ਅਗਨਿ ਕਢੈ ਵੇਗਾਰਿ ਭੈ ਵਿਚਿ ਧਰਤੀ ਦਬੀ ਭਾਰਿ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ਭੈ ਵਿਚਿ ਰਾਜਾ ਧਰਮੁ ਦੁਆਰੁ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ਕੋਹ ਕਰੋੜੀ ਚਲਤ ਅੰਤੁ ਭੈ ਵਿਚਿ ਸਿਧ ਬੁਧ ਸੁਰ ਨਾਥ ਭੈ ਵਿਚਿ ਆਡਾਣੇ ਆਕਾਸ ਭੈ ਵਿਚਿ ਜੋਧ ਮਹਾਬਲ ਸੂਰ ਭੈ ਵਿਚਿ ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰਿ ਲੇਖੁ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ( ਗੁ. ਗ੍ਰੰ.464 ) ।

                      ਕੁਦਰਤ ਦਾ ਵਿਧਾਨ ਅਟਲ ਹੈ , ਇਸ ਵਿਚ ਕੋਈ ਪਰਿਵਰਤਨ ਨਹੀਂ ਕਰ ਸਕਦਾ , ਕੇਵਲ ਪਰਮਾਤਮਾ ਹੀ ਇਸ ਦੀ ਵਿਵਸਥਾ ਨੂੰ ਬਦਲ ਸਕਦਾ ਹੈ । ਉਹ ਮਾਸ ਖਾਣ ਵਾਲਿਆਂ ਨੂੰ ਘਾਹ ਖਵਾ ਸਕਦਾ ਹੈ ਅਤੇ ਘਾਹ ਖਾਣ ਵਾਲਿਆਂ ਨੂੰ ਮਾਸ ਖਵਾ ਸਕਦਾ ਹੈ । ਉਹ ਨਦੀਆਂ ਵਿਚ ਟਿੱਬੇ ਵਿਖਾ ਸਕਦਾ ਹੈ ਅਤੇ ਥਲਾਂ ਨੂੰ ਅਸਗਾਹ ਸਮੁੰਦਰਾਂ ਵਿਚ ਬਦਲ ਸਕਦਾ ਹੈ । ਉਹ ਕੀੜਿਆਂ ਨੂੰ ਰਾਜਸਿੰਘਾਸਨ ਉਤੇ ਬਿਠਾ ਸਕਦਾ ਹੈ ਅਤੇ ਲਸ਼ਕਰਾਂ ਨੂੰ ਸਾੜ ਕੇ ਸੁਆਹ ਕਰ ਸਕਦਾ ਹੈ— ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ( ਗੁ.ਗ੍ਰੰ.144 ) ।

                      ‘ ਜਪੁਜੀ ’ ਦੀ 22ਵੀਂ ਅਤੇ 35ਵੀਂ ਪਉੜੀਆਂ ਵਿਚ ਕੁਦਰਤ ਦੀ ਭੂਗੋਲਿਕ ਸੀਮਾ ਨੂੰ ਸਪੱਸ਼ਟ ਕਰਦਿਆਂ ਉਸ ਨੂੰ ‘ ਅਨੰਤ ’ ਕਿਹਾ ਗਿਆ ਹੈ । ਇਸ ਤਰ੍ਹਾਂ ਕੁਦਰਤ ਅਨੰਤ , ਵਿਸ਼ਾਲ ਅਤੇ ਅਸੀਮ ਹੈ । ਉਸ ਦੀ ਵਾਸਤਵਿਕ ਸਥਿਤੀ ਕੇਵਲ ਪਰਮਾਤਮਾ ਹੀ ਜਾਣਦਾ ਹੈ— ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ( ਗੁ.ਗ੍ਰੰ.467 ) ।

