ਕੁੰਭ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਭ [ ਨਾਂਪੁ ] ਮਿੱਟੀ ਦਾ ਘੜਾ , ਮਟਕਾ; ( ਜੋਤਸ਼ ) ਇੱਕ ਰਾਸ਼ੀ; ਬਾਰਾਂ ਸਾਲਾਂ ਬਾਅਦ ਆਉਣ ਵਾਲ਼ਾ ਹਿੰਦੂ ਧਰਮ ਦਾ ਇੱਕ ਤਿਉਹਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1501, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੰਭ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਭ . ਸੰ. ਸੰਗ੍ਯਾ— ਘੜਾ. ਕਲਸ਼. “ ਕੁੰਭੇ ਬਧਾ ਜਲੁ ਰਹੈ , ਜਲ ਬਿਨੁ ਕੁੰਭ ਨ ਹੋਇ.” ( ਵਾਰ ਆਸਾ ) ੨ ਹਾਥੀ ਦੇ ਮੱਥੇ ਪੁਰ ਘੜੇ ਜੇਹਾ ਉਭਰਿਆ ਹੋਇਆ ਹਿੱਸਾ. “ ਕਟ ਕਟ ਗਿਰੇ ਗਜਨ ਕੁੰਭਸਥਲ । ” ( ਪਾਰਸਾਵ ) ੩ ਚੌਸਠ ਸੇਰ ਭਰ ਵਜ਼ਨ । ੪ ਗਿਆਰਵੀਂ ਰਾਸ਼ਿ , ਜਿਸ ਦੇ ਨਛਤ੍ਰਾਂ ਦਾ ਆਕਾਰ ਘੜੇ ਤੁੱਲ ਹੈ. Aquarius । ੫ ਯੋਗਸ਼ਾਸਤ੍ਰ ਅਨੁਸਾਰ ਪ੍ਰਾਣਾਯਾਮ ਦੀ ਇੱਕ ਰੀਤਿ , ਜਿਸ ਕਰਕੇ ਪ੍ਰਾਣ ਠਹਿਰਾਈਦੇ ਹਨ. ਕੁੰਭਕ. “ ਰੇਚਕ ਪੂਰਕ ਕੁੰਭ ਕਰੈ.” ( ਪ੍ਰਭਾ ਅ : ਮ : ੧ ) ਦੇਖੋ , ਕੁੰਭਕ । ੬ ਭਵਿ੄਴ਤਪੁਰਾਣ ਅਨੁਸਾਰ ਇੱਕ ਦੈਤ , ਜਿਸ ਨੂੰ ਦੁਰਗਾ ਨੇ ਮਾਰਿਆ. “ ਕੁੰਭ ਅਕੁੰਭ ਸੇ ਜੀਤ ਸਭੈ ਜਗ.” ( ਵਿਚਿਤ੍ਰ ) ੭ ਕੁੰਭਕਰਣ ਦਾ ਇੱਕ ਪੁਤ੍ਰ । ੮ ਵੇਸ਼੍ਯਾ ਦਾ ਪਤਿ । ੯ ਗੁੱਗਲ. ਦੇਖੋ , ਗੁੱਗਲ । ੧੦ ਇੱਕ ਪਰਵ. ਸਕੰਦਪੁਰਾਣ ਵਿੱਚ ਕਥਾ ਹੈ ਕਿ ਜਦ ਦੇਵ ਦੈਤਾਂ ਨੇ ਮਿਲਕੇ ਖੀਰਸਮੁੰਦਰ ਰਿੜਕਿਆ , ਤਾਂ ਚੌਦਾਂ ਰਤਨ ਨਿਕਲੇ , ਜਿਨ੍ਹਾਂ ਵਿੱਚ ਅਮ੍ਰਿਤ ਦੇ ਕੁੰਭ ( ਘੜੇ ) ਸਹਿਤ ਨਿਕਲੇ ਧਨੰਤਰ ( ਧਨ੍ਵੰਤਰਿ ) ਦੀ ਗਿਣਤੀ ਹੈ. ਧਨੰਤਰ ਨੇ ਅਮ੍ਰਿਤ ਦਾ ਘੜਾ ਇੰਦ੍ਰ ਨੂੰ ਦਿੱਤਾ , ਇੰਦ੍ਰ ਨੇ ਆਪਣੇ ਪੁਤ੍ਰ ਜਯੰਤ ਨੂੰ ਦੇ ਕੇ ਆਖਿਆ ਕਿ ਘੜੇ ਨੂੰ ਸੁਰਗ ਵਿੱਚ ਲੈਜਾ. ਜਦ ਜਯੰਤ ਕੁੰਭ ਲੈ ਕੇ ਤੁਰਿਆ , ਤਾਂ ਦੈਤਾਂ ਦੇ ਗੁਰੂ ਸ਼ੁਕ੍ਰ ਨੇ ਹੁਕਮ ਦਿੱਤਾ ਕਿ ਘੜਾ ਖੋਹ ਲਓ. ਦੇਵਤਿਆਂ ਅਤੇ ਦੈਤਾਂ ਦਾ ਬਾਰਾਂ ਦਿਨ ਘੋਰ ਯੁੱਧ ਹੋਇਆ. ਘੜੇ ਦੀ ਖੋਹਾ ਖੋਹੀ ਵਿੱਚ ਚਾਰ ਥਾਈਂ ( ਹਰਿਦ੍ਵਾਰ , ਪ੍ਰਯਾਗ , ਨਾਸਿਕ , ਉੱਜੈਨ ) ਕੁੰਭ ਵਿੱਚੋਂ ਅਮ੍ਰਿਤ ਡਿਗਿਆ , ਇਸ ਲਈ ਚਾਰੇ ਥਾਂ ਕੁੰਭਮੇਲਾ ਹੁੰਦਾ ਹੈ. ਦੇਵਤਿਆਂ ਦੇ ਬਾਰਾਂ ਦਿਨ ਮਨੁੱਖਾਂ ਦੇ ਬਾਰਾਂ ਵਰ੍ਹੇ ਬਰੋਬਰ ਹਨ , ਇਸ ਕਾਰਣ ਬਾਰਾਂ ਵਰ੍ਹੇ ਪਿੱਛੋਂ , ਹਰੇਕ ਥਾਂ ਕੁੰਭਪਰਵ ਹੋਇਆ ਕਰਦਾ ਹੈ.

