ਕੁੱਤਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਤਾ ( ਨਾਂ , ਪੁ ) 1 ਹਲਟ ਦੀ ਛੋਟੀ ਚੱਕਲੀ ਦੇ ਬੂੜੀਆਂ ਵਿੱਚ ਅੜ ਕੇ ਹਲਟ ਨੂੰ ਪੁੱਠਾ ਗਿੜਨ ਤੋਂ ਰੋਕ ਕੇ ਰੱਖਣ ਵਾਲੀ ਅੜਤਲ 2 ਰਾਖੀ ਵਜੋਂ ਘਰ ਵਿੱਚ ਰੱਖਿਆ ਜਾਣ ਵਾਲਾ ਪਾਲਤੂ ਚੌਪਾਇਆ ਜਾਨਵਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁੱਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਤਾ [ ਨਾਂਪੁ ] ਇੱਕ ਪਾਲਤੂ ਜਾਨਵਰ , ਕੂਕਰ; ਭੈੜਾ ਆਦਮੀ; ਖੂਹ ਨੂੰ ਪੁੱਠਾ ਗਿੜਨ ਤੋਂ ਰੋਕਣ ਵਾਲ਼ੀ ਲੋਹੇ ਦੀ ਪੱਤੀ ਜਾਂ ਅੜਤਲ; ਬੰਦੂਕ ਦਾ ਘੋੜਾ; ਸੇਵੀਆਂ ਵੱਟਣ ਵਾਲ਼ੀ ਛੋਟੀ ਮਸ਼ੀਨ; ਇੱਕ ਗਾਲ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5841, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੱਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਤਾ ਦੇਖੋ , ਕੁਤਾ ਕੁਤੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੱਤਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕੁੱਤਾ : ਇਹ ਪ੍ਰਾਚੀਨ ਸਮੇਂ ਤੋਂ ਪਰਿਚਤ ਪਾਲਤੂ ਅਤੇ ਵਫ਼ਾਦਾਰ ਪ੍ਰਾਣੀ ਜਾਣਿਆ ਜਾਂਦਾ ਹੈ । ਇਹ ਥਣਧਾਰੀ ਪ੍ਰਾਣੀਆਂ ਦੀ ਕੈਨਿਡੀ ਕੁਲ ਦੀ ਕੈਨਿਸ ਪ੍ਰਜਾਤੀ ਵਿਚੋਂ ਹੈ ।

                  ਕੁੱਤਿਆਂ ਦੀਆਂ ਬਹੁਤ ਸਾਰੀਆਂ ਜੰਗਲੀ ਜਾਤੀਆ ਹੁਣ ਵੀ ਜੰਗਲਾਂ ਵਿਚ ਮਿਲਦੀਆਂ ਹਨ ਜਿਨ੍ਹਾਂ ਵਿਚੋਂ ਆਸਟ੍ਰੇਲੀਆ ਦੇ ਆਸਟ੍ਰੇਲੀਅਨ ਡਿੰਗੋ , ਭਾਰਤ ਦੇ ਸੋਨਹਾ ਜਾਂ ਡੋਲ ਅਤੇ ਅਫ਼ਰੀਕਾ ਦੇ ਜੰਗਲੀ ਕੁੱਤੇ ਪ੍ਰਸਿੱਧ ਹਨ । ਇਨ੍ਹਾਂ ਜਾਤੀਆਂ ਨੂੰ ਮਨੁੱਖ ਅਜੇ ਤਕ ਪਾਲਤੂ ਨਹੀਂ ਬਣਾ ਸਕਿਆ ।