                      ਸਿੱਧ ਹੈ ਕਿ ਗੁਰਬਾਣੀ ਵਿਚ ਕੁਦਰਤ ਨੂੰ ਅਨੰਤ ਮੰਨਦੇ ਹੋਇਆਂ ਉਸ ਨੂੰ ਪ੍ਰਭੁ ਦੁਆਰਾ ਸਿਰਜਿਤ ਅਤੇ ਅਨੁਸ਼ਾਸਿਤ ਮੰਨਿਆ ਗਿਆ ਹੈ । ਉਸ ਦੀ ਸੱਤਾ ਕੇਵਲ ਵਿਵਹਾਰਿਕ ਹੈ , ਪਰਮਾਰਥਿਕ ਨਹੀਂ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕੁਦਰਤ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਦਰਤ ( ਗੁਰਬਾਣੀ ਅਨੁਸਾਰ ਕੁਦਰਤਿ ) : ਸ਼ਬਦ ਗੁਰੂ ਨਾਨਕ ਸਾਹਿਬ ਨੇ ਅਰਬੀ ਭਾਸ਼ਾ ਤੋਂ ਲਿਆ ਅਤੇ ਇਸ ਨੂੰ ਦਾਰਸ਼ਨਿਕ ਮਹੱਤਵ ਅਤੇ ਅਰਥ ਪ੍ਰਦਾਨ ਕੀਤੇ ਹਨ । ਇਹ ਅਰਥ ਕੁਝ ਹੱਦ ਤਕ ਵੱਖ-ਵੱਖ ਭਾਵਾਂ ਵਿਚ ਸਦੀਆਂ ਪੁਰਾਣੇ ਭਾਰਤੀ ਸ਼ਬਦਾਂ ਪ੍ਰਕ੍ਰਿਤੀ ਅਤੇ ਮਾਯਾ ਰਾਹੀਂ ਹੀ ਦਰਸਾਏ ਜਾਂਦੇ ਰਹੇ ਹਨ । ਅਰਬੀ ਭਾਸ਼ਾ ਦੇ ਕੁਦਰਤ ਸ਼ਬਦ ਦਾ ਮੂਲ ਅਰਥ ਹੈ ਤਾਕਤ ਜਾਂ ਸ਼ਕਤੀ । ਤੁਰਕੀ ਭਾਸ਼ਾ ਵਿਚ ਇਸ ਸ਼ਬਦ ਦੇ ਅਰਥ ਹਨ ਸ਼ਕਤੀ , ਮਜ਼ਬੂਤੀ , ਪਰਮਾਤਮਾ ਦੀ ਸਰਵਸ਼ਕਤੀਮਾਨਤਾ ਅਤੇ ਰਚਨਾ । ਫ਼ਾਰਸੀ ਵਿਚ ਇਹ ਪਦ ਸ਼ਕਤੀ , ਸਮਰੱਥਾ , ਪਰਮਾਤਮਾ ਦੀ ਸੱਤਾ , ਰਚਨਾ , ਬ੍ਰਹਿਮੰਡ , ਸੁਭਾਅ ਲਈ ਵਰਤਿਆ ਜਾਂਦਾ ਰਿਹਾ ਹੈ । ਅਰਬੀ ਭਾਸ਼ਾ ਵਿਚ ਕੁਦਰਤ ਪਦ ਉਹਨਾਂ ਲਈ ਵਰਤਿਆ ਗਿਆ ਹੈ ਜੋ ਆਪਣੇ ਮਾਲਕ , ਪਰਮਾਤਮਾ , ਦੀ ਸੱਤਾ ਅਤੇ ਸ਼ਕਤੀ ਅਧੀਨ ਹਨ । ਕੁਰਾਨ ਵਿਚ ਪਰਮਾਤਮਾ ਨੂੰ ਅਲ-ਕਾਦਿਰ , ਅਲ-ਕਦੀਰ ( ਦੋਵੇਂ ਸ਼ਬਦ ਸਰਵ-ਸ਼ਕਤੀਮਾਨਤਾ ਦੇ ਅਰਥਾਂ ਵਿਚ ਹਨ ) ਅਤੇ ਅਲ-ਖ਼ਾਲਿਕ ਵਰਗੇ ਗੁਣਾਂ ਨਾਲ ਸੰਬੋਧਨ ਕੀਤਾ ਗਿਆ ਹੈ । ਗੁਰੂ ਨਾਨਕ ਦੇਵ ਜੀ ਨੇ ਕੁਦਰਤ ਪਦ ਕੁਰਾਨ ਵਿਚ ਆਏ ਪਰਮਾਤਮਾ ਦੇ ਦੋਵੇਂ ਗੁਣਾਂ , ਅਲ-ਕਾਦਿਰ ਅਤੇ ਅਲ-ਖ਼ਾਲਿਕ ਦੇ ਰੂਪ ਵਿਚ ਵਰਤਿਆ ਹੈ ।

          ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਸ਼ਕਤੀ ਦਰਸਾਉਣ ਲਈ ਕੁਦਰਤ ਪਦ ਵਰਤਿਆ ਹੈ । ਕੁਦਰਤ ਨੂੰ ਸੰਭਾਵਿਤ ਤੌਰ ਤੇ ਪ੍ਰਕ੍ਰਿਤੀ ਦੇ ਬਰਾਬਰ ਰੱਖ ਕੇ ਵੇਖਣ ਦੀ ਵੀ ਲੋੜ ਹੈ । ਭਾਰਤੀ ਦਰਸ਼ਨ ਵਿਚ ਪ੍ਰਕ੍ਰਿਤੀ ਪੁਰਸ਼ ਦੀ ਤਰ੍ਹਾਂ ਅਨਾਦਿ ਮੰਨੀ ਗਈ ਹੈ । ਗੁਰੂ ਨਾਨਕ ਦੇਵ ਜੀ ਦੀ ਸ਼ਬਦਾਵਲੀ ਵਿਚ ਫ਼ਾਰਸੀ-ਅਰਬੀ ਸਰੋਤਾਂ ਦੀ ਭਾਸ਼ਾ ਦੀ ਖੁੱਲ੍ਹੀ ਵਰਤੋਂ ਕੀਤੀ ਗਈ ਹੈ ਕਿਉਂਕਿ ਇਹ ਆਮ ਲੋਕਾਂ ਵਿਚ ਪ੍ਰਚਲਿਤ ਸੀ । ਇਸ ਭਾਸ਼ਾਈ ਵਰਤੋਂ ਨੂੰ ਉਹਨਾਂ ਦੀ ਸਹਿਨਸ਼ੀਲਤਾ ਦੀ ਭਾਵਨਾ ਵਜੋਂ ਵੀ ਵੇਖਿਆ ਜਾ ਸਕਦਾ ਹੈ । ਸਾਹਿਬ , ਪੀਰ , ਮੀਰ ਅਤੇ ਖ਼ਸਮ ਵਰਗੀਆਂ ਉਦਾਹਰਨਾਂ ਆਮ ਵੇਖੀਆਂ ਜਾ ਸਕਦੀਆਂ ਹਨ । ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਇਕ ਪਰਮ ਪੁਰਖ ਨੂੰ ਜਗਤ ਦਾ ਆਧਾਰ ਮੰਨਕੇ ਪੇਸ਼ ਕੀਤੀ ਗਈ ਹੈ । ਗੁਰੂ ਜੀ ਸਾਂਖ ਕਾਰਿਕਾ ਦੇ ਪੁਰਸ਼ ਅਤੇ ਪ੍ਰਕ੍ਰਿਤੀ ਦੀ ਦਵੈਤ ਨੂੰ ਪ੍ਰਵਾਨ ਨਹੀਂ ਕਰਦੇ । ਸਾਂਖ ਪ੍ਰਣਾਲੀ ਆਤਮ ਅਤੇ ਅਨਾਤਮ , ਜਾਂ ਮਨ ਅਤੇ ਪਦਾਰਥ ਜਾਂ ਜੀਵਨ ਅਤੇ ਪ੍ਰਕ੍ਰਿਤੀ ਦੇ ਦਵੈਤ ਦੀ ਅਨੁਸਾਰੀ ਹੈ । ਗੁਰੂ ਜੀ ਦੀ ਦਾਰਸ਼ਨਿਕ ਵਿਚਾਰਧਾਰਾ ਵਿਚ ਜਗਤ ਦਾ ਇਕ ਕਰਤਾ ਹੈ ਅਤੇ ਕੁਦਰਤ ਵਿਚ ਜੋ ਕੁਝ ਵੀ ਰਚਿਆ ਗਿਆ ਹੈ ਉਸਦੀ ਅਕਾਲ ਪੁਰਖ ਤੋਂ ਵੱਖ ਕੋਈ ਹੋਰ ਸੁਤੰਤਰ ਹੋਂਦ ਨਹੀਂ ਹੈ । ਨਾ ਹੀ ਵੈਦਿਕ ਪੁਰਸ਼ ਅਤੇ ਨਾ ਹੀ ਸਾਂਖ ਦਾ ਪੁਰਸ਼ ਇਸ ਜਗਤ ਦਾ ਰਚੈਤਾ ਜਾਂ ਪ੍ਰਬੰਧਕ ਹੈ । ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿਚ ਅਕਾਲ ਪੁਰਖ ਜਗਤ ਦਾ ਰਚੈਤਾ ਅਤੇ ਪ੍ਰਬੰਧਕ ਦੋਵੇਂ ਹਨ । ਕੁਦਰਤ ਦੀਆਂ ਵਸਤਾਂ ਅਤੇ ਕੁਦਰਤ ਦੀ ਸ਼ਕਤੀ ਨੂੰ ਰਚਿਆ ਗਿਆ ਹੈ । ਇੱਥੇ ਕੁਦਰਤ ਪਦਾਰਥਵਾਦੀ ਪ੍ਰਪੰਚ ਦੇ ਨਾਲ-ਨਾਲ ਸ਼ਕਤੀ , ਤਾਕਤ , ਮਜ਼ਬੂਤੀ , ਕਰਾਮਾਤੀ- ਕਾਰਜਵਾਦੀ ਸਰਵ-ਸ਼ਕਤੀਮਾਨ , ਪਰਮਾਤਮਾ ਦੀ ਸੱਤਾ ਵਜੋਂ ਮੰਨੀ ਜਾਂਦੀ ਹੈ । ਗੁਰੂ ਨਾਨਕ ਦੇਵ ਜੀ ਦੀ ਨਜ਼ਰ ਵਿਚ ਕੁਦਰਤ ਜਾਂ ਮਾਯਾ ਜਗਤ ਦੇ ਵੱਖ-ਵੱਖ ਰੂਪਾਂ ਵਿਚ ਪਰਪੰਚਾਂ ਦੇ ਨਾਲ-ਨਾਲ ਮਨ-ਪ੍ਰਚਾਵੇ ਦੀ ਯੋਗਤਾ ਅਤੇ ਸਮਰੱਥਾ ਦੀ ਸਾਧਨ ਹੈ । ਮਾਯਾ ਪਦ ਭੁਲੇਖੇ , ਝੁਠ , ਧੋਖੇ ਅਤੇ ਪਦਾਰਥਕ ਉਲਝਣਾਂ ਆਦਿ ਦੇ ਅਰਥਾਂ ਵਿਚ ਵੇਖਿਆ ਜਾਂਦਾ ਹੈ । ਰਚਨਾ ਦੇ ਸੰਬੰਧ ਵਿਚ ਮਾਯਾ ਨੂੰ ਪ੍ਰਤੱਖਤਾ ਦੇ ਭੁਲੇਖੇ ਜਾਂ ਮਾਇਆਜਾਲ ਵਜੋਂ ਵਰਤਿਆ ਜਾਂਦਾ ਹੈ । ਦਰਅਸਲ , ਭਾਰਤੀ ਦਰਸ਼ਨ ਵਿਚ ਮਾਯਾ ਅਜਿਹੀ ਪ੍ਰਕਿਰਿਆ ਵੱਲ ਸੰਕੇਤ ਕਰਦੀ ਹੈ ਜੋ ਕਿ ਬ੍ਰਹਿਮੰਡ ਦੀ ਹੋਂਦ ਨੂੰ ਪ੍ਰਗਟ ਕਰਦੇ ਸਮੇਂ ਵਿਜਾਤੀਅਤਾ ਵਿਚ ਏਕਤਾ ਅਤੇ ਅਨੇਕਤਾ ਵਿਚ ਸਜਾਤੀਅਤਾ ਪੇਸ਼ ਕਰਦੀ ਹੈ । ਰੂਪਾਂ ਦੀ ਅਨੇਕਤਾ ਦੀ ਬੁਝਾਰਤ ਨੂੰ ਸਮਝਣ ਲਈ ਇਹ ਇਕ ਅਜਿਹਾ ਜੁਆਬ ਹੈ , ਜਿਸ ਵਿਚ ਜਗਤ ਸਾਡੇ ਸਾਮ੍ਹਣੇ ਪ੍ਰਗਟ ਹੁੰਦਾ ਹੈ । ਪਰਮਾਤਮਾ ਆਪਣੀ ਸ਼ਕਤੀ ਦੁਆਰਾ ਪਲ ਭਰ ਵਿਚ ਹੀ ਅਣਗਿਣਤ ਰੂਪ ਪੈਦਾ ਕਰਦਾ ਹੈ- “ ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥ ” ( ਗੁ.ਗ੍ਰੰ. 519 ) ।

          ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਉੱਤਰਾ- ਧਿਕਾਰੀਆਂ ਦੀਆਂ ਰਚਨਾਵਾਂ ਵਿਚ ਕੁਦਰਤ ਨੂੰ ਭਾਰਤ ਵਿਚ ਦਿੱਤੇ ਗਏ ਅਰਥਾਂ ਵਿਚ ਹੀ ਵਰਤਦੇ ਹੋਏ ਇਸ ਨੂੰ ਦੈਵੀ ਸ਼ਕਤੀ ਮੰਨਿਆ ਗਿਆ ਹੈ । ਉਸ ਸੰਦਰਭ ਵਿਚ ਇਸ ਪਦ ਦਾ ਦਾਰਸ਼ਨਿਕ ਮਹੱਤਵ ਸੀ । ਪਰ ਇਹ ਪਦ ਅੱਜ-ਕੱਲ੍ਹ ਆਮ ਪ੍ਰਚਲਿਤ ਹੋ ਗਿਆ ਹੈ ਇਸ ਕਰਕੇ ਇਸ ਨੂੰ ਦਾਰਸ਼ਨਿਕ ਹਵਾਲੇ ਵਜੋਂ ਨਹੀਂ ਲਿਆ ਜਾਂਦਾ । ਮਾਯਾ ਨੂੰ ਵੀ ਅੱਜ-ਕੱਲ੍ਹ ਕੁਦਰਤ ਵਾਂਗ ਦਾਰਸ਼ਨਿਕ ਮਹੱਤਵ ਵਜੋਂ ਨਹੀਂ ਵੇਖਿਆ ਜਾਂਦਾ । ਕੁਝ ਸੰਦਰਭਾਂ ਵਿਚ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਨੂੰ ਰਚਨਾ ਦੇ ਅਰਥਾਂ ਵਿਚ ਵਰਤਦੇ ਹੋਏ ਕਿਹਾ ਹੈ ਕਿ ਦਿਖਾਈ ਦੇ ਰਿਹਾ ਸਭ ਕੁਝ ਦੈਵੀ ਸ਼ਕਤੀ ਦੀ ਕਿਰਿਆ ਹੈ । ਆਸਾ ਦੀ ਵਾਰ ਵਿਚਲੀ ਇਕ ਪੰਕਤੀ- “ ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥ ” ( ਗੁ.ਗ੍ਰੰ. 469 ) - ਵਿਚ ਕੁਦਰਤ ਉਸ ਨੂੰ ਕਿਹਾ ਗਿਆ ਹੈ ਜੋ ਕਿ ਦੈਵੀ ਸ਼ਕਤੀ ਦੁਆਰਾ ਰਚੀ ਹੋਈ ਹੈ ਅਤੇ ਇਹ ਸ਼ਕਤੀ ਕੁਦਰਤ ਵਿਚ ਵਿਆਪਕ ਰੂਪ ਵਿਚ ਵਿਦਮਾਨ ਹੈ । ਮਾਝ ਕੀ ਵਾਰ ਦੀ ਇਕ ਪੰਕਤੀ- “ ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ” ( ਗੁ.