( ੳ ) ਵ੍ਰਿਹਸਪਤਿ ਕੁੰਭ ਰਾਸ਼ਿ ਵਿੱਚ ਅਤੇ ਸੂਰਜ ਮੇਖ ਰਾਸ਼ਿ ਵਿੱਚ ਹੋਵੇ ਤਾਂ ਹਰਿਦ੍ਵਾਰ ( ਗੰਗਾ ) ਤੇ ਕੁੰਭਪਰਵ ਹੁੰਦਾ ਹੈ.

( ਅ ) ਅਮਾਵਸ੍ਯਾ ਨੂੰ ਵ੍ਰਿਹਸਪਤਿ ਮੇਖ ਰਾਸ਼ਿ ਵਿੱਚ , ਚੰਦ੍ਰਮਾ ਅਤੇ ਸੂਰਜ ਮਕਰ ਰਾਸ਼ਿ ਵਿੱਚ ਹੋਣ ਤੋਂ ਪ੍ਰਯਾਗ ਦਾ ਕੁੰਭ ਹੁੰਦਾ ਹੈ.

( ੲ ) ਵ੍ਰਿਹਸਪਤਿ ਚੰਦ੍ਰਮਾ ਅਤੇ ਸੂਰਜ ਅਮਾਵਸ੍ਯਾ ਨੂੰ ਕਰਕ ਰਾਸ਼ਿ ਵਿੱਚ ਆਉਣ ਤੋਂ ਗੋਦਾਵਰੀ ( ਨਾਸਿਕ ) ਪੁਰ ਕੁੰਭਪਰਵ ਹੋਇਆ ਕਰਦਾ ਹੈ.

( ਸ ) ਸੂਰਜ , ਚੰਦ੍ਰਮਾ ਅਤੇ ਵ੍ਰਿਹਸਪਤਿ ਕੁੰਭ ਰਾਸ਼ਿ ਵਿੱਚ ਅਮਾਵਸ੍ਯਾ ਨੂੰ ਆਉਣ ਤੋਂ ਧਾਰਾ ( ਉੱਜੈਨ ) ਦਾ ਕੁੰਭ ਹੁੰਦਾ ਹੈ. ਦੇਖੋ , ਕੁੰਭਿ. “ ਕੁੰਭਿ ਜੌ ਕੇਦਾਰ ਨ੍ਹਾਈਐ.” ( ਰਾਮ ਨਾਮਦੇਵ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.