                  ਸੰਸਾਰ ਦੇ ਸਭ ਭਾਗਾਂ ਵਿਚ ਕੁੱਤੇ ਪਾਲੇ ਜਾਂਦੇ ਹਨ । ਇਹ ਕੰਮ ਕਦੋਂ ਤੋਂ ਸ਼ੁਰੂ ਹੋਇਆ , ਇਸ ਬਾਰੇ ਚੰਗੀ ਤਰ੍ਹਾਂ ਪਤਾ ਨਹੀਂ ਲਗਦਾ । ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਕੁੱਤੇ ਦਾ ਵਿਕਾਸ ਬਘਿਆੜ ਅਤੇ ਗਿੱਦੜ ਤੋਂ ਹੋਇਆ ਹੈ । ਪਹਿਲਾਂ ਬਘਿਆੜ ਪਾਲਤੂ ਰਖਿਆ ਗਿਆ , ਫਿਰ ਬਘਿਆੜ ਅਤੇ ਗਿੱਦੜ ਦੇ ਮੇਲ ਤੋਂ ਕੁੱਤੇ ਦੀਆਂ ਜਾਤੀਆਂ ਨਿਕਲੀਆਂ । ਇਸੇ ਕਰਕੇ ਕੁੱਤੇ ਦੇ ਦੰਦ ਬਘਿਆੜ ਨਾਲ ਮਿਲਦੇ ਜੁਲਦੇ ਹਨ । ਪੇਲੀਓਲਿਥਿਕ ਯੁਗ ਦੀਆ ਗੁਫ਼ਾਵਾਂ ਤੇ ਚਿਤਰਾਂ ਵਿਚ , ਜੋ ਲਗਭਗ 50 ਹਜ਼ਾਰ ਸਾਲ ਪੁਰਾਣੇ ਮੰਨੇ ਜਾਂਦੇ ਹਨ , ਕੁੱਤਿਆਂ ਵਰਗੇ ਚਿਤਰ ਮਿਲਦੇ ਹਨ । ਇਹ ਚਿਤਰ ਕੁੱਤੇ ਜਾਂ ਬਘਿਆੜ ਦੋਹਾਂ ਦੇ ਹੋ ਸਕਦੇ ਹਨ ।

                  ਇਨ੍ਹਾਂ ਗੁਫ਼ਾਵਾਂ ਦੇ ਕਈ ਹੋਰ ਚਿਤਰਾਂ ਤੋਂ ਪਤਾ ਲਗਦਾ ਹੈ ਕਿ ਯੂਰਪ ਦੇ ਨਵਪੱਥਰ ਦਾ ਯੁਗ ਦੇ ਆਦਿ ਮਨੁੱਖ ਬਘਿਆੜ ਵਰਗੇ ਕੁਝ ਪ੍ਰਾਣੀ ਆਪਣੇ ਨਾਲ ਰਖਦੇ ਸਨ । ਸੰਭਵ ਹੈ ਕਿ ਉਹ ਪ੍ਰਾਣੀ ਅਜੋਕੇ ਕੁੱਤਿਆਂ ਦੇ ਵੱਡ ਵਡੇਰੇ ( ਪੂਰਵਜ ) ਹੋਣ । ਇਸੇ ਤਰ੍ਹਾਂ ਕਾਂਸੀ-ਯੁਗ ਅਤੇ ਲੋਹ-ਯੁਗ ਵਿਚ ਵੀ ਉਥੋਂ ਦੇ ਆਦਿ ਵਾਸੀਆਂ ਕੋਲ ਕੁੱਤਿਆਂ ਦੀ ਹੋਂਦ ਦਾ ਪਤਾ ਲਗਦਾ ਹੈ ।

                  ਮਿਸਰ ਦੇਸ਼ ਵਿਚ ਚਾਰ-ਪੰਜ ਹਜ਼ਾਰ ਸਾਲ ਪੂਰਵ ਦੇ ਚਿਤਰਾਂ ਤੋਂ ਕੁੱਤਿਆਂ ਦੀਆਂ ਕਈ ਜਾਤੀਆਂ ਦਾ ਪਤਾ ਲਗਦਾ ਹੈ , ਜਿਨ੍ਹਾਂ ਵਿਚ ਲੰਬੀਆਂ ਟੰਗਾਂ ਵਾਲੇ ਗ੍ਰੇ ਹਾਊਂਡ ਅਤੇ ਛੋਟੀਆਂ ਟੰਗਾਂ ਵਾਲੇ ਟੈਰਿਅਰ ਕੁੱਤੇ ਪ੍ਰਮੁੱਖ ਹਨ । ਲਗਭਗ 600 ਈ. ਪੂ. ਵਿਚ ਅਸੀਰੀਆ ਦੇ ਲੋਕ ਮੈਸਟਿਫ ਜਾਤੀ ਦੇ ਕੁੱਤੇ ਪਾਲਦੇ ਸਨ । ਯੂਨਾਨ ਅਤੇ ਰੋਮ ਦੇ ਪ੍ਰਾਚੀਨ ਸਾਹਿਤ ਤੋਂ ਪਤਾ ਲਗਦਾ ਹੈ ਕਿ ਇਥੋਂ ਦੇ ਲੋਕੀਂ ਵੀ ਕੁੱਤੇ ਪਾਲਣ ਵਿਚ ਕਿਸੇ ਤੋਂ ਪਿਛੇ ਨਹੀਂ ਸਨ । ਸਾਡੇ ਦੇਸ਼ ਵਿਚ ਵੀ ਮਹਾਭਾਰਤ ਆਦਿ ਪ੍ਰਾਚੀਨ ਗ੍ਰੰਥਾਂ ਵਿਚ ਕੁੱਤਿਆਂ ਦਾ ਜ਼ਿਕਰ ਆਉਂਦਾ ਹੈ । ਸਵਿਟਜ਼ਰਲੈਂਡ ਅਤੇ ਆਇਰਲੈਂਡ ਦੇ ਆਦਿਵਾਸੀ ਵੀ ਸ਼ਿਕਾਰ ਅਤੇ ਰਾਖੀ ਲਈ ਕੁੱਤੇ ਪਾਲਦੇ ਸਨ ਅਤੇ ਉਨ੍ਹਾਂ ਦਾ ਮਾਸ ਵੀ ਖਾਂਦੇ ਸਨ ।

                  ਆਮ ਲੱਛਣ ਅਤੇ ਕੁਝ ਖਾਸ ਅਨੁਕੂਲਤਾਵਾਂ– – ਕੁੱਤਾ ਬਘਿਆੜ ਵਰਗਾ ਸ਼ਿਕਾਰੀ ਜਾਨਵਰ ਹੈ । ਇਸ ਦੇ ਸਰੀਰ ਦੀ ਬਣਤਰ ਅਜਿਹੀ ਹੁੰਦੀ ਹੈ ਕਿ ਕਾਫ਼ੀ ਫੁਰਤੀ ਨਾਲ ਦੌੜ ਸਕਦਾ ਹੈ । ਇਸ ਦੇ ਦੰਦ-ਸ਼ਿਕਾਰ ਨੂੰ ਪਾੜ ਸਕਣ ਅਤੇ ਪਕੜ ਕੇ ਰੱਖਣ ਲਈ ਸਮਰੱਥ ਹੁੰਦੇ ਹਨ । ਕੁੱਤਾਂ ਮਾਸਾਹਾਰੀ ਪ੍ਰਾਣੀ ਹੈ ।

                  ਕੁੱਤਾ ਆਮ ਤੌਰ ਤੇ ਘੋੜੇ ਵਾਂਗ ਦੌੜਦਾ ਹੈ । ਇਹ ਪਹਿਲਾਂ ਅਗਲੀ ਸੱਜੀ ਅਤੇ ਪਿਛਲੀ ਖੱਬੀ ਲੱਤ ਅਗੇ ਕਰਕੇ ਅਤੇ ਫਿਰ ਦੂਜੀਆਂ ਦੋਵੇਂ ਅਗੇ ਕਰਕੇ ਤੁਰਦਾ ਹੈ ।

                  ਦੰਦ– – ਕੁੱਤੇ ਵਿਚ ਦੰਦਾਂ ਦਾ ਪਹਿਲਾਂ ਇਕ ਅਸਥਾਈ ਸੈੱਟ ਨਿਕਲਦਾ ਹੈ । ਇਨ੍ਹਾਂ ਨੂੰ ਦੁੱਧ-ਦੰਦ ਵੀ ਕਹਿੰਦੇ ਹਨ । ਤਕਰੀਬਨ ਪੰਜ ਮਹੀਨੇ ਦੀ ਉਮਰ ਵਿਚ ਇਨ੍ਹਾਂ ਅਸਥਾਈ ਦੰਦਾਂ ਦੀ ਥਾਂ ਸਥਾਈ ਦੰਦ ਆ ਜਾਂਦੇ ਹਨ । ਸਥਾਈ ਦੰਦ 42 ਹੁੰਦੇ ਹਨ । ਇਨ੍ਹਾਂ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ : ਮਖ਼ਲੇ , ਚੋਭਣ ਅਤੇ ਕੱਟਣ ਲਈ , ਸੂਏ , ਮਾਸ ਨੂੰ ਪਾੜਨ ਅਤੇ ਟੁਕੜੇ ਕਰਨ ਲਈ , ਪ੍ਰੀਮੋਲਰ ਅਤੇ ਮੋਲਰ ਦੰਦ , ਕੁਤਰਨ ਅਤੇ ਚਿੱਥਣ ਲਈ ਵਰਤੇ ਜਾਂਦੇ ਹਨ । ਸੂਏ ਅਰਥਾਤ ਕੈਨਾਈਨ ਉਪਰਲੇ ਅਤੇ ਹੇਠਲੇ ਤਿੱਖੇ ਦੰਦ ਹਨ ਜਿਨ੍ਹਾਂ ਕਰਕੇ ਇਨ੍ਹਾਂ ਦੀ ਕੁਲ ਦਾ ਨਾਂ ਕੈਨਿਡੀ ਪਿਆ ਹੈ ।

                  ਝਗੜਾਲੂ ਵਿਹਾਰ– – ਜਦੋਂ ਦੋ ਅਜਨਬੀ ਨਰ ਕੁੱਤੇ ਇਕ ਦੂਜੇ ਦੇ ਨੇੜੇ ਆਉਂਦ ਹਨ ਤਾਂ ਇਨ੍ਹਾਂ ਦੀਆਂ ਪੂਛਾਂ ਉਪਰ ਵਲ ਸਿੱਧੀਆਂ ਖੜੀਆਂ ਹੁੰਦੀਆ ਹਨ ਅਤੇ ਪੂਛ ਦੇ ਹਿੱਸੇ ਨੂੰ ਸੁੰਘਕੇ ਇਕ ਦੂਜੇ ਦੀ ਪਛਾਣ ਕਰਦੇ ਜਾਪਦੇ ਹਨ । ਜੇ ਲੜਾਈ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਇਕ ਦੂਜੇ ਉਤੇ ਟੁੱਟ ਕੇ ਪੈ ਜਾਂਦੇ ਹਨ , ਵੱਢਦੇ ਹਨ ਅਤੇ ਇਕ ਦੂਜੇ ਨੂੰ ਘੁਰ ਘੁਰ ਕਰਕੇ ਘੂਰਦੇ ਹਨ । ਲੜਾਈ ਉਦੋਂ ਖ਼ਤਮ ਹੁੰਦੀ ਹੈ ਜਦੋਂ ਇਕ ਭੱਜ ਜਾਵੇ ਜਾਂ ਆਪਣੇ ਆਪ ਨੂੰ ਦੂਜੇ ਦੇ ਹਵਾਲੇ ਕਰ ਦੇਵੇ । ਹਾਰਿਆ ਕੁੱਤਾ ਆਪਣੀ ਪਿੱਠ ਦੇ ਭਾਰ ਲਿਟਦਾ ਹੈ ਅਤੇ ਪੰਜੇ ਉਪਰ ਨੂੰ ਕਰਕੇ ਚੀਕਦਾ ਹੈ । ਜਿੱਤਿਆ ਹੋਇਆ ਕੁੱਤਾ ਦੂਜੇ ਦੇ ਉਪਰ ਖੜਾ ਹੋ ਜਾਂਦਾ ਹੈ ਤੇ ਉਸ ਨੂੰ ਡਰਾਉਂਦਾ ਹੈ । ਜੇ ਪਹਿਲਾਂ ਹੀ ਇਸ ਦੀ ਜਿੱਤ ਮੰਨ ਲਈ ਗਈ ਹੋਵੇ ਤਾਂ ਜਿੱਤਿਆ ਹੋਇਆ ਕੁੱਤਾ ਆਪਣੇ ਪੰਜੇ ਦੂਜੇ ਦੀ ਪਿੱਠ ਉਤੇ ਰੱਖਕੇ ਭੌਂਕਦਾ ਹੈ , ਉਦੋਂ ਹਾਰਿਆ ਹੋਇਆ ਕੁੱਤਾ ਆਪਣੀ ਪੂਛ ਹੇਠ੍ਹਾਂ ਰੱਖਦਾ ਹੈ ।

