ਕੋਟ ਸ਼ਮੀਰ ਜਾਂ ਕੋਟ ਸ਼ਮ੍ਹੀਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਟ ਸ਼ਮੀਰ ਜਾਂ ਕੋਟ ਸ਼ਮ੍ਹੀਰ: ਬਠਿੰਡਾ (30°-14`ਉ, 74°-59`ਪੂ) ਦੇ 12 ਕਿਲੋਮੀਟਰ ਦੱਖਣ-ਪੂਰਬ ਵੱਲ ਸਥਿਤ ਇਕ ਪਿੰਡ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੁਹ ਪ੍ਰਾਪਤ ਹੈ। 1706 ਵਿਚ, ਤਲਵੰਡੀ ਸਾਬੋ ਵਿਖੇ ਨਿਵਾਸ ਸਮੇਂ ਗੁਰੂ ਸਾਹਿਬ ਇੱਥੇ ਆਏ ਸਨ। ਸਾਖੀ ਪੋਥੀ ਅਨੁਸਾਰ ਸਥਾਨਿਕ ਮੁਖੀ ਭਾਈ ਡੱਲਾ , ਜੋ ਕਿ ਗੁਰੂ ਜੀ ਦਾ ਸਿੱਖ ਵੀ ਸੀ , ਗੁਰੂ ਜੀ ਦੇ ਦਰਸ਼ਨਾਂ ਹਿਤ ਆਇਆ। ਇਕ ਸਥਾਨਿਕ ਪਰੰਪਰਾ ਅਨੁਸਾਰ ਜੰਡਾਲੀਵਾਲੇ ਟਿੱਬੇ, ਇਕ ਰੇਤਲੇ ਉੱਚੇ ਟਿੱਬੇ’ਤੇ ਉਸ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਸਨ। ਪਿੰਡ ਦੇ 2 ਕਿਲੋਮੀਟਰ ਦੱਖਣ ਵੱਲ ਅੱਜ ਵੀ ਇਹ ਟਿੱਬਾ ਵੇਖਿਆ ਜਾ ਸਕਦਾ ਹੈ।

      ਪਿੰਡ ਦੇ ਪੱਛਮ ਵੱਲ ਇਕ ਛੋਟੇ ਟਿੱਬੇ ਉੱਪਰ ਬਣਿਆ ਹੋਇਆ ‘ਗੁਰਦੁਆਰਾ ਪਾਤਸ਼ਾਹੀ ਦਸਵੀਂ ’ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਦਿਵਾਉਂਦਾ ਹੈ। ਇਸ ਵਿਚ ਇਕ ਹਾਲ ਬਣਿਆ ਹੋਇਆ ਹੈ ਜਿਸ ਦੇ ਮੱਧ ਵਿਚ ਵਰਗਾਕਾਰ ਪ੍ਰਕਾਸ਼ ਅਸਥਾਨ ਸੁਸ਼ੋਭਿਤ ਹੈ। ਪ੍ਰਕਾਸ਼ ਅਸਥਾਨ ਦੇ ਉੱਪਰ ਚੌੜੇ ਮੰਡੇਰ ਵਾਲਾ ਵਰਗਾਕਾਰ ਕਮਰਾ ਬਣਿਆ ਹੋਇਆ ਹੈ ਜਿਸਦੇ ਸਿਖਰ ‘ਤੇ ਉੱਭਰੀਆਂ ਰੇਖਾਵਾਂ ਨਾਲ ਕਮਲ ਰੂਪੀ ਗੁੰਬਦ ਸੁਸ਼ੋਭਿਤ ਹੈ। ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਿਕ ਕਮੇਟੀ ਰਾਹੀਂ ਕੀਤਾ ਜਾਂਦਾ ਹੈ। ਰੋਜ਼ਾਨਾ ਦੀ ਸੇਵਾ ਤੋਂ ਇਲਾਵਾ ਸਾਰੇ ਪ੍ਰਮੁਖ ਸਿੱਖ ਗੁਰਪੁਰਬਾਂ ‘ਤੇ ਵਿਸ਼ੇਸ਼ ਦੀਵਾਨ ਲੱਗਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਮੌਕੇ ਪਿੰਡ ਵਿਚ ਨਗਰ ਕੀਰਤਨ ਦੀ ਪਰੰਪਰਾ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.