ਗ੍ਰੰ.143 ) - ਵਿਚ ਕੁਦਰਤ ਨੂੰ ਫਿਰ ਦੁਬਾਰਾ ਉਤਪਤੀ , ਪਰਪੰਚ ਅਤੇ ਪ੍ਰਗਟ ਜਗਤ ਕਿਹਾ ਗਿਆ ਹੈ । ਅਜਿਹੇ ਕੁਝ ਪ੍ਰਸੰਗਾਂ ਤੋਂ ਇਲਾਵਾ ਕੁਦਰਤ ਨੂੰ ਗੁਰਬਾਣੀ ਵਿਚ ਆਮ ਤੌਰ ਤੇ ਦੈਵੀ ਸ਼ਕਤੀ ਹੀ ਕਿਹਾ ਜਾਂਦਾ ਹੈ । ਭਾਰਤ ਦੇ ਆਮ ਲੋਕ ਵੀ ਇਸ ਨੂੰ ਇਸੇ ਭਾਵ ਵਿਚ ਸਮਝਦੇ ਹਨ । ਇਹ ਕੇਵਲ ਇਸੇ ਗੱਲ ਵੱਲ ਸੰਕੇਤ ਕਰਦਾ ਹੈ ਕਿ ਗੁਰੂ ਜੀ ਨੇ ਇਹ ਪਦ ਆਮ ਲੋਕਾਂ ਦੀ ਪ੍ਰਚਲਿਤ ਵਰਤੋਂ ਵਾਲਾ ਹੀ ਰੱਖਿਆ ਹੈ । ਗੁਰੂ ਜੀ ਨੇ ਇਸ ਪਦ ਦੀ ਵਰਤੋਂ ਕਿਸੇ ਅਜਿਹੇ ਦਾਰਸ਼ਨਿਕ ਆਧਾਰ ਉੱਤੇ ਨਹੀਂ ਕੀਤੀ ਜਿੱਥੇ ਇਸ ਨੂੰ ਮਾਯਾ ਨਾਲੋਂ ਵਧੇਰੇ ਤਰਜ਼ੀਹ ਦਿੱਤੀ ਜਾਂਦੀ ਸੀ । ਦਰਅਸਲ ਜਗਤ ਦੇ ਸੰਬੰਧ ਵਿਚ ਇਹਨਾਂ ਦੋਵੇਂ ਪਦਾਂ ਦੇ ਪ੍ਰਸੰਗ ਅਤੇ ਪਿਛੋਕੜ ਵੱਖ-ਵੱਖ ਹਨ । ਗੁਰਬਾਣੀ ਵਿਚ ਮਾਯਾ ਨੂੰ ਨੈਤਿਕ-ਦਾਰਸ਼ਨਿਕਤਾ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ । ਜਿੱਥੇ ਕਿਤੇ ਇਸਨੂੰ ਪਰਪੰਚ ਲਈ ਵਰਤਿਆ ਜਾਂਦਾ ਹੈ ਉੱਥੇ ਇਹ ਦੋਸ਼ਪੂਰਨ ਤਰਕ ਤੋਂ ਮੁਕਤ ਹੁੰਦੀ ਹੈ । ਕੁਦਰਤ ਨੂੰ ਨਿਰਪੱਖ ਪਦ ਵਜੋਂ ਵਰਤਿਆ ਜਾਂਦਾ ਹੈ । ਇਸ ਤਰ੍ਹਾਂ ਇਹਨਾਂ ਦੋਵੇਂ ਪਦਾਂ ਦਾ ਇਕ ਬਿੰਦੂ ਤੋਂ ਅੱਗੇ ਸਮਾਨਾਂਤਰ ਤੌਰ ਤੇ ਅਧਿਐਨ ਨਹੀਂ ਕੀਤਾ ਜਾ ਸਕਦਾ ।

          ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਯੁਗਾਂ-ਯੁਗਾਂ ਤਕ ਧੰਧੂਕਾਰ ਰੂਪੀ ਹਨੇਰਾ ਫੈਲਿਆ ਹੋਇਆ ਸੀ ਅਤੇ ਉਸ ਸਮੇਂ ਕੇਵਲ ਨਿਰੰਕਾਰ ਆਪਣੇ ਅਵਿਅਕਤ ਰੂਪ ਵਿਚ ਮੌਜੂਦ ਸੀ ( ਗੁ.