                  ਮੈਥੁਨ ਅਤੇ ਬੱਚਿਆਂ ਦੀ ਦੇਖ ਭਾਲ– – ਮੈਥੁਨ ਸਮੇਂ ਕੁੱਤੇ ਇਕ ਖ਼ਾਸ ਪ੍ਰਗਟਾਵਾ ਕਰਦੇ ਹਨ । ਇਹ ਆਪਣੇ ਅਗਲੇ ਪੰਜੇ ਫੈਲਾਕੇ ਤੇ ਸਿਰ ਇਕ ਪਾਸੇ ਕਰਕੇ ਦੂਜੇ ਦੀ ਖੁਸ਼ਾਮਦ ਕਰਦੇ ਹਨ; ਫਿਰ ਆਪਣੀਆਂ ਅਗਲੀਆਂ ਲੱਤਾਂ ਇਕ ਦੂਜੇ ਦੀ ਗਰਦਨ ਵਿਚ ਪਾ ਕੇ ਕੁਸ਼ਤੀ ਸ਼ੁਰੂ ਕਰਦੇ ਹਨ । ਇਸ ਤੋਂ ਬਾਅਦ ਇਹ ਭੱਜਦੇ , ਇਕ ਦੂਜੇ ਦਾ ਪਿੱਛਾ ਕਰਦੇ ਤੇ ਅਖੀਰ ਮੈਥੁਨ ਕਰਦੇ ਹਨ । ਮੈਥੁਨ ਤੋਂ ਬਾਅਦ ਵੀ ਕਈ ਮਿੰਟਾਂ ਤਕ ਨਰ ਤੇ ਮਾਦਾ ਇਕੱਠੇ ਉਸੇ ਹਾਲਤ ਵਿਚ ਹੀ ਰਹਿੰਦੇ ਹਨ ।

                  ਸ਼ੁਰੂ ਵਿਚ ਕਤੂਰਿਆਂ ਨੂੰ ਸਿਰਫ਼ ਦੁੱਧ ਤੇ ਹੀ ਪਾਲਿਆਂ ਜਾਂਦਾ ਹੈ । ਤਿੰਨ ਹਫ਼ਤੇ ਜਾਂ ਇਸ ਤੋਂ ਪਿਛੋਂ ਉਹ ਠੋਸ ਆਹਾਰ ਖਾਣਾ ਸ਼ੁਰੂ ਕਰਦੇ ਹਨ । ਤਕਰੀਬਨ ਸੱਤ ਹਫ਼ਤੇ ਦਾ ਹੋ ਜਾਣ ਤੇ ਕੁੱਤੀ ਪੂਰੀ ਤਰ੍ਹਾਂ ਦੁੱਧ ਛੁੜਾ ਦਿੰਦੀ ਹੈ ।

                  ਕੁੱਤੇ ਛੋਟੇ ਅਤੇ ਵੱਡੇ ਸਭ ਤਰ੍ਹਾਂ ਦੇ ਹੁੰਦੇ ਹਨ । ਇਨ੍ਹਾਂ ਦੀ ਸੁਣਨ ਅਤੇ ਸੁੰਘਣ ਸ਼ਕਤੀ ਬੜੀ ਤੇਜ਼ ਹੁੰਦੀ ਹੈ ਪਰੰਤੂ ਦੇਖਣ ਦੀ ਸ਼ਕਤੀ ਮਨੁੱਖ ਨਾਲੋਂ ਕਮਜ਼ੋਰ ਹੁੰਦੀ ਹੈ । ਇਹ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ । ਮਨੁੱਖ ਲਈ ਕੁੱਤੇ ਬਹੁਤ ਹੀ ਉਪਯੋਗੀ ਪ੍ਰਾਣੀ ਹਨ । ਇਕ ਪਾਸੇ ਜਿਥੇ ਇਹ ਰਾਖੀ ਅਤੇ ਸ਼ਿਕਾਰ ਕਰਨ ਵਿਚ ਸਾਡੀ ਸਹਾਇਤਾ ਕਰਦੇ ਹਨ ਉਥੇ ਦੂਜੇ ਪਾਸੇ ਚੋਰਾਂ ਦਾ ਪਤਾ ਲਗਾਉਣ ਵਿਚ ਵੀ ਘੱਟ ਸਹਾਇਤਾ ਨਹੀਂ ਕਰਦੇ । ਵਿਦੇਸ਼ਾਂ ਵਿਚ ਤਾਂ ਕੁੱਤਿਆਂ ਨੂੰ ਸਿਖਾਉਣ ਲਈ ਬਹੁਤ ਸਾਰੇ ਸਕੂਲ ਹਨ ।

                  ਸ਼੍ਰੇਣੀ ਵੰਡ– – ਆਧੁਨਿਕ ਕਾਲ ਵਿਚ ਕੁੱਤਿਆਂ ਦੇ ਲਾਭਾਂ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਨੂੰ ਛੇ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ– –

                  ਪਹਿਲੀ ਸ਼੍ਰੇਣੀ ਵਿਚ ਉਹ ਸ਼ਿਕਾਰੀ ਕੁੱਤੇ ਆਉਂਦੇ ਹਨ ਜਿਹੜੇ ਸੁੰਘ ਕੇ ਸ਼ਿਕਾਰ ਦਾ ਪਤਾ ਲਗਾ ਲੈਂਦੇ ਹਨ ਅਤੇ ਸ਼ਿਕਾਰੀਆਂ ਦੀ ਸਹਾਇਤਾ ਕਰਦੇ ਹਨ ਇਨ੍ਹਾਂ ਵਿਚੋਂ ਸਪੈਨਿਅਲ , ਕਾੱਕਰ ਸਪੈਨਿਅਲ , ਸਪ੍ਰਿੰਗਰ ਆਦਿ ਚਿੜੀਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਉਡਾਉਂਦੇ ਹਨ । ਰਿਟ੍ਰੀਵਰ , ਲੈਬ੍ਰਾਡਾੱਰ ਆਦਿ ਜ਼ਖਮੀ ਅਤੇ ਮਰੀਆਂ ਹੋਈਆਂ ਚਿੜੀਆਂ ਨੂੰ ਚੁਕ ਕੇ ਆਪਣੇ ਮਾਲਕ ਕੋਲ ਲੈ ਆਉਂਦੇ ਹਨ । ਪੁਆਇੰਟਰ ਅਤੇ ਸੈਟਰ ਆਦਿ ਸ਼ਿਕਾਰੀ ਤੋਂ ਕਾਫ਼ੀ ਅਗੇ ਚਲੇ ਜਾਂਦੇ ਹਨ ਪਰ ਚਿੜੀਆਂ ਨੂੰ ਉਡਾਉਂਦੇ ਨਹੀਂ ਅਤੇ ਉਨ੍ਹਾਂ ਵਲ ਮੂੰਹ ਕਰਕੇ ਉਦੋਂ ਤਕ ਖੜੇ ਰਹਿੰਦੇ ਹਨ ਜਦੋਂ ਤਕ ਉਨ੍ਹਾਂ ਦਾ ਮਾਲਕ ਉਥੇ ਪਹੁੰਚ ਨਾ ਜਾਏ ।

                  ਦੂਜੀ ਸ਼੍ਰੇਣੀ ਵਿਚ ਉਹ ਕੁੱਤੇ ਰੱਖੇ ਗਏ ਹਨ ਜਿਹੜੇ ਜ਼ਮੀਨ ਸੁੰਘ ਕੇ ਸ਼ਿਕਾਰ ਦਾ ਪਤਾ ਲਾ ਲੈਂਦੇ ਹਨ । ਇਨ੍ਹਾਂ ਦਾ ਸਰੀਰ ਅਤੇ ਪੈਰ ਤਕੜ , ਥੁਥਨੀ ( ਮੂੰਹ ) ਅਤੇ ਸਿਰ ਵੱਡਾ , ਕੰਨ ਅਤੇ ਉਪਰਲਾ ਬੁੱਲ ਚੌੜਾ ਹੁੰਦਾ ਹੈ । ਇਹ ਸ਼ਿਕਾਰ ਲਈ ਹੀ ਵਿਸ਼ੇਸ਼ ਰੂਪ ਵਿਚ ਵਿਕਸਿਤ ਕੀਤੇ ਗਏ ਹਨ । ਇਨ੍ਹਾਂ ਦੀ ਸੁੰਘਣ ਸ਼ਕਤੀ ਇੰਨੀ ਤੇਜ਼ ਹੁੰਦੀ ਹੈ ਕਿ ਇਸੇ ਸ਼੍ਰੇਣੀ ਦਾ ਬਲੱਡ ਹਾਊਂਡ 48 ਘੰਟੇ ਪਿਛੋਂ ਵੀ ਕਿਸੇ ਦੇ ਪੈਰਾਂ ਦਾ ਨਿਸ਼ਾਨ ਸੁੰਘਕੇ ਉਸ ਕੋਲ ਪਹੁੰਚ ਜਾਂਦਾ ਹੈ । ਇਨ੍ਹਾਂ ਵਿਚ ਸੁੰਘਕੇ ਸ਼ਿਕਾਰ ਕਰਨ ਵਾਲੇ ਅਫ਼ਗਾਨ ਹਾਊਂਡ , ਬਿਸੇਂਜੀ , ਬੈਸੇਟ ਹਾਊਂਡ , ਬੀਗਲ , ਡਾਕਸ਼ੁੰਡ , ਅਮਰੀਕਨ ਫਾੱਕਸ ਹਾਊਂਡ ਅਤੇ ਇੰਗਲਿਸ਼ ਫਾੱਕਸ ਹਾਊਂਡ ਬਹੁਤ ਪ੍ਰਸਿੱਧ ਹਨ । ਦੇਵਕੇ ਸ਼ਿਕਾਰ ਕਰਨ ਵਿਚ ਸਕਾੱਟਿਸ਼ ਡੀਅਰ ਹਾਊਂਡ , ਆਇਰਿਸ਼ ਵੁਲਫ ਹਾਊਂਡ ਅਤੇ ਬਾੱਰਜ਼ਾੱਈ ਦਾ ਨਾਂ ਪਹਿਲਾਂ ਆਉਂਦਾ ਹੈ । ਬਲੱਡ ਹਾਊਂਡ ਦਾ ਸਰੀਰ ਭਾਰੀ ਹੋਣ ਕਾਰਨ ਇਹ ਸ਼ਿਕਾਰ ਕਰਨ ਵਿਚ ਬਹੁਤਾ ਸਫ਼ਲ ਨਹੀਂ ਹੁੰਦਾ ਪਰੰਤੂ ਚੋਰਾਂ ਦਾ ਪਤਾ ਲਾਉਣ ਵਿਚ ਪੁਲਿਸ ਇਸ ਤੋਂ ਬਹੁਤ ਸਹਾਇਤਾ ਲੈਂਦੀ ਹੈ ।

                  ਤੀਜੀ ਸ਼੍ਰੇਣੀ ਵਿਚ ਉਹ ਕੁੱਤੇ ਆਉਂਦੇ ਹਨ , ਜਿਨ੍ਹਾਂ ਨੂੰ ਟੈਰਿਅਰ ਆਖਦੇ ਹਨ । ਇਹ ਜ਼ਮੀਨ ਪੁੱਟਕੇ ਖੁੱਡਾਂ ਵਿਚ ਰਹਿਣ ਵਾਲੇ ਪ੍ਰਾਣੀਆ ਦਾ ਸ਼ਿਕਾਰ ਕਰਦੇ ਹਨ । ਇਨ੍ਹਾਂ ਵਿਚੋਂ ਬੁੱਲ ਟੈਰਿਅਰ , ਫਾੱਕਸ ਟੈਰਿਅਰ , ਆਇਰਿਸ਼ ਟੈਰਿਅਰ , ਲਹਾਸਾ ਟੈਰਿਅਰ , ਬਾਰਡਰ ਟੈਰਿਅਰ ਅਤੇ ਵੈੱਲਸ਼ ਟੈਰਿਅਰ ਪ੍ਰਸਿੱਧ ਹਨ ।

                  ਚੌਥੀ ਸ਼੍ਰੇਣੀ ਵਿਚ ਪਹਿਰੇਦਾਰ ਕੁੱਤੇ ਆਉਂਦੇ ਹਨ । ਇਹ ਪਹਿਰਾ ਦੇਣ , ਰਾਖ਼ੀ ਕਰਨ ਅਤੇ ਰਸਤਾ ਦਿਖਾਉਣ ਦਾ ਕੰਮ ਕਰਦੇ ਹਨ । ਇਨ੍ਹਾਂ ਵਿਚ ਬੈੱਟ ਸ਼ੀਪ , ਡਾੱਗ , ਬੂਵਏ , ਜਰਮਨ ਸ਼ੈਫਰਡ , ਗ੍ਰੇਟ ਡੇਨ , ਮੈਸਟਿਫ , ਸੇਂਟ ਬਰਨਾਰਡ , ਸੈਮੋਏਡ , ਸਾਇਬੇਰੀਅਨ ਹਸਕੀ ਪ੍ਰਸਿੱਧ ਹਨ । ਜਿਥੇ ਬੂਵਏ , ਸੇਂਟ ਬਰਨਾਰਡ ਅਤੇ ਜਰਮਨ ਸ਼ੈਫਰਡ ਪੁਲਿਸ ਦੇ ਕੰਮ ਆਉਂਦੇ ਹਨ , ਉਥੇ ਕਾਲੀ , ਪੁਲੀ , ਓਲਡ ਇੰਗਲਿਸ਼ ਸ਼ੀਪ ਡਾੱਗ ਅਤੇ ਅਮਰੀਕੀ ਸ਼ੈਫਰਡ ਕਿਸਾਨਾਂ ਲਈ ਬਹੁਤ ਲਾਭਦਾਇਕ ਹਨ । ਸੇਂਅ ਬਰਨਾਰਡ ਪਾਣੀ ਵਿਚ ਡੁੱਬ ਰਹੇ ਲੋਕਾਂ ਨੂੰ ਬਚਾਉਣ ਅਤੇ ਅੰਨਿਆਂ ਨੂੰ ਰਸਤਾ ਦੱਸਣ ਵਿਚ ਨਿਪੁੰਨ ਹੁੰਦੇ ਹਨ ।

                  ਪੰਜਵੀਂ ਸ਼੍ਰੇਣੀ ਵਿਚ ਘਰੇਲੂ ਕੁੱਤੇ ਆਉਂਦੇ ਹਨ ਜਿਨ੍ਹਾਂ ਨੂੰ ਲੋਕ ਸ਼ੌਕ ਲਈ ਪਾਲਦੇ ਹਨ । ਇਹ ਘਰ ਅਤੇ ਘਰ ਦੇ ਪਾਲਤੂ ਪਸ਼ੂ-ਪੰਛੀਆਂ ਦੀ ਰਾਖੀ ਕਰਦੇ ਹਨ ਅਤੇ ਘਰ ਵਿਚ ਕਿਸੇ ਨਵੇਂ ਬੰਦੇ ਦੇ ਆਉਣ ਤੇ ਭੌਂਕ ਕੇ ਆਪਣੇ ਮਾਲਕ ਨੂੰ ਸਾਵਧਾਨ ਕਰ ਦਿੰਦੇ ਹਨ । ਇਨ੍ਹਾਂ ਵਿਚ ਪਾੱਮਰੇਨਿਅਨ , ਪੱਗ , ਟਾਏ ਮੈਂਚੇਸਟਰ ਟੈਰਿਅਰ , ਯਾਰਕਸ਼ਿਰ ਟੈਰਿਅਰ , ਟਾਏ ਪੂਡਲ , ਪੀਕਿਨੀਜ਼ , ਮੈਕਸੀਕਨ ਹੇਅਰਲੈੱਸ , ਜੈਪਨੀਜ਼ ਸਪੈਨਿਅਲ ਅਤੇ ਇੰਗਲਿਸ਼ ਟਾਏ ਸਪੈਨਿਅਲ ਬਹੁਤ ਪ੍ਰਸਿੱਧ ਹਨ ।

                  ਛੇਵੀਂ ਸ਼੍ਰੇਣੀ ਵਿਚ ਕੁਝ ਹੋਰ ਕੁੱਤੇ ਆਉਂਦੇ ਹਨ ਜਿਨ੍ਹਾਂ ਵਿਚ ਬੋਸਟਨ ਟੈਰਿਅਰ , ਬੁੱਲ ਡਾੱਗ , ਚਾਊਚਾਊ , ਡੈਲਮੇਸ਼ਿਅਨ , ਪੂਡਲ ਅਤੇ ਫਰੈਂਚ ਬੁੱਲ-ਡਾੱਗ ਪ੍ਰਸਿੱਧ ਹਨ ।

                  ਇਸ ਤੋਂ ਛੁੱਟ ਹਰ ਦੇਸ਼ ਵਿਚ ਇਨ੍ਹਾਂ ਹੀ ਜਾਤੀਆਂ ਦੇ ਮੇਲ ਤੋਂ ਸੈਂਕੜੇ ਦੋਗਲੀਆਂ ਜਾਤੀਆਂ ਦੇ ਕੁੱਤੇ ਬਣ ਗਏ ਹਨ ਜਿਹੜੇ ਭਿੰਨ-ਭਿੰਨ ਸੁਭਾਅ ਅਤੇ ਰੰਗ ਰੂਪ ਦੇ ਹੁੰਦੇ ਹਨ ।

                  ਹ. ਪੁ.– – ਹਿੰ. ਵਿ. 3 : 62; ਐਨ. ਬ੍ਰਿ. ਮੈ. 5 : 929


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.