ਗ੍ਰੰ.1035 ) । ਉਸ ਸਮੇਂ ਆਪਣੇ ਆਪ ਤੋਂ ਪੈਦਾ ਹੋਣ ਵਾਲੇ ਅਪ੍ਰਗਟ ਸੱਚ ਨੇ ਕੁਦਰਤ ਦੀ ਰਚਨਾ ਕੀਤੀ- “ ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ ” ( ਗੁ.ਗ੍ਰੰ. 463 ) । ਕੁਦਰਤ ਆਪਣੇ ਰਚੈਤਾ ਨਾਲ ਅੰਦਰੂਨੀ ਤੌਰ ਤੇ ਇਕਮਿਕ ਹੈ ਕਿਉਂਕਿ ਕਰਤਾ ਆਪ ਇਸ ਵਿਚ ਵਿਦਮਾਨ ਹੈ । ਇਹਨਾਂ ਦੋਵਾਂ ਨੂੰ ਸਮਾਨਾਂਤਰ ਜਾਂ ਸਮ- ਸਦੀਵੀ ਨਹੀਂ ਕਿਹਾ ਜਾ ਸਕਦਾ ।

          ਗੁਰੂ ਨਾਨਕ ਦੇਵ ਜੀ ਇਹ ਵੀ ਮੰਨਦੇ ਹਨ ਕਿ ਸ਼ਕਤੀ ਅਤੇ ਤਾਕਤ ਦੀ ਪ੍ਰਤੀਕ ਕੁਦਰਤ ਸ੍ਰਿਸ਼ਟੀ ਦੀਆਂ ਸਮੂਹ ਹਸਤੀਆਂ ਅਤੇ ਤਾਕਤਾਂ ਨੂੰ ਚਲਾਉਣ ਦਾ ਕਾਰਜ ਕਰਦੀ ਹੈ । ਭੈਅ , ਸ੍ਰਿਸ਼ਟੀ ਦੀਆਂ ਸਮੂਹ ਤਾਕਤਾਂ ਨੂੰ ਹਵਾ , ਪਾਣੀ , ਅਗਨੀ , ਧਰਤੀ , ਬੱਦਲ , ਸੂਰਜ , ਚੰਦਰਮਾ , ਆਕਾਸ਼ ਦੇ ਨਾਲ-ਨਾਲ ਸਿਧਾਂ , ਬੌਧਾਂ ਅਤੇ ਯੋਗੀਆਂ ਜਾਂ ਨਾਇਕਾਂ ਅਤੇ ਸੂਰਬੀਰ ਜੋਧਿਆਂ ਅਤੇ ਆਮ ਵਿਅਕਤੀਆਂ ਆਦਿ ਦੀ ਤਰ੍ਹਾਂ ਕਾਬੂ ਵਿਚ ਰੱਖਦਾ ਹੈ ( ਗੁ.ਗ੍ਰੰ. 461 ) ।

          ਗੁਰੂ ਗ੍ਰੰਥ ਸਾਹਿਬ ਵਿਚ ਸ੍ਰਿਸ਼ਟੀ ਨੂੰ ਅਸਲ , ਸੱਚ , ਤਾਕਤਵਰ , ਵਿਸ਼ਾਲ , ਅਦਭੁਤ ਅਤੇ ਹੁਕਮ ਵਿਚ ਰਹਿਣ ਵਾਲੀ ਮੰਨਿਆ ਗਿਆ ਹੈ । ਇਸ ਤਰ੍ਹਾਂ ਗੁਰੂ ਪਰੰਪਰਾ ਵਿਚ ਇਹਨਾਂ ਸ਼ਕਤੀਆਂ ਅਤੇ ਪ੍ਰਕਿਰਤੀ ਦੇ ਪ੍ਰਗਟਾਵਿਆਂ ਦੀ ਜੀਵੰਤਤਾ ਮਾਨਵੀਕਰਨ ਜਾਂ ਦੈਵੀਕਰਨ ਵੱਲ ਕੋਈ ਝੁਕਾਅ ਨਹੀਂ ਜਿਵੇਂ ਕਿ ਇਹਨਾਂ ਨੂੰ ਵੈਦਿਕ ਦੇਵਤਿਆਂ ਜਾਂ ਯੂਨਾਨੀ ਮਿਥਿਹਾਸ ਵਿਚ ਪੇਸ਼ ਕੀਤਾ ਗਿਆ ਹੈ । ਕਿਸੇ ਵੀ ਰੂਪ ਵਿਚ ਕੁਦਰਤ ਦੀ ਪੂਜਾ ਦੀ ਸਿੱਖ ਧਰਮ ਵਿਚ ਅਣਹੋਂਦ ਹੈ । ਕੁਦਰਤ ਦੀਆਂ ਸਮੂਹ ਸ਼ਕਤੀਆਂ ਜਿਵੇਂ ਹਵਾ , ਪਾਣੀ , ਅਗਨੀ , ਸਮੂਹ ਦੇਵਤੇ ਜਿਵੇਂ ਸ਼ਿਵ , ਬ੍ਰਹਮਾ ਅਤੇ ਵਿਸ਼ਣੂ , ਪਰਬਤਾਂ ਅਤੇ ਸਮੁੰਦਰਾਂ ਜਿਹੀਆਂ ਹਸਤੀਆਂ ਨੂੰ ਸੋਦਰ ਬਾਣੀ ਦੀ ਬੇਮਿਸਾਲ ਸੁਹਜ-ਭਰਪੂਰ ਅਤੇ ਵਿਚਾਰਧਾਰਕ ਪਉੜੀ ਵਿਚ ਪਰਮਾਤਮਾ ਦੀ ਉਸਤਤ ਅਤੇ ਉਸਦੀ ਇੱਛਾ ਅਨੁਸਾਰ ਏਕਤਾ ਵਿਚ ਕਾਰਜ ਕਰਦੇ ਵਿਖਾਇਆ ਗਿਆ ਹੈ । ਇਹ ਕਦੇ ਕਦਾਈਂ ਨਹੀਂ ਹੁੰਦਾ ਕਿ ਕੁਝ ਹਿਦਾਇਤਾਂ ਜਾਂ ਪ੍ਰੇਰਨਾਵਾਂ ਕੁਦਰਤ ਅਤੇ ਬ੍ਰਹਿਮੰਡ ਦੇ ਹੋਂਦ ਪੂਰਕ ਅਤੇ ਅਨੁਮਾਨਿਤ ਹੋਂਦ ਪੂਰਕ ਵੱਖ-ਵੱਖ ਸੰਬੰਧਾਂ ਤੋਂ ਲਈਆਂ ਗਈਆਂ ਹੋਣ । ਪਰ ਇਹ ਕਾਵਿਕ ਕਲਪਨਾ ਵੱਲ ਰੁਝਾਨ ਰੱਖਦੀਆਂ ਹਨ , ਨਾ ਕਿ ਦਰਸ਼ਨ ਜਾਂ ਧਰਮ ਸ਼ਾਸਤਰ ਵੱਲ ।

          ਪਰਮਾਤਮਾ ਦੀ ਹੋਂਦ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਸਬੂਤ ਪੇਸ਼ ਨਹੀਂ ਕੀਤੇ ਅਤੇ ਇਹਨਾਂ ਨੂੰ ਸਵੈ ਅਨੁਭਵ ਦੇ ਆਧਾਰ ਤੇ ਹੀ ਮੰਨਿਆ ਗਿਆ ਹੈ ਪਰ ਕਿਤੇ-ਕਿਤੇ ਬ੍ਰਹਿਮੰਡੀ ਸੱਚਾਈ ਅਤੇ ਕੁਦਰਤ ਨੂੰ ਸਰਵਉੱਚ ਚੇਤਨਤਾ ਦੀ ਹੋਂਦ ਦੇ ਸਬੂਤ ਵਜੋਂ ਦ੍ਰਿਸ਼ਟਮਾਨ ਪਰਪੰਚ ਪਿੱਛੇ ਕਾਰਜ ਕਰਨ ਦੇ ਹਵਾਲੇ ਮਿਲਦੇ ਹਨ । ਲੀਲਾ , ਪਸਾਰਾ , ਰਚਨਾ ਸੁੰਨ ਤੋਂ ਉਤਪੰਨ ਹੋਏ ਹਨ; ਸੁੰਨ ਉਹ ਹੈ ਜਿਸ ਵਿਚ ਪਰਮ-ਸੱਤਾ ਭਰਪੂਰ ਹੈ । ( ਗੁ.ਗ੍ਰੰ. 1037 )


ਲੇਖਕ : ਗ.ਸ.ਤ. ਅ ਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4585, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.